ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ.ਸੀ ਤੇ ਪ੍ਰਬੰਧਕਾਂ ਵੱਲੋਂ ਬੀਜੇਪੀ-ਆਰ.ਐਸ.ਐਸ ਆਗੂਆਂ ਦੀ ਵੱਧਦੀ ਦਖਲਅੰਦਾਜੀ ਅਤਿ ਨਿੰਦਣਯੋਗ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਜੋ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਵਿਦਿਅਕ, ਤਕਨੀਕੀ ਸੰਸਥਾਵਾਂ ਹਨ, ਉਨ੍ਹਾਂ ਵਿਚ ਜਦੋ ਵੀ ਕਿਸੇ ਵਿਸੇਸ ਦਿਨ ਨੂੰ ਜਾਂ ਕਿਸੇ ਵਿਸੇਸ ਸਖਸ਼ੀਅਤ ਦੀਆਂ ਸਮਾਜ ਪੱਖੀ ਕਾਰਵਾਈਆਂ ਨੂੰ ਸਮਰਪਿਤ ਹੋ ਕੇ ਕੋਈ ਦਿਨ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਅਜਿਹੇ ਪ੍ਰੋਗਰਾਮ ਸਿਆਸੀ ਜਮਾਤਾਂ ਦੇ ਮੰਦਭਾਵਨਾ ਭਰੀ ਸੋਚ ਤੋਂ ਦੂਰ ਰੱਖਕੇ ਉਨ੍ਹਾਂ ਸਖਸ਼ੀਅਤਾਂ ਵੱਲੋ ਦਿੱਤੀ ਅਗਵਾਈ ਨੂੰ ਅਮਲੀ ਰੂਪ ਵਿਚ ਸਮਰਪਿਤ ਹੋ ਕੇ ਮਨਾਉਣੇ ਚਾਹੀਦੇ ਹਨ, ਨਾ ਕਿ ਅਜਿਹੇ ਪ੍ਰੋਗਰਾਮਾਂ ਨੂੰ ਸੈਟਰ ਵਿਚ ਬੈਠੇ ਸਿਆਸਤਦਾਨਾਂ ਦੀਆਂ ਮੰਦਭਾਵਨਾ ਭਰੀਆ ਸਾਜਿਸਾਂ ਦੀ ਭੇਟ ਚੜ੍ਹਾਉਣ ਦੇ ਅਜਿਹੇ ਵਿਦਿਅਕ ਅਦਾਰਿਆ ਦੇ ਪ੍ਰਬੰਧਕਾਂ ਵੱਲੋ ਹੋਣੇ ਚਾਹੀਦੇ ਹਨ। ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਦਿਹਾੜੇ ਨੂੰ ਸਮਰਪਿਤ ਦਿਨ ਮਨਾਉਣ ਜਾ ਰਹੇ ਸਨ, ਤਾ ਉਸ ਪ੍ਰੋਗਰਾਮ ਵਿਚ ਪ੍ਰਬੰਧਕਾਂ ਵੱਲੋ ਪੰਜਾਬ ਸੂਬੇ ਅਤੇ ਸਿੱਖ ਵਿਰੋਧੀ ਜਮਾਤ ਆਰ.ਐਸ.ਐਸ ਦੇ ਆਗੂਆਂ ਨੂੰ ਉਚੇਚੇ ਤੌਰ ਤੇ ਸੱਦਾ ਦੇਣ ਦੀ ਕਾਰਵਾਈ ਇਸਦੇ ਗੁੱਝੇ ਮਕਸਦ ਨੂੰ ਖੁਦ ਪ੍ਰਤੱਖ ਕਰ ਦਿੰਦੀ ਹੈ । ਜਦੋ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀਆਂ ਦੀ ਸੱਥ ਯੂਨੀਅਨ ਵੱਲੋ ਇਸ ਪ੍ਰੋਗਰਾਮ ਉਤੇ ਆਰ.ਐਸ.ਐਸ ਦੇ ਬੁਲਾਏ ਗਏ ਆਗੂਆਂ ਦੇ ਪ੍ਰੋਗਰਾਮ ਦਾ ਬਾਦਲੀਲ ਢੰਗ ਨਾਲ ਵਿਰੋਧ ਕੀਤਾ ਗਿਆ ਤਾਂ ਉਸਦੇ ਬਾਵਜੂਦ ਵੀ ਵਾਈਸ ਚਾਂਸਲਰ ਅਤੇ ਪ੍ਰਬੰਧਕਾਂ ਵੱਲੋ ਆਰ.ਐਸ.ਐਸ ਦੇ ਫਿਰਕੂ ਸੋਚ ਵਾਲੇ ਆਗੂਆ ਨੂੰ ਬੁਲਾਕੇ ਖੁਦ ਹੀ ਮਾਹੌਲ ਨੂੰ ਵਿਸਫੋਟਕ ਬਣਾਇਆ ਗਿਆ । ਜਦੋ ਵਿਦਿਆਰਥੀਆਂ ਨੇ ਮੌਕੇ ਤੇ ਉਨ੍ਹਾਂ ਦੇ ਆਉਣ ਦਾ ਵਿਰੋਧ ਕੀਤਾ ਤਾਂ ਪ੍ਰਬੰਧਕਾਂ ਵੱਲੋ ਪੁਲਿਸ ਨੂੰ ਬੁਲਾਕੇ ਪੰਜਾਬ ਯੂਨੀਵਰਸਿਟੀ ਸੱਥ ਯੂਨੀਅਨ ਦੇ ਵਿਦਿਆਰਥੀਆ ਤੇ ਲਾਠੀਚਾਰਜ ਕਰਨਾ, ਉਨ੍ਹਾਂ ਦੀਆਂ ਦਸਤਾਰਾਂ ਅਤੇ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਕਰਨ ਦੀ ਕਾਰਵਾਈ ਅਤਿ ਦੁੱਖਦਾਇਕ ਅਤੇ ਅਸਹਿ ਹੈ ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ, ਇਸ ਮਾਹੌਲ ਨੂੰ ਖਰਾਬ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਮੁਤੱਸਵੀ ਸੋਚ ਵਾਲੇ ਵਾਈਸ ਚਾਂਸਲਰ ਅਤੇ ਪ੍ਰਬੰਧਕਾਂ ਵੱਲੋ ਉਸ ਮਹਾਨ ਵਿਦਿਅਕ ਅਦਾਰੇ ਦੇ ਮਾਹੌਲ ਨੂੰ ਜਾਣਬੁੱਝ ਕੇ ਗੰਧਲਾ ਕਰਨ ਅਤੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਤੀਲੀ ਲਗਾਉਣ ਦੀ ਕੀਤੀ ਗਈ ਗੁਸਤਾਖੀ ਦੀ ਜੋਰਦਾਰ ਸ਼ਬਦਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਨਿੰਦਾ ਕਰਦੇ ਹੋਏ ਅਤੇ ਇਸਦੀ ਉੱਚ ਪੱਧਰੀ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਇਸ ਵਿਚ ਸਾਮਿਲ ਪ੍ਰਬੰਧਕਾਂ ਤੇ ਜਿੰਮੇਵਾਰਾਂ ਨੂੰ ਕਾਨੂੰਨ ਅਨੁਸਾਰ ਬਣਦੀਆ ਸਜਾਵਾਂ ਦੇਣ ਦੇ ਪ੍ਰਬੰਧ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਸ ਸਮੇ ਦੇ ਵਾਪਰੇ ਸਮੁੱਚੇ ਦੁਖਾਂਤ ਅਤੇ ਕਾਰਵਾਈ ਦੀਆਂ ਸਭ ਵੀਡੀਓ ਰੀਲਜ ਦੇਖਣ ਉਪਰੰਤ ਕੋਈ ਵੀ ਪਾਰਖੂ ਸੱਜਣ ਇਹ ਨਹੀ ਕਹਿ ਸਕੇਗਾ ਕਿ ਇਸ ਵਿਚ ਕਿਸੇ ਤਰ੍ਹਾਂ ਦੀ ਵਿਦਿਆਰਥੀ ਯੂਨੀਅਨ ਜਾਂ ਵਿਦਿਆਰਥੀਆਂ ਵੱਲੋ ਕੋਈ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਅਮਲ ਹੋਇਆ ਹੈ। ਇਸ ਲਈ ਪ੍ਰਬੰਧਕ ਤੇ ਵੀਸੀ ਹੀ ਸਿੱਧੇ ਤੌਰ ਤੇ ਇਸ ਘਟਨਾ ਲਈ ਜਿੰਮੇਵਾਰ ਸਾਹਮਣੇ ਆਉਦੇ ਹਨ । ਸ. ਟਿਵਾਣਾ ਨੇ ਵਿਦਿਆਰਥੀ ਯੂਨੀਅਨ ਦੇ ਬੱਚੇ-ਬੱਚੀਆਂ ਵੱਲੋ ਬਹੁਤ ਹੀ ਸੰਜ਼ੀਦਗੀ, ਅਨੁਸਾਸਨ ਵਿਚ ਰਹਿੰਦੇ ਹੋਏ ਆਪਣੀ ਗੱਲ ਨੂੰ ਬਾਦਲੀਲ ਢੰਗ ਨਾਲ ਰੱਖਣ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੀਆਂ ਆਪਹੁਦਰੀਆ ਨੂੰ ਸਹੀ ਢੰਗ ਨਾਲ ਉਜਾਗਰ ਕਰਨ ਦੀ ਜੋਰਦਾਰ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਨੌਜਵਾਨੀ ਜੋ ਸਾਡੇ ਬਹੁਤ ਹੀ ਹੋਣਹਾਰ ਬੱਚੇ-ਬੱਚੀਆਂ ਹਨ, ਇਹ ਸਾਡੇ ਪੰਜਾਬ ਦੇ ਇਤਿਹਾਸ, ਵਿਰਸੇ-ਵਿਰਾਸਤ, ਉੱਚ ਰਵਾਇਤਾ, ਗੁਰੂਆਂ, ਪੀਰਾਂ, ਫਕੀਰਾਂ ਦੀ ਇਸ ਧਰਤੀ ਦੀ ਮਨੁੱਖਤਾ ਪੱਖੀ ਸੋਚ ਨੂੰ ਆਉਣ ਵਾਲੇ ਸਮੇ ਵਿਚ ਅੱਗੇ ਲਿਆਉਣ ਦੀ ਜਿੰਮੇਵਾਰੀ ਨਿਭਾਉਣ ਦੀ ਬੋਧਿਕ ਅਤੇ ਵਿਦਿਅਕ ਯੋਗਤਾ ਰੱਖਦੇ ਹਨ । ਇਸ ਲਈ ਅਜਿਹੀ ਨੌਜਵਾਨੀ ਨੂੰ ਆਪਣੇ ਸਮਾਜ ਪੱਖੀ ਉਦਮਾਂ ਲਈ ਨਿਰਉਤਸਾਹਿਤ ਕਰਨ ਦੀ ਬਜਾਇ ਜੇਕਰ ਹੁਕਮਰਾਨ ਇਸ ਘਟਨਾ ਨਾਲ ਸੰਬੰਧਤ ਸਭ ਦੋਸ਼ੀਆਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜਾਵਾਂ ਦੇਣ ਅਤੇ ਕਿਸੇ ਵੀ ਵਿਦਿਅਕ ਅਦਾਰੇ ਵਿਚ ਪ੍ਰਬੰਧਕਾਂ ਵੱਲੋ ਅਜਿਹਾ ਨਫਰਤ ਭਰਿਆ ਮਾਹੌਲ ਉਸਾਰਨ ਦੀ ਹੁਕਮਰਾਨਾਂ ਨੂੰ ਕਤਈ ਇਜਾਜਤ ਨਹੀ ਦੇਣੀ ਚਾਹੀਦੀ ।
ਉਨ੍ਹਾਂ ਇਕ ਬਹੁਤ ਹੀ ਗੰਭੀਰ ਹੁੰਦੇ ਆ ਰਹੇ ਅਮਲ ਤੋ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਹਰ ਵਰਗ ਦੇ ਬੁੱਧੀਜੀਵੀਆ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ 2027 ਦੀਆਂ ਆਉਣ ਵਾਲੀਆ ਪੰਜਾਬ ਅਸੈਬਲੀ ਚੋਣਾਂ ਨੂੰ ਮੁੱਖ ਰੱਖਕੇ ਬੀਜੇਪੀ-ਆਰ.ਐਸ.ਐਸ ਵੱਲੋ ਇਹ ਚੋਣਾਂ ਹਰ ਕੀਮਤ ਤੇ ਜਿੱਤਣ ਅਤੇ ਆਪਣੀ ਬੀ-ਟੀਮ ਆਮ ਆਦਮੀ ਪਾਰਟੀ ਰਾਹੀ ਪੰਜਾਬ ਦੇ ਮਾਹੌਲ ਨੂੰ ਫਿਰ ਪੁਰਾਤਨ ਸਮੇ ਦੀਆਂ ਸਾਜਿਸਾਂ ਦਾ ਸਿਕਾਰ ਬਣਾਉਣ ਦੇ ਅਮਲ ਸਾਹਮਣੇ ਆ ਰਹੇ ਹਨ । ਤਾਂ ਕਿ ਸਰਬੱਤ ਦਾ ਭਲਾ ਲੋੜਨ ਵਾਲੀ, ਅਮਨ-ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਦੀ ਪੈਰਵੀ ਕਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮ ਕਰਕੇ, ਫਿਰ ਉਨ੍ਹਾਂ ਨੂੰ ਗੋਲੀ ਤੇ ਬੰਦੂਕ ਦੀ ਨੀਤੀ ਨਾਲ ਸਮੁੱਚੇ ਮੁਲਕ ਨਿਵਾਸੀਆ ਅੱਗੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦਾ ਬਹਾਨਾ ਬਣਾਕੇ ਅਸਲੀਅਤ ਵਿਚ ਚੋਣਾਂ ਜਿੱਤਣ ਲਈ ਹੀ ਸਾਜਿਸਾਂ ਹੋ ਰਹੀਆ ਹਨ । ਜੋ ਝੂਠੇ ਪੁਲਿਸ ਮੁਕਾਬਲਿਆ ਵਿਚ ਸ. ਰਣਜੀਤ ਸਿੰਘ ਵਰਗੇ ਨੌਜਵਾਨਾਂ ਦੀਆਂ ਹੱਤਿਆਵਾ ਹੋ ਰਹੀਆ ਹਨ ਅਤੇ ਨਿੱਤ ਦਿਹਾੜੇ ਕਾਨੂੰਨੀ ਵਿਵਸਥਾਂ ਦੀ ਹਾਲਤ ਅਤਿ ਚਿੰਤਾਜਨਕ ਬਣਦੀ ਜਾ ਰਹੀ ਹੈ, ਇਹ ਹੁਕਮਰਾਨਾਂ ਦੀਆਂ ਸਾਜਿਸਾਂ ਦੀ ਹੀ ਦੇਣ ਹੈ । ਜਿਸ ਤੋ ਸਾਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਉਪਰੋਕਤ ਤਾਕਤਾਂ ਜਿਨ੍ਹਾਂ ਨੇ ਬੀਤੇ ਸਮੇ ਵਿਚ ਪੰਜਾਬ ਵਿਚ ਅਜਿਹਾ ਮਾਹੌਲ ਬਣਾਇਆ ਕਾਂਗਰਸ ਅਤੇ ਅਜੋਕੀ ਭਾਜਪਾ-ਆਰ.ਐਸ.ਐਸ, ਆਮ ਆਦਮੀ ਪਾਰਟੀ ਨੂੰ ਖਦੇੜਕੇ ਪੰਜਾਬ ਵਿਚ ਸਹੀ ਸੋਚ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੀ ਸਾਂਝੀ ਸਰਕਾਰ ਕਾਇਮ ਕਰਨ ਲਈ ਸੁਹਿਰਦ ਉਦਮ ਕਰਨੇ ਪੈਣਗੇ। ਅਜਿਹਾ ਅਮਲ ਕਰਕੇ ਹੀ ਪੰਜਾਬ ਨੂੰ ਫਿਰ ਕਿਸੇ ਦੁਖਾਂਤ ਤੋ ਦੂਰ ਰੱਖਣ ਦੀ ਜਿੰਮੇਵਾਰੀ ਨੂੰ ਪੂਰਨ ਕੀਤਾ ਜਾ ਸਕਦਾ ਹੈ ।