ਜੇਕਰ ਸ੍ਰੀ ਟਰੰਪ ਆਪ੍ਰੇਸ਼ਨ ਸਿੰਧੂਰ ਸਮੇ ਜੰਗਬੰਦੀ ਨਾ ਕਰਵਾਉਦੇ, ਤਾਂ ਇਸ ਨਾਲ ਵੱਡਾ ਨੁਕਸਾਨ ਹੋ ਜਾਣਾ ਸੀ : ਮਾਨ
ਫ਼ਤਹਿਗੜ੍ਹ ਸਾਹਿਬ, 26 ਫਰਵਰੀ ( ) “ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਟਰੰਪ ਵੱਲੋ ਅੱਜ ਜੋ ਆਪ੍ਰੇਸਨ ਸਿੰਧੂਰ ਸਮੇ ਹੋਣ ਵਾਲੇ ਵੱਡੇ ਨੁਕਸਾਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਆਪ੍ਰੇਸਨ ਸਿੰਧੂਰ ਸਮੇ ਇੰਡੀਆ-ਪਾਕਿਸਤਾਨ ਦੀ ਜੰਗਬੰਦੀ ਨਾ ਕਰਵਾਈ ਜਾਂਦੀ ਤਾਂ ਪਾਕਿਸਤਾਨ ਦੇ ਵਜੀਰ ਏ ਆਜਮ ਸ੍ਰੀ ਨਵਾਜ ਸਰੀਫ ਦੀ ਜਿੰਦਗੀ ਨੂੰ ਵੀ ਵੱਡਾ ਖ਼ਤਰਾ ਪੈਦਾ ਹੋ ਜਾਣਾ ਸੀ । ਜੇਕਰ ਅਜਿਹਾ ਕੋਈ ਦੁਖਾਂਤ ਵਾਪਰ ਜਾਂਦਾ ਤਾਂ ਸਰਹੱਦੀ ਸੂਬਾ ਪੰਜਾਬ ਹੋਣ ਕਰਕੇ ਪੰਜਾਬੀਆਂ ਤੇ ਸਿੱਖਾਂ ਦਾ ਵੀ ਵੱਡੇ ਪੱਧਰ ਤੇ ਜਾਨੀ-ਮਾਲੀ ਨੁਕਸਾਨ ਹੋ ਜਾਣਾ ਸੀ । ਇਸ ਕੁੜੱਤਣ ਦੀ ਸਜ਼ਾ ਤਾਂ ਸਾਨੂੰ ਮਿਲਣੀ ਸੀ ਜਦੋਕਿ ਇੰਡੀਆ-ਪਾਕਿ ਦੀ ਦੁਸਮਣੀ ਨਾਲ ਪੰਜਾਬੀਆਂ ਤੇ ਸਿੱਖ ਕੌਮ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਸੰਬੰਧ ਨਹੀ । ਕਿਉਂਕਿ ਨਾ ਤਾਂ ਸਾਡੀ ਦੁਸਮਣੀ ਪਾਕਿਸਤਾਨ ਸਥਿਤ ਮੁਸਲਿਮ ਕੌਮ ਨਾਲ ਹੈ ਅਤੇ ਨਾ ਹੀ ਇੰਡੀਆ ਵਿਚ ਵੱਸਣ ਵਾਲੀ ਹਿੰਦੂ ਕੌਮ ਨਾਲ ਹੈ । ਜੇਕਰ ਸ੍ਰੀ ਟਰੰਪ ਸਹੀ ਸਮੇ ਤੇ ਸਹੀ ਅਮਲ ਨਾ ਕਰਦੇ ਤਾਂ ਇਹ ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ । ਇਸ ਲਈ ਹਿੰਦੂਤਵ ਹੁਕਮਰਾਨਾਂ ਨੂੰ ਇਹ ਗੱਲ ਆਪਣੇ ਜਹਿਨ ਵਿਚ ਰੱਖਣੀ ਚਾਹੀਦੀ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਅਤੇ ਮੁਸਲਿਮ ਕੌਮ ਨਾਲ ਹਰ ਸਮੇ ਨਫਰਤ ਭਰੀਆ ਸਾਜਿਸਾਂ ਕਰਨ ਦਾ ਨਤੀਜਾ ਕਦਾਚਿਤ ਇਨਸਾਨੀਅਤ, ਮਨੁੱਖਤਾ ਪੱਖੀ ਅਤੇ ਅਮਨਮਈ ਨਹੀ ਹੋ ਸਕਦਾ । ਇਹੀ ਵਜਹ ਹੈ ਕਿ ਸਿੱਖ ਕੌਮ ਹਿੰਦੂ ਇੰਡੀਆ, ਮੁਸਲਿਮ ਪਾਕਿਸਤਾਨ ਅਤੇ ਕਾਮਰੇਡ ਚੀਨ ਦੀ ਤ੍ਰਿਕੋਣ ਵਿਚਕਾਰ ਸਿੱਖ ਕੌਮ ਦੇ ਬਿਨ੍ਹਾਂ ਤੇ ਆਪਣਾ ਬਫਰ ਸਟੇਟ ਕਾਇਮ ਕਰਨ ਦੇ ਹੱਕ ਵਿਚ ਹੈ ਜਿਸ ਨਾਲ ਇਹ ਤਿੰਨੇ ਦੁਸਮਣ ਤਾਕਤਾਂ ਵਿਚ ਕੋਈ ਜੰਗ ਲੜਾਈ ਨਹੀ ਹੋ ਸਕੇਗੀ ਅਤੇ ਦੱਖਣ ਏਸੀਆ ਸਥਾਈ ਤੌਰ ਤੇ ਸ਼ਾਂਤੀ, ਅਮਨ ਚੈਨ ਕਾਇਮ ਕਰਨ ਵਿਚ ਸਹਾਈ ਹੋਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪ੍ਰੇਸਨ ਸਿੰਧੂਰ ਸਮੇ ਅਮਰੀਕਾ ਦੇ ਪ੍ਰੈਜੀਡੈਟ ਵੱਲੋ ਸਹੀ ਸਮੇ ਤੇ ਸਹੀ ਅਮਲ ਕਰਦੇ ਹੋਏ ਦੋਵਾਂ ਮੁਲਕਾਂ ਵਿਚ ਵੱਧ ਚੁੱਕੀ ਕੁੜੱਤਣ ਨੂੰ ਖਤਮ ਕਰਨ ਅਤੇ ਜੰਗਬੰਦੀ ਕਰਵਾਉਣ ਦੇ ਅਮਲਾਂ ਨੂੰ ਸਹੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ ।