ਇੰਡੀਆ ਦੀ ਪ੍ਰੈਜੀਡੈਟ ਬੀਬੀ ਮੁਰਮੂ ਨੂੰ ਹੁਕਮਰਾਨਾਂ ਦੀਆਂ ਫਾਇਲਾਂ ਉਤੇ ਬਿਨ੍ਹਾਂ ਘੋਖੇ ਪ੍ਰਵਾਨਗੀ ਨਹੀ ਦੇਣੀ ਚਾਹੀਦੀ : ਮਾਨ
ਫ਼ਤਹਿਗੜ੍ਹ ਸਾਹਿਬ, 25 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਇੰਡੀਆ ਦੇ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਇਕ ਬਹੁਤ ਹੀ ਭੋਲੀਭਾਲੀ ਆਤਮਾ ਵਾਲੇ ਇਨਸਾਨ ਹਨ । ਜੋ ਅਕਸਰ ਹੀ ਹੁਕਮਰਾਨਾਂ ਵੱਲੋ ਆਈ ਕਿਸੇ ਯੋਜਨਾ ਨੂੰ ਸਹੀ ਪਾਉਣ ਵਿਚ ਕਤਈ ਦੇਰੀ ਨਹੀ ਕਰਦੇ । ਜਦੋਕਿ ਹੁਕਮਰਾਨਾਂ ਦੇ ਅਮਲ ਅਤੇ ਕਾਰਵਾਈਆ ਤੋ ਪ੍ਰਤੱਖ ਹੈ ਕਿ ਉਹ ਇਥੋ ਦੇ ਨਿਵਾਸੀਆ ਦੀ ਕਿਸਮਤ ਨੂੰ ਬਦਲਣ ਜਾਂ ਪੁਰਾਤਨ ਦੋਸਪੂਰਨ ਹਾਲਾਤਾਂ ਨੂੰ ਸਹੀ ਕਰਨ ਵਿਚ ਕੋਈ ਜਿਆਦਾ ਦਿਲਚਸਪੀ ਨਹੀ ਰੱਖਦੇ ਅਤੇ ਜੋ ਯੋਜਨਾਵਾਂ ਜਾਂ ਫਾਇਲਾਂ ਇਥੋ ਦੇ ਨਿਵਾਸੀਆ ਨਾਲ ਪਹਿਲੇ ਦੀ ਤਰ੍ਹਾਂ ਬੇਇਨਸਾਫ਼ੀਆਂ ਅਤੇ ਵਿਤਕਰੇ ਕਰਦੀਆ ਹਨ, ਬੀਬੀ ਮੁਰਮੂ ਉਨ੍ਹਾਂ ਉਤੇ ਆਪਣੀ ਅਣਭੋਲਪਣੇ ਹੋਣ ਦੀ ਬਦੌਲਤ ਹਾਮੀ ਭਰ ਦਿੰਦੇ ਹਨ । ਜਿਸ ਨਾਲ ਕੌਮਾਂਤਰੀ ਪੱਧਰ ਤੇ ਅਤੇ ਮੁਲਕੀ ਪੱਧਰ ਤੇ ਇਥੋ ਦੇ ਨਿਵਾਸੀਆ ਦੀਆਂ ਵੱਡੀਆ ਮੁਸਕਿਲਾਂ ਨਾਲ ਸੰਬੰਧਤ ਮਸਲੇ ਹੁਕਮਰਾਨਾਂ ਵੱਲੋ ਹੱਲ ਹੀ ਨਹੀ ਕੀਤੇ ਜਾ ਰਹੇ । ਇਹੀ ਵਜਹ ਹੈ ਕਿ ਮਿਸਟਰ ਐਡਵਿਨ ਲੂਟੀਅਨ ਜੋ ਦੁਨੀਆ ਪੱਧਰ ਦੇ ਆਰਚੀਟੈਕਟ ਹਨ, ਉਨ੍ਹਾਂ ਦੇ ਪ੍ਰੈਜੀਡੈਟ ਹਾਊਸ ਵਿਖੇ ਲੱਗੇ ਬੁੱਤ ਨੂੰ ਬਦਲਣ ਦੀ ਹਕੂਮਤੀ ਸੋਚ ਨੂੰ ਬੀਬੀ ਮੁਰਮੂ ਵੱਲੋ ਵੀ ਅਣਭੋਲਪਣੇ ਵਿਚ ਪ੍ਰਵਾਨਗੀ ਦੇ ਦਿੱਤੀ ਗਈ ਹੈ । ਜਦੋਕਿ ਅਜਿਹੀ ਕੌਮਾਂਤਰੀ ਪੱਧਰ ਦੀ ਸਖ਼ਸੀਅਤ ਦੇ ਬੁੱਤ ਨੂੰ ਹਟਾਉਣ ਦੀ ਬਜਾਇ ਉਨ੍ਹਾਂ ਦਾ ਸਨਮਾਨ ਕਾਇਮ ਰੱਖਣਾ ਪ੍ਰੈਜੀਡੈਟ ਅਤੇ ਹੁਕਮਰਾਨਾਂ ਦਾ ਇਖਲਾਕੀ ਫਰਜ ਬਣ ਜਾਂਦਾ ਹੈ ।”
ਇਹ ਵਿਚਾਰ ਸ[ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੈਜੀਡੈਟ ਬੀਬੀ ਮੁਰਮੂ ਦੀਆਂ ਅਣਭੋਲਤਾ ਭਰੀਆ ਕਾਰਵਾਈਆ ਅਤੇ ਅਮਲਾਂ ਸੰਬੰਧੀ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਇਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਇਨ੍ਹਾਂ ਮੰਨੂਸਮ੍ਰਿਤੀ ਦੀ ਮਨੁੱਖਤਾ ਵਿਰੋਧੀ ਸੋਚ ਦੇ ਮਾਲਕ ਹੁਕਮਰਾਨਾਂ ਨੇ ਜਿਨ੍ਹਾਂ ਵਿਚ ਆਦਿ ਸੰਕਰਚਾਰੀਆ ਨੇ ਬਹੁਤ ਪਹਿਲੇ ਇੰਡੀਆ ਵਿਚ ਜਨਮੇ ਬੁੱਧ ਧਰਮ ਨੂੰ ਖਤਮ ਕਰ ਦਿੱਤਾ ਸੀ । ਉਸੇ ਸੋਚ ਤੇ ਚੱਲਕੇ ਸ੍ਰੀ ਮੋਦੀ ਬਦਲੇ ਦੀ ਭਾਵਨਾ ਅਧੀਨ ਹਿੰਦੂ ਰਾਸਟਰ ਦੀ ਸੋਚ ਨੂੰ ਪ੍ਰਣਾਏ ਹੋਏ ਦੂਸਰੇ ਧਰਮਾਂ ਦੇ ਸੱਚ ਨੂੰ ਸੱਟ ਮਾਰਨ ਦੇ ਅਮਲ ਕਰਦੇ ਨਜਰ ਆ ਰਹੇ ਹਨ । ਜੋ ਬਾਬਰਵਾਦੀ ਸੋਚ ਵਾਲੇ ਹੀ ਅਣਮਨੁੱਖੀ ਅਮਲ ਹਨ । ਇਹ ਮੰਨੂਸਮ੍ਰਿਤੀ ਦੀ ਸੋਚ ਹੈ ਜਿਸਨੇ ਇਥੋ ਦੇ ਨਿਵਾਸੀਆ ਨੂੰ 4 ਵਰਣਾ ਵਿਚ ਵੰਡਕੇ ਨਫਰਤ ਉਤਪੰਨ ਕੀਤੀ ਹੈ । ਦੂਸਰੀ ਸੰਸਾਰ ਜੰਗ ਸਮੇ ਜੋ ਆਰੀਅਨ ਨਾਜੀ ਹਕੂਮਤ ਸੀ ਉਸਨੇ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ ਅਤੇ ਉਨ੍ਹਾਂ ਦੇ ਬਹੁਤ ਅਣਮੋਲ ਤੇ ਕੀਮਤੀ ਯਾਦਗਰਾਂ, ਕਲਾਕ੍ਰਿਤਾ ਨੂੰ ਵੀ ਵੱਡਾ ਨੁਕਸਾਨ ਪਹੁੰਚਾਇਆ । ਇਸੇ ਤਰ੍ਹਾਂ 2001 ਵਿਚ ਤਾਲਿਬਾਨ ਨੇ ਛੇਵੀ ਸਦੀ ਦੇ ਬੁੱਧਾਂ ਦੇ ਬੁੱਤ ਨੂੰ ਅਫਗਾਨੀਸਤਾਨ ਵਿਚ ਖਤਮ ਕੀਤਾ । ਉਪਰੋਕਤ ਹਿੰਦੂਤਵ ਹੁਕਮਰਾਨਾਂ ਦੀਆਂ ਕਾਰਵਾਈਆ ਉਨ੍ਹਾਂ ਜਾਬਰ ਤਾਲਿਬਾਨਾਂ ਦੇ ਕਦਮਾਂ ਨੂੰ ਹੀ ਪ੍ਰਤੱਖ ਕਰਦੀਆ ਹਨ ਜਿਨ੍ਹਾਂ ਨੇ ਐਡਵਿਨ ਲੂਟੀਅਨ ਦੇ ਬੁੱਤ ਨੂੰ ਬਦਲਣ ਦਾ ਦਿਸ਼ਾਹੀਣ ਅਮਲ ਕੀਤਾ । ਸ[ ਮਾਨ ਨੇ ਦ੍ਰੋਪਦੀ ਮੁਰਮੂ ਨੂੰ ਉਚੇਚੇ ਤੌਰ ਤੇ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਬੀਬੀ ਜੀ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਦੇ ਹਰ ਹੁਕਮ ਨੂੰ ਪ੍ਰਵਾਨ ਕਰਦੇ ਰਹੇ, ਤਾਂ ਇਕ ਦਿਨ ਅਜਿਹਾ ਵੀ ਆ ਸਕਦਾ ਹੈ ਕਿ ਇਹ ਹੁਕਮਰਾਨ ਬੀਬੀ ਮੁਰਮੂ ਨੂੰ ਵੀ ਪ੍ਰੈਜੀਡੈਟ ਹਾਊਸ ਤੋ ਬਾਹਰ ਕਰ ਦੇਣ ।