ਸ. ਤਰਨਜੀਤ ਸਿੰਘ ਸੰਧੂ ਵੱਲੋਂ ਖੁਦ ਹੀ ਆਪਣੇ ਨਾਮ ਨਾਲੋਂ ‘ਸਿੰਘ’ ਹਟਾਉਣ ਦੇ ਅਮਲ ਅਫਸੋਸਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 20 ਫਰਵਰੀ ( ) “ਸਿੱਖ ਕੌਮ ਨੂੰ ਆਪਣੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਨਾਮ ਦੇ ਸਨਮਾਨ ਯੋਗ ਸ਼ਬਦ ਸਾਡੇ ਗੁਰੂ ਸਾਹਿਬਾਨ ਵੱਲੋਂ ਕੀਤੀਆ ਮਹਾਨ ਕੁਰਬਾਨੀਆਂ ਅਤੇ ਵੱਡੀਆ ਘਾਲਨਾਵਾ ਉਪਰੰਤ ਸਾਨੂੰ ਪ੍ਰਾਪਤ ਹੋਏ ਹਨ । ਸਾਡੇ ਸਿੱਖੀ ਪਹਿਰਾਵੇ, ਸਿੰਘ ਅਤੇ ਕੌਰ ਹੀ ਸਾਨੂੰ ਸੰਸਾਰ ਵਿਚ ਇਕ ਵੱਖਰੀ, ਅਣਖੀਲੀ, ਇੱਜਤ ਭਰਿਆ ਸਨਮਾਨ ਪ੍ਰਦਾਨ ਕਰਦੇ ਹਨ । ਫਿਰ ਛੋਟੇ ਸਾਹਿਬਜਾਦਿਆ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਹਿ ਸਿੰਘ ਜਿਨ੍ਹਾਂ ਨੂੰ ਜਾਬਰ ਮੁਗਲ ਹੁਕਮਰਾਨਾਂ ਨੇ ਸਿੱਖੀ ਤਿਆਗਕੇ ਮੁਸਲਮਾਨ ਬਣਨ ਲਈ ਕਿਹਾ ਸੀ, ਲੇਕਿਨ ਗੁਰੂ ਦੇ ਲਾਲਾ ਨੇ ਬਹੁਤ ਦਰਦ ਭਰੀਆ ਸ਼ਹਾਦਤਾਂ ਦੇ ਕੇ ਆਪਣੀ ਇਸ ਵੱਖਰੀ, ਅਣਖੀਲੀ ਪਹਿਚਾਣ ਨੂੰ ਕਾਇਮ ਰੱਖਿਆ ਅਤੇ ਸਾਨੂੰ ਦੁਨੀਆ ਵਿਚ ਧੌਣ ਉੱਚੀ ਕਰਕੇ ਚੱਲ ਦਾ ਮੌਕਾ ਪ੍ਰਦਾਨ ਕੀਤਾ। ਫਿਰ ਸ. ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦੇ ਬਜੁਰਗਾਂ ਦਾ ਪਿਛੋਕੜ ਸਿੱਖ ਇਤਿਹਾਸ ਵਿਚ ਬਹੁਤ ਸਤਿਕਾਰਯੋਗ ਰਿਹਾ ਹੈ, ਜਿਨ੍ਹਾਂ ਦੇ ਬਜੁਰਗਾਂ ਦੇ ਨਾਮ ਉਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸ. ਤੇਜਾ ਸਿੰਘ ਸਮੁੰਦਰੀ ਹਾਲ ਦਾ ਨਾਮ ਸਦੀਆ ਤੋ ਅੰਕਿਤ ਹੈ ਅਤੇ ਸ. ਤਰਨਜੀਤ ਸਿੰਘ ਸੰਧੂ ਖੁਦ ਵੀ ਵੱਡੇ ਅਹੁਦਿਆ ਉਤੇ ਸੇਵਾ ਕਰਦੇ ਆ ਰਹੇ ਹਨ । ਬਾਹਰਲੇ ਮੁਲਕਾਂ ਦੇ ਸਫੀਰ ਰਹੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜ ਲਿਆ ਹੈ ਤਾਂ ਉਨ੍ਹਾਂ ਨੇ ਆਪਣੇ ਨਾਮ ਨਾਲੋ ‘ਸਿੰਘ’ ਸ਼ਬਦ ਹਟਾਕੇ ਆਪਣੇ ਸਿਆਸੀ ਆਕਾਵਾ ਨੂੰ ਜੋ ਖੁਸ਼ ਕਰਨ ਦੀ ਗੱਲ ਕੀਤੀ ਹੈ, ਇਹ ਤਾਂ ਸਾਡੇ ਪੁਰਾਤਨ ਮਹਾਨ ਸਾਹਿਬਜਾਦਿਆ ਦੇ ਇਤਿਹਾਸ, ਸਿੱਖੀ ਪੰ੍ਰਪਰਾਵਾ, ਆਪਣੀ ਨਿਵੇਕਲੀ ਅਣਖੀਲੀ ਪਹਿਚਾਣ ਤੋ ਖੁਦ ਹੀ ਮੂੰਹ ਮੋੜਨ ਵਾਲੀ ਦੁੱਖਦਾਇਕ ਕਾਰਵਾਈ ਹੈ ਜੋ ਕਿ ਕਦਾਚਿਤ ਨਹੀ ਸੀ ਹੋਣੀ ਚਾਹੀਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਤੇਜਾ ਸਿੰਘ ਸਮੁੰਦਰੀ ਦੇ ਉੱਚੇ-ਸੁੱਚੇ ਵੱਡੇ ਖਾਨਦਾਨ ਦੀ ਕੁੱਲ ਵਿਚੋ ਪੈਦਾ ਹੋਏ ਸ. ਤਰਨਜੀਤ ਸਿੰਘ ਸੰਧੂ ਜੋ ਨਿਰੰਤਰ ਵੱਡੇ ਅਹੁਦਿਆ ਤੇ ਸੇਵਾ ਕਰਦੇ ਆ ਰਹੇ ਹਨ, ਜੋ ਇਕ ਸਿੱਖ ਪਰਿਵਾਰ ਵਿਚੋ ਹਨ, ਉਨ੍ਹਾਂ ਵੱਲੋ ਖੁਦ ਹੀ ਆਪਣੇ ਨਾਮ ਨਾਲੋ ‘ਸਿੰਘ’ ਹਟਾ ਦੇਣ ਦੀ ਹੋਈ ਦੁੱਖਦਾਇਕ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸ. ਤਰਨਜੀਤ ਸਿੰਘ ਸੰਧੂ ਨੂੰ ਆਪਣੇ ਸਿੱਖੀ ਪਿਛੋਕੜ ਤੋ ਜਾਣੂ ਕਰਵਾਉਦੇ ਹੋਏ, ਬੀਜੇਪੀ ਵਿਚ ਰਹਿੰਦੇ ਹੋਏ ਵੀ ਆਪਣੀ ਵੱਖਰੀ ਕੌਮੀ ਪਹਿਚਾਣ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੇਵਲ ਸ. ਤਰਨਜੀਤ ਸਿੰਘ ਸੰਧੂ ਹੀ ਨਹੀ ਬਲਕਿ ਦੂਸਰੀਆ ਸਿਆਸੀ ਜਮਾਤਾਂ ਵਿਚ ਵਿਚਰਣ ਵਾਲੇ ਸਿੱਖ ਭਾਵੇ ਉਹ ਕਿਸੇ ਵੀ ਵੱਡੇ ਸਿਆਸੀ ਜਾਂ ਸਰਕਾਰੀ ਅਹੁਦੇ ਤੇ ਕਿਉ ਨਾ ਬਿਰਾਜਮਾਨ ਹੋ ਜਾਣ ਉਹ ਆਪਣੇ ਨਾਵਾਂ ਨਾਲ ਸਿੰਘ ਅਤੇ ਕੌਰ ਸ਼ਬਦ ਨੂੰ ਕਾਇਮ ਰੱਖਦੇ ਹੋਏ ਆਪਣੀ ਵਿਲੱਖਣਤਾ ਨੂੰ ਹਰ ਕੀਮਤ ਤੇ ਕਾਇਮ ਰੱਖਣਗੇ।