ਸਕੂਲਾਂ, ਕਾਲਜਾਂ, ਸਰਕਾਰੀ ਇਮਾਰਤਾਂ ਅਤੇ ਸਿਵਲ ਸਕੱਤਰੇਤ ਪੰਜਾਬ ਨੂੰ ਬੰਬਾਂ ਨਾਲ ਉਡਾਉਣ ਦੀ ਗੱਲ ਨੂੰ ਹਕੂਮਤੀ ਸਾਜਿਸ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 30 ਜਨਵਰੀ ( ) “ਜਦੋਂ ਵੀ ਮੁਲਕ ਦੀਆਂ ਪਾਰਲੀਮੈਟ ਚੋਣਾਂ ਜਾਂ ਮੁੱਖ ਸੂਬਿਆਂ ਦੀਆਂ ਅਸੈਬਲੀ ਚੋਣਾਂ ਦਾ ਥੋੜਾ ਸਮਾਂ ਰਹਿ ਜਾਂਦਾ ਹੈ ਤਾਂ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾਂ ਡਾਵਾਡੋਲ ਹੋਣ ਵਿਚ ਤੇਜ਼ੀ ਆਉਣ ਦੇ ਨਾਲ-ਨਾਲ ਸਿੱਖਾਂ ਦੇ ਨਾਮ ਜੋੜਕੇ ਵੱਡੀਆਂ ਵਾਰਦਾਤਾਂ ਜਿਵੇ ਸਕੂਲਾਂ, ਕਾਲਜਾਂ, ਸਰਕਾਰੀ ਇਮਾਰਤਾਂ ਅਤੇ ਸਿਵਲ ਸਕੱਤਰੇਤ ਪੰਜਾਬ ਆਦਿ ਨੂੰ ਬੰਬਾਂ ਨਾਲ ਉਡਾਉਣ ਦੇ ਪ੍ਰਚਾਰ ਵਿਚ ਵੀ ਅਕਸਰ ਹੀ ਤੇਜ਼ੀ ਆ ਜਾਂਦੀ ਹੈ। ਇਹ ਵਰਤਾਰਾ ਬੀਤੇ ਲੰਮੇ ਸਮੇ ਤੋ ਨਿਰੰਤਰ ਚੱਲਦਾ ਆ ਰਿਹਾ ਹੈ । ਜੋ ਕੁਝ ਹਫਤਿਆ ਤੋ ਪੰਜਾਬ ਵਿਚ ਗੈਗਸਟਰਾਂ ਵੱਲੋ ਫਿਰੌਤੀਆਂ ਮੰਗਣ, ਧਮਕੀਆ ਦੇਣ ਅਤੇ ਉਨ੍ਹਾਂ ਦੀ ਪੂਰਤੀ ਨਾ ਹੋਣ ਤੇ ਮੌਤਾਂ ਹੋਣ ਦੇ ਅਮਲ ਵੱਧਦਾ ਜਾ ਰਿਹਾ ਹੈ ਅਤੇ ਅਜਿਹੀਆ ਧਮਕੀਆ ਦੀਆਂ ਈਮੇਲ ਆ ਰਹੀਆ ਹਨ, ਇੰਝ ਜਾਪਦਾ ਹੈ ਕਿ ਪੰਜਾਬ ਵਿਚ ਅਜਿਹਾ ਮਾਹੌਲ ਸਿਰਜਣ ਪਿੱਛੇ ਹਕੂਮਤੀ ਸਾਜਿਸ ਹੋ ਸਕਦੀ ਹੈ । ਤਾਂ ਕਿ ਚੋਣ ਵਰ੍ਹੇ ਵਿਚ ਅਜਿਹਾ ਮਾਹੌਲ ਉਸਾਰਕੇ, ਇਥੋ ਦੇ ਨਿਵਾਸੀਆਂ ਵਿਚ ਦਹਿਸਤ ਪੈਦਾ ਕਰਕੇ, ਫਿਰ ਪੰਜਾਬੀਆਂ ਤੇ ਸਿੱਖ ਨੌਜਵਾਨੀ ਨੂੰ ਮਾਰਕੇ ਅਜਿਹੇ ਮਾਹੌਲ ਤੇ ਕਾਬੂ ਪਾਉਣ ਦੀ ਆਪਣੇ ਆਪ ਨੂੰ ਸਾਬਾਸ ਦੇ ਕੇ ਇਥੋ ਦੀਆਂ ਵੋਟਾਂ ਦੀ ਬਹੁਗਿਣਤੀ ਆਪਣੇ ਹੱਕ ਵਿਚ ਕੀਤੀ ਜਾ ਸਕੇ। ਕਿਉਂਕਿ ਬੀਤੇ ਸਮੇ ਵਿਚ ਅਜਿਹਾ ਮਾਹੌਲ ਮਰਹੂਮ ਇੰਦਰਾ ਗਾਂਧੀ ਨੇ ਖੁਦ ਹੀ ਪਹਿਲਾ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਵਾਇਆ, ਫਿਰ ਸਿੱਖਾਂ ਨੂੰ ਬਦਨਾਮ ਕੀਤਾ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਖਤਮ ਕਰਕੇ ਸਮੁੱਚੇ ਮੁਲਕ ਨਿਵਾਸੀਆ ਦੀ ਵਾਹ-ਵਾਹ ਲੈਦੇ ਹੋਏ ਸਿਆਸੀ ਮਾਹੌਲ ਨੂੰ ਆਪਣੇ ਪੱਖ ਵਿਚ ਕਰਦੀ ਰਹੀ । ਬਿਲਕੁਲ ਉਸੇ ਸਮਾਜ, ਇਨਸਾਨੀਅਤ ਅਤੇ ਮਨੁੱਖਤਾ ਵਿਰੋਧੀ ਪੈਟਰਨ ਉਤੇ ਮੌਜੂਦਾ ਮੋਦੀ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਪੰਜਾਬ ਵਿਚ ਜਾਤ-ਪਾਤ ਦੇ ਆਧਾਰ ਤੇ ਅਤੇ ਮਾਹੌਲ ਨੂੰ ਵਿਸਫੌਟਕ ਬਣਾਕੇ ਚੋਣਾਂ ਲਈ ਗੈਰ ਇਖ਼ਲਾਕੀ ਖੇਡ-ਖੇਡਦੀ ਨਜਰ ਆ ਰਹੀ ਹੈ । ਜਿਸ ਤੋ ਇਥੇ ਵੱਸਣ ਵਾਲੇ ਸਮੁੱਚੇ ਵਰਗਾਂ ਹਿੰਦੂ, ਸਿੱਖ, ਮੁਸਲਿਮ, ਇਸਾਈ ਅਤੇ ਦਲਿਤ ਵੀਰਾਂ ਨੂੰ ਸੁਚੇਤ ਰਹਿਣਾ ਪਵੇਗਾ । ਤਾਂ ਕਿ ਪੰਜਾਬ ਦੀਆਂ ਦੁਸਮਣ ਤਾਕਤਾਂ ਆਪਣੇ ਸਿਆਸੀ ਤੇ ਮਾਲੀ ਮਨੋਰਥਾਂ ਵਿਚ ਕਾਮਯਾਬ ਨਾ ਹੋ ਸਕਣ ਅਤੇ ਪੰਜਾਬ ਦਾ ਫਿਰ ਤੋ ਲਹੂ ਲੁਹਾਣ ਨਾ ਕਰ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਕੁਝ ਹਫਤਿਆ ਤੋ ਕਾਨੂੰਨੀ ਵਿਵਸਥਾਂ ਦੇ ਤੇਜ਼ੀ ਨਾਲ ਬਣਦੇ ਜਾ ਰਹੇ ਚਿੰਤਾਜਨਕ ਹਾਲਾਤਾਂ ਉਤੇ ਅਤੇ ਸਿਆਸਤਦਾਨਾਂ ਦੀਆਂ ਘਿਣੋਨੀਆਂ ਅਤੇ ਗੰਦੀਆ ਖੇਡਾਂ ਤੋ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪੰਜਾਬ ਵਿਚ ਬੀਤੇ ਸਮੇ ਵਿਚ ਬਾਦਲਾਂ ਦਾ ਰਾਜ ਭਾਗ ਸੀ, ਇਨ੍ਹਾਂ ਵੱਲੋ ਖੁਦ ਹੀ ਆਜ਼ਾਦੀ ਦੀ ਜੰਗ ਲੜਨ ਵਾਲੇ ਸਿੱਖ ਯੋਧਿਆ ਦੇ ਨਾਵਾਂ ਦੀ ਸੂਚੀ ਸੈਂਟਰ ਦੀ ਹੁਕਮਰਾਨ ਕਾਂਗਰਸ ਜਮਾਤ ਨੂੰ ਗੁਪਤ ਰੂਪ ਵਿਚ ਉਪਲੱਬਧ ਕਰਵਾਉਦੇ ਰਹੇ ਅਤੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਰਨ ਵਾਲੇ ਨੌਜਵਾਨਾਂ ਦੇ ਭੋਗਾਂ ਤੇ ਜਾ ਕੇ ਸਿੱਖਾਂ ਦੀ ਹਮਦਰਦੀ ਵੀ ਜੁਟਾਉਦੇ ਰਹੇ । ਜਦੋਕਿ ਸੈਂਟਰ ਵਿਚ ਰਾਜ ਭਾਗ ਕਰਨ ਵਾਲੀਆਂ ਜਮਾਤਾਂ ਭਾਵੇ ਕਾਂਗਰਸ, ਬੀਜੇਪੀ-ਆਰ.ਐਸ.ਐਸ, ਭਾਵੇ ਇਨ੍ਹਾਂ ਦੀਆਂ ਬੀ ਜਮਾਤਾਂ ਹੋਣ, ਇਨ੍ਹਾਂ ਸਿਆਸਤਦਾਨਾਂ ਨੂੰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਨੂੰ ਸੰਜੀਦਗੀ ਨਾਲ ਹੱਲ ਕਰਨ ਵਿਚ ਨਾ ਪਹਿਲੇ ਦਿਲਚਸਪੀ ਸੀ ਅਤੇ ਨਾ ਅੱਜ ਹੈ । ਦੂਸਰਾ ਅਜਿਹੀਆ ਹਕੂਮਤੀ ਸਾਜਿਸਾਂ ਉਦੋ ਹੋਰ ਵੀ ਪ੍ਰਤੱਖ ਹੋ ਜਾਂਦੀਆ ਹਨ ਜਦੋ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਆਪਣੀ ਇੰਟਰਵਿਊ ਵਿਚ ਇਸ ਸੱਚ ਨੂੰ ਬਿਆਨ ਕਰਦੇ ਹਨ ਕਿ ਪੰਜਾਬ ਵਿਰੋਧੀ ਆਈ.ਏ.ਐਸ, ਆਈ.ਪੀ.ਐਸ ਅਫਸਰਸਾਹੀ ਦੀ ਉਹ ਜੂੰਡਲੀ ਜੋ ਸੈਟਰ ਦੀਆਂ ਸਾਜਿਸਾਂ ਨੂੰ ਅਮਲੀ ਰੂਪ ਦੇਣ ਵਿਚ ਮੋਹਰੀ ਰਹਿੰਦੀ ਹੈ, ਉਸਨੇ ਪੰਜਾਬ ਵਿਚ ਉਨ੍ਹਾਂ ਦੇ ਰਾਜ ਭਾਗ ਸਮੇ ਬੰਬ ਵਿਸਫੋਟ ਕਰਨ ਦੀ ਸਲਾਹ ਦਿੱਤੀ ਸੀ ਤਾਂ ਕਿ ਬੀਬੀ ਭੱਠਲ ਦੀ ਸਰਕਾਰ ਨੂੰ ਕਾਇਮ ਰੱਖਿਆ ਜਾ ਸਕੇ । ਬੇਸੱਕ ਬੀਬੀ ਨੇ ਉਹ ਪੰਜਾਬ ਵਿਰੋਧੀ ਅਮਲ ਨਹੀ ਕੀਤਾ, ਪਰ ਉਸ ਸਮੇ ਇਸ ਵੱਡੀ ਮੰਦਭਾਗੀ ਸੋਚ ਅਤੇ ਸਾਜਿਸ ਦੀ ਜਾਂਚ ਨਾ ਕਰਵਾਕੇ ਪੰਜਾਬ ਵਿਰੋਧੀ ਹੁਕਮਰਾਨਾਂ ਦਾ ਸਾਥ ਹੀ ਦਿੱਤਾ ਸੀ । ਇਸ ਲਈ ਜੋ ਭਿਆਨਕ ਵਰਤਾਰਾ ਪੰਜਾਬ ਸੂਬੇ ਤੇ ਇਥੋ ਦੇ ਨਿਵਾਸੀਆਂ ਉਤੇ ਇਸ ਸਮੇ ਹੋ ਰਿਹਾ ਹੈ, ਇਹ ਕੇਵਲ ਤੇ ਕੇਵਲ ਗੈਰ ਇਖਲਾਕੀ, ਸੌੜੀ ਸਿਆਸਤ ਦਾ ਨਤੀਜਾ ਹੈ । ਜਿਸ ਨਾਲ ਇਨ੍ਹਾਂ ਸੈਟਰ ਦੇ ਹੁਕਮਰਾਨਾਂ ਵੱਲੋ ਬੇਸੱਕ ਗੁੰਮਰਾਹ ਕਰਨ ਹਿੱਤ ਵੱਡੇ-ਵੱਡੇ ਪੰਜਾਬ ਸੂਬੇ ਪੱਖੀ ਜਾਂ ਜਾਤ-ਪਾਤ ਦੇ ਮੁੱਦੇ ਨੂੰ ਉਭਾਰਦੇ ਹੋਏ ਦਲਿਤਾਂ ਪੱਖੀ ਕਿੰਨੇ ਵੀ ਐਲਾਨ ਕਿਉ ਨਾ ਕੀਤੇ ਜਾਣ, ਇਸ ਵਿਸੇ ਉਤੇ ਇਹ ਹੁਕਮਰਾਨ ਸਾਡੇ ਸੂਬੇ ਅਤੇ ਇਥੋ ਦੇ ਨਿਵਾਸੀਆ ਲਈ ਕਦਾਚਿਤ ਸੰਜੀਦਾ ਨਹੀ ਹੋ ਸਕਦੇ । ਅੱਜ ਜੋ ਪੰਜਾਬ ਵਿਚ ਮਾਰਧਾੜ, ਗੈਰ ਕਾਨੂੰਨੀ ਅਪਰਾਧ, ਧਮਕੀਆ ਦਾ ਮਾਹੌਲ ਵੱਧਦਾ ਜਾ ਰਿਹਾ ਹੈ, ਇਸ ਪਿੱਛੇ ਸੈਟਰ ਦੇ ਹੁਕਮਰਾਨਾਂ ਦੇ ਦਿਮਾਗ ਹੋਣ ਤੋ ਕਤਈ ਇਨਕਾਰ ਨਹੀ ਕੀਤਾ ਜਾ ਸਕਦਾ । ਪੰਜਾਬੀਆਂ ਅਤੇ ਸਿੱਖਾਂ ਨੂੰ ਪੰਜਾਬ ਵਿਚ ਅਜਿਹਾ ਮਾਹੌਲ ਬਣਾਉਣ ਦੀ ਇਜਾਜਤ ਕਦਾਚਿਤ ਨਹੀ ਦੇਣੀ ਚਾਹੀਦੀ, ਉਥੇ ਅਜਿਹੀਆ ਸਾਜਿਸਕਾਰ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਉਨ੍ਹਾਂ ਦੇ ਭਾਈਵਾਲਾਂ ਨੂੰ, 2027 ਵਿਚ ਆਉਣ ਵਾਲੀਆ ਪੰਜਾਬ ਚੋਣਾਂ ਵਿਚ ਕਦਾਚਿਤ ਕਿਸੇ ਵੀ ਪੰਜਾਬੀ ਨੂੰ ਵੋਟ ਨਹੀ ਦੇਣੀ ਚਾਹੀਦੀ । ਬਲਕਿ ਅਜਿਹੀ ਸਭ ਵਰਗਾਂ ਦੀਆਂ ਇਖਲਾਕੀ ਸਖਸੀਅਤਾਂ ਤੇ ਅਧਾਰਿਤ ਸਾਂਝੀ ਸਰਕਾਰ ਕਾਇਮ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ । ਤਾਂ ਕਿ ਕੋਈ ਵੀ ਪੰਜਾਬ ਤੋ ਬਾਹਰੀ ਤਾਕਤ ਜਾਂ ਬਾਹਰਲਾ ਆਗੂ ਪੰਜਾਬ ਵਿਚ ਖੂਨ ਖਰਾਬਾ ਕਰਵਾਕੇ ਜਾਂ ਇਥੋ ਦੇ ਮਾਹੌਲ ਨੂੰ ਗੰਧਲਾ ਕਰਕੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਕਾਮਯਾਬ ਨਾ ਹੋ ਸਕੇ । ਪੰਜਾਬੀਆ ਦੀ ਆਪਣੀ ਹਕੂਮਤ ਕਾਇਮ ਹੋ ਸਕੇ ।