ਰੋਪੜ ਅਤੇ ਹੁਸਿਆਰਪੁਰ ਦੇ ਜੰਗਲੀ ਇਲਾਕੇ ਵਿਚੋਂ ਗੈਰ ਕਾਨੂੰਨੀ ਢੰਗ ਨਾਲ ਖੈਰ ਅਤੇ ਹੋਰ ਕੀਮਤੀ ਦਰੱਖਤਾਂ ਦੀ ਕਟਾਈ ਉਤੇ ਸਖ਼ਤੀ ਨਾਲ ਰੋਕ ਲੱਗੇ : ਮਾਨ
ਫ਼ਤਹਿਗੜ੍ਹ ਸਾਹਿਬ, 29 ਜਨਵਰੀ ( ) “ਜੋ ਵੀ ਸਾਡੇ ਵੱਡੇ-ਵੱਡੇ ਜੰਗਲ ਤੇ ਪਹਾੜੀ ਇਲਾਕੇ ਹਨ ਉਨ੍ਹਾਂ ਵਿਚ ਖੈਰ ਤੇ ਹੋਰ ਕੀਮਤੀ ਦਰੱਖਤ ਵੱਡੀ ਗਿਣਤੀ ਵਿਚ ਲੱਗੇ ਹੋਏ ਹਨ । ਪਰ ਜੋ ਬੀਤੇ ਕੁਝ ਸਮੇ ਤੋਂ ਹੁਸਿਆਰਪੁਰ ਅਤੇ ਰੋਪੜ ਦੇ ਨਾਲ ਲੱਗਦੇ ਪਹਾੜੀ ਤੇ ਜੰਗਲੀ ਖੇਤਰ ਵਿਚ ਜੰਗਲਾਤ ਮਹਿਕਮੇ ਅਧੀਨ ਵੱਡੀ ਗਿਣਤੀ ਵਿਚ ਖੈਰ ਅਤੇ ਹੋਰ ਕੀਮਤੀ ਲੱਕੜ ਦੇ ਦਰੱਖਤ ਲੱਗੇ ਹੋਏ ਹਨ, ਉਨ੍ਹਾਂ ਦੀ ਗੈਰ ਕਾਨੂੰਨੀ ਢੰਗ ਨਾਲ ਕਟਾਈ ਹੋ ਰਹੀ ਹੈ । ਇਹ ਅਪਰਾਧ ਅਫਸਰਸਾਹੀ ਦੀ ਮਿਲੀਭੁਗਤ ਨਾਲ ਹੀ ਸਾਇਦ ਹੋ ਰਿਹਾ ਹੈ । ਇਸ ਉਤੇ ਸਰਕਾਰ ਸਖ਼ਤੀ ਨਾਲ ਕਾਨੂੰਨ ਲਾਗੂ ਕਰੇ ਅਤੇ ਜੋ ਵੀ ਅਪਰਾਧੀ ਅਜਿਹੀਆ ਜੰਗਲਾਤ ਮਹਿਕਮੇ ਅਧੀਨ ਆਉਦੇ ਦਰੱਖਤਾਂ ਦੀ ਕਟਾਈ ਕਰਦੇ ਹਨ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਘੱਟੋ-ਘੱਟ 5-5 ਸਾਲ ਲਈ ਜੇਲ੍ਹਾਂ ਵਿਚ ਬੰਦ ਕੀਤਾ ਜਾਵੇ ਅਤੇ ਅਜਿਹਾ ਪ੍ਰਬੰਧ ਹੋਵੇ ਕਿ ਅਜਿਹੀ ਚੋਰੀ ਤੇ ਅਪਰਾਧ ਕਰਨ ਵਾਲੇ ਅਨਸਰ 5 ਸਾਲਾਂ ਤੋ ਪਹਿਲੇ ਜੇਲ੍ਹ ਤੋ ਬਾਹਰ ਨਾ ਆ ਸਕਣ ਅਤੇ ਇਨ੍ਹਾਂ ਨੂੰ ਭਾਰੀ ਰਕਮਾਂ ਰਾਹੀ ਵੱਡਾ ਜੁਰਮਾਨਾਂ ਵੀ ਕੀਤਾ ਜਾਵੇ ਤਾਂ ਕਿ ਸਾਡੀ ਖੈਰ ਵਰਗੀ ਕੀਮਤੀ ਲੱਕੜ ਦੇ ਦਰੱਖਤਾਂ ਦੀ ਗੈਰ ਕਾਨੂੰਨੀ ਢੰਗ ਨਾਲ ਹੋ ਰਹੀ ਕਟਾਈ ਰੁਕ ਸਕੇ ਅਤੇ ਸਾਡੇ ਜੰਗਲ ਸੁਰੱਖਿਅਤ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਸਿਆਰਪੁਰ ਤੇ ਰੋਪੜ ਦੇ ਨਾਲ ਲੱਗਦੇ ਪਹਾੜਾਂ ਦੇ ਜੰਗਲੀ ਇਲਾਕੇ ਵਿਚੋ ਵੱਡੇ ਪੱਧਰ ਤੇ ਗੈਰ ਕਾਨੂੰਨੀ ਢੰਗ ਨਾਲ ਖੈਰ ਦੇ ਅਤੇ ਹੋਰ ਕੀਮਤੀ ਲੱਕੜ ਦੇ ਦਰੱਖਤਾਂ ਦੀ ਹੋ ਰਹੀ ਕਟਾਈ ਉਤੇ ਸਰਕਾਰ ਨੂੰ ਸਖਤੀ ਵਰਤਣ ਅਤੇ ਦੋਸ਼ੀਆਂ ਨੂੰ ਲੰਮੀਆ ਤੇ ਸਖਤ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਰਕਾਰ ਤੇ ਜੰਗਲਾਤ ਵਿਭਾਗ ਦੇ ਵੱਡੇ ਅਫਸਰ ਇਸ ਸੰਜੀਦਾ ਮੁੱਦੇ ਤੇ ਕਾਨੂੰਨ ਅਨੁਸਾਰ ਹਰਕਤ ਵਿਚ ਆ ਕੇ ਅਮਲ ਕਰਨਗੇ ਅਤੇ ਹੋ ਰਹੀ ਕਟਾਈ ਨੂੰ ਰੋਕਣ ਦੀ ਜਿੰਮੇਵਾਰੀ ਨਿਭਾਉਣਗੇ ।