ਸਿੱਖ ਕੌਮ 26 ਜਨਵਰੀ ਨੂੰ ਸਰਬੱਤ ਖ਼ਾਲਸਾ ਵਰ੍ਹੇਗੰਢ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਲੀਅਤ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਕਿਉਂਕਿ 26 ਜਨਵਰੀ 1986 ਨੂੰ ਬਲਿਊ ਸਟਾਰ ਦੇ ਵੱਡੇ ਫੌਜੀ ਹਮਲੇ ਸਮੇਂ ਸਿੱਖਾਂ ਦੇ ਹੋਏ ਜਾਨੀ, ਮਾਲੀ ਵੱਡਾ ਨੁਕਸਾਨ ਤੋਂ ਉਪਰੰਤ ਪੀੜਾ ਤੇ ਵੱਡੇ ਜ਼ਬਰ ਨੂੰ ਮੁੱਖ ਰੱਖਦੇ ਹੋਏ ਸਮੁੱਚੀਆ ਪੰਥਕ ਧਿਰਾਂ ਵੱਲੋ ਸਾਂਝੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ ਸਰਕਾਰ ਵਿਰੁੱਧ ਅਗਲੇ ਸੰਘਰਸ ਕਰਨ ਅਤੇ ਮਿੱਥੇ ਗਏ ਖਾਲਿਸਤਾਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਰਬੱਤ ਖਾਲਸਾ ਸੱਦਿਆ ਗਿਆ ਸੀ । ਇਸ ਵਿਚ ਸਮੁੱਚੀ ਏਕਤਾ ਨੂੰ ਸੰਪੂਰਨ ਕਰਦੇ ਹੋਏ ਕੌਮੀ ਮੁੱਦਿਆ ਨੂੰ ਮੁੱਖ ਰੱਖਕੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ ਕਰਨ ਦਾ ਸਾਂਝਾ ਫੈਸਲਾ ਹੋਇਆ ਸੀ । ਪਰ ਬੀਤੇ 40 ਸਾਲ ਉਪਰੰਤ ਵੀ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਨਾ ਤਾਂ ਕੋਈ ਇਨਸਾਫ ਦਿੱਤਾ ਹੈ । ਨਾ ਹੀ ਇੰਡੀਅਨ ਵਿਧਾਨ ਦੀ ਧਾਰਾ 25 ਜੋ ਸਾਨੂੰ ਕਾਨੂੰਨੀ ਤੌਰ ਤੇ ਹਿੰਦੂ ਗਰਦਾਨਦੀ ਹੈ, ਉਸਨੂੰ ਖਤਮ ਕੀਤਾ ਅਤੇ ਨਾ ਹੀ ਸਾਡੇ 1909 ਦੇ ਅੰਗਰੇਜ਼ਾਂ ਵੱਲੋ ਪਾਸ ਕੀਤੇ ਗਏ ਆਨੰਦ ਮੈਰਿਜ ਐਕਟ ਨੂੰ ਇੰਡੀਅਨ ਵਿਧਾਨ ਵਿਚ ਸਥਾਂਨ ਦੇ ਕੇ ਸਾਡੀ ਵਿਲੱਖਣ, ਅਣਖੀਲੀ ਕੌਮੀ ਪਹਿਚਾਣ ਨੂੰ ਪ੍ਰਵਾਨ ਕੀਤਾ ਹੈ । ਸਾਨੂੰ ਅੱਜ ਵੀ ਹੁਕਮਰਾਨਾਂ ਵੱਲੋ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਇਸ ਲਈ ਸਰਬੱਤ ਖਾਲਸੇ ਦੀ 40ਵੀਂ ਵਰ੍ਹੇਗੰਢ ਸਮੇ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਹਾਨ ਸਥਾਂਨ ਤੇ ਪਹੁੰਚਕੇ ਸਰਬੱਤ ਖਾਲਸਾ ਸਮੇ ਹੋਏ ਫੈਸਲਿਆ ਉਤੇ ਫਿਰ ਤੋ ਦ੍ਰਿੜਤਾ ਕਰਦੀ ਹੋਈ ਕੌਮੀ ਏਕਤਾ ਨੂੰ ਅਮਲੀ ਰੂਪ ਦਿੰਦੀ ਹੋਈ ਆਪੋ ਆਪਣਾ ਤੇ ਸਮੂਹਿਕ ਰੂਪ ਵਿਚ ਯੋਗਦਾਨ ਪਾਇਆ ਜਾਵੇ ਤਾਂ ਕਿ ਅਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋ ਮਿੱਥੇ ਖਾਲਿਸਤਾਨ ਦੇ ਨਿਸਾਨੇ ਅਧੀਨ ਆਪਣਾ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਕੇ ਅਣਖ ਤੇ ਗੈਰਤ ਨਾਲ ਆਪਣੇ ਸਟੇਟ ਵਿਚ ਜਿੰਦਗੀ ਜਿਊਣ ਦੇ ਹੱਕ ਨੂੰ ਪ੍ਰਾਪਤ ਕਰ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਵੱਖ-ਵੱਖ ਧੜਿਆ ਵਿਚ ਵਿਚਰ ਰਹੀ ਸਿੱਖ ਲੀਡਰਸਿਪ ਨੂੰ ਇਸ ਅਤਿ ਸੰਜੀਦਾ ਸਮੇ ਸਰਬੱਤ ਖਾਲਸੇ ਦੀ 40ਵੀਂ ਵਰ੍ਹੇਗੰਢ ਉਤੇ ਸੰਜੀਦਗੀ ਨਾਲ ਸਮੂਲੀਅਤ ਕਰਨ ਅਤੇ ਉਸ ਸਮੇ ਹੋਣ ਵਾਲੇ ਅਗਲੇ ਫੈਸਲਿਆ ਅਤੇ ਬੀਤੇ ਸਮੇ ਦੇ ਫੈਸਲਿਆ ਉਤੇ ਆਪਣੀ ਦ੍ਰਿੜਤਾ ਨੂੰ ਪ੍ਰਪੱਕ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਕੌਮਾਂ ਆਪਣੇ ਇਤਿਹਾਸ, ਵਿਰਸੇ-ਵਿਰਾਸਤ ਨੂੰ ਵਿਸਾਰ ਦਿੰਦੀਆ ਹਨ, ਉਹ ਕਦੀ ਵੀ ਆਜਾਦ ਤੌਰ ਤੇ ਨਹੀ ਵਿਚਰ ਸਕਦੀਆ । ਜੋ ਕੌਮਾਂ ਆਪਣੇ ਇਤਿਹਾਸ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਆਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਉਤੇ ਕੇਦਰਿਤ ਰਹਿੰਦੀਆ ਹਨ, ਉਹ ਕੌਮਾਂ ਹੀ ਗੁਲਾਮੀਅਤ ਤੋ ਆਜਾਦੀ ਵੱਲ ਵੱਧਦੀਆ ਹਨ ਅਤੇ ਅਣਖ ਗੈਰਤ ਦੀ ਜਿੰਦਗੀ ਜਿਊਣ ਦੇ ਹੱਕ ਪ੍ਰਾਪਤ ਕਰਦੀਆ ਹਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਕਰਨ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਦੇ ਹੋਏ ਸਮੁੱਚੀ ਸਿੱਖ ਲੀਡਰਸਿਪ ਅਤੇ ਵੱਖ-ਵੱਖ ਸਿੱਖ ਸੰਗਠਨ ਆਪਣੇ ਛੋਟੇ ਮੋਟੇ ਵਖਰੇਵਿਆ ਤੋ ਉਪਰ ਉੱਠਕੇ ਇਸ ਇਤਿਹਾਸਿਕ ਇਕੱਠ ਵਿਚ ਹਰ ਕੀਮਤ ਤੇ ਸਮੂਲੀਅਤ ਕਰਦੇ ਹੋਏ ਅਗਲੇਰੇ ਕੌਮੀ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਵਿਚ ਯੋਗਦਾਨ ਪਾਉਣਗੇ ।