ਹਿੰਦੂਆਂ ਦੇ ਨੁਕਸਾਨ ਹੋਣ ਤੇ ਹੁਕਮਰਾਨਾਂ ਵੱਲੋ ਇਕਦਮ ਆਵਾਜ ਉਠਾਉਣਾ ਜਾਇਜ, ਪਰ ਘੱਟ ਗਿਣਤੀ ਮੁਸਲਿਮ ਤੇ ਸਿੱਖ ਕੌਮ ਦੇ ਕਤਲੇਆਮ ਤੇ ਚੁੱਪੀ ਕਿਉਂ ? : ਮਾਨ
ਫ਼ਤਹਿਗੜ੍ਹ ਸਾਹਿਬ, 08 ਜਨਵਰੀ ( ) “ਕਿਸੇ ਵੀ ਮੁਲਕ ਵਿਚ ਇਨਸਾਨੀ ਜਿੰਦਗਾਨੀਆਂ ਨਾਲ ਹੁਕਮਰਾਨਾਂ ਵੱਲੋ ਜਾਬਰ ਸੋਚ ਅਧੀਨ ਗੈਰ ਕਾਨੂੰਨੀ ਢੰਗ ਨਾਲ ਜਾਂ ਈਰਖਾਵਾਦੀ ਸੋਚ ਅਧੀਨ ਮਾਰ ਦੇਣ ਦੇ ਅਮਲਾਂ ਦੀ ਇਨਸਾਨੀਅਤ ਕਦਰਾਂ ਕੀਮਤਾਂ ਅਤੇ ਕਿਸੇ ਵੀ ਮੁਲਕ ਦਾ ਵਿਧਾਨ ਇਜਾਜਾਤ ਨਹੀ ਦਿੰਦਾ ਅਤੇ ਨਾ ਹੀ ਕਿਸੇ ਇਨਸਾਨੀ ਜਿੰਦਗੀ ਨੂੰ ਖਤਮ ਕਰਨ ਦਾ ਅਧਿਕਾਰ ਹੁਕਮਰਾਨਾਂ, ਪੁਲਿਸ ਜਾਂ ਨਿਜਾਮ ਕੋਲ ਹੈ । ਇਸਦਾ ਅਧਿਕਾਰ ਖੇਤਰ ਤਾਂ ਉਸ ਅਕਾਲ ਪੁਰਖ ਕੋਲ ਹੈ । ਜਦੋ ਵੀ ਬੰਗਲਾਦੇਸ ਜਾਂ ਕਿਸੇ ਹੋਰ ਮੁਲਕ ਵਿਚ ਹਿੰਦੂਆਂ ਨੂੰ ਮਾਰਿਆ ਜਾਂਦਾ ਹੈ ਤਾਂ ਹਿੰਦੂਤਵ ਹੁਕਮਰਾਨ, ਮੀਡੀਆ ਅਤੇ ਹੋਰ ਸਭ ਉਸ ਵਿਰੁੱਧ ਇਕਦਮ ਆਵਾਜ ਚੁੱਕਦੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਵੀ ਇਹ ਹਿੰਦੂਤਵ ਹੁਕਮਰਾਨ ਗੈਰ ਵਿਧਾਨਿਕ ਢੰਗ ਰਾਹੀ ਆਪਣੀਆ ਫੋਰਸਾਂ ਰਾਹੀ ਘੱਟ ਗਿਣਤੀ ਕੌਮਾਂ ਮੁਸਲਿਮ, ਸਿੱਖ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਦੇ ਹਨ ਤਾਂ ਹੁਕਮਰਾਨ, ਇਥੋ ਦਾ ਆਜਾਦ ਕਹਾਉਣ ਵਾਲਾ ਮੀਡੀਆ ਅਤੇ ਅਦਾਲਤਾਂ ਅਜਿਹੇ ਇਨਸਾਨ ਵਿਰੋਧੀ ਵਰਤਾਰੇ ਉਤੇ ਆਪਣੇ ਬੁੱਲ ਸੀ ਕੇ ਚੁੱਪ ਕਿਉਂ ਰਹਿੰਦੇ ਹਨ ? ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਨ੍ਹਾਂ ਹਿੰਦੂਤਵ ਬਹੁਗਿਣਤੀ ਹੁਕਮਰਾਨਾਂ ਵੱਲੋ ਕਾਨੂੰਨੀ ਅਤੇ ਨਿਜਾਮੀ ਅਮਲ ਕਰਦੇ ਹੋਏ ਬਹੁਗਿਣਤੀ ਨਾਲ ਹੋਰ ਢੰਗ ਨਾਲ ਪੇਸ ਆਇਆ ਜਾਂਦਾ ਹੈ ਅਤੇ ਘੱਟ ਗਿਣਤੀ ਮੁਸਲਿਮ, ਸਿੱਖ ਤੇ ਕਬੀਲਿਆ ਨਾਲ ਜਾਬਰ ਢੰਗ ਨਾਲ । ਜਿਸ ਨੂੰ ਕਤਈ ਵੀ ਨਿਰਪੱਖਤਾ ਅਤੇ ਇਨਸਾਫ ਵਾਲੇ ਅਮਲ ਨਹੀ ਕਿਹਾ ਜਾ ਸਕਦਾ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨਾਂ ਵਿਚ ਬੰਗਲਾਦੇਸ ਵਿਚ ਹਿੰਦੂਆ ਦੇ ਮਾਰੇ ਜਾਣ ਅਤੇ ਹੁਣੇ ਹੀ ਸਰਹੱਦੀ ਇਲਾਕੇ ਵਿਚ ਭਿੱਖੀਵਿੰਡ ਵਿਖੇ ਪੁਲਿਸ ਵੱਲੋ ਮਾਰੇ ਗਏ ਹਰਨੂਰ ਸਿੰਘ ਅਤੇ ਬੁਰੀ ਤਰ੍ਹਾਂ ਜਖਮੀ ਕੀਤੇ ਗਏ ਇਕ ਹੋਰ ਨੌਜਵਾਨ ਦੀ ਹੋਈ ਵਾਰਦਾਤ ਉਤੇ ਹੁਕਮਰਾਨਾਂ, ਮੀਡੀਆ ਤੇ ਨਿਜਾਮ ਵੱਲੋ ਚੁੱਪੀ ਵੱਟ ਰੱਖਣ ਦੇ ਦੋਹਰੇ ਮਾਪਦੰਡ ਉਤੇ ਗਹਿਰਾ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੁਲਕ ਦੇ ਵਿਦੇਸ ਵਜੀਰ ਜੈਸੰਕਰ ਵੱਲੋ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਅਸੀ ਪਾਕਿਸਤਾਨ ਵਿਚ ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰਾਂ ਨੂੰ ਤਬਾਹ ਕਰਨ ਦੇ ਅਮਲ ਕੀਤੇ ਹਨ । ਕਿਉਂਕਿ ਇਨ੍ਹਾਂ ਕੋਲ ਸੂਚਨਾਵਾਂ ਇਕੱਤਰ ਕਰਨ ਦੇ ਵੱਡੇ ਸਾਧਨ ਹਨ । ਹੋ ਸਕਦਾ ਹੈ ਇਨ੍ਹਾਂ ਦੀ ਗੱਲ ਸਹੀ ਹੋਵੇ । ਪਰ ਸਾਨੂੰ ਹੁਕਮਰਾਨ, ਪੁਲਿਸ ਅਤੇ ਨਿਜਾਮੀ ਅਫਸਰਸਾਹੀ ਕੌਮਾਂਤਰੀ ਪੱਧਰ ਤੇ ਜਾਣਕਾਰੀ ਦੇਵੇ ਕਿ ਜੋ ਇੰਡੀਆ ਦੀ ਮੋਦੀ ਹਕੂਮਤ ਅਤੇ ਉਸਦੀ ਚੰਡਾਲ ਚੌਕੜੀ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਨ੍ਹਾਂ ਨੇ ਇਸ ਕਤਲੇਆਮ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜਿਆ ਹੈ ਜੋ ਕੌਮਾਂਤਰੀ ਅਪਰਾਧ ਹੈ । ਇਥੋ ਤੱਕ ਸ੍ਰੀ ਪੰਨੂ ਨੂੰ ਕਤਲ ਕਰਨ ਦੀ ਸਾਜਿਸ ਬਣਾਕੇ ਅਮਰੀਕਾ ਦੇ ਮੁਨਰੋ ਡਾਕਟਰੀਨ ਦਾ ਵੀ ਘਾਣ ਕੀਤਾ ਹੈ । ਅਜਿਹੇ ਗੈਰ ਇਨਸਾਨੀ ਅਮਲ ਕਰਕੇ ਜੋ ਹੁਕਮਰਾਨ ਟਰਾਸਨੈਸਨਲ ਅਪਰਾਧ ਕੀਤੇ ਹਨ, ਇਹ ਦੱਸਣ ਕਿ ਇਨ੍ਹਾਂ ਉਪਰੋਕਤ ਕੀਤੇ ਗਏ ਸਿੱਖਾਂ ਦੇ ਕਤਲਾਂ ਅਤੇ ਪੰਜਾਬ ਸੂਬੇ ਵਿਚ ਨਿੱਤ ਦਿਹਾੜੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਜਾਣ ਵਾਲੇ ਨੌਜਵਾਨਾਂ ਨੂੰ ਮਾਰਨ ਦੇ ਹਕੂਮਤੀ ਟ੍ਰੇਨਿੰਗ ਸੈਟਰ ਕਿਥੇ ਹਨ ਅਤੇ ਇਨ੍ਹਾਂ ਗੈਰ ਇਨਸਾਨੀ ਯੋਜਨਾਵਾ ਉਤੇ ਅਮਲ ਕਰਨ ਦੇ ਦਿਸ਼ਾ ਨਿਰਦੇਸ ਇਨ੍ਹਾਂ ਨੂੰ ਕੌਣ ਦਿੰਦਾ ਹੈ ਅਤੇ ਇਸ ਵਿਚ ਇੰਡੀਆ ਦੀਆਂ ਕਿਹੜੀਆ-ਕਿਹੜੀਆ ਫੋਰਸਾਂ ਤੇ ਏਜੰਸੀਆ ਸਾਮਿਲ ਹਨ ।
ਉਨ੍ਹਾਂ ਕਿਹਾ ਕਿ ਜੇਕਰ ਹਰ ਤਰ੍ਹਾਂ ਦੀ ਵਾਕਫੀਅਤ ਰੱਖਣ ਵਾਲੇ ਇਹ ਹੁਕਮਰਾਨ ਸਾਨੂੰ ਇਹ ਉਪਰੋਕਤ ਜਾਣਕਾਰੀ ਨਹੀ ਦਿੰਦੇ ਤਾਂ ਇਸ ਤੋ ਇਹ ਪ੍ਰਤੱਖ ਹੁੰਦਾ ਹੈ ਕਿ ਮੌਜੂਦਾ ਮੋਦੀ ਹਕੂਮਤ ਤੇ ਉਸਦੀਆ ਏਜੰਸੀਆ ਗੈਰ ਇਨਸਾਨੀ ਢੰਗ ਨਾਲ ਸਿੱਖਾਂ ਨੂੰ ਅਤੇ ਘੱਟ ਗਿਣਤੀ ਮੁਸਲਿਮ ਕੌਮਾਂ ਨੂੰ ਯੋਜਨਾਬੰਦ ਢੰਗ ਨਾਲ ਮਾਰਨ ਅਤੇ ਉਨ੍ਹਾਂ ਦੇ ਫਖਰਨੁਮਾ ਇਤਿਹਾਸ ਨੂੰ ਖਤਮ ਕਰਨ ਦੀਆ ਕਾਰਵਾਈਆ ਵਿਚ ਸਾਮਿਲ ਹਨ । ਜੋ ਇਹ ਹਿੰਦੂ-ਸਿੱਖ ਏਕਤਾ ਦੀ ਗੱਲ ਕਰ ਰਹੇ ਹਨ, ਫਿਰ ਅਜਿਹੇ ਵਿਤਕਰੇ ਅਤੇ ਬੇਇਨਸਾਫੀ ਵਾਲੇ ਅਮਲਾਂ ਨਾਲ ਅਜਿਹੇ ਢੰਗਾਂ ਨਾਲ ਹਿੰਦੂ ਸਿੱਖ ਏਕਤਾ ਨੂੰ ਕਿਵੇ ਕਾਇਮ ਰੱਖਿਆ ਜਾ ਸਕੇਗਾ । ਜੇਕਰ ਇਹ ਵਾਅਕਿਆ ਹੀ ਇਨਸਾਨੀ ਕਦਰਾਂ ਕੀਮਤਾਂ ਨੂੰ ਪ੍ਰਵਾਨ ਕਰਦੇ ਹਨ ਤਾਂ ਸਾਨੂੰ ਇਹ ਜਾਣਕਾਰੀ ਉਪਲੱਬਧ ਕਰਵਾਈ ਜਾਵੇ ਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਮਾਰਨ ਵਾਲੇ ਇਨ੍ਹਾਂ ਦੇ ਹਕੂਮਤੀ ਟ੍ਰੇਨਿੰਗ ਸੈਟਰ ਕਿਥੇ ਹਨ ਅਤੇ ਅਜਿਹੇ ਅਮਲਾਂ ਦੀ ਅਗਵਾਈ ਕੌਣ ਕਰ ਰਿਹਾ ਹੈ । ਫਿਰ ਹੀ ਅਜਿਹਾ ਇਮਾਨਦਾਰੀ ਨਾਲ ਅਦਾਨ-ਪ੍ਰਦਾਨ ਕਰਨ ਉਪਰੰਤ ਹੀ ਇਨ੍ਹਾਂ ਦੀ ਹਿੰਦੂ ਸਿੱਖ ਏਕਤਾ ਦੀ ਪ੍ਰਗਟਾਈ ਭਾਵਨਾ ਤੇ ਅਮਲ ਹੋ ਸਕਦਾ ਹੈ ਵਰਨਾ ਇਹ ਨਫਰਤ ਦਿਨੋ ਦਿਨ ਵੱਧਦੀ ਜਾ ਰਹੀ ਹੈ ਅਤੇ ਇਸ ਨਾਲ ਇਕ ਬਹੁਗਿਣਤੀ ਅਤੇ ਘੱਟ ਗਿਣਤੀ ਕੌਮਾਂ ਵਿਚਕਾਰ ਵੱਡੀ ਖਾਈ ਉਤਪੰਨ ਹੋ ਚੁੱਕੀ ਹੈ ਜਿਸ ਨਾਲ ਕਤਈ ਵੀ ਜਮਹੂਰੀਅਤ ਅਤੇ ਅਮਨ ਨੂੰ ਕਾਇਮ ਨਹੀ ਰੱਖਿਆ ਜਾ ਸਕੇਗਾ । ਇਸ ਲਈ ਬਿਹਤਰ ਹੋਵੇਗਾ ਕਿ ਹੁਕਮਰਾਨ ਕੌਮਾਂਤਰੀ ਪੱਧਰ ਤੇ ਆਪਣੇ ਛੁਪਾਏ ਹੋਏ ਸੱਚ ਨੂੰ ਪ੍ਰਵਾਨ ਕਰਕੇ ਸਹੀ ਸਥਿਤੀ ਉਜਾਗਰ ਕਰਨ ਅਤੇ ਵੱਧਦੇ ਜਾ ਰਹੇ ਨਫਰਤੀ ਭਰੇ ਮਾਹੌਲ ਨੂੰ ਸਹੀ ਕਰਨ ਵਿਚ ਯੋਗਦਾਨ ਪਾਉਣ ।