ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾਂ ਅਤੇ ਮਰਿਯਾਦਾਵਾਂ ਦਾ ਘਾਣ ਕਿਸੇ ਵੱਲੋ ਵੀ ਨਹੀ ਹੋਣਾ ਚਾਹੀਦਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 07 ਜਨਵਰੀ ( ) “ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਦੇ ਹੋਏ ਸਿੱਖ ਕੌਮ ਲਈ ਧਾਰਮਿਕ ਅਤੇ ਰਾਜਸੀ ਹੱਦਾਂ ਨਿਯਮ ਤਹਿ ਕਰਦੇ ਹੋਏ ਮੀਰੀ-ਪੀਰੀ ਦੇ ਵੱਡਮੁੱਲੇ ਸਿਧਾਂਤ ਸਾਨੂੰ ਪ੍ਰਦਾਨ ਕਰਦੇ ਹੋਏ ਇਕ ਲੜੀ ਵਿਚ ਵਿਚਰਣ ਦੀ ਜਿਥੇ ਹਦਾਇਤ ਕੀਤੀ ਸੀ ਉਥੇ ਸਮੁੱਚੀ ਸਿੱਖ ਕੌਮ ਨੂੰ ਇਹ ਵੀ ਹਦਾਇਤ ਕੀਤੀ ਸੀ ਕਿ ਇਹ ਮਹਾਨ ਤਖ਼ਤ ਦੁਨਿਆਵੀ ਤਾਕਤਾਂ ਤੇ ਹਕੂਮਤਾਂ ਤੋ ਉਪਰ ਹੈ ਜਿਸ ਨੂੰ ਉਸ ਅਕਾਲ ਪੁਰਖ ਦੀ ਸਰਪ੍ਰਸਤੀ ਹਾਸਿਲ ਹੈ । ਇਸੇ ਲਈ ਸਿੱਖ ਇਸ ਸੰਸਥਾਂ ਤੋ ਹੋਣ ਵਾਲੇ ਹੁਕਮਾਂ ਨੂੰ ਰੱਬੀ ਹੁਕਮ ਪ੍ਰਵਾਨ ਕਰਦੇ ਆਏ ਹਨ । ਇਸਦੀ ਸਰਬਉੱਚਤਾ ਅਤੇ ਮਹਾਨਤਾ ਨੂੰ ਕਾਇਮ ਰੱਖਣ ਦਾ ਸਾਡਾ ਸਭ ਦਾ ਸਾਂਝੇ ਤੇ ਨਿੱਜੀ ਤੌਰ ਤੇ ਫਰਜ ਬਣਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਤਖਤ ਤੇ ਬਿਰਾਜਮਾਨ ਰਹਿਣ ਵਾਲੀਆ ਸਖਸ਼ੀਅਤਾਂ ਵੱਲੋ ਦਿਸਾਹੀਣ ਸਿਆਸਤਦਾਨਾਂ ਦੇ ਗੁਲਾਮ ਬਣਕੇ ਜਾਂ ਆਪਣੀ ਨਿੱਜੀ ਹਊਮੈ ਵਿਚ ਗ੍ਰਸਤ ਹੋ ਕੇ ਕੀਤੀਆ ਜਾਣ ਵਾਲੀਆ ਕਾਰਵਾਈਆ ਦੀ ਬਦੌਲਤ ਇਸਦੀ ਸਰਬਉੱਚਤਾ ਤੇ ਮਹਾਨਤਾ ਨੂੰ ਕੁਝ ਸਮੇ ਤੋ ਡੂੰਘੀ ਠੇਸ ਪਹੁੰਚਦੀ ਆ ਰਹੀ ਹੈ । ਇਕ ਸਾਬਕਾ ਜਥੇਦਾਰ ਵੱਲੋ ਮੌਜੂਦਾ ਜਥੇਦਾਰ ਨੂੰ ਸੁਬੋਧਿਤ ਹੁੰਦੇ ਹੋਏ ਉਸ ਤਖਤ ਤੇ ਬਿਰਾਜਮਾਨ ਸਖਸ਼ੀਅਤ ਦੇ ਸਤਿਕਾਰ ਮਾਣ ਨੂੰ ਕਾਇਮ ਨਾ ਰੱਖਣ ਦੀ ਬਦੌਲਤ ਸਿੱਖ ਕੌਮ ਪਹਿਲੇ ਨਾਲੋ ਵੀ ਵਧੇਰੇ ਭੰਬਲਭੂਸੇ ਵਾਲੀ ਸਥਿਤੀ ਵਿਚ ਉਲਝਦੀ ਜਾ ਰਹੀ ਹੈ । ਅਜਿਹੇ ਦੁੱਖਦਾਇਕ ਅਮਲ ਕਰਕੇ ਅਸੀ ਦੂਸਰੀਆ ਕੌਮਾਂ ਜਾਂ ਸਿੱਖ ਕੌਮ ਵਿਚ ਵਿਚਰ ਰਹੇ ਸਹਿਜਧਾਰੀ ਜਾਂ ਪਤਿਤ ਸਿੱਖਾਂ ਨੂੰ ਇਸਦੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਣ ਅਤੇ ਇਸਦੀ ਸਰਬਉੱਚਤਾ ਨੂੰ ਚੁਣੋਤੀ ਦੇਣ ਦੇ ਅਮਲ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ ?”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇ ਸਮੇ ਤੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੇ ਤਖ਼ਤ ਦੀ ਸਿਆਸਤਦਾਨਾਂ ਤੇ ਜਥੇਦਾਰ ਸਾਹਿਬਾਨ ਵੱਲੋ ਦੁਰਵਰਤੋ ਹੋਣ ਦੇ ਹੁੰਦੇ ਆ ਰਹੇ ਅਮਲਾਂ ਨੂੰ ਅਤਿ ਦੁੱਖਦਾਇਕ ਸਰਮਨਾਕ ਕਰਾਰ ਦਿੰਦੇ ਹੋਏ ਅਤੇ ਖੁਦ ਹੀ ਇਸ ਮਹਾਨ ਸੰਸਥਾਂ ਸੰਬੰਧੀ ਭੰਬਲਭੂਸਾ ਪਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪ੍ਰੋ. ਮਨਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤਾਂ ਉਸ ਸਮੇ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਵੱਲੋ ਉਥੇ ਹਮਲਾਵਰ ਹੁੰਦੇ ਹੋਏ ਜਥੇਦਾਰ ਦੀ ਸਖਸ਼ੀਅਤ ਨੂੰ ਡਰਾ-ਧਮਕਾਕੇ ਆਪਣੀ ਸੋਚ ਅਨੁਸਾਰ ਫੈਸਲੇ ਕਰਵਾਉਣ ਦੇ ਅਮਲ ਕੀਤੇ ਗਏ । ਫਿਰ ਸ. ਗਗਨਜੀਤ ਸਿੰਘ ਬਰਨਾਲਾ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਦਿਸਾਹੀਣ ਆਗੂਆ ਦੀ ਅਗਵਾਈ ਹੇਠ ਅਖੌਤੀ ਮਰਜੀਵੜੇ ਹਥਿਆਰਾਂ ਨਾਲ ਲੈਸ ਹੋ ਕੇ ਉਥੇ ਗਏ ਤਾਂ ਕਿ ਤਖਤ ਸਾਹਿਬ ਦੀ ਵਰਤੋ ਆਪਣੇ ਨਿੱਜੀ ਤੇ ਸਿਆਸੀ ਹਿੱਤਾ ਲਈ ਕੀਤੀ ਜਾ ਸਕੇ । ਫਿਰ 2 ਮਈ 1994 ਨੂੰ ਜਦੋ ਪ੍ਰੌ. ਮਨਜੀਤ ਸਿੰਘ ਇਸ ਤਖਤ ਦੇ ਐਕਟਿੰਗ ਜਥੇਦਾਰ ਸਨ, ਤਾਂ ਉਨ੍ਹਾਂ ਨੇ ਸਮੁੱਚੇ ਖਾਲਸਾ ਪੰਥ ਨੂੰ ਇਕ ਪਲੇਟਫਾਰਮ ਤੇ ਇਕੱਤਰ ਕਰਨ ਦੀ ਸੋਚ ਅਧੀਨ ‘ਅੰਮ੍ਰਿਤਸਰ ਐਲਾਨਨਾਮੇ’ ਦੀ ਕੌਮੀ ਆਜਾਦੀ ਅਤੇ ਸਿੱਖੀ ਦੇ ਬੋਲਬਾਲੇ ਦੀ ਸੋਚ ਨੂੰ ਪ੍ਰਗਟਾਉਦੇ ਮਿਸਨ ਅਧੀਨ ਇਕੱਤਰ ਕਰਨ ਦਾ ਉੱਦਮ ਕੀਤਾ । ਤਾਂ ਉਸ ਵਿਚ ਸ. ਪ੍ਰਕਾਸ ਸਿੰਘ ਬਾਦਲ ਤੇ ਉਨ੍ਹਾਂ ਦਾ ਸਮੁੱਚਾ ਦਲ ਇਸ ਮਹਾਨ ਤਖਤ ਨੂੰ ਪਿੱਠ ਦੇ ਕੇ ਖੁਦ ਹੀ ਇਸਦੀ ਸਰਬਉੱਚਤਾ ਤੇ ਮਹਾਨਤਾ ਨੂੰ ਠੇਸ ਪਹੁੰਚਾਉਦੇ ਰਹੇ । ਜਦੋ ਸ. ਗੁਰਚਰਨ ਸਿੰਘ ਟੋਹੜਾ, ਸ. ਸੁਰਜੀਤ ਸਿੰਘ ਬਰਨਾਲਾ, ਕੈਪਟਨ ਅਮਰਿੰਦਰ ਸਿੰਘ, ਕਰਨਲ ਜਸਮੇਰ ਸਿੰਘ ਬਾਲਾ, ਭਾਈ ਮਨਜੀਤ ਸਿੰਘ ਭੂਰਾਕੋਨਾ ਅਤੇ ਸ. ਸਿਮਰਨਜੀਤ ਸਿੰਘ ਮਾਨ ਸਮੁੱਚੀ ਲੀਡਰਸਿਪ ਵੱਲੋ ਇਸ ਮਹਾਨ ਤਖਤ ਤੇ ਏਕਤਾ ਕਰਵਾਉਦੇ ਹੋਏ ਅੰਮ੍ਰਿਤਸਰ ਐਲਾਨਨਾਮੇ ਦੀ ਸ਼ਬਦਾਵਲੀ ਅਧੀਨ ਆਜਾਦੀ ਦੀ ਮੰਜਿਲ ਵੱਲ ਵੱਧਣ ਦਾ ਪ੍ਰਣ ਕੀਤਾ ਗਿਆ । ਉਸ ਪ੍ਰਣ ਤੋ ਇਕ-ਇਕ ਕਰਕੇ ਸਭ ਲੀਡਰਸਿਪ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਐਲਾਨਨਾਮੇ ਨੂੰ ਪਿੱਠ ਦੇ ਗਏ । ਕੇਵਲ ਤੇ ਕੇਵਲ ਸ. ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਉਤੇ ਨਿਰੰਤਰ ਅੱਜ ਤੱਕ ਪਹਿਰਾ ਦਿੰਦਾ ਆ ਰਿਹਾ ਹੈ । ਫਿਰ 2 ਦਸੰਬਰ 2024 ਨੂੰ ਜੋ ਦਾਗੀ ਤੇ ਬਾਗੀ ਹੋਏ ਆਗੂਆ ਨੂੰ ਇਸ ਤਖਤ ਉਤੇ ਆਪਣੇ ਦੋਸ਼ਾਂ ਨੂੰ ਪ੍ਰਵਾਨ ਕਰਦੇ ਹੋਏ ਹੁਕਮ ਸੁਣਾਇਆ ਗਿਆ । ਉਸ ਹੁਕਮਨਾਮੇ ਤੋ ਸ. ਸੁਖਬੀਰ ਸਿੰਘ ਬਾਦਲ ਅਤੇ ਉਸਦੀ ਦਿਸਾਹੀਣ ਸਵਾਰਥੀ ਲੀਡਰਸਿਪ ਨੇ ਇਸ ਮਹਾਨ ਤਖਤ ਦੀ ਸਰਬਉੱਚਤਾ, ਮਹਾਨਤਾ ਅਤੇ ਸਤਿਕਾਰ ਨੂੰ ਠੇਸ ਪਹੁੰਚਾਉਦੇ ਹੋਏ ਖੁੱਲ੍ਹੇ ਰੂਪ ਵਿਚ ਭਗੋੜੇ ਹੋ ਗਏ ਅਤੇ ਦੂਸਰੇ ਪਾਸੇ ਜੋ ਆਗੂ ਇਨ੍ਹਾਂ ਤੋ ਬਾਗੀ ਹੋ ਕੇ ਆਪਣੀਆ ਸਿਆਸੀ ਸਤਰੰਜੀ ਚਾਲਾ ਅਧੀਨ ਆਪਣੇ ਆਪ ਨੂੰ ਸਿਆਸਤ ਤੌਰ ਤੇ ਜੀਵਤ ਰੱਖਣ ਲਈ ਖੇਡਾਂ ਖੇਡਣ ਲੱਗ ਪਏ । ਜੋ ਖੁਦ ਵੀ ਉਪਰੋਕਤ ਬਾਦਲ ਦਲੀਆ ਦੀ ਤਰ੍ਹਾਂ ਕੌਮ ਦੇ ਦੋਸ਼ੀ ਹਨ, ਉਨ੍ਹਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਨਾਮ ਦੀ ਦੁਰਵਰਤੋ ਕਰਕੇ ਆਪਣੀ ਨਵੀ ਸਿਆਸੀ ਦੁਕਾਨ ਸੁਰੂ ਕਰ ਦਿੱਤੀ । ਨਤੀਜਾ ਸਭ ਦੇ ਸਾਹਮਣੇ ਹੈ । ਨਾ ਬਾਦਲ ਦਲੀਏ ਅਤੇ ਨਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਕੌਮ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਅਤੇ ਹੋ ਰਹੀਆ ਬੇਇਨਸਾਫ਼ੀਆਂ ਨੂੰ ਖਤਮ ਕਰਵਾਉਣ ਵਿਚ ਕੋਈ ਉਸਾਰੂ ਅਮਲ ਕਰ ਸਕੇ । ਬਲਕਿ ਦੋਵੇ ਦਲਾਂ ਦੇ ਆਗੂ ਆਪਣੇ ਸਵਾਰਥੀ ਹਿੱਤਾ ਲਈ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਦੇ ਅਤੇ ਆਪਣੀਆ ਮਹਾਨ ਸੰਸਥਾਵਾਂ ਦੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਣ ਤੇ ਦੁਰਵਰਤੋ ਕਰਦੇ ਸਾਫ ਨਜਰ ਆ ਰਹੇ ਹਨ ।
ਇਹ ਹੋਰ ਵੀ ਦੁੱਖਦਾਇਕ ਅਤੇ ਨਮੋਸੀਜਨਕ ਅਮਲ ਹੋਏ ਹਨ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਵੱਲੋ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ ਲਈ 7 ਮੈਬਰੀ ਕਮੇਟੀ ਐਲਾਨੀ ਗਈ ਸੀ, ਜਿਸ ਵਿਚ ਹੋਰਨਾਂ ਤੋ ਇਲਾਵਾ ਮੌਜੂਦਾ ਐਸ.ਜੀ.ਪੀ.ਸੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਕ੍ਰਮਵਾਰ ਸ. ਹਰਜਿੰਦਰ ਸਿੰਘ ਧਾਮੀ ਤੇ ਸ. ਕਿਰਪਾਲ ਸਿੰਘ ਬਡੂੰਗਰ ਸਨ, ਇਨ੍ਹਾਂ ਦੋਵਾਂ ਨੇ ਆਪਣੇ ਸਿਆਸੀ ਆਕਾ ਸ. ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਰੱਖਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਏ ਹੁਕਮਾਂ ਦੀ ਤੋਹੀਨ ਕਰਦੇ ਹੋਏ ਆਪੋ ਆਪਣੀ ਮੈਬਰਸਿਪ ਤੋ ਅਸਤੀਫੇ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਠੇਸ ਹੀ ਪਹੁੰਚਾਈ ਹੈ । ਸਭ ਤੋ ਵੱਡਾ ਦੁੱਖਦਾਇਕ ਅਮਲ ਇਹ ਹੋ ਰਿਹਾ ਹੈ ਕਿ ਜੋ ਇਸ ਸਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਉਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਸਖਸੀਅਤ ਬਿਰਾਜਮਾਨ ਹੈ, ਜਿਨ੍ਹਾਂ ਵਿਚ ਗੁਣ ਵੀ ਹੋਣਗੇ ਤੇ ਔਗੁਣ ਵੀ ਹੋਣਗੇ, ਲੇਕਿਨ ਜਦੋ ਉਨ੍ਹਾਂ ਨੂੰ ਸੁਬੋਧਿਤ ਹੁੰਦੇ ਹੋਏ, ਸਤਿਕਾਰਿਤ ਤੇ ਬਾਦਲੀਲ ਢੰਗ ਨਾਲ ਗੱਲ ਕਰਨੀ ਬਣਦੀ ਹੈ ਤਾਂ ਉਸ ਸਮੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਜੋ ਤਖਤ ਸਾਹਿਬ ਦੀਆਂ ਮਰਿਯਾਦਾਵਾ ਮਾਣ ਸਨਮਾਨ ਤੋ ਪੂਰੀ ਤਰ੍ਹਾ ਵਾਕਿਫ ਹਨ, ਉਨ੍ਹਾਂ ਵੱਲੋ ਇਕ ਇੰਟਰਵਿਊ ਦੌਰਾਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਪੂਰਾ ਨਾਮ ਲੈਣ ਦੀ ਬਜਾਇ ‘ਗੜਗੱਜ’ ਅਤੇ ਹੋਰ ਅਪਮਾਨਜਨਕ ਸ਼ਬਦਾਂ ਨਾਲ ਸੁਬੋਧਿਤ ਹੋਣਾ ਤਾਂ ਬਹੁਤ ਹੀ ਦੁੱਖਦਾਇਕ ਅਤੇ ਇਸ ਮਹਾਨ ਸੰਸਥਾਂ ਤੇ ਉਸਦੇ ਜਥੇਦਾਰ ਦੇ ਸਤਿਕਾਰ ਨੂੰ ਤੇ ਮਹਾਨਤਾ ਨੂੰ ਠੇਸ ਪਹੁੰਚਾਉਣ ਵਾਲੇ ਅਮਲ ਹਨ । ਜੋ ਕਿ ਕਿਸੇ ਵੀ ਸਿੱਖ ਵੱਲੋ ਕਤਈ ਨਹੀ ਹੋਣੇ ਚਾਹੀਦੇ । ਭਾਵੇਕਿ ਅਸੀ ਇਸ ਸੰਸਥਾਂ ਤੇ ਬਿਰਾਜਮਾਨ ਕਿਸੇ ਜਥੇਦਾਰ ਵੱਲੋ ਨਿਭਾਈਆ ਜਾ ਰਹੀਆ ਜਿੰਮੇਵਾਰੀਆ ਤੋ ਸੰਤੁਸਟ ਹੋਈਏ ਜਾ ਨਾ ਹੋਈਏ । ਜੇਕਰ ਜਥੇਦਾਰ ਸਾਹਿਬ ਦੇ ਕਿਸੇ ਅਮਲ ਦੀ ਵਿਰੋਧਤਾ ਕਰਨੀ ਪਵੇ ਤਾਂ ਉਨ੍ਹਾਂ ਨਾਲ ਮੁਲਾਕਾਤ ਕਰਕੇ ਜਾਂ ਸਤਿਕਾਰਿਤ ਢੰਗ ਤਰੀਕੇ ਨਾਲ ਹੀ ਹੋਣੀ ਚਾਹੀਦੀ ਹੈ। ਨਾ ਕਿ ਅਪਮਾਨਿਤ ਸ਼ਬਦਾਂ ਤੇ ਢੰਗਾਂ ਰਾਹੀ ।
ਇਹ ਵੀ ਸਿੱਖੀ ਸੋਚ, ਸਲੀਕੇ ਅਤੇ ਤਹਿਜੀਬ ਦੀ ਉਲੰਘਣਾ ਕਰਨ ਵਾਲੇ ਦੁੱਖਦਾਇਕ ਅਮਲ ਹਨ ਕਿ ਜਥੇਦਾਰ ਸਾਹਿਬ ਵੱਲੋ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਬੋਧਿਤ ਹੁੰਦੇ ਹੋਏ ਜੋ ਸ. ਭਗਵੰਤ ਸਿੰਘ ਮਾਨ ਦੀ ਬਜਾਇ ਉਨ੍ਹਾਂ ਦੇ ਨਾਮ ਨਾਲੋ ਸਿੰਘ ਸ਼ਬਦ ਕੱਟਕੇ ਭਗਵੰਤ ਮਾਨ ਦੀ ਵਰਤੋ ਕਰਨ ਦੀ ਕਾਰਵਾਈ ਵੀ ਸਾਨੂੰ ਆਪਣੇ ਸਿੱਖੀ ਸਿਧਾਂਤ ਤੇ ਸੋਚ ਇਜਾਜਤ ਨਹੀ ਦਿੰਦੇ । ਭਾਵੇਕਿ ਕੋਈ ਸਹਿਜਧਾਰੀ ਜਾਂ ਪਤਿਤ ਸਿੱਖ ਮਰਿਯਾਦਾ ਦੇ ਉਲਟ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਰਬਉੱਚਤਾ ਦੇ ਉਲਟ ਕੋਈ ਸ਼ਬਦਾਵਲੀ ਵਰਤਦਾ ਹੈ, ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਸਕੱਤਰੇਤ ਵਿਖੇ ਤਲਬ ਕਰਦੇ ਹੋਏ ਉਸਦੇ ਨਾਮ ਵਿਚੋ ਸਿੰਘ ਜਾਂ ਕੌਰ ਕੱਟਕੇ ਕਤਈ ਸੁਬੋਧਿਤ ਨਹੀ ਹੋਣਾ ਚਾਹੀਦਾ । ਕਿਉਂਕਿ ‘ਸਿੰਘ ਅਤੇ ਕੌਰ’ ਦੇ ਮਹਾਨ ਸ਼ਬਦ ਸਾਨੂੰ ਵੱਡੀਆ ਕੁਰਬਾਨੀਆ, ਸ਼ਹਾਦਤਾਂ ਉਪਰੰਤ ਗੁਰੂ ਸਾਹਿਬਾਨ ਨੇ ਬਖਸਿਸ ਕੀਤੇ ਹਨ ਜਿਸ ਨਾਲ ਸਾਡਾ ਸਮੁੱਚੇ ਸੰਸਾਰ ਵਿਚ ਸਤਿਕਾਰ ਕਾਇਮ ਹੈ । ਜੋ ਸਿੱਖ ਵਿਰੋਧੀ ਤਾਕਤਾਂ, ਅਖ਼ਬਾਰ, ਮੁਤੱਸਵੀ ਸੰਪਾਦਕ ਤਾਂ ਪਹਿਲੋ ਹੀ ਸਿੱਖ ਸਖਸ਼ੀਅਤਾਂ ਤੇ ਆਗੂਆ ਦੇ ਨਾਮ ਨਾਲੋ ਸਿੰਘ ਅਤੇ ਕੌਰ ਦੇ ਸਤਿਕਾਰਿਤ ਸਬਦ ਕੱਟਕੇ ਸੁਬੋਧਿਤ ਕਰਕੇ ਅਪਮਾਨ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ਅਜਿਹੇ ਅਮਲ ਬੰਦ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ ਸੰਸਥਾਂ ਦਾ ਪਰਮ-ਧਰਮ ਫਰਜ ਬਣਦਾ ਹੈ । ਜੇਕਰ ਕੋਈ ਜਥੇਦਾਰ ਸਾਹਿਬ ਹੀ ਸਿੱਖਾਂ ਦੇ ਨਾਵਾਂ ਸੰਬੰਧੀ ਸਿੰਘ ਤੇ ਕੌਰ ਕੱਟਕੇ ਸੁਬੋਧਿਤ ਹੋਵੇ ਇਹ ਤਾਂ ਖੁਦ ਹੀ ਸਾਡੀਆ ਮਹਾਨ ਸੰਸਥਾਵਾਂ ਦੇ ਨਿਯਮਾਂ ਤੇ ਮਰਿਯਾਦਾਵਾ ਦੇ ਅਸੀ ਉਲੰਘਣਾ ਕਰਨ ਦੇ ਦੋਸ਼ੀ ਬਣ ਜਾਵਾਂਗੇ । ਇਸ ਤੋ ਵੀ ਸਿਆਸੀ ਤੇ ਧਾਰਮਿਕ ਸਖਸ਼ੀਅਤਾਂ ਤੇ ਆਮ ਸਿੱਖਾਂ ਨੂੰ ਤੋਬਾ ਕਰਨੀ ਪਵੇਗੀ । ਸਲੀਕੇ, ਤਹਿਜੀਬ ਦਾ ਕਤਈ ਵੀ ਪੱਲਾ ਨਹੀ ਛੱਡਣਾ ਚਾਹੀਦਾ । ਭਾਵੇਕਿ ਖਿਆਲਾਤਾਂ ਤੇ ਵਿਚਾਰਾਂ ਵਿਚ ਕਿੰਨਾ ਵੀ ਫਰਕ ਕਿਉ ਨਾ ਹੋਵੇ । ਇਸ ਲਈ ਸਮੁੱਚੀ ਸਿੱਖ ਕੌਮ, ਸਿੱਖ, ਧਾਰਮਿਕ, ਸਮਾਜਿਕ, ਰਾਜਸੀ ਸਖਸ਼ੀਅਤਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਹ ਅਪੀਲ ਹੈ ਕਿ ਉਹ ਅਜਿਹੀਆ ਮਹਾਨ ਸੰਸਥਾਵਾਂ ਅਤੇ ਉਨ੍ਹਾਂ ਤੇ ਬਿਰਾਜਮਾਨ ਸਖਸ਼ੀਅਤਾਂ ਨੂੰ ਸੁਬੋਧਿਤ ਹੁੰਦੇ ਹੋਏ ਨਾ ਤਾਂ ਆਪਣੀਆ ਮਰਿਯਾਦਾਵਾ, ਪੰ੍ਰਪਰਾਵਾ, ਨਿਯਮਾਂ ਦੀ ਉਲੰਘਣਾ ਕਰਨ ਅਤੇ ਨਾ ਹੀ ਅਜਿਹੀ ਵਾਰਤਾਲਾਪ ਕਰਦੇ ਹੋਏ ਜਾਂ ਬਿਆਨਬਾਜੀ ਕਰਦੇ ਹੋਏ ਕਿਸੇ ਤਰ੍ਹਾਂ ਦੇ ਅਪਮਾਨਜਨਕ ਸ਼ਬਦਾਂ ਦੀ ਵਰਤੋ ਕਰਨ । ਅਜਿਹਾ ਅਮਲ ਕਰਕੇ ਹੀ ਅਸੀ ਗੁਰੂ ਸਾਹਿਬਾਨ ਜੀ ਦੀ ਸੋਚ ਅਨੁਸਾਰ ਆਪਣੇ ਤਹਿਜੀਬ ਸਲੀਕੇ ਦੇ ਨਾਲ-ਨਾਲ ਈਰਖਾਵਾਦੀ ਸੋਚ ਤੋ ਦੂਰ ਰਹਿਣ ਦੇ ਅਮਲ ਕਰ ਸਕਾਂਗੇ ਅਤੇ ਸਿੱਖ ਕੌਮ, ਸਿੱਖ ਸੰਸਥਾਵਾਂ ਦੇ ਰੁਤਬਿਆ, ਸਤਿਕਾਰ, ਮਹਾਨਤਾਵਾ ਨੂੰ ਕਾਇਮ ਰੱਖ ਸਕਾਂਗੇ ।