ਜਿਵੇ ਬੰਗਲਾਦੇਸ ਵਿਚ ਹਿੰਦੂ ਦਾ ਕਤਲ ਹੋਣ ਤੇ ਰੋਹ ਉੱਠਿਆ ਹੈ, ਉਸੇ ਤਰ੍ਹਾਂ ਸਰਕਾਰ ਵੱਲੋ ਬਾਹਰਲੇ ਮੁਲਕਾਂ ਅਤੇ ਇੰਡੀਆਂ ਵਿਚ ਮਾਰਨ ਵਿਰੁੱਧ ਵੀ ਵੱਡਾ ਰੋਹ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 25 ਦਸੰਬਰ ( ) “ਜਦੋ ਕੋਈ ਸਟੇਟ ਜਾਂ ਏਜੰਸੀ ਵੱਲੋ ਕਿਸੇ ਇਕ ਫਿਰਕੇ ਨੂੰ ਨਿਸ਼ਾਨਾਂ ਬਣਾਕੇ ਜ਼ਬਰ ਤੇ ਕਤਲੇਆਮ ਕੀਤਾ ਜਾਂਦਾ ਹੈ ਤਾਂ ਅਜਿਹੀ ਦੋਸ਼ਪੂਰਨ ਪ੍ਰਣਾਲੀ ਜਾਂ ਪ੍ਰਬੰਧ ਵਿਰੁੱਧ ਰੋਹ ਤੇ ਬਗਾਵਤ ਉੱਠਣੀ ਕੁਦਰਤੀ ਹੈ । ਜੋ ਬੰਗਲਾਦੇਸ ਵਿਚ ਇਕ ਹਿੰਦੂ ਨੂੰ ਮਾਰ ਦੇਣ ਵਿਰੁੱਧ ਬੀਜੇਪੀ-ਆਰ.ਐਸ.ਐਸ, ਬਜਰੰਗ ਦਲ ਤੇ ਹੋਰ ਹਿੰਦੂ ਸੰਗਠਨਾਂ ਵੱਲੋ ਇੰਡੀਆ ਵਿਚ ਸਥਿਤ ਬੰਗਲਾਦੇਸ ਦੇ ਸਫਾਰਤਖਾਨੇ ਨੂੰ ਘੇਰਿਆ ਗਿਆ ਹੈ, ਇਹ ਅਣਮਨੁੱਖੀ ਅਮਲ ਵਿਰੁੱਧ ਹੀ ਰੋਹ ਹੈ । ਜਿਸ ਦੁੱਖ ਵਿਚ ਅਸੀ ਵੀ ਸਰੀਕ ਹੁੰਦੇ ਹਾਂ । ਪਰ ਜਦੋ ਹਿੰਦੂਤਵ ਮੋਦੀ ਹਕੂਮਤ ਵਿਚ ਸਾਮਿਲ ਚੰਡਾਲ ਚੌਕੜੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਨ੍ਹਾਂ ਨੇ ਇਸ ਕਤਲੇਆਮ ਦੇ ਨਾਲ-ਨਾਲ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜਿਆ ਹੈ ਜੋ ਕੌਮਾਂਤਰੀ ਅਪਰਾਧ ਹੈ । ਉਪਰੋਕਤ ਮੋਦੀ ਦੀ ਚੰਡਾਲ ਚੌਕੜੀ ਵੱਲੋ ਮਾਰੇ ਗਏ ਸਿੱਖਾਂ ਦਾ ਸਮੁੱਚੀ ਸਿੱਖ ਕੌਮ ਨੂੰ ਵੱਡਾ ਦੁੱਖ ਵੀ ਹੈ ਅਤੇ ਰੋਹ ਵੀ ਹੈ ਜਿਸ ਲਈ ਸਿੱਧੇ ਤੌਰ ਤੇ ਮੋਦੀ ਹਕੂਮਤ ਇਨ੍ਹਾਂ ਕਤਲਾਂ ਲਈ ਜਿੰਮੇਵਾਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਗਲਾਦੇਸ ਵਿਚ ਮਾਰੇ ਗਏ ਇਕ ਹਿੰਦੂ ਦੇ ਅਮਲ ਉਪਰੰਤ ਹਿੰਦੂਤਵ ਸੰਗਠਨਾਂ ਵੱਲੋ ਬੰਗਲਾਦੇਸ ਦੀ ਇੰਡੀਆ ਵਿਚ ਸਫਾਰਤਖਾਨੇ ਨੂੰ ਘੇਰਨ ਉਤੇ ਅਤੇ ਮੋਦੀ ਹਕੂਮਤ ਵੱਲੋ ਇਸੇ ਤਰ੍ਹਾਂ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਮਾਰਨ ਵਿਰੁੱਧ ਉੱਠੇ ਰੋਹ ਅਤੇ ਬਗਾਵਤ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਹੋ ਰਹੇ ਦੁੱਖਦਾਇਕ ਵਰਤਾਰੇ ਨੂੰ ਇੰਡੀਆ ਦੀ ਫ਼ੌਜ ਵੀ ਦੇਖਕੇ ਜੇਕਰ ਆਪਣੇ ਫਰਜ ਪੂਰੇ ਨਹੀ ਕਰਦੀ ਕਿ ਮੁਤੱਸਵੀ ਸਰਕਾਰ ਵੱਲੋ ਸ਼ਹਿਰੀ ਸਿੱਖਾਂ ਨੂੰ ਮਾਰਨ ਦੀਆਂ ਸਾਜਿਸਾਂ ਹੋ ਰਹੀਆ ਹਨ ਤਾਂ ਇਹ ਫ਼ੌਜ ਫਿਰ ਦੁਸ਼ਮਣਾਂ ਨਾਲ ਕਿਵੇ ਲੜ ਸਕੇਗੀ ? ਫ਼ੌਜ ਦਾ ਫਰਜ ਹੈ ਕਿ ਉਹ ਪਬਲਿਕ ਆਰਡਰ ਨੂੰ ਠੀਕ ਰੱਖੇ । ਜੇਕਰ ਸਰਕਾਰ ਪਬਲਿਕ ਆਰਡਰ ਨੂੰ ਤਬਾਹ ਕਰ ਦੇਵੇਗੀ, ਤਾਂ ਫ਼ੌਜ ਵਿਚ ਵੀ ਬਗਾਵਤ ਵੱਧਣ ਤੋ ਕੋਈ ਨਹੀ ਰੋਕ ਸਕੇਗਾ । ਅਜਿਹੇ ਹਾਲਾਤਾਂ ਵਿਚ ਤਾਂ ਸਮੁੱਚਾ ਪ੍ਰਸਾਸਨਿਕ ਅਤੇ ਫੌਜੀ ਪ੍ਰਬੰਧ ਤਹਿਸ-ਨਹਿਸ ਹੋ ਕੇ ਰਹਿ ਜਾਵੇਗਾ । ਸਮਾਜਿਕ ਮਾਹੌਲ ਵੀ ਪ੍ਰਭਾਵਿਤ ਹੋਵੇਗਾ । ਜਿਸ ਨਾਲ ਕਤਈ ਵੀ ਨਤੀਜੇ ਲਾਹੇਵੰਦ ਨਹੀ ਨਿਕਲ ਸਕਦੇ । ਇਸ ਲਈ ਜਦੋ ਵੀ ਕੋਈ ਮੁਤੱਸਵੀ ਹਕੂਮਤ ਕਿਸੇ ਇਕ ਫਿਰਕੇ ਨੂੰ ਨਿਸ਼ਾਨਾਂ ਬਣਾਕੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਤਰੀਕੇ ਕਤਲੇਆਮ ਕਰੇ ਤਾਂ ਫ਼ੌਜ ਫੌਰੀ ਬੈਰਕਾਂ ਵਿਚੋ ਨਿਕਲਕੇ ਬਾਹਰ ਆਵੇ ਅਤੇ ਆਪਣੇ ਫਰਜਾਂ ਦੀ ਪੂਰਤੀ ਕਰੇ । ਤਦ ਹੀ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇਗੀ ਵਰਨਾ ਨਹੀ ।