ਮਿਊਸੀਪਲ ਕਂੌਂਸਲ ਫ਼ਤਹਿਗੜ੍ਹ ਸਾਹਿਬ ਵੱਲੋ ਬਸੀ ਪਠਾਣਾ ਬਾਈਪਾਸ ਉਤੇ ਲਗਾਏ ਜਾ ਰਹੇ ਕੂੜੇ ਦੇ ਡੰਪ ਨੂੰ ਤੁਰੰਤ ਖਤਮ ਕੀਤਾ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 13 ਦਸੰਬਰ ( ) “ਮਿਊਸੀਪਲ ਕੌਂਸਲ ਫ਼ਤਹਿਗੜ੍ਹ ਸਾਹਿਬ ਵੱਲੋ ਬੀਤੇ 1 ਮਹੀਨੇ ਤੋਂ ਬਸੀ ਪਠਾਣਾ-ਉੱਚਾ ਪਿੰਡ ਬਾਈਪਾਸ ਉਤੇ ਗੰਦਗੀ ਤੇ ਕੂੜੇ ਦਾ ਡੰਪ ਲਗਾਕੇ, ਬਸੀ ਪਠਾਣਾ, ਤਲਾਣੀਆ, ਆਲੀਆ, ਬਹਾਦਰਗੜ੍ਹ ਆਦਿ ਕਸਬਿਆ ਦੇ ਨਿਵਾਸੀਆ ਦੀ ਜਿੰਦਗਾਨੀਆਂ ਅਤੇ ਰਿਹਾਇਸੀ ਮਾਹੌਲ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਇਸ ਸੰਬੰਧੀ ਸਮੁੱਚਾ ਇਲਾਕਾ ਨਿਵਾਸੀਆ ਵੱਲੋ ਜਿ਼ਲ੍ਹਾ ਪ੍ਰਸ਼ਾਸ਼ਨ ਫ਼ਤਹਿਗੜ੍ਹ ਸਾਹਿਬ, ਪੰਜਾਬ ਸਰਕਾਰ, ਸਿਵਲ ਸਰਜਨ ਫਤਹਿਗੜਹ ਸਾਹਿਬ, ਐਮ.ਐਲ.ਏ ਫਤਹਿਗੜ੍ਹ ਸਾਹਿਬ ਅਤੇ ਬਸੀ ਪਠਾਣਾ, ਪ੍ਰਦੂਸਣ ਬੋਰਡ ਪੰਜਾਬ ਆਦਿ ਨੂੰ ਲਿਖਤੀ ਰੂਪ ਵਿਚ ਇਸ ਰਿਹਾਇਸੀ ਇਲਾਕੇ ਦੇ ਡੰਪ ਨੂੰ ਤੁਰੰਤ ਖਤਮ ਕਰਕੇ ਕਿਤੇ ਦੂਰ-ਦੁਰਾਡੇ ਇਹ ਲਗਾਕੇ ਹਜਾਰਾਂ ਦੀ ਗਿਣਤੀ ਵਿਚ ਆਪਣੇ ਘਰਾਂ ਤੇ ਕਾਰੋਬਾਰਾਂ ਵਿਚ ਵੱਸਣ ਵਾਲੇ ਇਥੋ ਦੇ ਨਿਵਾਸੀਆਂ ਦੇ ਜੀਵਨ ਨੂੰ ਸਰੂਖਰ ਕਰਨ ਲਈ ਦਰਖਾਸਤਾਂ ਦੇਣ ਦੇ ਬਾਵਜੂਦ ਵੀ ਕੋਈ ਅਮਲ ਨਾ ਹੋਣ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਦੀ ਅਗਵਾਈ ਹੇਠ ਬਾਈਪਾਸ ਉਤੇ ਸਵੇਰੇ 11 ਵਜੇ ਤੋ ਲੈਕੇ 2 ਵਜੇ ਤੱਕ ਰੋਸ ਧਰਨਾ ਲਗਾਇਆ ਗਿਆ । ਜਿਸ ਵਿਚ ਇਲਾਕਾ ਨਿਵਾਸੀ, ਪਾਰਟੀ ਮੈਬਰ, ਕਿਸਾਨ ਯੂਨੀਅਨਾਂ ਆਦਿ ਨੇ ਸਮੂਲੀਅਤ ਕੀਤੀ । ਇਸ ਇਕੱਠ ਵਿਚ ਪਾਰਟੀ ਵੱਲੋ ਵਿਸੇਸ ਤੌਰ ਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹੁੰਚਕੇ ਜਿ਼ਲ੍ਹਾ ਪ੍ਰਸਾਸਨ ਵੱਲੋ ਇਸ ਵਿਸੇ ਉਤੇ ਕੀਤੀ ਜਾ ਰਹੀ ਅਣਗਹਿਲੀ ਵਿਰੁੱਧ ਬਾਦਲੀਲ ਢੰਗ ਨਾਲ ਬੋਲਦੇ ਹੋਏ ਕਿਹਾ ਕਿ ਜਦੋ ਇਹ ਇਲਾਕਾ ਵੱਡੀ ਗਿਣਤੀ ਵਿਚ ਆਮ ਲੋਕਾਂ ਦੀ ਰਿਹਾਇਸ ਵਾਲਾ ਤੇ ਕਾਰੋਬਾਰੀ ਹੈ, ਜਿਥੇ ਉਪਰੋਕਤ ਬਸੀ ਪਠਾਣਾ ਸਹਿਰ ਤੇ ਤਿੰਨੋ ਕਸਬਿਆ ਦੇ ਨਿਵਾਸੀ ਬਿਲਕੁਲ ਨਜਦੀਕ ਵੱਸਦੇ ਹਨ । ਉਨ੍ਹਾਂ ਦੇ ਜੀਵਨ ਪੱਧਰ ਨੂੰ ਗੰਦਗੀ, ਬਿਮਾਰੀਆਂ ਵੱਲ ਧਕੇਲਣ ਦੇ ਗੰਭੀਰ ਮੁੱਦੇ ਨੂੰ ਮੁੱਖ ਰੱਖਕੇ ਲੋਕਾਂ ਦੇ ਇਸ ਵੱਡੇ ਰੋਹ ਨੂੰ ਦੇਖਦੇ ਹੋਏ ਇਸ ਡੰਪ ਨੂੰ ਖਤਮ ਕਰਨ ਲਈ ਕਿਉਂ ਨਹੀ ਅਮਲ ਕੀਤਾ ਜਾ ਰਿਹਾ ?”
ਉਨ੍ਹਾਂ ਕਿਹਾ ਕਿ ਇਸ ਡੰਪ ਨਾਲ ਦੋ ਢਾਈ ਕਿਲੋਮੀਟਰ ਦੇ ਖੇਤਰ ਵਿਚ ਮੱਖੀਆਂ, ਮੱਛਰਾਂ ਦੀ ਭਰਮਾਰ ਦੇ ਨਾਲ-ਨਾਲ ਚਾਰੇ ਪਾਸੇ ਬਦਬੂ ਫੈਲ ਚੁੱਕੀ ਹੈ । ਜਿਸ ਨਾਲ ਵੱਡੀਆਂ ਬਿਮਾਰੀਆਂ ਨੂੰ ਪ੍ਰਸ਼ਾਸ਼ਨ ਵੱਲੋ ਇਸ ਡੰਪ ਨੂੰ ਖਤਮ ਨਾ ਕਰਕੇ ਮਹਾਮਾਰੀ ਨੂੰ ਸੱਦਾ ਦਿੱਤਾ ਜਾ ਰਿਹਾ ਹੈ । ਜਿਸ ਨਾਲ ਆਉਣ ਵਾਲੇ ਸਮੇ ਵਿਚ ਇਥੋ ਦੇ ਨਿਵਾਸੀਆਂ ਦੀਆਂ ਜਿੰਦਗਾਨੀਆਂ ਨਾਲ ਵੱਡਾ ਖਿਲਵਾੜ ਹੋਣ ਅਤੇ ਮਾਹੌਲ ਗੰਧਲਾ ਹੋਣ ਤੋ ਕਤਈ ਇਨਕਾਰ ਨਹੀ ਕੀਤਾ ਜਾ ਸਕਦਾ। ਦੂਸਰਾ ਇਹ ਇਲਾਕਾ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਮਾਤਾ ਗੁਜਰ ਕੌਰ ਅਤੇ ਬਾਬਾ ਮੋਤੀ ਸਿੰਘ ਮਹਿਰਾ ਦੀਆਂ ਸ਼ਹਾਦਤਾਂ ਨਾਲ ਸੰਬੰਧਤ ਇਲਾਕਾ ਹੈ । ਜੋ 25-26-27 ਦਸੰਬਰ ਨੂੰ ਹੋਣ ਵਾਲੇ ਸ਼ਹੀਦੀ ਦਿਹਾੜੇ ਉਤੇ ਦੇਸ਼ਾਂ-ਵਿਦੇਸ਼ਾਂ ਤੇ ਦੂਜੇ ਸੂਬਿਆਂ ਤੋ ਲੱਖਾਂ ਦੀ ਗਿਣਤੀ ਵਿਚ ਸੰਗਤ ਨੇ ਦਰਸ਼ਨ ਕਰਨ ਲਈ ਆਉਣਾ-ਜਾਣਾ ਹੈ । ਜਿਥੇ ਇਸ ਮੌਕੇ ਤੇ ਹਰ ਤਰਫ ਸਫਾਈ ਅਤੇ ਸਾਫ-ਸੁਥਰੇ ਪ੍ਰਬੰਧ ਦੀ ਹੋਰ ਵੀ ਸਖਤ ਲੌੜ ਹੈ, ਉਥੇ ਇਸ ਕੂੜੇ ਦੇ ਡੰਪ ਦੇ ਢੇਰ ਨੂੰ ਨਾ ਚੁੱਕਣ ਅਤੇ ਇਸਦੀ ਜਗ੍ਹਾ ਨਾ ਬਦਲਣ ਦੇ ਪ੍ਰਸਾਸਕੀ ਤੇ ਸਰਕਾਰੀ ਅਮਲ ਪ੍ਰਤੱਖ ਕਰਦੇ ਹਨ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਆਪਣੇ ਨਿਵਾਸੀਆ ਦੀ ਸਿਹਤ ਨਾਲ ਤੇ ਜੀਵਨ ਪੱਧਰ ਨਾਲ ਵੱਡਾ ਖਿਲਵਾੜ ਕਰ ਰਿਹਾ ਹੈ । ਜਦੋ ਇਲਾਕਾ ਨਿਵਾਸੀਆ ਵੱਲੋ ਇਕ ਮਹੀਨੇ ਤੋ ਰੋਸ ਪੱਤਰ ਅਤੇ ਪ੍ਰਸਾਸਨ ਨਾਲ ਪਹੁੰਚ ਕਰਕੇ ਇਸ ਡੰਪ ਨੂੰ ਚੁਕਵਾਉਣ ਦੀ ਗੱਲ ਹੋ ਰਹੀ ਹੈ, ਉਸਦੇ ਬਾਵਜੂਦ ਵੀ ਕੋਈ ਅਮਲ ਨਾ ਕਰਨ ਦੀ ਕਾਰਵਾਈ ਆਪਣੇ ਲੋਕਾਂ ਪ੍ਰਤੀ ਗੈਰ ਜਿੰਮੇਵਰਾਨਾ ਫਰਜਾਂ ਨੂੰ ਵੀ ਪ੍ਰਤੱਖ ਕਰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਕਿਸਾਨ ਯੂਨੀਅਨ ਦੇ ਆਗੂਆ ਨੇ ਇਸ ਮੌਕੇ ਤੇ ਵਿਚਾਰ ਰੱਖਦੇ ਹੋਏ ਪ੍ਰਸਾਸਨ ਨੂੰ ਖਬਰਦਾਰ ਕੀਤਾ ਹੈ ਕਿ ਜੇਕਰ ਇਸ ਡੰਪ ਨੂੰ ਫੌਰੀ ਚੁਕਵਾਉਣ ਦਾ ਅਮਲ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇਲਾਕਾ ਨਿਵਾਸੀਆ ਨੂੰ ਸਾਂਝੇ ਤੌਰ ਤੇ ਇਸ ਹੋ ਰਹੇ ਗੈਰ ਸਮਾਜਿਕ ਅਮਲ ਵਿਰੁੱਧ ਵੱਡਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਾ ਪਵੇਗਾ । ਇਸ ਲਈ ਬਿਹਤਰ ਹੋਵੇਗਾ ਕਿ ਪ੍ਰਸਾਸਨ ਤੇ ਸਰਕਾਰ ਜੋ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਉਹ ਜਾਗੇ ਤੇ ਆਪਣੇ ਨਿਵਾਸੀਆ ਦੇ ਇਸ ਵੱਡੇ ਦੁੱਖ-ਦਰਦ ਅਤੇ ਉਨ੍ਹਾਂ ਦੀ ਸਿਹਤ ਨਾਲ ਕੀਤੇ ਗਏ ਖਿਲਵਾੜ ਨੂੰ ਬੰਦ ਕਰਵਾਉਣ ਦੇ ਅਮਲ ਕਰਵਾਏ । ਅੱਜ ਦੇ ਇਸ ਧਰਨੇ ਵਿਚ ਜਿ਼ਲ੍ਹਾ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਤੋ ਇਲਾਵਾ, ਧਰਮ ਸਿੰਘ ਕਲੌੜ ਪੀ.ਏ.ਸੀ ਮੈਬਰ, ਭੁਪਿੰਦਰ ਸਿੰਘ ਫਤਹਿਪੁਰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਝਾਮਪੁਰ ਯੂਥ ਪ੍ਰਧਾਨ ਫ.ਗ.ਸ, ਗੁਰਸਰਨ ਸਿੰਘ ਸਹਿਰੀ ਪ੍ਰਧਾਨ ਬਸੀ ਪਠਾਣਾ, ਜਸਵਿੰਦਰ ਸਿੰਘ ਢਿੱਲੋਂ ਐਡਵੋਕੇਟ, ਇੰਦਰਜੀਤ ਸਿੰਘ ਸੇਠੀ, ਬਲਕਾਰ ਸਿੰਘ ਕਿਸਾਨ ਯੂਨੀਅਨ ਸਿੱਧੂਪੁਰ, ਇਕਬਾਲ ਸਿੰਘ ਧਨੌਲਾ, ਬਹਾਦਰ ਸਿੰਘ ਬੱਬੂ, ਹਰਿੰਦਰਪਾਲ ਸਿੰਘ ਸਾਹੀ, ਸੁਖਦੇਵ ਸਿੰਘ ਗੱਗੜਵਾਲ, ਮਲਵਿੰਦਰ ਸਿੰਘ, ਮੁਹੱਬਤ ਸਿੰਘ ਬਸੀ ਪਠਾਣਾ, ਸਿਵਦੇਵ ਸਿੰਘ ਬਾਗ ਸਿਕੰਦਰ, ਭੁਪਿੰਦਰ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਸਰਹਿੰਦ, ਪਵਨਪ੍ਰੀਤ ਸਿੰਘ ਢੋਲੇਵਾਲ ਆਦਿ ਆਗੂ ਹਾਜਰ ਸਨ।