ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਦਾ ਨਾਮ ਦੇ ਕੇ ਮੁਤੱਸਵੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਦਾ ਹਿੰਦੂਕਰਨ ਕਰਨਾ ਅਸਹਿ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 10 ਦਸੰਬਰ ( ) “ਸਿੱਖ ਕੌਮ ਦੇ ਇਤਿਹਾਸ ਦੇ ਕਿਸੇ ਵੀ ਪੰਨੇ ਨੂੰ ਖੋਲ੍ਹ ਲਵੋ ਉਹ ਮਨੁੱਖੀ, ਇਨਸਾਨੀ ਕਦਰਾਂ ਕੀਮਤਾਂ, ਮਜਲੂਮਾਂ, ਲੋੜਵੰਦਾਂ ਅਤੇ ਦੁੱਖ ਤਕਲੀਫ ਵਿਚ ਫਸੇ ਲੋਕਾਂ ਦੀ ਸਵਾਰਥੀ ਹਿੱਤਾ ਤੋ ਉਪਰ ਉੱਠਕੇ ਪਹਿਰਾ ਦਿੰਦੇ ਹੋਏ ਵੱਡੀਆ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਪਿਆ ਹੈ । ਇਹ ਇਤਿਹਾਸ ਕਿਸੇ ਇਕ ਵਿਸੇਸ ਕੌਮ, ਫਿਰਕੇ, ਕਬੀਲੇ ਦੀ ਗੱਲ ਨਾ ਕਰਕੇ ਸਮੁੱਚੀ ਮਨੁੱਖਤਾ ਲਈ ਯਤਨਸੀਲ ਰਹਿਣ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਅਪਣਾਉਣ ਉਤੇ ਜੋਰ ਦਿੰਦਾ ਆ ਰਿਹਾ ਹੈ । ਇਨ੍ਹਾਂ ਸ਼ਹਾਦਤਾਂ ਦੇ ਸਫ਼ਰ ਵਿਚ ਜੋ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੀ ਸ਼ਹਾਦਤ ਹੈ, ਉਹ ਦੁਨੀਆ ਦੇ ਸਭ ਇਤਿਹਾਸਾਂ ਵਿਚ ਸਭ ਤੋ ਵੱਡੀ ਇਨਸਾਨੀਅਤ ਪੱਖੀ ਮਕਸਦ ਲਈ ਹੋਈ ਹੈ । ਇਹ ਬਹੁਤ ਦੁੱਖ ਤੇ ਅਫਸੋਸ ਵਾਲੀ ਮੰਦਭਾਵਨਾ ਭਰੀ ਕਾਰਵਾਈ ਹੈ ਕਿ ਦੁਨੀਆ ਵਿਚ ਸਭ ਤੋ ਛੋਟੀ ਉਮਰ ਦੀ ਇਸ ਵੱਡੀ ਮਹਾਨ ਸ਼ਹਾਦਤ ਦੇ ਮਹੱਤਵ ਨੂੰ ਬੋਨਾ ਕਰਨ ਅਤੇ ਸਾਡੇ ਕੌਮੀ ਫ਼ਖਰ ਵਾਲੇ ਇਤਿਹਾਸ ਦਾ ਹਿੰਦੂਕਰਨ ਕਰਨ ਹਿੱਤ ਹੀ ਮੋਦੀ ਮੁਤੱਸਵੀ ਹਕੂਮਤ ਨੇ ‘ਸਾਹਿਬਜਾਦੇ ਸ਼ਹਾਦਤ ਦਿਹਾੜੇ’ ਨੂੰ ਵੀਰ ਬਾਲ ਦਿਵਸ ਨਾਮ ਦੇ ਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ । ਜਦੋਕਿ ਇਹ ਉਪਰੋਕਤ ਵੀਰ ਬਾਲ ਦਿਵਸ ਹਿੰਦੀ ਦੇ ਸ਼ਬਦ ਹਨ ਜਿਸ ਨਾਲ ਸਿੱਖ ਕੌਮ ਦਾ ਕੋਈ ਵਾਸਤਾ ਨਹੀ ਸਾਡੀ ਬੋਲੀ ਪੰਜਾਬੀ ਤੇ ਗੁਰਮੁੱਖੀ ਹੈ । ਸਾਡੇ ਇਤਿਹਾਸ ਦੇ ਸੱਚ ਨੂੰ ਪ੍ਰਵਾਨ ਕਰਨ ਦੇ ਨਾਲ-ਨਾਲ ਉਸਦਾ ਹਿੰਦੀਕਰਨ ਕਰਨ ਦੀ ਕਾਰਵਾਈ ਕਤਈ ਬਰਦਾਸਤ ਯੋਗ ਨਹੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ ਦੇ ਬਿਨ੍ਹਾਂ ਤੇ ਮੋਦੀ ਮੁਤੱਸਵੀ ਹਕੂਮਤ ਨੂੰ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਉਪਰੋਕਤ ਅਮਲਾਂ ਲਈ ਜਿਥੇ ਸੁਚੇਤ ਕਰਦਾ ਹੈ, ਉਥੇ ਗੁਜਾਰਿਸ ਵੀ ਕਰਦਾ ਹੈ ਕਿ 25-26-27 ਦਸੰਬਰ ਦੇ ਸਾਹਿਬਜਾਦਿਆ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਨਾਮ ਦੇ ਕੇ ਜੋ ਸਰਕਾਰੀ ਪੱਧਰ ਦੇ ਸਮਾਗਮ ਹੋ ਰਹੇ ਹਨ, ਉਨ੍ਹਾਂ ਨੂੰ ‘ਸਾਹਿਬਜ਼ਾਦੇ ਸ਼ਹੀਦੀ ਦਿਹਾੜੇ’ ਦਾ ਨਾਮ ਦਿੱਤਾ ਜਾਵੇ ਨਾ ਕਿ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਹੋਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਦੀ ਮੁਤੱਸਵੀ ਹਕੂਮਤ ਵੱਲੋ ਸਾਹਿਬਜਾਦਿਆ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਦਾ ਨਾਮ ਦੇ ਕੇ ਪ੍ਰਚਾਰਨ ਤੇ ਪ੍ਰਸਾਰਨ ਦੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਦਿਹਾੜੇ ਨੂੰ ਸਾਹਿਬਜਾਦੇ ਸ਼ਹੀਦੀ ਦਿਹਾੜੇ ਦਾ ਨਾਮ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਡੀ ਸਿੱਖ ਕੌਮ ਦੀ ਸਰਬਉੱਚ ਸੰਸਥਾਂ ਜੋ ਦੁਨਿਆਵੀ ਅਦਾਲਤਾਂ ਤੋ ਉਪਰ ਹੈ ਅਤੇ ਜਿਸਦੇ ਫੈਸਲੇ ਅੱਗੇ ਹਰ ਸਿੱਖ ਸੀਸ ਝੁਕਾਉਦਾ ਹੈ, ਉਸ ਵੱਲੋ ਸਿੱਖ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵੱਖ-ਵੱਖ ਸੂਬਿਆਂ ਵਿਚ ਕੰਮ ਕਰ ਰਹੀਆ ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਸੰਸਾਰ ਭਰ ਦੇ ਸਿੱਖ ਸੰਗਠਨਾਂ ਵੱਲੋ ਇਸ ਦਿਹਾੜੇ ਨੂੰ ‘ਸਾਹਿਬਜਾਦੇ ਸ਼ਹੀਦੀ ਦਿਹਾੜਾ’ ਨਾਮ ਦੇਣ ਦੀ ਜੋਰਦਾਰ ਮੰਗ ਉੱਠ ਰਹੀ ਹੈ ਤਾਂ ਹੁਕਮਰਾਨ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰਅੰਦਾਜ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਵੀਰ ਬਾਲ ਦਿਵਸ ਦਾ ਨਾਮ ਦੇਣ ਦੀ ਗੁਸਤਾਖੀ ਕਿਉਂ ਕੀਤੀ ਜਾ ਰਹੀ ਹੈ ? ਸਿੱਖ ਭਾਵਨਾਵਾ ਅਨੁਸਾਰ ਸਿੱਖਾਂ ਨੂੰ ਇਸ ਗੰਭੀਰ ਵਿਸੇ ਉਤੇ ਸੰਤੁਸਟ ਕਰਨ ਅਤੇ ਉਨ੍ਹਾਂ ਦੇ ਮਨ ਆਤਮਾ ਵਿਚ ਉੱਠ ਰਹੇ ਰੋਹ ਨੂੰ ਸ਼ਾਂਤ ਕਿਉ ਨਹੀ ਕੀਤਾ ਜਾਂਦਾ ? ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਮੁਲਕ ਦੇ ਬੀਤੇ ਸਮੇ ਦੇ ਆਜਾਦੀ ਦੇ ਸੰਘਰਸ਼ਾਂ ਅਤੇ ਇਸਦੀ ਸਰਹੱਦਾਂ ਉਤੇ ਰਾਖੀ ਕਰਦੇ ਹੋਏ 80% ਸ਼ਹਾਦਤਾਂ ਤੇ ਕੁਰਬਾਨੀਆ ਦੇਣ ਵਾਲੀ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਮੁੱਖ ਰੱਖਦੇ ਹੋਏ ਮੋਦੀ ਹਕੂਮਤ ਉਪਰੋਕਤ ਸ਼ਹਾਦਤ ਦੇ ਸਮੇ ਦੇ ‘ਵੀਰ ਬਾਲ ਦਿਵਸ’ ਨਾਮ ਨੂੰ ਖਤਮ ਕਰਕੇ ਸਾਹਿਬਜਾਦੇ ਸ਼ਹੀਦੀ ਦਿਹਾੜਾ ਨਾਮ ਰੱਖਕੇ ਸਿੱਖ ਕੌਮ ਦੇ ਮਨਾਂ ਵਿਚ ਉੱਠੇ ਰੋਹ ਨੂੰ ਸ਼ਾਂਤ ਕਰ ਦੇਵੇਗੀ ।