ਕੈਪਟਨ ਅਮਰਿੰਦਰ ਸਿੰਘ ਵੱਲੋ ਅਕਾਲੀ ਦਲ-ਭਾਜਪਾ ਦੇ ਸਮਝੌਤੇ ਬਾਰੇ ਕੀਤੀ ਗੱਲ ਗੈਰ ਸਿਧਾਤਿਕ ਅਤੇ ਦਿਸ਼ਾਹੀਣ : ਮਾਨ
ਫ਼ਤਹਿਗੜ੍ਹ ਸਾਹਿਬ, 01 ਦਸੰਬਰ ( ) “ਜਦੋ ਭਾਰਤੀ ਜਨਤਾ ਪਾਰਟੀ ਵੱਲੋ ਪੰਜਾਬ ਦੇ ਗੰਭੀਰ ਮਸਲਿਆ ਨੂੰ ਸਹਿਜਤਾ ਨਾਲ ਹੱਲ ਕਰਨ ਦੀ ਬਜਾਇ ਦਿਨੋ ਦਿਨ ਹੋਰ ਉਲਝਾਕੇ, ਵੱਖ-ਵੱਖ ਕੌਮਾਂ ਤੇ ਸੂਬਿਆਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਨਿਰੰਤਰ ਅੱਜ ਵੀ ਵੱਡੀਆ ਬੇਇਨਸਾਫ਼ੀਆ ਕੀਤੀਆ ਜਾ ਰਹੀਆ ਹਨ ਤਾਂ ਅਕਾਲੀ ਦਲਾਂ ਦੀ ਅਜਿਹੀ ਪੰਜਾਬ ਵਿਰੋਧੀ ਸੋਚ ਰੱਖਣ ਵਾਲੀ ਪਾਰਟੀ ਨਾਲ ਸਮਝੋਤੇ ਕਰਨ ਦੀਆਂ ਗੱਲਾਂ ਕਿਸ ਦਲੀਲ ਨਾਲ ਕੀਤੀਆ ਜਾ ਰਹੀਆ ਹਨ ? ਹੁਣੇ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸਾਜਸੀ ਢੰਗ ਨਾਲ ਪੰਜਾਬ ਦੇ ਵਿਧਾਨਿਕ ਅਧਿਕਾਰ ਨੂੰ ਖਤਮ ਕਰਕੇ ਸੈਟਰ ਅਧੀਨ ਕਰਨ ਦੇ ਅਮਲਾਂ ਦੀ ਗੱਲ ਕੀਤੀ ਗਈ ਹੈ । ਦੂਸਰੇ ਪਾਸੇ 28 ਪੰਜਾਬ ਦੇ ਪਿੰਡਾਂ ਨੂੰ ਉਜਾੜਕੇ ਪੰਜਾਬ ਦੀ ਬਣਾਈ ਗਈ ਰਾਜਧਾਨੀ ਚੰਡੀਗੜ੍ਹ ਜੋ ਪੰਜਾਬ ਦੀ ਮਲਕੀਅਤ ਹੈ, ਉਸ ਨੂੰ ਨਿਰੰਤਰ ਯੂਟੀ ਰੱਖਣ ਜਾਂ ਉਥੇ ਦੇ ਪ੍ਰਬੰਧ ਉਤੇ ਗਵਰਨਰ ਦੀ ਅਧੀਨਗੀ ਖਤਮ ਕਰਕੇ ਉਥੇ ਸੈਟਰ ਦੇ ਲੈਫ. ਗਵਰਨਰ ਲਗਾਉਣ ਦੀਆਂ ਸਾਜਿਸਾਂ ਹੋ ਰਹੀਆ ਹਨ ਤਾਂ ਪੰਜਾਬੀ ਤੇ ਸਿੱਖ ਕੌਮ ਅਜਿਹੀ ਮੁਤੱਸਵੀ ਪਾਰਟੀ ਨਾਲ ਸਿਆਸੀ ਸਮਝੌਤਾ ਕਰਕੇ ਕੀ ਪ੍ਰਾਪਤੀ ਕਰ ਸਕੇਗੀ ਅਤੇ ਬੀਤੇ ਸਮੇ ਵਿਚ ਕੀ ਪ੍ਰਾਪਤੀਆ ਹੋਈਆ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਵੱਲੋ ਅਕਾਲੀ ਦਲ ਬਾਦਲ-ਬੀਜੇਪੀ ਨਾਲ ਸਮਝੌਤਾ ਕਰਨ ਦੀ ਬਿਆਨਬਾਜੀ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋ ਇਸ ਸਮੇ ਫਿਰ ਪੰਜਾਬ, ਪੰਜਾਬੀਅਤ ਅਤੇ ਸਿੱਖ ਕੌਮ ਵਿਰੋਧੀ ਕੀਤੇ ਜਾਣ ਵਾਲੇ ਸਿਆਸੀ ਅਮਲਾਂ ਉਤੇ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਬੀਤੇ ਸਮੇ ਵਿਚ ਬੀਜੇਪੀ ਨਾਲ ਸਾਂਝਾ ਪਾਉਣ ਵਾਲੇ ਅਕਾਲੀਆ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸ੍ਰੀ ਮੋਦੀ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਵੱਲੋ ਸਿੱਖ ਕੌਮ ਵਿਰੁੱਧ ਸਾਜਿਸਾਂ ਰਚਣ ਵਾਲੇ ਇੰਡੀਆ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ, ਉਸ ਹਕੂਮਤੀ ਜਬਰ ਵਿਰੁੱਧ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਸ. ਸੁਖਬੀਰ ਸਿੰਘ ਬਾਦਲ ਅੱਜ ਤੱਕ ਬੋਲੇ ਹਨ । ਫਿਰ ਅਜਿਹੀ ਲੀਡਰਸਿਪ ਨੂੰ ਪੰਜਾਬ, ਪੰਜਾਬੀ ਅਤੇ ਸਿੱਖ ਕੌਮ ਹਿਤੈਸੀ ਕਿਵੇ ਕਿਹਾ ਜਾ ਸਕੇਗਾ ? ਅਜਿਹੇ ਦਿਸ਼ਾਹੀਣ ਸਮਝੋਤੇ ਪੰਜਾਬ ਸੂਬੇ ਅਤੇ ਪੰਜਾਬੀਆਂ ਦਾ ਕੀ ਸਵਾਰ ਸਕਣਗੇ ? ਇਸ ਤੋ ਇਲਾਵਾ ਇਨ੍ਹਾਂ ਨੇ ਕਦੇ ਵੀ ਪੰਜਾਬ ਵਿਰੋਧੀ ਸੈਟਰ ਵੱਲੋ ਹੋਣ ਵਾਲੇ ਅਮਲਾਂ ਤੇ ਹਮਲਿਆ ਸਮੇ ਪੰਜਾਬੀਆਂ ਤੇ ਸਿੱਖ ਕੌਮ ਦਾ ਸਾਥ ਕਦੋ ਦਿੱਤਾ ਹੈ ?