ਸਿੱਖ ਕੌਮ ਉਤੇ ਜਦੋਂ ਜ਼ਬਰ ਤੇ ਬੇਇਨਸਾਫ਼ੀਆਂ ਨਿਰੰਤਰ ਹੋ ਰਹੀਆ ਹਨ ਤਾਂ ਉਨ੍ਹਾਂ ਦਾ ਇੰਡੀਆ ਨਾਲ ਰਹਿਣ ਨੂੰ ਕਿਵੇਂ ਵਾਜਿਬ ਕਿਹਾ ਜਾ ਸਕਦਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 13 ਨਵੰਬਰ ( ) “ਜਦੋਂ 1984 ਵਿਚ ਮੰਦਭਾਵਨਾ ਤੇ ਸਾਜਿਸ ਅਧੀਨ ਸਿੱਖਾਂ ਦਾ ਸਮੁੱਚੇ ਮੁਲਕ ਵਿਚ ਬਹੁਤ ਬੇਰਹਿੰਮੀ ਨਾਲ ਕਤਲੇਆਮ ਕੀਤਾ ਗਿਆ, ਉਨ੍ਹਾਂ ਦੇ ਘਰਾਂ, ਕਾਰੋਬਾਰਾਂ ਨੂੰ ਅੱਗ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਬੀਬੀਆ ਨਾਲ ਦਿਨ-ਦਿਹਾੜੇ ਬਲਾਤਕਾਰ ਕੀਤੇ ਗਏ, ਉਸ ਸਮੇ ਤਾਂ ਕਿਸੇ ਵੀ ਹਿੰਦੂਤਵ ਪਾਰਟੀ ਜਾਂ ਆਗੂ ਨੇ ਸਿੱਖਾਂ ਨਾਲ ਹੋਏ ਜੁਲਮ ਵਿਰੁੱਧ ਨਾ ਤਾਂ ਆਵਾਜ ਉਠਾਈ ਅਤੇ ਨਾ ਹੀ ਕੋਈ ਹਮਦਰਦੀ ਪ੍ਰਗਟ ਕੀਤੀ । ਬਲਕਿ ਉਸ ਸਮੇ ਦੇ ਬੀਜੇਪੀ ਆਗੂ ਸ੍ਰੀ ਵਾਜਪਾਈ ਨੇ ਸਿੱਖ ਕੌਮ ਦੀ ਕਾਤਲ ਮਰਹੂਮ ਇੰਦਰਾ ਗਾਂਧੀ ਨੂੰ ਦੁਰਗਾਮਾਤਾ ਦਾ ਖਿਤਾਬ ਦੇ ਕੇ ਸਨਮਾਨਿਆ ਅਤੇ ਦੂਜੇ ਆਗੂ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ । ਉਸ ਉਪਰੰਤ ਸਿੱਖਾਂ ਅਤੇ ਪੰਜਾਬੀਆਂ ਉਤੇ ਨਿਰੰਤਰ ਜ਼ਬਰ-ਜੁਲਮ, ਬੇਇਨਸਾਫ਼ੀਆਂ ਹੁੰਦੀਆ ਰਹੀਆ ਤੇ ਉਹ ਅੱਜ ਵੀ ਜਾਰੀ ਹਨ । ਵੰਦੇ ਮਾਤਰਮ ਜਿਸ ਦਾ ਅਰਥ ਮਾਤਾ ਦੀ ਪੂਜਾ ਦੀ ਗੱਲ ਕੀਤੀ ਜਾ ਰਹੀ ਹੈ, ਸਿੱਖ ਤਾਂ ਕੇਵਲ ਤੇ ਕੇਵਲ ਇਕੋ ਇਕ ਉਸ ਅਕਾਲ ਪੁਰਖ ਨੂੰ ਪ੍ਰਵਾਨ ਕਰਦੇ ਹਨ ਹੋਰ ਕਿਸੇ ਦੁਨਿਆਵੀ ਸਰੀਰ ਵਿਚ ਕਿਸੇ ਦੇਵੀ-ਦੇਵਤੇ ਆਦਿ ਨੂੰ ਨਹੀ । ਸ੍ਰੀ ਮੋਦੀ ਬੰਬ ਵਿਸਫੋਟ ਵਿਚ ਜਖਮੀ ਹੋਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਸਪਤਾਲ ਵਿਚ ਮਿਲਕੇ ਹਮਦਰਦੀ ਪ੍ਰਗਟ ਕਰ ਰਹੇ ਹਨ । ਪਰ ਅਜਿਹੀ ਹਮਦਰਦੀ ਘੱਟਗਿਣਤੀਆਂ ਉਤੇ ਹੋਣ ਵਾਲੇ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਵੇਲੇ ਇਨ੍ਹਾਂ ਹੁਕਮਰਾਨਾਂ ਵੱਲੋ ਕਿਉਂ ਨਹੀ ਹੁੰਦੀ ? ਅਜਿਹੇ ਹਾਲਾਤਾਂ ਵਿਚ ਜਦੋ ਨਿਰੰਤਰ ਸਿੱਖ ਕੌਮ ਨਾਲ ਬੇਇਨਸਾਫ਼ੀਆਂ, ਜ਼ਬਰ ਕੀਤੇ ਜਾਂਦੇ ਆ ਰਹੇ ਹਨ ਤਾਂ ਉਨ੍ਹਾਂ ਦਾ ਇੰਡੀਆ ਨਾਲ ਰਹਿਣ ਨੂੰ ਕਿਸ ਤਰ੍ਹਾਂ ਵਾਜਿਬ ਕਿਹਾ ਜਾ ਸਕਦਾ ਹੈ ?
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਤੇ ਆਗੂਆਂ ਵੱਲੋ ਦਿੱਲੀ ਵਿਖੇ ਹੋਏ ਬੰਬ ਵਿਸਫੋਟ ਉਤੇ ਤੁਰੰਤ ਹਮਦਰਦੀ ਜਾਹਰ ਕਰਨ ਅਤੇ ਉਸਦੀ ਤੁਰੰਤ ਛਾਣਬੀਨ ਕਰਵਾਉਣ ਦੇ ਸਿੱਖਾਂ ਪ੍ਰਤੀ ਵਖਰੇਵੇ ਵਾਲੀ ਸੋਚ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਵਲ ਸਿੱਖ ਕੌਮ ਨਾਲ ਹੀ ਨਹੀ ਬਲਕਿ ਘੱਟ ਗਿਣਤੀ ਜੰਮੂ ਕਸਮੀਰ ਵਿਚ ਵੱਸਣ ਵਾਲੀ ਮੁਸਲਿਮ ਕੌਮ ਉਤੇ ਵੀ ਨਿਰੰਤਰ ਅੱਜ ਵੀ ਤਲਾਸੀਆ ਲਈਆ ਜਾ ਰਹੀਆ ਹਨ, ਗੋਲਾਬਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਗੈਰ ਵਿਧਾਨਿਕ ਢੰਗ ਨਾਲ ਗ੍ਰਿਫਤਾਰੀਆ ਕਰਕੇ ਉਨ੍ਹਾਂ ਨੂੰ ਵੀ ਦੂਜੇ ਦਰਜੇ ਦੇ ਸਹਿਰੀਆਂ ਦੀ ਤਰ੍ਹਾਂ ਵਰਤਾਅ ਕੀਤਾ ਜਾ ਰਿਹਾ ਹੈ । ਉਨ੍ਹਾਂ ਦੀ ਖੁਦਮੁਖਤਿਆਰੀ ਜੋ ਧਾਰਾ 370 ਅਤੇ 35ਏ ਰਾਹੀ ਕਾਇਮ ਸੀ, ਉਹ ਜ਼ਬਰੀ ਖਤਮ ਕਰ ਦਿੱਤੀ ਗਈ ਹੈ । ਉਥੇ ਅਫਸਪਾ ਵਰਗਾਂ ਕਾਲਾ ਕਾਨੂੰਨ ਲਾਗੂ ਕਰਕੇ ਜ਼ਬਰ ਕੀਤਾ ਜਾ ਰਿਹਾ ਹੈ । ਉਸ ਸੂਬੇ ਦੀ ਆਪਣੀ ਪੁਲਿਸ ਦੀ ਚੰਗੀ ਕਾਰਗੁਜਾਰੀ ਹੋਣ ਦੇ ਬਾਵਜੂਦ ਸੈਟਰ ਦੀਆਂ ਫੋਰਸਾਂ, ਅਰਧ ਸੈਨਿਕ ਬਲ ਆਪਣੇ ਤਾਨਾਸਾਹੀ ਹੁਕਮਾਂ ਨੂੰ ਲਾਗੂ ਕਰਨ ਲਈ ਲਗਾਏ ਹੋਏ ਹਨ । ਇਕ ਪਾਸੇ ਇਹ ਹਿੰਦੂਤਵ ਹੁਕਮਰਾਨ ਰਾਮ ਰਾਜ ਦੀ ਗੱਲ ਕਰਦੇ ਹਨ ਦੂਜੇ ਪਾਸੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨਾਲ ਹਰ ਖੇਤਰ ਵਿਚ ਬੇਇਨਸਾਫ਼ੀਆਂ ਤੇ ਜ਼ਬਰ ਕਰਦੇ ਆ ਰਹੇ ਹਨ । ਇਹ ਇਨ੍ਹਾਂ ਦਾ ਕਿਹੋ ਜਿਹਾ ਰਾਮ ਰਾਜ ਹੈ ? ਜਿਸ ਰਾਹੀ ਮਨੁੱਖੀ ਹੱਕਾਂ, ਵਿਧਾਨਿਕ, ਸਮਾਜਿਕ ਆਜਾਦੀ ਅਤੇ ਬਰਾਬਰੀ ਦੇ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ । ਇਸੇ ਤਰ੍ਹਾਂ ਬਲਿਊ ਸਟਾਰ ਸਮੇ ਵੀ ਇਹ ਸਭ ਵਿਧਾਨਿਕ, ਸਮਾਜਿਕ, ਧਾਰਮਿਕ ਇਖਲਾਕੀ ਹੱਕ ਹੁਕਮਰਾਨਾਂ ਵੱਲੋ ਕੁੱਚਲ ਦਿੱਤੇ ਗਏ ਸਨ । ਜਦੋ ਸਾਡੇ ਨਾਲ ਇਹ ਵਿਤਕਰੇ ਤੇ ਜ਼ਬਰ 1947 ਤੋ ਹੀ ਜਾਰੀ ਹੈ, ਫਿਰ ਸਿੱਖ ਕੌਮ ਇੰਡੀਆਂ ਜਾਂ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨਾਲ ਕਿਵੇ ਰਹਿ ਤੇ ਵਿਚਰ ਸਕਦੀ ਹੈ ? ਇਹ ਸਵਾਲ ਅੱਜ ਅਤਿ ਗੰਭੀਰ ਹੈ ।