ਜਦੋਂ ਬਹੁਗਿਣਤੀ ਦਾ ਜਾਨੀ ਨੁਕਸਾਨ ਹੋਵੇ ਤਾਂ ਫੌਰੀ ਜਾਂਚ ਅਤੇ ਬਖਸਾਂਗੇ ਨਹੀ ਦੀ ਗੱਲ ਆਉਦੀ ਹੈ, ਲੇਕਿਨ ਜਦੋਂ ਸਿੱਖਾਂ ਉਤੇ ਅਜਿਹਾ ਅਮਲ ਹੋਵੇ ਤਾਂ ਕੋਈ ਜਾਂਚ ਤੇ ਇਨਸਾਫ਼ ਨਹੀ, ਕਿਉਂ ? : ਮਾਨ
ਫ਼ਤਹਿਗੜ੍ਹ ਸਾਹਿਬ, 12 ਨਵੰਬਰ ( ) “ਸਿੱਖ ਧਰਮ ਅਤੇ ਸਿੱਖ ਕੌਮ ਦੇ ਇਹ ਮਨੁੱਖਤਾ ਪੱਖੀ ਅਸੂਲ ਅਤੇ ਨਿਯਮ ਹਨ ਕਿ ਕਿਸੇ ਵੀ ਇਨਸਾਨ, ਕੌਮ, ਧਰਮ, ਵਰਗ ਨਾਲ ਕੋਈ ਬੇਇਨਸਾਫ਼ੀ, ਜ਼ਬਰ-ਜੁਲਮ ਨਾ ਹੋਵੇ ਅਤੇ ਜਿਥੇ ਵੀ ਅਜਿਹਾ ਕੁਝ ਹੋਵੇ ਤਾਂ ਫੌਰੀ ਉਸਦੀ ਨਿਰਪੱਖਤਾ ਨਾਲ ਜਾਂਚ ਕਰਕੇ, ਦੋਸ਼ੀਆਂ ਨੂੰ ਕੌਮਾਂਤਰੀ ਤੇ ਇੰਡੀਅਨ ਕਾਨੂੰਨਾਂ ਅਨੁਸਾਰ ਬਣਦੀ ਸਜ਼ਾ ਮਿਲੇ । ਕਿਉਂਕਿ ਸਾਡਾ ਸਿਧਾਂਤ ‘ਸਰਬੱਤ ਦਾ ਭਲਾ’, ਅਮਨ-ਚੈਨ ਤੇ ਜਮਹੂਰੀਅਤ ਨੂੰ ਹਰ ਕੀਮਤ ਤੇ ਕਾਇਮ ਰੱਖਣ ਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਦੋ ਵੀ ਮੁਲਕ ਵਿਚ ਬਹੁਗਿਣਤੀ ਉਤੇ ਅਜਿਹੇ ਸਮੇ ਹਮਲਾ ਹੋ ਕੇ ਜਾਨੀ ਨੁਕਸਾਨ ਹੁੰਦਾ ਹੈਤਾਂ ਉਪਰ ਤੋ ਲੈਕੇ ਹੇਠ ਤੱਕ ਹੁਕਮਰਾਨ ਅਤੇ ਅਫਸਰਸਾਹੀ ਉਸ ਦੀ ਜਾਂਚ ਪੜਤਾਲ ਕਰਵਾਉਣ ਅਤੇ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਨਾ ਬਖਸਣ ਦੀ ਗੱਲ ਕਰਦੇ ਹਨ । ਲੇਕਿਨ ਜਦੋ ਅਜਿਹੇ ਹਮਲੇ ਸਿੱਖ ਕੌਮ ਜਾਂ ਹੋਰ ਘੱਟ ਗਿਣਤੀਆ ਤੇ ਹੁੰਦੇ ਹਨ ਤਾਂ ਇਹ ਬਹੁਗਿਣਤੀ ਹੁਕਮਰਾਨ ਅਜਿਹੇ ਕਿਸੇ ਦੁਖਾਂਤ ਦੀ ਨਾ ਤਾਂ ਕੋਈ ਛਾਣਬੀਨ ਕਰਵਾਉਦੇ ਹਨ ਅਤੇ ਨਾ ਹੀ ਅਜਿਹੇ ਕਾਤਲ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਜਿੰਮੇਵਾਰੀ ਨਿਭਾਉਦੇ ਹਨ । ਜਦੋ ਵਿਧਾਨ ਤੇ ਕਾਨੂੰਨ ਸਭਨਾਂ ਲਈ ਇਕ ਹੈ ਫਿਰ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਲਈ ਅਜਿਹਾ ਵਿਤਕਰਾ ਤੇ ਬੇਇਨਸਾਫ਼ੀ ਕਿਉਂ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ ਹੋਏ ਬੰਬ ਵਿਸਫੋਟ ਉਪਰੰਤ ਮ੍ਰਿਤਕ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋ ਫੌਰੀ ਜਾਂਚ ਕਰਵਾਉਣ ਅਤੇ ਬਖਸਾਂਗੇ ਨਹੀ ਦੀ ਗੱਲ ਉਤੇ ਸਿੱਖਾਂ ਉਤੇ ਹੋਣ ਵਾਲੇ ਜ਼ਬਰ ਜੁਲਮ ਸਮੇ ਅਜਿਹਾ ਅਮਲ ਨਾ ਕਰਨ ਉਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਨਵੰਬਰ 1984 ਵਿਚ ਸਿੱਖਾਂ ਦੇ ਕਤਲੇਆਮ ਦਾ ਵੱਡਾ ਦੁਖਾਂਤ ਵਾਪਰਿਆ, ਉਸਦੀ ਅੱਜ ਤੱਕ ਜਾਂਚ ਨਹੀ ਕਰਵਾਈ ਗਈ । ਜਦੋਕਿ ਪੁਲਿਸ ਨੇ ਕਾਤਲਾਂ ਨੂੰ ਸਿੱਖਾਂ ਦੇ ਘਰ ਦਿਖਾਉਣ ਦੇ ਇਹ ਅਮਲ ਕੀਤੇ ਸਨ ਕਿ ਇਹ ਘਰ ਕਿਥੇ-ਕਿਥੇ ਹਨ । ਉਸ ਸਮੇ ਸਾਡੇ ਵਜੀਰ ਸ. ਹਰਦੀਪ ਸਿੰਘ ਪੁਰੀ ਨੇ ਵੀ ਇਸ ਗੱਲ ਦੀ ਉਸ ਸਮੇ ਚਿੰਤਾ ਜਾਹਰ ਕੀਤੀ ਸੀ ਕਿ ਭਾਵੇ ਮੈਂ ਬਾਹਰਲੇ ਮੁਲਕਾਂ ਵਿਚ ਉੱਚ ਅਹੁਦਿਆ ਤੇ ਰਿਹਾ ਹਾਂ ਪਰ ਮੈਨੂੰ ਆਪਣੇ ਮਾਤਾ-ਪਿਤਾ ਦਾ ਉਸ ਸਮੇ ਬਹੁਤ ਵੱਡਾ ਮਹਿਸੂਸ ਸੀ । ਜੋ ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ ਨੂੰ ਆਈ.ਐਸ.ਆਈ.ਐਸ ਦੇ ਸੰਗਠਨ ਵੱਲੋ ਬੰਬ ਵਿਸਫੋਟ ਰਾਹੀ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੂਜਾ ਹਮਲਾ ਗੁਰਦੁਆਰਾ ਸ੍ਰੀ ਕਰਤਾ-ਏ-ਪ੍ਰਵਾਨ ਵਿਖੇ ਵੀ ਸਿੱਖਾਂ ਦੇ ਕਤਲ ਕਰ ਦਿੱਤੇ ਗਏ ਸਨ ਅਤੇ ਉਸ ਸਮੇ ਇੰਡੀਆਂ ਦੇ ਵਜੀਰ ਏ ਆਜਮ ਮੋਦੀ ਨੇ ਕਿਹਾ ਸੀ ਕਿ ਅਫਗਾਨੀਸਤਾਨ ਨਾਲ ਇੰਡੀਆ ਦੇ ਚੰਗੇ ਸੰਬੰਧ ਹਨ ਅਤੇ ਇਸਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਕਾਨੂੰਨ ਅਨੁਸਾਰ ਸਜਾ ਦਿਵਾਉਣ ਦਾ ਪ੍ਰਬੰਧ ਕਰਾਂਗੇ । ਪਰ ਦੁੱਖ ਅਤੇ ਅਫਸੋਸ ਹੈ ਇਸ ਦੁਰਘਟਨਾ ਨੂੰ ਵਾਪਰੇ ਹੋਏ ਲੰਮਾਂ ਸਮਾਂ ਬੀਤ ਚੁੱਕਿਆ ਹੈ । ਪਰ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ਼ ਨਾ ਤਾਂ ਵਜੀਰ ਏ ਆਜਮ ਮੋਦੀ ਵੱਲੋ ਦਿਵਾਇਆ ਗਿਆ ਨਾ ਹੀ ਅਫਗਾਨ ਸਰਕਾਰ ਵੱਲੋ ਇਸ ਤੇ ਕੋਈ ਅਮਲ ਹੋਇਆ ਹੈ । ਉਨ੍ਹਾਂ ਕਿਹਾ ਕਿ 2018 ਵਿਚ ਇਰਾਕ ਵਿਚ ਇਸੇ ਉਪਰੋਕਤ ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਿਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਿਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸਮਾ ਸਿਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ ।
ਉਨ੍ਹਾਂ ਕਿਹਾ ਕਿ ਉਪਰੋਕਤ ਕਤਲੇਆਮ ਤੋ ਇਲਾਵਾ ਪਾਕਿਸਤਾਨ ਦੇ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਵੀ ਉਪਰੋਕਤ ਸੰਗਠਨ ਨੇ ਕਤਲ ਕਰ ਦਿੱਤਾ ਸੀ, ਇਸ ਤੋ ਇਲਾਵਾ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਸਿੱਖ ਬੀਬੀ ਸੁਪਿੰਦਰ ਕੌਰ ਨੂੰ ਵੀ ਕਤਲ ਕਰ ਦਿੱਤਾ ਸੀ । ਇਨ੍ਹਾਂ ਸਭ ਕਤਲਾਂ ਦੇ ਦੋਸ਼ੀਆਂ ਵਿਰੁੱਧ ਕੋਈ ਅਮਲ ਨਾ ਹੋਣ ਵੀ ਬਹੁਤ ਦੁੱਖਦਾਇਕ ਹੈ । ਜੰਮੂ ਕਸਮੀਰ ਵਿਚ ਉਨ੍ਹਾਂ ਦੀ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਖੁਦਮੁਖਤਿਆਰੀ ਰੱਦ ਕਰ ਦਿੱਤੀ ਗਈ ਜਦੋਕਿ ਹਾਲਾਤ ਅੱਜ ਵੀ ਪਹਿਲੇ ਵਾਲੇ ਚੱਲ ਰਹੇ ਹਨ । ਪਿਛਲੀ ਵਾਰ ਜਦੋ ਪ੍ਰੈਜੀਡੈਟ ਟਰੰਪ ਦਿੱਲੀ ਆਏ ਸੀ ਤਾਂ ਹੁਕਮਰਾਨਾਂ ਨੇ ਸਾਜਸੀ ਢੰਗ ਨਾਲ ਦਿੱਲੀ ਵਿਖੇ ਫਸਾਦ ਕਰਵਾਏ । ਇਨ੍ਹਾਂ ਅਮਲਾਂ ਤੋ ਪ੍ਰਤੱਖ ਹੋ ਰਿਹਾ ਹੈ ਕਿ ਸ੍ਰੀ ਮੋਦੀ ਹਕੂਮਤ ਅਤੇ ਗ੍ਰਹਿ ਵਜੀਰ ਅਮਿਤ ਸ਼ਾਹ ਪੂਰਨ ਰੂਪ ਵਿਚ ਅਸਫਲ ਸਾਬਤ ਹੋਏ ਹਨ । ਸੁਪਰੀਮ ਕੋਰਟ ਨੇ ਆਈ.ਐਸ.ਆਈ.ਐਸ ਦੇ ਬੰਦੇ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ । ਜਦੋਕਿ ਉਪਰੋਕਤ ਅਫਗਾਨੀਸਤਾਨ ਦੇ ਸਭ ਦੁਖਾਤਾਂ ਲਈ ਆਈ.ਐਸ.ਆਈ.ਐਸ ਜਿੰਮੇਵਾਰ ਹੈ । ਉਨ੍ਹਾਂ ਪ੍ਰਤੀ ਹੁਕਮਰਾਨ ਤੇ ਕਾਨੂੰਨ ਵੱਲੋ ਕੋਈ ਅਮਲ ਨਹੀ ਹੋਇਆ । ਜਦੋਕਿ ਮੋਦੀ ਨੇ ਐਨ.ਆਈ.ਏ. ਤੋ ਜਾਂਚ ਕਰਵਾਉਣ ਦੀ ਗੱਲ ਕੀਤੀ ਸੀ । ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨਾਲ ਨਿਰੰਤਰ ਅਜਿਹੀਆ ਬੇਇਨਸਾਫ਼ੀਆਂ ਅਤੇ ਜ਼ਬਰ ਜੁਲਮ, ਵਿਤਕਰੇ ਹੁਕਮਰਾਨਾਂ ਵੱਲੋ ਕਿਉਂ ਕੀਤੇ ਜਾਂਦੇ ਆ ਰਹੇ ਹਨ ? ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਹੁਕਮਰਾਨਾਂ ਤੋ ਇਹ ਜੁਆਬ ਮੰਗਦੀਆਂ ਹਨ ।