ਜਿਸ ਐਸ.ਐਸ.ਪੀ ਬੀਬੀ ਨੇ ਤਰਨਤਾਰਨ ਦੇ ਚੋਣ ਪ੍ਰਬੰਧ ਨੂੰ ਸਹੀ ਕਰਨ ਲਈ ਜਿ਼ੰਮੇਵਾਰੀ ਨਿਭਾਈ, ਉਸ ਨੂੰ ਬਦਲ ਦੇਣਾ ਤਾਂ ਵੱਡੀ ਬੇਇਨਸਾਫ਼ੀ : ਮਾਨ
ਫ਼ਤਹਿਗੜ੍ਹ ਸਾਹਿਬ, 12 ਨਵੰਬਰ ( ) “ਤਰਨਤਾਰਨ ਜਿਮਨੀ ਚੋਣ ਹਲਕੇ ਦੀ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਹਿੱਤ ਜਿ਼ਲ੍ਹਾ ਤਰਨਤਾਰਨ ਵਿਚ ਤਾਇਨਾਤ ਐਸ.ਐਸ.ਪੀ ਬੀਬੀ ਰਵਜੋਤ ਕੌਰ ਗਰੇਵਾਲ ਨੇ ਚੋਣਾਂ ਤੋਂ ਪਹਿਲੇ ਅਤੇ ਪ੍ਰਕਿਰਿਆ ਸੁਰੂ ਹੋਣ ਉਪਰੰਤ ਬਹੁਤ ਹੀ ਸੁਚੱਜੇ ਢੰਗ ਨਾਲ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਦੇ ਹੋਏ ਸਾਫ ਸੁਥਰੀਆਂ ਚੋਣਾਂ ਕਰਵਾਉਣ ਦਾ ਪ੍ਰਬੰਧ ਕੀਤਾ ਸੀ । ਇਹੀ ਵਜਹ ਹੈ ਕਿ ਤਰਨਤਾਰਨ ਜਿਮਨੀ ਚੋਣ ਬਹੁਤ ਹੀ ਸ਼ਾਂਤੀਪੂਰਵਕ ਸੰਪਨ ਹੋਈ ਹੈ । ਦੁੱਖ ਅਤੇ ਅਫਸੋਸ ਹੈ ਕਿ ਜਿਸ ਬੀਬੀ ਨੇ ਆਪਣੀ ਜਿੰਮੇਵਾਰੀ ਤਨਦੇਹੀ ਤੇ ਬਾਖੂਬੀ ਨਾਲ ਨਿਭਾਉਦੇ ਹੋਏ ਅਜਿਹਾ ਪ੍ਰਬੰਧ ਕੀਤਾ, ਤਾਂ ਉਸਦੀ ਇਕ ਮਾਮੂਲੀ ਸਿਕਾਇਤ ਨੂੰ ਮੁੱਖ ਰੱਖਕੇ ਮੁੱਖ ਚੋਣ ਅਫਸਰ ਪੰਜਾਬ ਨੂੰ ਉਨ੍ਹਾਂ ਦੀ ਮੁਅੱਤਲੀ ਕਰਨ ਦੇ ਹੁਕਮ ਕਰ ਦਿੱਤੇ । ਜੋ ਕਿ ਇਸ ਦ੍ਰਿੜ ਇਰਾਦੇ ਵਾਲੀ ਇਮਾਨਦਾਰ ਪੁਲਿਸ ਅਫਸਰ ਦਾ ਅਪਮਾਨ ਕਰਨ ਵਾਲੀ ਅਤੇ ਅੱਛੇ ਪ੍ਰਬੰਧ ਦਾ ਵਿਰੋਧ ਕਰਨ ਵਾਲੇ ਅਮਲ ਹੀ ਹਨ । ਕੀ ਮੁੱਖ ਚੋਣ ਅਫਸਰ ਪੰਜਾਬ ਇਹ ਚਾਹੁੰਦਾ ਸੀ ਕਿ ਤਰਨਤਾਰਨ ਜਿਮਨੀ ਚੋਣ ਵਿਚ ਗੜਬੜ ਜਾਂ ਕੋਈ ਵਿਘਨ ਪਵੇ ? ਉਪਰੋਕਤ ਅਮਲ ਕਰਕੇ ਚੋਣ ਅਫਸਰ ਪੰਜਾਬ ਨੇ ਇਮਾਨਦਾਰ ਅਫਸਰ ਦੀ ਹੌਸਲਾ ਅਫਜਾਈ ਕਰਨ ਦੀ ਬਜਾਇ ਉਨ੍ਹਾਂ ਅਤੇ ਸੁਚੱਜੇ ਪ੍ਰਬੰਧ ਲਈ ਠੇਸ ਪਹੁੰਚਾਉਣ ਦੇ ਹੀ ਅਮਲ ਕੀਤੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਰਨਤਾਰਨ ਜਿਮਨੀ ਚੋਣ ਹਲਕੇ ਦੇ ਪੁਲਿਸ ਅਫਸਰ ਬੀਬੀ ਰਵਜੋਤ ਕੌਰ ਗਰੇਵਾਲ ਨਾਲ ਕੀਤੀ ਗਈ ਵਧੀਕੀ ਉਤੇ ਦ੍ਰਿੜਤਾ ਨਾਲ ਸਹੀ ਵਿਚਾਰ ਪ੍ਰਗਟਾਉਦੇ ਹੋਏ ਅਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਬੀਬੀ ਰਵਜੋਤ ਕੌਰ ਗਰੇਵਾਲ ਦੀ ਕੀਤੀ ਗਈ ਆਧਾਰਹੀਣ ਮੁਅੱਤਲੀ ਨੂੰ ਬਹਾਲ ਕਰਕੇ ਤਰਨਤਾਰਨ ਵਿਖੇ ਹੀ ਇਹ ਜਿੰਮੇਵਾਰੀ ਸੌਪਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਤਰਨਤਾਰਨ ਜਿ਼ਲ੍ਹਾ ਬਿਲਕੁਲ ਸਰਹੱਦ ਨਾਲ ਲੱਗਦਾ ਉਹ ਜਿ਼ਲ੍ਹਾ ਹੈ ਜਿਥੇ ਵੱਡੇ ਪੱਧਰ ਤੇ ਸਮਗਲਿੰਗ, ਕਤਲੋਗਾਰਤ ਅਤੇ ਹੋਰ ਅਪਰਾਧਿਕ ਕਾਰਵਾਈਆ ਅਕਸਰ ਹੀ ਹੁੰਦੀਆ ਰਹਿੰਦੀਆ ਹਨ । ਪਰ ਬੀਬੀ ਗਰੇਵਾਲ ਨੂੰ ਇਸ ਜੋਖਮ ਭਰੀ ਡਿਊਟੀ ਨੂੰ ਇਮਾਨਦਾਰੀ ਨਾਲ ਪੂਰਨ ਕਰਦੇ ਹੋਏ ਉਥੇ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਅਤੇ ਚੋਣ ਜਿੰਮੇਵਾਰੀ ਨੂੰ ਪਾਰਦਸਤਾ ਨਾਲ ਨਿਭਾਉਣ ਦੇ ਯਤਨ ਕੀਤੇ ਹਨ । ਪਰ ਇਸਦੇ ਬਾਵਜੂਦ ਵੀ ਉਨ੍ਹਾਂ ਨਾਲ ਹੋਇਆ ਇਹ ਧੱਕਾ ਅਸਹਿ ਹੈ । ਜਿਸ ਉਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਤੁਰੰਤ ਗੌਰ ਕਰਕੇ ਉਨ੍ਹਾਂ ਦੇ ਹੋਏ ਅਪਮਾਨ ਅਤੇ ਮੁਅੱਤਲੀ ਨੂੰ ਬਹਾਲ ਕਰਨਾ ਬਣਦਾ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮੁੱਖ ਚੋਣ ਅਫਸਰ ਪੰਜਾਬ ਇਸ ਵਿਸੇ ਉਤੇ ਹੋਰ ਡੁੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਬੀਬੀ ਰਵਜੋਤ ਕੌਰ ਗਰੇਵਾਲ ਨੂੰ ਇਨਸਾਫ ਦੇਣਗੇ ਅਤੇ ਤਰਨਤਾਰਨ ਵਿਖੇ ਬਹਾਲ ਕਰਕੇ ਉਨ੍ਹਾਂ ਦੇ ਮਨ ਨੂੰ ਪਹੁੰਚੀ ਠੇਸ ਨੂੰ ਦੂਰ ਕਰਨਗੇ।