ਫ਼ੋਜ ਦੀ ਰਾਏ ਤੋਂ ਬਗੈਰ ਹੁਕਮਰਾਨਾਂ ਦਾ ਕੀਤਾ ਗਿਆ ਕੋਈ ਵੀ ਫੈਸਲਾ ਚੰਗੇ ਨਤੀਜੇ ਨਹੀ ਕੱਢ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 03 ਨਵੰਬਰ ( ) “ਇੰਡੀਆਂ ਦੇ ਹੁਕਮਰਾਨਾਂ ਵੱਲੋ ਕੀਤਾ ਗਿਆ ਆਪ੍ਰੇਸਨ ਸਿੰਧੂਰ ਫ਼ੌਜ ਤੇ ਫ਼ੌਜੀ ਅਫਸਰਾਂ ਦੀ ਰਾਏ-ਮਸਵਰੇ ਤੋ ਬਗੈਰ ਆਪਣੀ ਹਊਮੈ ਨੂੰ ਪੱਠੇ ਪਾਉਣ ਹਿੱਤ ਹੀ ਕੀਤਾ ਗਿਆ । ਜਦੋਕਿ ਉਸ ਲਈ ਫ਼ੌਜੀ ਅਫਸਰਾਂ ਨਾਲ ਲੰਮੀ ਰਾਏ-ਮਸਵਰਾਂ ਕਰਨ ਤੋ ਬਗੈਰ ਅਜਿਹਾ ਕੀਤਾ ਗਿਆ ਕੋਈ ਵੀ ਐਕਸਨ ਮੁਲਕ ਨਿਵਾਸੀਆਂ ਲਈ ਕਦੀ ਵੀ ਲਾਹੇਵੰਦ ਨਤੀਜੇ ਨਹੀ ਕੱਢ ਸਕਦਾ ਅਤੇ ਨਾ ਹੀ ਫ਼ੌਜ ਤੇ ਹੁਕਮਰਾਨਾਂ ਦਾ ਤਾਲਮੇਲ ਸਹੀ ਬੈਠ ਸਕੇਗਾ । ਕਿਉਂਕਿ ਜਦੋ ਅਸੀ ਆਪਣੀ ਪਾਰਟੀ ਦੇ ਅਹੁਦੇਦਾਰਾਂ ਸਮੇਤ ਸਰਹੱਦੀ ਇਲਾਕਿਆ ਦਾ ਦੌਰਾ ਕੀਤਾ ਤਾਂ ਵੱਡੀ ਗਿਣਤੀ ਵਿਚ ਇਹ ਗੱਲ ਸਾਹਮਣੇ ਆਈ ਕਿ ਫ਼ੌਜੀ ਬੰਕਰ ਸਰਹੱਦ ਉਤੇ ਕੂੜੇ-ਕਰਕਟ, ਬੂਟੀਆ, ਖਤਰਨਾਕ ਸੱਪਾਂ, ਬਿੱਛੂਆ, ਕਿਰਲੀਆ ਆਦਿ ਨਾਲ ਭਰੇ ਪਏ ਸਨ ਅਤੇ ਲੰਮੇ ਸਮੇ ਤੋ ਇਨ੍ਹਾਂ ਬੰਕਰਾਂ ਦੀ ਕੋਈ ਸਾਫ-ਸਫਾਈ ਨਾ ਹੋਣਾ ਫ਼ੌਜ ਅਤੇ ਹੁਕਮਰਾਨਾਂ ਦੀ ਵੱਡੀ ਗੈਰ ਜਿੰਮੇਵਰਾਨਾ ਸੋਚ ਨੂੰ ਪ੍ਰਤੱਖ ਕਰਦੀ ਹੈ । ਇਹ ਤਾਂ ਇਕ ਚੰਗਾਂ ਪੱਖ ਇਹ ਹੋਇਆ ਕਿ ਦੁਸਮਣ ਤਾਕਤ ਦੀ ਖੂਫੀਆ ਏਜੰਸੀ ਕੋਲ ਸਰਹੱਦੀ ਬੰਕਰਾਂ ਦੀ ਖਤਰਨਾਕ ਸਥਿਤੀ ਦੀ ਜਾਣਕਾਰੀ ਨਹੀ ਸੀ, ਵਰਨਾ ਜੇਕਰ ਉਨ੍ਹਾਂ ਨੂੰ ਇਹ ਜਾਣਕਾਰੀ ਮਿਲ ਜਾਂਦੀ ਤਾਂ ਆਪ੍ਰੇਸਨ ਸਿੰਧੂਰ ਸਮੇ ਬਿਆਸ ਦੇ ਉਪਰ ਵਾਲਾ ਇਲਾਕਾ ਜਿਸ ਵਿਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਜੰਮੂ-ਕਸਮੀਰ ਆਉਦੇ ਹਨ ਉਹ ਸਭ ਦੁਸਮਣ ਫ਼ੌਜ ਦੀ ਲਪੇਟ ਵਿਚ ਆ ਜਾਣਾ ਸੀ ਅਤੇ ਇਥੇ ਬਹੁਤ ਨੁਕਸਾਨ ਹੋਣਾ ਸੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਜਿ਼ਲ੍ਹਿਆਂ ਤੇ ਇਲਾਕਿਆ ਦਾ ਦੌਰਾ ਕਰਨ ਉਪਰੰਤ ਉਥੋ ਦੇ ਫ਼ੌਜੀ ਬੰਕਰਾਂ ਦੀ ਉਪਰੋਕਤ ਬਣੀ ਅਤਿ ਚਿੰਤਾਜਨਕ ਹਾਲਤ ਉਪਰੰਤ ਹੁਕਮਰਾਨਾਂ, ਫ਼ੌਜ ਨੂੰ ਅਜਿਹੇ ਸਮਿਆ ਤੇ ਸੁਚੇਤ ਰਹਿਣ ਅਤੇ ਬੂਟੀਆਂ, ਸੱਪਾਂ, ਬਿੱਛੂਆ ਨਾਲ ਭਰੇ ਪਏ ਬੰਕਰਾਂ ਦੀ ਤੁਰੰਤ ਬੀ.ਐਸ.ਐਫ ਫ਼ੋਜ ਵੱਲੋ ਸਫਾਈ ਕਰਨ ਦੀ ਗੱਲ ਕਰਦੇ ਹੋਏ ਜਾਂ ਫਿਰ ਇਨ੍ਹਾਂ ਨੂੰ ਮਨਰੇਗਾ ਦੇ ਵਰਕਰਾਂ ਵੱਲੋ ਸਫਾਈ ਕਰਵਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਵਿਸੇ ਉਤੇ ਇੰਡੀਆਂ ਦੇ ਵਜੀਰ ਏ ਆਜਮ ਨੂੰ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਸਰਹੱਦਾਂ ਤੇ ਅਜਿਹੀ ਸਥਿਤੀ ਪੈਦਾ ਹੋਣ ਲਈ ਉਨ੍ਹਾਂ ਦੀ ਕੀ ਜਿੰਮੇਵਾਰੀ ਹੈ, ਉਸ ਸੰਬੰਧੀ ਇੰਡੀਆਂ ਦੇ ਨਿਵਾਸੀਆ ਨੂੰ ਜਿਥੇ ਉਹ ਸਪੱਸਟ ਕਰਨ, ਕੀ ਵਜੀਰ ਏ ਆਜਮ ਦੀ ਇਨ੍ਹਾਂ ਸਰਹੱਦਾਂ ਦੇ ਨਾਲ ਲੱਗਦੇ ਪੰਜਾਬ ਸੂਬੇ ਅਤੇ ਸਿੱਖਾਂ ਦੀਆਂ ਜਿੰਦਗਾਨੀਆਂ ਦੀ ਸੁਰੱਖਿਆ ਲਈ ਉਹ ਕੀ ਕਰ ਰਹੇ ਹਨ ਅਤੇ ਸਿੱਖਾਂ ਨੂੰ ਅਜੇ ਤੱਕ ਉਹ ਇਨਸਾਫ਼ ਕਿਉਂ ਨਹੀ ਦਿਵਾ ਸਕੇ ? ਉਥੇ ਵੈਸਟਨ ਕਮਾਡ ਦੇ ਜਰਨੈਲ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ ਸੁਰੱਖਿਆ ਅਤੇ ਫ਼ੌਜੀ ਤਕਨੀਕ ਨੂੰ ਲੈਕੇ ਇਸ ਵਿਸੇ ਉਤੇ ਹੁਕਮਰਾਨਾਂ ਅਤੇ ਫੌ਼ਜ ਵਿਚ ਬਣੇ ਅਣਸੁਖਾਵੇ ਸੰਬੰਧਾਂ ਸੰਬੰਧੀ ਜਾਣੂ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ । ਸ. ਮਾਨ ਨੇ ਇਸ ਅਤਿ ਗੰਭੀਰ ਵਿਸੇ ਉਤੇ ਵਿਰੋਧੀ ਪਾਰਟੀਆ ਕਾਂਗਰਸ, ਬੀਜੇਪੀ, ਬਾਦਲ ਦਲ, ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਵੀ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਉਹ ਪੰਜਾਬੀਆਂ ਤੇ ਸਿੱਖਾਂ ਦੀ ਹਰ ਪੱਖੋ ਸੁਰੱਖਿਆ ਲਈ ਸਰਹੱਦਾਂ ਦੀ ਉਪਰੋਕਤ ਚਿੰਤਾਜਨਕ ਤਸਵੀਰ ਸਾਹਮਣੇ ਆਉਣ ਤੇ ਉਹ ਆਪੋ ਆਪਣੀ ਕੀ ਜਿੰਮੇਵਾਰੀ ਨਿਭਾਅ ਰਹੇ ਹਨ ? ਉਨ੍ਹਾਂ ਤਰਨਤਾਰਨ ਜਿਥੇ ਜਿਮਨੀ ਚੋਣ ਹੋ ਰਹੀ ਹੈ, ਉਸ ਹਲਕੇ ਦੇ ਨਿਵਾਸੀਆ ਨੂੰ ਵਿਸੇਸ ਤੌਰ ਤੇ ਸੰਦੇਸ ਦਿੰਦੇ ਹੋਏ ਕਿਹਾ ਕਿ ਜਦੋ ਫ਼ੌਜ ਅਤੇ ਹੁਕਮਰਾਨਾਂ ਵਿਚ ਤਾਲਮੇਲ ਦੀ ਘਾਟ ਸਪੱਸਟ ਨਜਰ ਆ ਰਹੀ ਹੈ, ਸੈਟਰ ਅਤੇ ਪੰਜਾਬ ਦੇ ਹੁਕਮਰਾਨਾਂ ਦੀਆਂ ਪੰਜਾਬ ਸੂਬੇ ਤੇ ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਜਿੰਮੇਵਾਰੀਆਂ ਵਿਚ ਨਿਰੰਤਰ ਵੱਡੀਆ ਅਣਗਹਿਲੀਆ ਕੀਤੀਆ ਜਾਂਦੀਆ ਆ ਰਹੀਆ ਹਨ ਤਾਂ ਉਹ ਇਸ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਹੋ ਰਹੀ ਵੋਟਿੰਗ ਵਿਚ 11 ਨਵੰਬਰ ਨੂੰ ਆਪਣੇ ਵੋਟ ਹੱਕ ਦੀ ਸਹੀ ਤੇ ਸੁਚੱਜੀ ਵਰਤੋ ਕਰਕੇ ਇਨ੍ਹਾਂ ਦਿਸ਼ਾਹੀਣ ਹੁਕਮਰਾਨਾਂ ਨੂੰ ਸਹੀ ਢੰਗ ਨਾਲ ਜੁਆਬ ਦੇਣ ।