ਹਿੰਦੂਤਵ ਸਟੇਟ ਪਾਕਿਸਤਾਨ ਵਿਖੇ ਸਿੱਖ ਗੁਰਧਾਮਾਂ ਦੀ ਯਾਤਰਾ ਲਈ ਵਾਰ-ਵਾਰ ਰੁਕਾਵਟਾਂ ਕਿਉਂ ਖੜ੍ਹੀਆਂ ਕਰ ਰਿਹਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 30 ਅਕਤੂਬਰ ( ) “ਜਦੋਂ ਕੌਮਾਂਤਰੀ ਕਾਨੂੰਨ, ਨਿਯਮ ਅਤੇ ਇੰਡੀਅਨ ਵਿਧਾਨ ਦੇ ਕਾਨੂੰਨ ਤੇ ਨਿਯਮ ਹਰ ਵਰਗ, ਫਿਰਕੇ, ਕੌਮ ਨਾਲ ਸੰਬੰਧਤ ਨਿਵਾਸੀਆ ਨੂੰ ਪੂਰਨ ਰੂਪ ਵਿਚ ਆਪਣੀ ਧਾਰਮਿਕ ਆਜਾਦੀ ਦਾ ਆਨੰਦ ਮਾਨਣ ਅਤੇ ਆਪਣੇ ਧਰਮ ਵਿਚ ਸਰਧਾ ਤੇ ਵਿਸਵਾਸ ਪ੍ਰਗਟ ਕਰਨ ਦੀ ਪੂਰਨ ਖੁੱਲ੍ਹ ਦਿੰਦੇ ਹਨ, ਤਾਂ ਹਿੰਦੂਤਵ ਫਿਰਕੂ ਸਟੇਟ ਦੇ ਹੁਕਮਰਾਨ ਸਿੱਖ ਕੌਮ ਦੇ ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੀ ਯਾਤਰਾ ਉਤੇ ਜਾਣ ਲਈ ‘ਕਦੀ ਚਿੜੀਓ ਮਰ ਜਾਓ, ਕਦੇ ਜੀ ਪਵੋ’ ਦੀ ਮਨੁੱਖਤਾ ਵਿਰੋਧੀ ਨੀਤੀ ਅਧੀਨ ਇਹ ਯਾਤਰਾਵਾ ਤੇ ਜਾਣ ਲਈ ਪਾਬੰਦੀਆਂ ਲਗਾ ਦਿੰਦੇ ਹਨ ਅਤੇ ਕਦੀ ਖੋਲ੍ਹ ਦਿੰਦੇ ਹਨ । ਕੀ ਅਜਿਹਾ ਅਮਲ ਕਰਕੇ ਸਾਡੇ ਧਾਰਮਿਕ ਆਜਾਦੀ ਦੇ ਮਿਲੇ ਹੱਕ ਉਤੇ ਹੁਕਮਰਾਨ ਡਾਕਾ ਮਾਰਕੇ ਸਿੱਖ ਕੌਮ ਨਾਲ ਨਿਰੰਤਰ ਵਿਤਕਰੇ ਤੇ ਬੇਇਨਸਾਫ਼ੀ ਨਹੀ ਕਰਦੇ ਆ ਰਹੇ? ਅਜਿਹਾ ਅਮਲ ਸਿੱਖ ਕੌਮ ਨਾਲ ਹੀ ਕਰਨਾ ਪ੍ਰਤੱਖ ਕਰਦਾ ਹੈ ਕਿ ਹੁਕਮਰਾਨ ਸੌੜੀ ਮੰਦਭਾਵਨਾ ਅਧੀਨ ਸਾਡੀਆ ਯਾਤਰਾਵਾ ਵਿਚ ਰੁਕਾਵਟਾ ਖੜ੍ਹੀਆ ਕਰਕੇ ਸਿੱਖ ਕੌਮ ਨੂੰ ਨਮੋਸੀ ਵੱਲ ਧਕੇਲਣ ਦੇ ਦੁੱਖਦਾਇਕ ਅਮਲ ਕਰਕੇ ਇੰਡੀਆ ਦੇ ਸਮਾਜਿਕ ਮਾਹੌਲ ਨੂੰ ਖੁਦ ਹੀ ਵਿਸਫੋਟਕ ਬਣਾ ਰਹੇ ਹਨ । ਜਿਸਦੇ ਨਤੀਜੇ ਕਦਾਚਿਤ ਇਥੋ ਦੇ ਜਮਹੂਰੀਅਤ ਅਤੇ ਅਮਨਪੱਖੀ ਨਹੀ ਹੋ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਡੇ ਵੱਡੀ ਗਿਣਤੀ ਵਿਚ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਧਾਮਾਂ ਦੇ ਵੱਖ-ਵੱਖ ਸਮਿਆ ਤੇ ਸਰਧਾ ਪੂਰਵਕ ਜਾਣ ਵਾਲੀਆ ਯਾਤਰਾਵਾ ਤੇ ਸਿੱਖਾਂ ਵੱਲੋ ਆਪਣੇ ਧਾਰਮਿਕ ਸਥਾਨਾਂ ਦੇ ਦਰਸਨ ਕਰਨ ਦੀ ਭਾਵਨਾ ਨੂੰ ਕੁੱਚਲਦੇ ਹੋਏ ਰੁਕਾਵਟਾ ਪਾਉਣ ਦੀਆਂ ਕਾਰਵਾਈਆ ਨੂੰ ਫਿਰਕੂ ਕਰਾਰ ਦਿੰਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਸਾਡੀ ਬੋਲੀ, ਰਿਤੀ ਰਿਵਾਜ, ਕਲਾਕ੍ਰਿਤਾ, ਸੱਭਿਆਚਾਰ, ਵਿਰਸੇ-ਵਿਰਾਸਤ ਸਭ ਇਕ ਹੈ ਅਤੇ ਪੁਰਾਤਨ ਸਮੇ ਤੋ ਹੀ ਇਕ ਗੂੜੀ ਸਾਂਝ ਹੈ ਫਿਰ ਹੁਕਮਰਾਨ ਕੇਵਲ ਸਿੱਖ ਕੌਮ ਪ੍ਰਤੀ ਅਜਿਹੀਆ ਯਾਤਰਾਵਾ ਪ੍ਰਤੀ ਅਜਿਹਾ ਰੁੱਖ ਅਪਣਾਕੇ ਇਥੋ ਦੇ ਨਿਵਾਸੀਆ ਤੇ ਸਮਾਜ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ? ਉਨ੍ਹਾਂ ਕਿਹਾ ਕਿ 1947 ਵਿਚ ਜਦੋ ਮੁਲਕ ਦੀ ਵੰਡ ਹੋਈ ਤਾਂ ਅੰਗਰੇਜ਼ਾਂ ਨੇ ਸਿੱਖ ਕੌਮ ਨੂੰ ਆਜਾਦ ਵੱਖਰਾ ਸਟੇਟ ਪ੍ਰਦਾਨ ਨਾ ਕਰਕੇ ਪਹਿਲੇ ਬੇਈਮਾਨੀ ਕੀਤੀ, ਉਪਰੰਤ ਜੋ ਹਿੰਦੂ ਆਗੂਆ ਨਹਿਰੂ, ਗਾਂਧੀ, ਪਟੇਲ ਆਦਿ ਨੇ ਆਜਾਦੀ ਮਿਲਣ ਤੋ ਪਹਿਲੇ ਇਕ ਵੱਡੇ ਇੱਕਠ ਵਿਚ ਸਿੱਖ ਕੌਮ ਨਾਲ ਇਹ ਬਚਨ ਤੇ ਵਾਅਦਾ ਕੀਤਾ ਸੀ ਕਿ ਆਜਾਦੀ ਉਪਰੰਤ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਅਜਿਹਾ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਸ ਵਿਚ ਸਿੱਖ ਆਪਣੀਆ ਧਾਰਮਿਕ ਰਹੁਰੀਤੀਆ ਅਨੁਸਾਰ ਆਜਾਦੀ ਨਾਲ ਵਿਚਰ ਸਕਣਗੇ । ਉਸ ਬਚਨ ਤੋ ਮੁਨਕਰ ਹੋ ਕੇ ਫਿਰ ਇਨ੍ਹਾਂ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵੱਡੀ ਬੇਈਮਾਨੀ ਕੀਤੀ ਅਤੇ ਅੱਜ ਸਾਡੇ ਗੁਰਧਾਮਾਂ ਦੀ ਇਤਿਹਾਸਿਕ ਸਮਿਆ ਤੇ ਯਾਤਰਾਵਾ ਉਤੇ ਪਾਬੰਦੀਆ ਲਗਾਕੇ ਅਤੇ ਕਦੀ ਖੋਲ੍ਹਕੇ ਸਾਡੀ ਧਾਰਮਿਕ ਆਜਾਦੀ ਵਿਚ ਸਿੱਧੀ ਦਖਲ ਅੰਦਾਜੀ ਕਰਕੇ ਸਿੱਖ ਕੌਮ ਵਿਚ ਵੱਡੀ ਬੇਚੈਨੀ ਉਤਪੰਨ ਕਰ ਰਹੇ ਹਨ । ਜਿਸ ਨੂੰ ਨਾ ਤਾਂ ਵਿਧਾਨਿਕ ਤੌਰ ਤੇ ਅਤੇ ਨਾ ਹੀ ਸਮਾਜਿਕ ਤੇ ਧਾਰਮਿਕ ਤੌਰ ਤੇ ਕਦਾਚਿਤ ਸਹੀ ਕਰਾਰ ਨਹੀ ਦਿੱਤਾ ਜਾ ਸਕਦਾ । ਸ. ਮਾਨ ਨੇ ਆਪਣੇ ਵਿਧਾਨਿਕ ਹੱਕਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਅਜਿਹੀਆ ਪਾਬੰਦੀਆ ਦੇ ਅਮਲ ਨੂੰ ਖਤਮ ਕਰਕੇ ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ ਕਿ ਜਦੋ ਵੀ ਸਿੱਖ ਵਿਅਕਤੀਗਤ ਤੌਰ ਤੇ ਜਾਂ ਸਮੂਹਿਕ ਰੂਪ ਵਿਚ ਪਾਕਿਸਤਾਨ ਸਥਿਤ ਆਪਣੇ ਗੁਰਧਾਮਾਂ ਦੀ ਯਾਤਰਾ ਕਰਨ ਦੀ ਇੱਛਾ ਪ੍ਰਗਟਾਉਣ ਤਾਂ ਹਿੰਦੂਤਵ ਹੁਕਮਰਾਨਾਂ ਨੂੰ ਬਿਨ੍ਹਾਂ ਕਿਸੇ ਝਿਜਕ ਅਤੇ ਵਿਤਕਰੇ ਤੋ ਇਹ ਪ੍ਰਵਾਨਗੀ ਦੇ ਕੇ ਵਿਧਾਨਿਕ, ਧਾਰਮਿਕ ਆਜਾਦੀ ਨੂੰ ਅਮਲੀ ਰੂਪ ਦੇਣਾ ਬਣਦਾ ਹੈ । ਨਾ ਕਿ ਵਾਰ-ਵਾਰ ਜਲੀਲ ਤੇ ਬੇਚੈਨੀ ਪੈਦਾ ਕਰਕੇ ।