ਜਦੋਂ ਫ਼ੌਜੀ ਬੰਕਰ ਜੰਗਲਾਂ ਦਾ ਰੂਪ ਧਾਰ ਚੁੱਕੇ ਹਨ ਫਿਰ ਫੌਜੀ ਤਿਆਰੀ ਦਾ ਕੀ ਮਕਸਦ ਰਹਿ ਜਾਂਦਾ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਸਰਹੱਦੀ ਇਲਾਕੇ ਦੇ ਵਿਚ ਜੋ ਫ਼ੌਜ ਦੀ ਰੱਖਿਆ ਲਈ ਬੰਕਰ ਬਣੇ ਹੋਏ ਹਨ, ਉਨ੍ਹਾਂ ਵਿਚ ਲੰਮੇ-ਲੰਮੇ ਘਾਹ-ਬੂਟੀਆਂ, ਸੱਪ, ਬਿੱਛੂ ਪੈਦਾ ਹੋ ਚੁੱਕੇ ਹਨ । ਜਦੋਕਿ ਦੂਸਰੇ ਪਾਸੇ ਹੁਕਮਰਾਨ ਆਪਣੀ ਫੌ਼ਜੀ ਤਿਆਰੀਆਂ ਤੇ ਆਪ੍ਰੇਸਨ ਸਿੰਧੂਰ ਦੀਆਂ ਗੱਲਾਂ ਕਰਕੇ ਫ਼ੌਜ ਦੀ ਤਿਆਰੀ ਦੇ ਦਾਅਵੇ ਕਰ ਰਹੇ ਹਨ । ਜਦੋ ਫ਼ੌਜੀ ਤਿਆਰੀ ਦੀ ਕੰਮਜੋਰ ਤਸਵੀਰ ਪ੍ਰਤੱਖ ਹੈ ਫਿਰ ਹੁਕਮਰਾਨ ਅਜਿਹੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਆਪਣੇ ਆਪ ਨੂੰ ਜਾਂ ਆਪਣੀ ਫ਼ੌਜੀ ਤਾਕਤ ਨੂੰ ਬਿਹਤਰ ਸਾਬਤ ਕਿਵੇ ਕਰ ਸਕਦੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸਰਹੱਦੀ ਇਲਾਕਿਆ ਦੇ ਦੌਰੇ ਉਪਰੰਤ ਇਥੋ ਦੀ ਪ੍ਰੈਸ ਨੂੰ ਹੁਕਮਰਾਨਾਂ ਦੀ ਫ਼ੌਜ ਦੀ ਤਿਆਰੀ ਸੰਬੰਧੀ ਕੀਤੇ ਜਾ ਰਹੇ ਖੋਖਲੇ ਦਾਅਵਿਆ ਦੀ ਪੋਲ ਖੋਲਦੇ ਹੋਏ ਅਤੇ ਅਜਿਹੇ ਬੰਕਰਾਂ ਨੂੰ ਬੀ.ਐਸ.ਐਫ ਤੇ ਫ਼ੌਜ ਦੁਆਰਾ ਤੁਰੰਤ ਸਾਫ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਤਾਂ ਹਰ ਤਰ੍ਹਾਂ ਦੀ ਜੰਗ ਦੇ ਵਿਰੁੱਧ ਹਾਂ । ਕਿਉਂਕਿ ਇਸ ਨਾਲ ਅਜਾਈ ਮਨੁੱਖਤਾ ਦਾ ਖੂਨ ਵਹਿੰਦਾ ਹੈ ਅਤੇ ਨਫਰਤ ਵੱਧਦੀ ਹੈ । ਲੇਕਿਨ ਜੇਕਰ ਹੁਕਮਰਾਨ ਜੰਗ ਲੜਾਈ ਦੀਆਂ ਗੱਲਾਂ ਕਰਦੇ ਹਨ ਤਾਂ ਉਸ ਪੱਧਰ ਦੀ ਮਜਬੂਤ ਤਿਆਰੀ ਵੀ ਹੋਣੀ ਚਾਹੀਦੀ ਹੈ ਨਾ ਕਿ ਹਵਾ ਵਿਚ ਤਲਵਾਰਾ ਮਾਰਕੇ ਆਪਣੀ ਫ਼ੌਜੀ ਤਾਕਤ ਦਾ ਵਿਖਾਵਾ ਕਰਨਾ ਬਣਦਾ ਹੈ । ਉਨ੍ਹਾਂ ਕਿਹਾ ਕਿ ਅਗਨੀਵੀਰ ਸਿਪਾਹੀਆ ਦੀ ਜੋ 4 ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ, ਇਸ ਥੋੜੇ ਸਮੇ ਦੌਰਾਨ ਤਾਂ ਫ਼ੌਜ ਦਾ ਕੋਈ ਵੀ ਸਿਪਾਹੀ ਪੂਰਨ ਰੂਪ ਵਿਚ ਟ੍ਰੇਨਿੰਗ ਨਹੀ ਪ੍ਰਾਪਤ ਕਰ ਸਕਦਾ । ਕਿਉਂਕਿ ਟ੍ਰੇਨਿੰਗ ਪ੍ਰਾਪਤ ਕਰਦੇ ਸਮੇ ਮੈਦਾਨੀ, ਪਹਾੜੀ, ਸਮੁੰਦਰੀ, ਰੇਤਲੀ ਅਤੇ ਜੰਗਲੀ ਇਲਾਕੇ ਦੀ ਵੱਖੋ ਵੱਖਰੇ ਤੌਰ ਤੇ ਟ੍ਰੇਨਿੰਗ ਹੁੰਦੀ ਹੈ ਜਿਸ ਨੂੰ ਸਾਲਾਂ ਬੱਦੀ ਸਮਾਂ ਲੱਗਦਾ ਹੈ । ਉਨ੍ਹਾਂ ਦੂਜੀ ਸੰਸਾਰ ਜੰਗ ਦੀ ਗੱਲ ਕਰਦੇ ਹੋਏ ਕਿਹਾ ਕਿ ਫ਼ਰਾਂਸ ਇਸ ਜੰਗ ਵਿਚ ਇਸ ਲਈ ਹਾਰ ਗਿਆ ਸੀ ਕਿ ਉਨ੍ਹਾਂ ਦੀ ਫ਼ੌਜ ਦੀ ਟ੍ਰੇਨਿੰਗ ਹੀ ਨਹੀ ਸੀ । ਇਸ ਲਈ ਹੁਕਮਰਾਨਾਂ ਤੇ ਫ਼ੌਜੀ ਅਧਿਕਾਰੀਆ ਨੂੰ ਹਵਾ ਵਿਚ ਗੱਲਾਂ ਕਰਨ ਦੀ ਬਜਾਇ ਅਮਲੀ ਰੂਪ ਵਿਚ ਫ਼ੌਜੀਆਂ ਟ੍ਰੇਨਿੰਗ ਦੇਣ ਅਤੇ ਆਧੁਨਿਕ ਜੰਗੀ ਸਮਾਨ ਦੀ ਨਵੀ ਖਰੀਦ ਕਰਨ ਅਤੇ ਆਪਣੇ ਜੰਗਲ ਰੂਪੀ ਬਣੇ ਬੰਕਰਾਂ ਦੀ ਸਫਾਈ ਕਰਨ ਦੀ ਅੱਜ ਸਖਤ ਲੋੜ ਹੈ । ਤਦ ਹੀ ਇਹ ਫ਼ੌਜ ਕਿਸੇ ਤਰ੍ਹਾਂ ਦੀ ਜੰਗ ਦੇ ਸਮਰੱਥ ਬਣ ਸਕੇਗੀ ।