ਬੀਤੇ ਸਮੇਂ ਵਿਚ ਜੋ ਸਰਕਾਰ ਨੇ ਝੂਠੇ ਮੁਕਾਬਲਿਆ ਵਿਚ ਸਿੱਖ ਨੌਜਵਾਨ ਸ਼ਹੀਦ ਕੀਤੇ, ਅਫਸੋਸ ਉਨ੍ਹਾਂ ਨੂੰ ਮਾਰਨ ਵਾਲੇ ਵੀ ਸਿੱਖ ਅਫਸਰ ਤੇ ਅਧਿਕਾਰੀ ਹੀ ਸਨ : ਮਾਨ
ਫ਼ਤਹਿਗੜ੍ਹ ਸਾਹਿਬ, 20 ਅਕਤੂਬਰ ( ) “ਹਿੰਦੂਤਵ ਮੁਤੱਸਵੀ ਹੁਕਮਰਾਨਾਂ ਨੇ ਆਪਣੀ ਤਾਕਤ ਦੀ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਢੰਗਾਂ ਨਾਲ ਇਸਤੇਮਾਲ ਕਰਕੇ ਸਰਕਾਰੀ ਪ੍ਰਚਾਰ ਸਾਧਨਾਂ ਦੀ ਦੁਰਵਰਤੋ ਕਰਕੇ ਪਹਿਲੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਅੱਤਵਾਦੀ, ਵੱਖਵਾਦੀ, ਸਰਾਰਤੀ ਅਨਸਰ ਤੇ ਗਰਮ ਦਲੀਏ ਆਦਿ ਨਾਮ ਦੇ ਕੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਬਦਨਾਮ ਕੀਤਾ । ਉਪਰੰਤ ਜੋ ਸਿੱਖ ਨੌਜਵਾਨੀ ਕੌਮਾਂਤਰੀ ਤੇ ਇੰਡੀਅਨ ਨਿਯਮਾਂ ਕਾਨੂੰਨਾਂ ਤਹਿਤ ਸਿੱਖ ਕੌਮ ਦੀ ਸੰਪੂਰਨ ਆਜਾਦੀ ਲਈ ਸਰਗਰਮ ਸਨ, ਉਨ੍ਹਾਂ ਦੀ ਬੇਰਹਿੰਮੀ ਨਾਲ ਝੂਠੇ ਪੁਲਿਸ ਮੁਕਾਬਲਿਆ ਵਿਚ ਕਤਲੇਆਮ ਕਰਵਾਇਆ ਗਿਆ । ਵੱਡੀ ਗਿਣਤੀ ਵਿਚ ਹਜਾਰਾਂ ਦੀ ਗਿਣਤੀ ਵਿਚ ਘਰਾਂ ਦੇ ਘਰਾਂ, ਪੁੱਤਰਾਂ, ਪਤੀਆਂ ਅਤੇ ਭਰਾਵਾਂ ਤੋ ਬਿਨ੍ਹਾਂ ਵਜਹ ਸੁੰਨੇ ਕਰ ਦਿੱਤੇ ਗਏ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲਾ ਸਾਜਸੀ ਦੁਖਾਂਤ ਵਾਪਰਿਆ ਕਿ ਸਿੱਖ ਨੌਜਵਾਨੀ ਉਤੇ ਜ਼ਬਰ ਜੁਲਮ ਕਰਨ ਵਾਲੇ ਅਤੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸ਼ਹੀਦ ਕਰਨ ਵਾਲੇ ਅਫਸਰ ਤੇ ਅਧਿਕਾਰੀ ਵੀ ਸਿੱਖ ਹੀ ਸਨ । ਕਹਿਣ ਤੋ ਭਾਵ ਸਿੱਖਾਂ ਨੂੰ ਸਿੱਖਾਂ ਤੋ ਮਰਵਾਇਆ ਗਿਆ । ਤਰੱਕੀਆਂ ਤੇ ਧਨ-ਦੌਲਤਾਂ ਦੇ ਭੰਡਾਰ ਪ੍ਰਾਪਤ ਕਰਨ ਦੇ ਲਾਲਚ ਵੱਸ ਹੋ ਕੇ ਇਨ੍ਹਾਂ ਸਿੱਖ ਅਧਿਕਾਰੀਆਂ ਨੇ ਸਿੱਖ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡੀ । ਜਿਸਦਾ ਪ੍ਰਤੱਖ ਪ੍ਰਮਾਣ ਇਹ ਹੈ ਕਿ ਅੱਜ ਦੇ ਅਖ਼ਬਾਰਾਂ ਵਿਚ ਸਰਕਾਰ ਤੇ ਪੁਲਿਸ ਵੱਲੋ ਐਲਾਨੇ ਗਏ ਸ਼ਹੀਦ ਪੁਲਿਸ ਅਧਿਕਾਰੀਆਂ ਦੀ ਫੋਟੋ ਸੂਚੀ ਵਿਚ ਸਭ ਸਿੱਖ ਹੀ ਹਨ ਅਤੇ ਜੋ ਅਧਿਕਾਰੀ ਇਨ੍ਹਾਂ ਸ਼ਹੀਦ ਹੋਏ ਪੁਲਿਸ ਅਧਿਕਾਰੀਆ ਨੂੰ ਐਲਾਨ ਤੇ ਸਨਮਾਨ ਕਰ ਰਹੇ ਹਨ ਉਹ ਸਭ ਕੱਟੜਵਾਦੀ ਹਿੰਦੂ ਸੋਚ ਦੇ ਮਾਲਕ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਅਖ਼ਬਾਰਾਂ ਵਿਚ ਸਰਕਾਰ ਤੇ ਪੁਲਿਸ ਵੱਲੋ ਇਸਤਿਹਾਰਬਾਜੀ ਅਧੀਨ ਸ਼ਹੀਦ ਪੁਲਿਸ ਅਧਿਕਾਰੀਆਂ ਦੀ ਪ੍ਰਕਾਸਿਤ ਕੀਤੀ ਗਈ ਫੋਟੋ ਸੂਚੀ ਵਿਚ ਸਭ ਸਿੱਖ ਹੋਣ ਉਤੇ ਦੁੱਖ ਤੇ ਹੈਰਾਨੀ ਜਾਹਰ ਕਰਦੇ ਹੋਏ ਅਤੇ ਸਿੱਖਾਂ ਤੋ ਹੀ ਸਿੱਖ ਮਰਵਾਉਣ ਦੀ ਸਾਜਿਸ ਨੂੰ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਤੋ ਵਿਰਸੇ ਵਿਚ ਪ੍ਰਾਪਤ ਕੀਤੀ ਗਈ ਸਮਾਜ ਵਿਰੋਧੀ ਨੀਤੀ ਪਾੜੋ ਅਤੇ ਰਾਜ ਕਰੋ ਉਤੇ ਅਮਲ ਕਰਦੇ ਹੋਏ ਪੰਜਾਬ ਸੂਬੇ ਨੂੰ ਇਨ੍ਹਾਂ ਹੁਕਮਰਾਨਾਂ ਨੇ ਢਾਈ ਦਹਾਕੇ ਤੱਕ ਕਤਲੇਆਮ ਕਰਨ ਵਿਚ ਮਸਰੂਫ ਰੱਖਿਆ । ਸਿੱਖਾਂ ਦਾ ਕਤਲੇਆਮ ਕਰਨ ਵਾਲੇ ਵੱਡੇ ਅਫਸਰਾਂ ਵਿਚ ਕੇ.ਪੀ.ਐਸ ਗਿੱਲ, ਫੌਜੀ ਅਫਸਰ ਜਰਨਲ ਬਰਾੜ ਤੇ ਜਰਨਲ ਦਿਆਲ ਵਰਗੇ ਸਿੱਖ ਅਫਸਰ ਆਉਦੇ ਹਨ । ਇਨ੍ਹਾਂ ਹੁਕਮਰਾਨਾਂ ਨੇ ਬੀਤੇ ਸਮੇ ਦੇ ਦੁਖਾਂਤ ਤੋ ਕੋਈ ਸਬਕ ਨਹੀ ਸਿੱਖਿਆ । ਅੱਜ ਵੀ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਭ ਵੱਲੋ ਸਿੱਖਾਂ ਉਤੇ ਜ਼ਬਰ ਦਾ ਦੌਰ ਜਾਰੀ ਹੈ । ਇਹ ਸਭ ਜਮਾਤਾਂ ਸਿੱਖਾਂ ਨੂੰ ਮਾਰਨ ਵਿਚ ਅੱਜ ਵੀ ਇਕ ਕਤਾਰ ਵਿਚ ਖੜ੍ਹੇ ਨਜਰ ਆ ਰਹੇ ਹਨ । ਇਸੇ ਲੜੀ ਵਿਚ ਰਾਜੀਵ ਗਾਂਧੀ ਨੇ 1984 ਵਿਚ ਆਪਣੀ ਅਗਵਾਈ ਤੇ ਹੁਕਮ ਹੇਠ ਸਮੁੱਚੇ ਮੁਲਕ ਵਿਚ ਸਿੱਖਾਂ ਦਾ ਕਤਲੇਆਮ ਹੀ ਨਹੀ ਕਰਵਾਇਆ ਬਲਕਿ ‘ਜਦੋ ਕੋਈ ਵੱਡਾ ਪੇੜ ਗਿਰਦਾ ਹੈ ਤਾਂ ਧਰਤੀ ਕੰਬਦੀ ਹੀ ਹੈ’ ਕਹਿਕੇ ਸਿੱਖਾਂ ਦੇ ਕਤਲੇਆਮ ਨੂੰ ਜਾਇਜ ਵੀ ਠਹਿਰਾਉਦੇ ਰਹੇ। ਦੂਜੇ ਪਾਸੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਸ੍ਰੀ ਅਡਵਾਨੀ ਨੇ ਇਹ ਕਹਿਕੇ ਕਿ ਇਹ ਫ਼ੌਜੀ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਸੰਤ ਭਿੰਡਰਾਂਵਾਲਿਆ ਨੂੰ ‘ਭਸਮਾਸੁਰ’ ਦਾ ਨਾਮ ਦੇ ਕੇ ਸਿੱਖਾਂ ਵਿਰੁੱਧ ਇਨ੍ਹਾਂ ਦੇ ਮਨ ਵਿਚ ਪਣਪ ਰਹੀ ਨਫਰਤ ਨੂੰ ਖੁਦ ਹੀ ਜਾਹਰ ਕੀਤਾ । ਸ੍ਰੀ ਵਾਜਪਾਈ ਨੇ ਫ਼ੌਜੀ ਹਮਲੇ ਉਪਰੰਤ ਮਰਹੂਮ ਇੰਦਰਾ ਗਾਂਧੀ ਨੂੰ ‘ਦੁਰਗਾਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਆ । ਇਨ੍ਹਾਂ ਹਮਲਿਆ ਨੂੰ ਸਹੀ ਕਰਾਰ ਦਿੱਤਾ । 1984 ਦੇ ਕਤਲੇਆਮ ਸਮੇ ਫ਼ੌਜ ਵੱਲੋ ਬੈਰਕਾਂ ਵਿਚੋ ਬਾਹਰ ਨਾ ਆ ਕੇ ਆਪਣੀ ਜਿੰਮੇਵਾਰੀ ਤੋ ਭੱਜਣ ਅਤੇ ਸਿੱਖ ਕਤਲੇਆਮ ਵਿਚ ਹਿੱਸਾ ਬਣਨ ਨੂੰ ਜਾਹਰ ਕੀਤਾ ।
2000 ਵਿਚ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਚ 43 ਨਿਰਦੋਸ ਅਤੇ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਫ਼ੌਜ ਵੱਲੋ ਸਹੀਦ ਕਰ ਦਿੱਤਾ ਗਿਆ । ਜਿਸਦੀ ਅੱਜ ਤੱਕ ਨਾ ਕੋਈ ਜਾਂਚ ਹੋਈ ਅਤੇ ਨਾ ਹੀ ਕਾਤਲਾਂ ਨੂੰ ਕੋਈ ਸਜਾ ਦਿੱਤੀ ਗਈ । 2002 ਵਿਚ ਜਦੋ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 2 ਹਜਾਰ ਨਿਰਦੋਸ ਮੁਸਲਮਾਨਾਂ ਦਾ ਸਾਜਸੀ ਢੰਗ ਨਾਲ ਕਤਲੇਆਮ ਕਰਵਾਇਆ ਸੀ । ਇਸੇ ਤਰ੍ਹਾਂ 2013 ਵਿਚ ਬੀਤੇ 50 ਸਾਲਾਂ ਤੋ ਪੱਕੇ ਤੌਰ ਤੇ ਵੱਸੇ ਹੋਏ ਅਤੇ ਆਪਣੇ ਕਾਰੋਬਾਰ ਕਰਦੇ ਹੋਏ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਜਬਰੀ ਬੇਘਰ ਤੇ ਬੇਜਮੀਨੇ ਕਰ ਦਿੱਤਾ ਸੀ । ਜਿਨ੍ਹਾਂ ਦਾ ਅੱਜ ਤੱਕ ਹਕੂਮਤੀ ਪੱਧਰ ਤੇ ਕੋਈ ਮੁੜ ਵਸੇਬਾ ਨਹੀ ਹੋਇਆ ਜੋ ਹੋਰ ਵੀ ਭਾਰੀ ਵਿਤਕਰੇ ਅਤੇ ਬੇਇਨਸਾਫ਼ੀ ਵਾਲੀ ਕਾਰਵਾਈ ਹੈ । ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ ਨੂੰ ਆਈ.ਐਸ.ਆਈ.ਐਸ ਦੇ ਸੰਗਠਨ ਵੱਲੋ ਬੰਬ ਵਿਸਫੋਟ ਰਾਹੀ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੂਜਾ ਹਮਲਾ ਗੁਰਦੁਆਰਾ ਸ੍ਰੀ ਕਰਤਾ-ਏ-ਪ੍ਰਵਾਨ ਵਿਖੇ ਵੀ ਸਿੱਖਾਂ ਦੇ ਕਤਲ ਕਰ ਦਿੱਤੇ ਗਏ ਸਨ ਅਤੇ ਉਸ ਸਮੇ ਇੰਡੀਆਂ ਦੇ ਵਜੀਰ ਏ ਆਜਮ ਮੋਦੀ ਨੇ ਕਿਹਾ ਸੀ ਕਿ ਅਫਗਾਨੀਸਤਾਨ ਨਾਲ ਇੰਡੀਆ ਦੇ ਚੰਗੇ ਸੰਬੰਧ ਹਨ ਅਤੇ ਇਸਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਕਾਨੂੰਨ ਅਨੁਸਾਰ ਸਜਾ ਦਿਵਾਉਣ ਦਾ ਪ੍ਰਬੰਧ ਕਰਾਂਗੇ । ਪਰ ਦੁੱਖ ਅਤੇ ਅਫਸੋਸ ਹੈ ਇਸ ਦੁਰਘਟਨਾ ਨੂੰ ਵਾਪਰੇ ਹੋਏ ਲੰਮਾਂ ਸਮਾਂ ਬੀਤ ਚੁੱਕਿਆ ਹੈ । ਪਰ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ਼ ਨਾ ਤਾਂ ਵਜੀਰ ਏ ਆਜਮ ਮੋਦੀ ਵੱਲੋ ਦਿਵਾਇਆ ਗਿਆ ਨਾ ਹੀ ਅਫਗਾਨ ਸਰਕਾਰ ਵੱਲੋ ਇਸ ਤੇ ਕੋਈ ਅਮਲ ਹੋਇਆ ਹੈ । ਉਨ੍ਹਾਂ ਕਿਹਾ ਕਿ ਉਪਰੋਕਤ ਕਤਲੇਆਮ ਤੋ ਇਲਾਵਾ ਪਾਕਿਸਤਾਨ ਦੇ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਵੀ ਉਪਰੋਕਤ ਸੰਗਠਨ ਨੇ ਕਤਲ ਕਰ ਦਿੱਤਾ ਸੀ, ਇਸ ਤੋ ਇਲਾਵਾ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਸਿੱਖ ਬੀਬੀ ਸੁਪਿੰਦਰ ਕੌਰ ਨੂੰ ਵੀ ਕਤਲ ਕਰ ਦਿੱਤਾ ਸੀ । ਇਨ੍ਹਾਂ ਸਭ ਕਤਲਾਂ ਦੇ ਦੋਸ਼ੀਆਂ ਵਿਰੁੱਧ ਕੋਈ ਅਮਲ ਨਾ ਹੋਣ ਵੀ ਬਹੁਤ ਦੁੱਖਦਾਇਕ ਹੈ । 2018 ਵਿਚ ਇਰਾਕ ਵਿਚ ਇਸੇ ਉਪਰੋਕਤ ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਿਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਿਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸਮਾ ਸਿਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ ।
14 ਸਾਲਾਂ ਤੋ ਐਸ.ਜੀ.ਪੀ.ਸੀ ਦੀ ਸਿੱਖ ਪਾਰਲੀਮੈਟ ਦੀਆਂ ਚੋਣਾਂ ਨਾ ਕਰਵਾਕੇ ਹੁਕਮਰਾਨ ਵਿਧਾਨਿਕ ਨਿਯਮਾਂ ਦਾ ਨਿਰੰਤਰ ਘਾਣ ਕਰਦੇ ਆ ਰਹੇ ਹਨ । 30-30 ਸਾਲਾਂ ਤੋ ਸਜ਼ਾ ਭੁਗਤ ਚੁੱਕੇ ਬੰਦੀਆਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਜਿਸ ਸ. ਬਲਵੰਤ ਸਿੰਘ ਰਾਜੋਆਣਾ ਨੇ 30 ਸਾਲ ਦੀ ਸਜ਼ਾ ਪੂਰਨ ਕਰ ਲਈ ਹੈ, ਉਸ ਨੂੰ ਫਾਂਸੀ ਦੇਣ ਦੇ ਗੈਰ ਕਾਨੂੰਨੀ ਮਨਸੂਬੇ ਘੜੇ ਜਾ ਰਹੇ ਹਨ । ਜਦੋਕਿ 30 ਸਾਲ ਦੀ ਸਜ਼ਾ ਭੁਗਤਣ ਉਪਰੰਤ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀ ਦਿੱਤੀ ਜਾ ਸਕਦੀ । ਜੋ ਬੀਤੇ ਸਮੇ ਵਿਚ ਹਿੰਦੂਤਵ ਹੁਕਮਰਾਨਾਂ ਨੇ ਸਿੱਖਾਂ ਤੋ ਸਿੱਖ ਮਰਵਾਏ । ਇਸ ਅਮਲ ਤੋ ਜਾਪਦਾ ਹੈ ਕਿ ਹੁਕਮਰਾਨਾਂ ਨੇ ਸਿੱਖਾਂ ਦੀ ਬੁੱਧੀ ਖਰੀਦ ਲਈ ਹੈ । ਇਹ ਲੋਕ ਆਪਣੇ ਹੀ ਨਿਵਾਸੀਆ ਨੂੰ ਮਾਰਕੇ ਕਿਸ ਗੱਲ ਦੀ ਖੁਸ਼ੀ ਮਨਾ ਰਹੇ ਹਨ । ਅਫਸੋਸ ਹੈ ਕਿ ਹੁਕਮਰਾਨਾਂ ਵੱਲੋ ਸਿੱਖਾਂ ਨੂੰ ਨਿਰੰਤਰ ਭਾੜੇ ਦੇ ਫ਼ੌਜੀ ਦੀ ਤਰ੍ਹਾਂ ਵਰਤਕੇ ਪੰਜਾਬ ਸੂਬੇ ਅਤੇ ਸਿੱਖਾਂ ਦਾ ਨਿਰੰਤਰ ਨੁਕਸਾਨ ਕੀਤਾ ਜਾਂਦਾ ਆ ਰਿਹਾ ਹੈ । ਸਿੱਖ ਅਫਸਰ ਅਜਿਹਾ ਵਰਤਾਰਾ ਕਰਕੇ ਆਪਣੇ ਹੀ ਲੋਕਾਂ ਤੇ ਸੂਬੇ ਦਾ ਨੁਕਸਾਨ ਕਰਕੇ ਕੀ ਪ੍ਰਾਪਤੀ ਕਰ ਰਹੇ ਹਨ ? ਦੂਸਰੇ ਪਾਸੇ ਭਾੜੇ ਦੇ ਸਿਪਾਹੀਆਂ ਨੂੰ ਸ਼ਹੀਦ ਗਰਦਾਨਕੇ ਇਸਤਿਹਾਰਬਾਜੀ ਕੀਤੀ ਜਾ ਰਹੀ ਹੈ । ਅਗਲੀ ਵਾਰ ਇਹ ਵੀ ਨਹੀ ਹੋਵੇਗੀ । ਕਿਉਂਕਿ ਸਿੱਖਾਂ ਵਿਰੁੱਧ ਸਾਜਿਸ ਲਈ ਕੁਝ ਹੋਰ ਢੰਗ ਤਰੀਕੇ ਵਰਤੇ ਜਾਣਗੇ । ਪਰ ਅਜਿਹੇ ਦੁਖਾਤਾਂ ਵਿਚ ਸਿੱਖ ਪੁਲਿਸ ਤੇ ਫ਼ੌਜੀ ਅਫਸਰਾਂ ਨੂੰ ਕਦਾਚਿਤ ਆਪਣੇ ਹੀ ਨਿਵਾਸੀਆ ਨੂੰ ਕਤਲੇਆਮ ਕਰਕੇ ਮਾਰਨ ਤੇ ਆਪਣੀ ਆਤਮਾ ਨੂੰ ਦੋਸ਼ੀ ਬਣਾਉਣ ਵਿਚ ਕਤਈ ਭਾਗੀ ਨਹੀ ਬਣਨਾ ਚਾਹੀਦਾ ।