ਬੰਦੀਛੋੜ ਦਿਹਾੜੇ ਦੀ ਸਮੁੱਚੀ ਮਨੁੱਖਤਾ ਤੇ ਸਿੱਖ ਕੌਮ ਨੂੰ ਮੁਬਾਰਕਬਾਦ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋਚ ਉਤੇ ਹੁਕਮਰਾਨਾਂ ਨੂੰ ਅੱਜ ਪਹਿਰਾ ਦੇਣ ਦੀ ਸਖਤ ਲੋੜ : ਮਾਨ
ਫ਼ਤਹਿਗੜ੍ਹ ਸਾਹਿਬ, 20 ਅਕਤੂਬਰ ( ) “ਆਉਣ ਵਾਲੇ ਕੱਲ੍ਹ ਕੇਵਲ ਸਿੱਖ ਕੌਮ ਦਾ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਲਈ ਇਕ ਬਹੁਤ ਵੱਡਾ ਅਰਥ ਭਰਪੂਰ ਬੰਦੀਛੋੜ ਦਿਹਾੜਾ ਹੈ । ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੀ ਸਿੱਖ ਕੌਮ ਅਤੇ ਮਨੁੱਖਤਾ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਇਹ ਉਮੀਦ ਕਰਦਾ ਹੈ ਕਿ ਜਿਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸ਼ਾਲਤਾਂ ਮਨੁੱਖਤਾ ਪੱਖੀ ਉਦਮ ਕਰਕੇ ਬਾਦਸ਼ਾਹ ਜਾਂਹਗੀਰ ਦੀ ਕੈਦ ਵਿਚੋ ਆਪਣੀ ਰਿਹਾਈ ਸਮੇਂ 52 ਹਿੰਦੂ ਪਹਾੜੀ ਰਾਜਿਆ ਨੂੰ ਰਿਹਾਅ ਕਰਵਾਕੇ ਮਨੁੱਖਤਾ ਪੱਖੀ ਉਦਮ ਕੀਤੇ ਸਨ, ਉਸੇ ਸੋਚ ਨੂੰ ਲੈਕੇ ਹੁਕਮਰਾਨਾਂ ਨੂੰ ਵੀ ਚਾਹੀਦਾ ਹੈ ਕਿ ਜੋ 30-30 ਸਾਲਾਂ ਤੋ ਸਿੱਖਾਂ ਨੂੰ ਕਾਲ-ਕੋਠੜੀਆਂ ਵਿਚ ਬੰਦ ਕਰਕੇ ਵੱਡੀ ਮਾਨਸਿਕ ਤੇ ਸਰੀਰਕ ਸਜਾ ਦਿੱਤੀ ਹੋਈ ਹੈ, ਉਹ ਇਸ ਮਹਾਨ ਦਿਹਾੜੇ ਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਸੋਚ ਉਤੇ ਅਮਲ ਕਰਕੇ ਉਨ੍ਹਾਂ 30-30 ਸਾਲਾਂ ਤੋ ਬੰਦੀ ਬਣਾਏ ਗਏ ਸਿੱਖਾਂ ਨੂੰ ਤੁਰੰਤ ਰਿਹਾਅ ਕਰਵਾਉਣ ਦੇ ਹੁਕਮ ਕਰਨ ਅਤੇ ਸਮੁੱਚੇ ਸੰਸਾਰ ਵਿਚ ਉਨ੍ਹਾਂ ਦੇ ਸੰਦੇਸ ਨੂੰ ਪਹੁੰਚਾਉਣ ਤਾਂ ਕਿ ਮਨੁੱਖਤਾ ਪੱਖੀ ਉਦਮਾਂ ਨੂੰ ਸੰਸਾਰ ਪੱਧਰ ਤੇ ਬਲ ਮਿਲ ਸਕੇ ਅਤੇ ਜਮਹੂਰੀ ਕਦਰਾਂ ਕੀਮਤਾਂ ਦੀ ਰੱਖਿਆ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਦੀਛੋੜ ਦੇ ਮਹਾਨ ਦਿਹਾੜੇ ਉਤੇ ਸਮੁੱਚੀ ਮਨੁੱਖਤਾ ਅਤੇ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਅਤੇ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਵਿਤਕਰੇ ਅਤੇ ਜ਼ਬਰ ਜੁਲਮ ਦੀ ਅਪਣਾਈ ਜਾ ਰਹੀ ਅਣਮਨੁੱਖੀ ਸੋਚ ਨੂੰ ਸਦਾ ਲਈ ਅਲਵਿਦਾ ਕਹਿਕੇ ਜੇਲ੍ਹਾਂ ਵਿਚ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ ਦੀ ਆਵਾਜ ਉਠਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2000 ਵਿਚ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਚ 43 ਨਿਰਦੋਸ ਅਤੇ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਫ਼ੌਜ ਵੱਲੋ ਸਹੀਦ ਕਰ ਦਿੱਤਾ ਗਿਆ । ਜਿਸਦੀ ਅੱਜ ਤੱਕ ਨਾ ਕੋਈ ਜਾਂਚ ਹੋਈ ਅਤੇ ਨਾ ਹੀ ਕਾਤਲਾਂ ਨੂੰ ਕੋਈ ਸਜਾ ਦਿੱਤੀ ਗਈ । 2002 ਵਿਚ ਜਦੋ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 2 ਹਜਾਰ ਨਿਰਦੋਸ ਮੁਸਲਮਾਨਾਂ ਦਾ ਸਾਜਸੀ ਢੰਗ ਨਾਲ ਕਤਲੇਆਮ ਕਰਵਾਇਆ ਸੀ । ਇਸੇ ਤਰ੍ਹਾਂ 2013 ਵਿਚ ਬੀਤੇ 50 ਸਾਲਾਂ ਤੋ ਪੱਕੇ ਤੌਰ ਤੇ ਵੱਸੇ ਹੋਏ ਅਤੇ ਆਪਣੇ ਕਾਰੋਬਾਰ ਕਰਦੇ ਹੋਏ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਜਬਰੀ ਬੇਘਰ ਤੇ ਬੇਜਮੀਨੇ ਕਰ ਦਿੱਤਾ ਸੀ । ਜਿਨ੍ਹਾਂ ਦਾ ਅੱਜ ਤੱਕ ਹਕੂਮਤੀ ਪੱਧਰ ਤੇ ਕੋਈ ਮੁੜ ਵਸੇਬਾ ਨਹੀ ਹੋਇਆ ਜੋ ਹੋਰ ਵੀ ਭਾਰੀ ਵਿਤਕਰੇ ਅਤੇ ਬੇਇਨਸਾਫ਼ੀ ਵਾਲੀ ਕਾਰਵਾਈ ਹੈ । ਅਫਗਾਨੀਸਤਾਨ ਦੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਬੁਲ ਵਿਖੇ 25 ਸਿੱਖਾਂ ਨੂੰ ਆਈ.ਐਸ.ਆਈ.ਐਸ ਦੇ ਸੰਗਠਨ ਵੱਲੋ ਬੰਬ ਵਿਸਫੋਟ ਰਾਹੀ ਕਤਲ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਦੂਜਾ ਹਮਲਾ ਗੁਰਦੁਆਰਾ ਸ੍ਰੀ ਕਰਤਾ-ਏ-ਪ੍ਰਵਾਨ ਵਿਖੇ ਵੀ ਸਿੱਖਾਂ ਦੇ ਕਤਲ ਕਰ ਦਿੱਤੇ ਗਏ ਸਨ ਅਤੇ ਉਸ ਸਮੇ ਇੰਡੀਆਂ ਦੇ ਵਜੀਰ ਏ ਆਜਮ ਮੋਦੀ ਨੇ ਕਿਹਾ ਸੀ ਕਿ ਅਫਗਾਨੀਸਤਾਨ ਨਾਲ ਇੰਡੀਆ ਦੇ ਚੰਗੇ ਸੰਬੰਧ ਹਨ ਅਤੇ ਇਸਦੀ ਜਾਂਚ ਕਰਵਾਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਕਾਨੂੰਨ ਅਨੁਸਾਰ ਸਜਾ ਦਿਵਾਉਣ ਦਾ ਪ੍ਰਬੰਧ ਕਰਾਂਗੇ । ਪਰ ਦੁੱਖ ਅਤੇ ਅਫਸੋਸ ਹੈ ਇਸ ਦੁਰਘਟਨਾ ਨੂੰ ਵਾਪਰੇ ਹੋਏ ਲੰਮਾਂ ਸਮਾਂ ਬੀਤ ਚੁੱਕਿਆ ਹੈ । ਪਰ ਸਿੱਖ ਕੌਮ ਨੂੰ ਅੱਜ ਤੱਕ ਕੋਈ ਇਨਸਾਫ਼ ਨਾ ਤਾਂ ਵਜੀਰ ਏ ਆਜਮ ਮੋਦੀ ਵੱਲੋ ਦਿਵਾਇਆ ਗਿਆ ਨਾ ਹੀ ਅਫਗਾਨ ਸਰਕਾਰ ਵੱਲੋ ਇਸ ਤੇ ਕੋਈ ਅਮਲ ਹੋਇਆ ਹੈ । ਉਨ੍ਹਾਂ ਕਿਹਾ ਕਿ ਉਪਰੋਕਤ ਕਤਲੇਆਮ ਤੋ ਇਲਾਵਾ ਪਾਕਿਸਤਾਨ ਦੇ ਪੇਸਾਵਰ ਵਿਖੇ ਇਕ ਸਿੱਖ ਹਕੀਮ ਨੂੰ ਵੀ ਉਪਰੋਕਤ ਸੰਗਠਨ ਨੇ ਕਤਲ ਕਰ ਦਿੱਤਾ ਸੀ, ਇਸ ਤੋ ਇਲਾਵਾ ਸ੍ਰੀਨਗਰ ਵਿਚ ਇਕ ਪ੍ਰਿੰਸੀਪਲ ਸਿੱਖ ਬੀਬੀ ਸੁਪਿੰਦਰ ਕੌਰ ਨੂੰ ਵੀ ਕਤਲ ਕਰ ਦਿੱਤਾ ਸੀ । ਇਨ੍ਹਾਂ ਸਭ ਕਤਲਾਂ ਦੇ ਦੋਸ਼ੀਆਂ ਵਿਰੁੱਧ ਕੋਈ ਅਮਲ ਨਾ ਹੋਣ ਵੀ ਬਹੁਤ ਦੁੱਖਦਾਇਕ ਹੈ । 2018 ਵਿਚ ਇਰਾਕ ਵਿਚ ਇਸੇ ਉਪਰੋਕਤ ਸੰਗਠਨ ਨੇ 38 ਨਿਰਦੋਸ ਸਿੱਖਾਂ ਨੂੰ ਫੜਕੇ ਬਹੁਤ ਬੇਰਹਿੰਮੀ ਨਾਲ ਕਤਲ ਕਰ ਦਿੱਤਾ ਸੀ । ਉਸ ਸਮੇ ਇੰਡੀਆ ਦੀ ਵਿਦੇਸ ਵਜੀਰ ਬੀਬੀ ਸੁਸਮਾ ਸਿਵਰਾਜ ਸਨ । ਇਸੇ ਦੌਰਾਨ ਕੇਰਲਾ ਦੀਆਂ ਕੁਝ ਨਰਸਾਂ ਨੂੰ ਵੀ ਉਪਰੋਕਤ ਸੰਗਠਨ ਨੇ ਆਪਣੇ ਕੈਦੀ ਬਣਾ ਲਿਆ ਸੀ, ਬੀਬੀ ਸਿਵਰਾਜ ਨੇ ਅਤੇ ਇੰਡੀਅਨ ਹੁਕਮਰਾਨਾਂ ਨੇ ਪਹੁੰਚ ਕਰਕੇ ਕੇਰਲਾ ਦੀਆਂ ਬੀਬੀਆਂ ਨੂੰ ਰਿਹਾਅ ਕਰਵਾ ਲਿਆ ਸੀ । ਪਰ ਉਪਰੋਕਤ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਇੰਡੀਅਨ ਹੁਕਮਰਾਨਾਂ ਨੇ ਸੰਜੀਦਗੀ ਤੇ ਇਮਾਨਦਾਰੀ ਨਾਲ ਕੋਈ ਅਮਲ ਨਾ ਕੀਤਾ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਕੇਰਲਾ ਵਿਚ ਆਈ.ਐਸ.ਆਈ.ਐਸ ਸੈਟਰ ਦੇ ਟ੍ਰੇਨਿੰਗ ਸੈਟਰ ਸਨ ਜਿਸ ਨਾਲ ਕੇਰਲਾ ਸੂਬੇ ਨਾਲ ਇਸ ਸੰਗਠਨ ਦਾ ਸੰਬੰਧ ਜੁੜਿਆ ਹੋਇਆ ਸੀ ਅਤੇ ਇੰਡੀਅਨ ਹੁਕਰਮਾਨਾਂ ਦੇ ਵੀ ਇਸ ਸੰਗਠਨ ਨਾਲ ਅੱਛੇ ਸੰਬੰਧ ਸਨ । ਜੇਕਰ ਸਿੱਖਾਂ ਨੂੰ ਇਰਾਕ ਵਿਚੋ ਨਹੀ ਛੁਡਾਇਆ ਗਿਆ ਅਤੇ ਕਤਲ ਹੋਣ ਤੋ ਨਾ ਬਚਾਇਆ ਗਿਆ ਇਸ ਵਿਚ ਮੋਦੀ ਹਕੂਮਤ ਅਤੇ ਉਸ ਸਮੇ ਦੀ ਵਿਦੇਸ ਵਜੀਰ ਮਰਹੂਮ ਸੁਸਮਾ ਸਿਵਰਾਜ ਵੀ ਦੋਸ਼ੀ ਸਨ । ਜਿਨ੍ਹਾਂ ਨੇ ਆਪਣੇ ਇੰਡੀਅਨ ਨਾਗਰਿਕਾਂ ਦੀ ਜਿੰਦਗੀ ਬਚਾਉਣ ਲਈ ਕੋਈ ਅਮਲ ਨਾ ਕੀਤਾ।
ਉਨ੍ਹਾਂ ਕਿਹਾ ਕਿ 30-30 ਸਾਲਾਂ ਤੋ ਸਜ਼ਾ ਭੁਗਤ ਚੁੱਕੇ ਬੰਦੀਆਂ ਨੂੰ ਰਿਹਾਅ ਨਹੀ ਕੀਤਾ ਜਾ ਰਿਹਾ । ਜਿਸ ਸ. ਬਲਵੰਤ ਸਿੰਘ ਰਾਜੋਆਣਾ ਨੇ 30 ਸਾਲ ਦੀ ਸਜ਼ਾ ਪੂਰਨ ਕਰ ਲਈ ਹੈ, ਉਸ ਨੂੰ ਫਾਂਸੀ ਦੇਣ ਦੇ ਗੈਰ ਕਾਨੂੰਨੀ ਮਨਸੂਬੇ ਘੜੇ ਜਾ ਰਹੇ ਹਨ । ਜਦੋਕਿ 30 ਸਾਲ ਦੀ ਸਜ਼ਾ ਭੁਗਤਣ ਉਪਰੰਤ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀ ਦਿੱਤੀ ਜਾ ਸਕਦੀ । ਜੋ ਸਿੱਖ ਕੌਮ ਨੂੰ ਲੰਮੇ ਸਮੇ ਤੋ ਹੁਕਮਰਾਨਾਂ ਵੱਲੋ ਇਨਸਾਫ਼ ਨਹੀ ਦਿੱਤਾ ਜਾ ਰਿਹਾ ਇਸ ਨਾਲ ਹਾਲਾਤ ਹੋਰ ਵਿਸਫੋਟਕ ਬਣ ਸਕਦੇ ਹਨ । ਇਸ ਲਈ ਇਸ ਮੌਕੇ ਤੇ ਇਹ ਬਿਹਤਰ ਹੋਵੇਗਾ ਕਿ ਹੁਕਮਰਾਨ ਸਿੱਖਾਂ ਨਾਲ ਹੋਏ ਜ਼ਬਰ ਜੁਲਮ ਤੇ ਬੇਇਨਸਾਫ਼ੀ ਦਾ ਅੰਤ ਕਰਦੇ ਹੋਏ ਹਰ ਪੱਧਰ ਤੇ ਇਨਸਾਫ਼ ਦੇਣ ਦਾ ਪ੍ਰਬੰਧ ਕਰਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋਚ ਨੂੰ ਸੰਸਾਰ ਪੱਧਰ ਤੇ ਹੋਰ ਮਜਬੂਤ ਕਰਨ ।