ਮੰਨੂਸਮ੍ਰਿਤੀ ਦੀ ਸੋਚ ਮਨੁੱਖੀ ਤੇ ਇਨਸਾਨੀ ਹੱਕਾਂ ਨੂੰ ਕੁੱਚਲਣ ਵਾਲੀ : ਮਾਨ
ਫ਼ਤਹਿਗੜ੍ਹ ਸਾਹਿਬ, 14 ਅਕਤੂਬਰ ( ) “ਜੋ ਆਰੀਅਨ ਲੋਕ ਹਨ ਉਨ੍ਹਾਂ ਦੇ ਮਨ-ਆਤਮਾ ਵਿਚ ਆਪਣੇ ਆਪ ਨੂੰ ਉੱਚੇ ਦਰਜੇ ਦੇ ਨਿਵਾਸੀ ਕਹਾਉਣ ਵਾਲੀ ਸੋਚ ਪ੍ਰਬਲ ਹੈ । ਇਹੀ ਵਜਹ ਹੈ ਕਿ ਉਹ ਬੀਤੇ ਸਮੇ ਵਿਚ ਵੀ ਅਕਸਰ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਆਪਣੇ ਗੁਲਾਮ ਬਣਾਉਣ ਦੀ ਸੋਚ ਅਧੀਨ ਉਨ੍ਹਾਂ ਦੇ ਕੰਨਾਂ ਵਿਚ ਗਰਮ ਤੇਲ, ਸਿੱਕਾ ਢਾਲਕੇ ਪਾਉਣ, ਉਨ੍ਹਾਂ ਦੇ ਬੁੱਲਾਂ ਨੂੰ ਸੀ ਦੇਣ, ਸਰੀਆ ਗਰਮ ਕਰਕੇ ਉਨ੍ਹਾਂ ਦੀ ਜੀਭ ਵਿਚੋ ਕੱਢ ਦੇਣ ਦੇ ਅਣਮਨੁੱਖੀ ਤੇ ਗੈਰ ਇਨਸਾਨੀ ਅਮਲ ਕਰਦੇ ਰਹੇ ਹਨ । ਇਹ ਇਨ੍ਹਾਂ ਦੀ ਸੱਭਿਅਤਾ ਦਾ ਸਮਾਜ ਵਿਰੋਧੀ ਅਮਲ ਹੈ । ਜੋ ਕਿ ਅਸਲ ਵਿਚ ਨਸਲਵਾਦ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰੀਅਨ ਲੋਕਾਂ ਦੀ ਮੰਨੂਸਮ੍ਰਿਤੀ ਵਾਲੀ ਸੋਚ ਨੂੰ ਗੈਰ ਇਨਸਾਨੀ, ਅਣਮਨੁੱਖੀ ਅਤੇ ਸਮਾਜ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਜਿਵੇ ਹਿਟਲਰ ਨਾਜੀ ਯਹੂਦੀਆਂ ਨਾਲ ਜ਼ਬਰ-ਜੁਲਮ ਕਰਕੇ ਉਨ੍ਹਾਂ ਨੂੰ ਗੈਸ ਚੈਬਰਾਂ ਵਿਚ ਪਾ ਕੇ ਲੱਖਾਂ ਦੀ ਗਿਣਤੀ ਵਿਚ ਸਾੜਦੇ ਰਹੇ ਹਨ । ਉਸੇ ਤਰ੍ਹਾਂ ਇਹ ਹਿੰਦੂਤਵ ਹੁਕਮਰਾਨ ਵੀ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੀ ਸੋਚ ਅਧੀਨ ਜ਼ਬਰ-ਜੁਲਮ ਕਰਦੇ ਰਹੇ ਹਨ ਜੋ ਕਿ ਅੱਜ ਵੀ ਜਾਰੀ ਹੈ । ਇਹ ਹੁਕਮਰਾਨ ਅੱਜ ਵੀ ਮੁਸਲਿਮ, ਇਸਾਈ, ਸਿੱਖ ਪਹਾੜਾਂ ਅਤੇ ਜੰਗਲਾਂ ਵਿਚ ਵੱਸਣ ਵਾਲੇ ਆਦਿਵਾਸੀ ਅਤੇ ਹੋਰ ਕਬੀਲਿਆ ਨਾਲ ਹਰ ਖੇਤਰ ਵਿਚ ਨਿਰੰਤਰ ਜੁਲਮ ਕਰਦੇ ਆ ਰਹੇ ਹਨ । ਉਨ੍ਹਾਂ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ, ਉਨ੍ਹਾਂ ਦੇ ਆਮਦਨ ਦੇ ਸਾਧਨਾਂ ਨੂੰ ਲੁੱਟਕੇ ਉਨ੍ਹਾਂ ਦੀ ਜਿੰਦਗੀ ਨੂੰ ਦੂਜੇ ਦਰਜੇ ਦੇ ਸ਼ਹਿਰੀਆਂ ਦੀ ਤਰ੍ਹਾਂ ਵਰਤਾਅ ਕਰ ਰਹੇ ਹਨ । ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ, ਕਾਨੂੰਨਾਂ, ਨਿਯਮਾਂ ਦੀ ਘੋਰ ਉਲੰਘਣਾ ਹੈ । ਜਦੋਕਿ ਇੰਡੀਅਨ ਵਿਧਾਨ ਦੀ ਧਾਰਾ 14, 19 ਅਤੇ 21 ਸਭਨਾਂ ਨਿਵਾਸੀਆ ਨੂੰ ਬਰਾਬਰਤਾ ਦੀ ਸੋਚ ਨਾਲ ਵਿਚਰਣ, ਆਪਣੀ ਜਿੰਦਗੀ ਨੂੰ ਆਜਾਦੀ ਨਾਲ ਜਿਊਂਣ ਅਤੇ ਆਪਣੇ ਵਿਚਾਰਾਂ ਤੇ ਖਿਆਲਾਂ ਨੂੰ ਖੁਲਦਿਲੀ ਨਾਲ ਪ੍ਰਗਟਾਉਣ ਦੇ ਅਧਿਕਾਰ ਦਿੰਦੀ ਹੈ। ਜੋ ਕਿ ਇਹ ਹੁਕਮਰਾਨ ਇਨ੍ਹਾਂ ਵਿਧਾਨਿਕ ਅਧਿਕਾਰਾਂ ਦਾ ਅੱਜ ਵੀ ਘੋਰ ਉਲੰਘਣ ਕਰਕੇ ਆਪਣੇ ਹੀ ਇੰਡੀਅਨ ਵਿਧਾਨ ਦੇ ਨਿਯਮਾਂ ਨੂੰ ਕੁੱਚਲ ਰਹੇ ਹਨ । ਜਿਸ ਨੂੰ ਘੱਟ ਗਿਣਤੀ ਕੌਮਾਂ ਕਦਾਚਿਤ ਨਾ ਤਾਂ ਬਰਦਾਸਤ ਕਰਨਗੀਆ ਅਤੇ ਨਾ ਹੀ ਅਜਿਹੇ ਵਿਵਹਾਰ ਨੂੰ ਪ੍ਰਵਾਨ ਕਰਨਗੀਆ । ਇਸ ਲਈ ਇਹ ਬਿਹਤਰ ਹੋਵੇਗਾ ਕਿ ਆਪਣੀ ਮੰਨੂਸਮ੍ਰਿਤੀ ਦੀ ਮਨੁੱਖਤਾ ਵਿਰੌਧੀ ਸੋਚ ਨੂੰ ਹੁਕਮਰਾਨ ਅਲਵਿਦਾ ਕਹਿਕੇ ਇਥੇ ਘੱਟ ਗਿਣਤੀ ਕੌਮਾਂ ਦੇ ਕੁੱਚਲਕੇ ਜਾ ਰਹੇ ਹੱਕਾਂ, ਅਧਿਕਾਰਾਂ ਨੂੰ ਬਹਾਲ ਕਰਕੇ ਬਰਾਬਰਤਾ ਦੀ ਸੋਚ ਨੂੰ ਲਾਗੂ ਕਰਨ ਅਤੇ ਇਨ੍ਹਾਂ ਨਿਵਾਸੀਆ ਨੂੰ ਵਿਧਾਨਿਕ ਨਿਯਮਾਂ ਅਨੁਸਾਰ ਆਜਾਦੀ ਨਾਲ ਜਿੰਦਗੀ ਜਿਊਂਣ ਦੇ ਹੱਕ ਪ੍ਰਦਾਨ ਕਰਨ ।