ਸਾਰੇ ਮੁਲਕ ਦਾ ਢਿੱਡ ਭਰਨ ਵਾਲੇ ਅਤੇ ਸਰਹੱਦਾਂ ਤੇ ਸ਼ਹਾਦਤਾਂ ਦੇ ਕੇ ਰਾਖੀ ਕਰਨ ਵਾਲਾ ਪੰਜਾਬ ਕਦੀ ਵੀ ਮੰਗਤਾ ਨਹੀ ਬਣ ਸਕਦਾ : ਮਾਨ
ਫ਼ਤਹਿਗੜ੍ਹ ਸਾਹਿਬ, 13 ਸਤੰਬਰ ( ) “ਇਹ ਹਿੰਦੂਤਵ ਹੁਕਮਰਾਨ ਹਮੇਸ਼ਾਂ ਆਪਣੇ ਮਨ ਵਿਚ ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਨਫਰਤ ਭਰੀ ਮੰਦਭਾਵਨਾ ਰੱਖਕੇ ਹੀ ਅਮਲ ਕਰਦੇ ਆ ਰਹੇ ਹਨ । ਸੁਰੂ ਤੋ ਹੀ ਇਨ੍ਹਾਂ ਦੀ ਸੋਚ ਮਨੁੱਖਤਾ ਵਿਰੋਧੀ ਤੇ ਇਨਸਾਨੀਅਤ ਵਿਰੋਧੀ ਰਾਹੀ ਹੈ ਕਿ ਜੋ ਪੰਜਾਬ ਸੂਬਾ ਸਾਰੇ ਮੁਲਕ ਦਾ ਢਿੱਡ ਭਰਦਾ ਹੈ ਅਤੇ ਮੁਲਕ ਦੀਆਂ ਸਰਹੱਦਾਂ ਤੇ ਆਪਣੀਆ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਰਾਖੀ ਕਰਦਾ ਆ ਰਿਹਾ ਹੈ, ਉਸ ਨੂੰ ਮਾਲੀ, ਸਮਾਜਿਕ, ਧਾਰਮਿਕ ਤੇ ਇਖਲਾਕੀ ਤੌਰ ਤੇ ਘਸਿਆਰਾ ਬਣਾਕੇ ਇਨ੍ਹਾਂ ਗੈਰ ਇਖਲਾਕੀ ਹੁਕਮਰਾਨਾਂ ਦਾ ਗੁਲਾਮ ਬਣਾਇਆ ਜਾ ਸਕੇ । ਜਦੋਕਿ ਸਮੁੱਚੇ ਸੰਸਾਰ ਨੂੰ ਅਤੇ ਇਨ੍ਹਾਂ ਨੂੰ ਇਹ ਜਾਣਕਾਰੀ ਹੈ ਕਿ ਮੁਲਕ ਦਾ ਢਿੱਡ ਭਰਨ ਵਾਲਾ ਅਤੇ ਸਰਹੱਦਾਂ ਤੇ ਰਾਖੀ ਕਰਦੇ ਹੋਏ ਸ਼ਹਾਦਤਾਂ ਦੇਣ ਵਾਲਾ ਪੰਜਾਬ ਸੂਬਾ ਪੰਜਾਬੀ ਅਤੇ ਸਿੱਖ ਕੌਮ ਕਦੀ ਵੀ ਮੰਗਤਾ ਨਹੀ ਬਣ ਸਕਦੇ ਅਤੇ ਨਾ ਹੀ ਇਨ੍ਹਾਂ ਦੀਆਂ ਅਜਿਹੀਆ ਮੰਦਭਾਵਨਾ ਭਰੀ ਸੋਚ ਨੂੰ ਕਦੀ ਬੂਰ ਪੈ ਸਕਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਭਾਜਪਾ ਦੇ ਆਗੂ ਸ੍ਰੀ ਜਾਖੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪੰਜਾਬ ਸੂਬੇ ਲਈ ਹੋਰ ਰਾਹਤ ਫੰਡ ਪ੍ਰਾਪਤ ਕਰਨ ਲਈ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ ਨੂੰ ਮਿਲਕੇ ਲਿਲਕੜੀਆ ਕੱਢਣ ਦੀ ਦਿੱਤੀ ਗਈ ਪੰਜਾਬ ਦੀ ਅਣਖ ਵਿਰੋਧੀ ਰਾਏ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਮਸਲੇ ਉਤੇ ਪੰਜਾਬੀ ਦੀ ਕਹਾਵਤ ‘ਜਦੋਂ ਗਿੱਦੜ ਦੇ ਗੂੰਹ ਦੀ ਲੋੜ ਪੈਦੀ ਹੈ ਤਾਂ ਉਹ ਪਹਾੜੀ ਚੜ੍ਹ ਜਾਂਦਾ ਹੈ’ ਨਾਲ ਸੈਟਰ ਦੇ ਹੁਕਮਰਾਨਾਂ ਨੂੰ ਤਸਵੀਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਮੁਤੱਸਵੀ ਹਿੰਦੂਤਵ ਹੁਕਮਰਾਨ ਬਿਲਕੁਲ ਭੁੱਲ ਚੁੱਕੇ ਹਨ ਕਿ ਜਿਸ ਹਿੰਦੂ ਧਰਮ ਅਤੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਤੋ ਬਚਾਉਣ ਲਈ ਸਾਡੇ ਗੁਰੂ ਸਾਹਿਬਾਨ ਨੇ ਮਹਾਨ ਕੁਰਬਾਨੀਆਂ ਅਤੇ ਸ਼ਹਾਦਤਾਂ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਅਤੇ ਅਹਿਮਦਸ਼ਾਹ ਅਬਦਾਲੀ ਤੇ ਨਾਦਰ ਸਾਹ ਵਰਗੇ ਜਾਲਮ ਧਾੜਵੀ ਜਦੋ ਹਜਾਰਾਂ ਦੀ ਗਿਣਤੀ ਵਿਚ ਹਿੰਦੂ ਬਹੂ-ਬੇਟੀਆ ਨੂੰ ਜ਼ਬਰੀ ਚੁੱਕ ਕੇ ਲੈ ਜਾਂਦੇ ਸਨ ਅਤੇ ਗਜਨੀ ਦੇ ਬਜਾਰਾਂ ਵਿਚ ਟਕੇ ਟਕੇ ਦੀ ਵੇਚਣ ਦੇ ਸਮਾਜ ਵਿਰੋਧੀ ਅਮਲ ਕਰਦੇ ਸਨ ਤਾਂ ਇਹ ਸਿੱਖ ਕੌਮ ਹੀ ਸੀ ਜੋ ਆਪਣੇ ਇਨਸਾਨੀ ਫਰਜਾਂ ਤੇ ਡੱਟਕੇ ਪਹਿਰਾ ਦਿੰਦੇ ਹੋਏ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਇਨ੍ਹਾਂ ਜਾਬਰਾਂ ਉਤੇ ਹਮਲੇ ਕਰਕੇ ਇਨ੍ਹਾਂ ਹਿੰਦੂ ਬਹੂ-ਬੇਟੀਆ ਨੂੰ ਉਨ੍ਹਾਂ ਤੋ ਛੁਡਵਾਕੇ ਬਾਇੱਜਤ ਇਨ੍ਹਾਂ ਦੇ ਘਰੋ ਘਰੀ ਪਹੁੰਚਾਉਦੇ ਰਹੇ ਹਨ । ਜਦੋ ਕਈ ਹਿੰਦੂ ਪਰਿਵਾਰ ਆਪਣੀਆ ਬਹੂ ਬੇਟੀਆ ਨੂੰ ਪ੍ਰਵਾਨ ਨਹੀ ਸੀ ਕਰਦੇ ਤਾਂ ਇਹ ਖਾਲਸਾ ਪੰਥ ਹੀ ਸੀ ਕਿ ਅਜਿਹੀਆ ਬਹੂ ਬੇਟੀਆ ਨੂੰ ਆਪਣੀਆ ਧਰਮ ਪਤਨੀਆ ਬਣਾਕੇ ਮਨੁੱਖਤਾ ਦੀ ਰਾਖੀ ਕਰਦੇ ਰਹੇ ਹਨ । ਇਥੋ ਤੱਕ ਕਿ ਜੋ ਸੋਮਨਾਥ ਮੰਦਰ ਦੇ ਦਰਵਾਜੇ ਸਨ, ਜਿਨ੍ਹਾਂ ਨੂੰ ਧਾੜਵੀ ਲੁੱਟ ਕੇ ਲੈ ਗਏ ਸਨ, ਉਹ ਵੀ ਖਾਲਸਾ ਪੰਥ ਨੇ ਵਾਪਸ ਲੈਕੇ ਆਪਣੇ ਸ੍ਰੀ ਦਰਬਾਰ ਸਾਹਿਬ ਸੁਰੱਖਿਅਤ ਕੀਤੇ ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਬੀਬੀਆ ਦੇ ਸਤਿਕਾਰ ਵੱਜੋ ਸ਼ਬਦ ਉਚਾਰਦੇ ਹੋਏ ‘ਸੋ ਕਿਉ ਮੰਦਾ ਆਖਿਐ ਜਿਤੁ ਜੰਮੈ ਰਾਜਾਨਿ’ ਕਹਿਕੇ ਬੀਬੀਆ ਨੂੰ ਸਤਿਕਾਰ ਤੇ ਬਰਾਬਰਤਾ ਦੇ ਹੱਕ ਪ੍ਰਦਾਨ ਕੀਤੇ, ਜੋ ਹੁਕਮਰਾਨ ਬੀਬੀਆ ਦੀ ਹੀ ਇੱਜਤ ਨਾ ਕਰੇ, ਆਪਣੀ ਧਰਮਸਪਤਨੀ ਨੂੰ ਹੀ ਗ੍ਰਹਿਸਤ ਵੱਜੋ ਆਪਣੇ ਨਾਲ ਰੱਖਣ ਤੋ ਹੀ ਇਨਕਾਰੀ ਹੋ ਜਾਵੇ, ਅਜਿਹੇ ਇਨਸਾਨ ਤੋ ਸਮਾਜਿਕ ਕਦਰਾਂ ਕੀਮਤਾਂ ਅਤੇ ਇਥੋ ਦੇ ਪ੍ਰਬੰਧ ਨੂੰ ਸਹੀ ਦਿਸ਼ਾ ਦੇਣ ਦੀ ਕਿਵੇ ਉਮੀਦ ਰੱਖੀ ਜਾ ਸਕਦੀ ਹੈ ? ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਪੰਜਾਬੀਆਂ ਅਤੇ ਸਿੱਖ ਕੌਮ ਵਰਗੀ ਬਹਾਦਰ ਤੇ ਤਿਆਗ ਦੀ ਭਾਵਨਾ ਰੱਖਣ ਵਾਲੀ ਕੌਮ ਦੀ ਆਰਥਿਕਤਾ ਨੂੰ ਮਜਬੂਤੀ ਦੇਣ ਹਿੱਤ ਜੋ ਸਾਡੇ ਕੌਮਾਂਤਰੀ ਵਪਾਰ ਨੂੰ ਵਧਾਉਣ ਹਿੱਤ ਸਰਹੱਦਾਂ ਖੋਲਣ ਦੀ ਚਿਰੋਕੀ ਮੰਗ ਚੱਲਦੀ ਆ ਰਹੀ ਹੈ ਉਸ ਉਤੇ ਇਹ ਹੁਕਮਰਾਨ ਜਾਣਬੁੱਝ ਕੇ ਅਮਲ ਨਹੀ ਕਰ ਰਹੇ ਕਿਉਂਕਿ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਵੱਡੀ ਮੰਦਭਾਵਨਾ ਰੱਖਦੇ ਹਨ, ਸਾਡੇ ਨਾਲ ਅਜਿਹਾ ਅਮਲ ਕਰਦੇ ਹਨ ਜਿਵੇ ਪੰਜਾਬ ਇੰਡੀਆ ਦਾ ਹਿੱਸਾ ਹੀ ਨਾ ਹੋਵੇ । ਜੇਕਰ ਇਹ ਪੰਜਾਬ ਨੂੰ ਇੰਡੀਆ ਦਾ ਹਿੱਸਾ ਹੀ ਪ੍ਰਵਾਨ ਨਹੀ ਕਰਦੇ ਫਿਰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਾਡੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਵਿਚ ਕੌਮਾਂਤਰੀ ਪੱਧਰ ਤੇ ਰੁਕਾਵਟਾਂ ਕਿਉਂ ਖੜ੍ਹੀਆ ਕਰ ਰਹੇ ਹਨ ਅਤੇ ਸਾਡੀ ਆਜਾਦੀ ਚਾਹੁੰਣ ਵਾਲੀ ਨੌਜਵਾਨੀ ਦਾ ਸਾਜਸੀ ਢੰਗ ਨਾਲ ਕਤਲੇਆਮ ਕਿਉਂ ਕਰ ਰਹੇ ਹਨ ? ਉਨ੍ਹਾਂ ਸਪੱਸਟ ਕੀਤਾ ਕਿ ਬਾਦਸਾਹੀਆਂ ਦੀ ਤਰ੍ਹਾਂ ਜੀਣ ਵਾਲੀ ਅਤੇ ਅਮਲ ਕਰਨ ਵਾਲੀ ਅਤੇ ਸੌਗਾਤਾਂ ਵੰਡਣ ਵਾਲੀ ਸਿੱਖ ਕੌਮ ਨੂੰ ਕਤਈ ਵੀ ਸ੍ਰੀ ਮੋਦੀ ਤਾਂ ਕੀ ਦੁਨੀਆ ਦੀ ਕੋਈ ਵੀ ਤਾਕਤ ਮੰਗਤਾ ਨਹੀ ਬਣਾ ਸਕਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪੰਜਾਬੀਆ ਤੇ ਸਿੱਖ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਰਾਹਤ ਫੰਡਾਂ ਲਈ ਕਤਈ ਵੀ ਲਿਲਕੜੀਆ ਕੱਢਕੇ ਭੀਖ ਮੰਗਣ ਦੇ ਅਮਲ ਨਹੀ ਕਰਨੇ ਚਾਹੀਦੇ ।