ਮੋਦੀ ਨੇ ਪੰਜਾਬ ਸੂਬੇ ਦੇ ਹੜ੍ਹਾਂ ਨਾਲ ਹੋਏ ਵੱਡੇ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਨਜ਼ਰ ਅੰਦਾਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਇਹ ਕੁਦਰਤੀ ਨਹੀ ਬਣਾਉਟੀ ਹਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 05 ਸਤੰਬਰ ( ) “ਜਦੋਂ ਵੀ ਕਿਸੇ ਸੂਬੇ ਜਾਂ ਵਿਦੇਸ਼ਾਂ ਵਿਚ ਕਿਸੇ ਤਰ੍ਹਾਂ ਦੀ ਕੁਦਰਤੀ ਆਫਤ ਕਸਟ, ਬਿਮਾਰੀ, ਹੜ੍ਹ, ਤੂਫਾਨ ਆਉਦੇ ਹਨ ਤਾਂ ਪੰਜਾਬੀ ਤੇ ਸਿੱਖ ਕੌਮ ਆਪਣੇ ਇਨਸਾਨੀ ਗੁਣਾਂ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਨੂੰ ਪ੍ਰਣਾਈ ਹੋਈ ਅਜਿਹੇ ਸਮੇ ਆਪਣੀ ਹਰ ਤਰ੍ਹਾਂ ਦੀ ਮਦਦ ਲੈਕੇ ਉਥੇ ਪਹੁੰਚ ਜਾਂਦੀ ਹੈ । ਅਜਿਹਾ ਕਰਦੇ ਹੋਏ ਉਹ ਪੀੜ੍ਹਤਾਂ ਜਾਂ ਕਿਸੇ ਉਤੇ ਅਹਿਸਾਨ ਨਹੀ ਕਰ ਰਹੇ ਹੁੰਦੇ ਬਲਕਿ ਜੋ ਉਨ੍ਹਾਂ ਨੂੰ ਗੁਰੂ ਸਾਹਿਬ ਨੇ ਆਦੇਸ ਦਿੱਤਾ ਹੋਇਆ ਹੈ ਉਸ ਉਤੇ ਪਹਿਰਾ ਦੇ ਰਹੇ ਹੁੰਦੇ ਹਨ । ਅਜਿਹੇ ਸਮੇ ਉਹ ਆਪਣੇ ਸਭ ਤਰ੍ਹਾਂ ਦੇ ਸਾਧਨਾਂ ਨੂੰ ਹੀ ਨਹੀ ਝੋਕ ਦਿੰਦੇ ਬਲਕਿ ਆਪਣੀ ਜਾਨ ਦੀ ਵੀ ਪ੍ਰਵਾਹ ਨਹੀ ਕਰਦੇ । ਇਸਦੀ ਪ੍ਰਤੱਖ ਮਿਸਾਲ ਹੈ ਕਿ ਉੜੀਸਾ, ਮਹਾਰਾਸਟਰਾਂ, ਕਰਨਾਟਕਾ, ਯੂਪੀ, ਉਤਰਾਖੰਡ, ਹਿਮਾਚਲ ਵਿਚ ਬੀਤੇ ਸਮੇ ਵਾਪਰੇ ਅਜਿਹੇ ਦੁਖਾਤਾਂ ਸਮੇ ਪੰਜਾਬੀਆਂ ਤੇ ਸਿੱਖਾਂ ਨੇ ਬਿਨ੍ਹਾਂ ਕਿਸੇ ਭੇਦਭਾਵ ਤੋ ਇਹ ਇਨਸਾਨੀ ਜਿੰਮੇਵਾਰੀਆ ਪੂਰਨ ਕਰਦੇ ਰਹੇ ਹਨ । ਪਰ ਦੁੱਖ ਤੇ ਅਫਸੋਸ ਹੈ ਕਿ ਪੰਜਾਬ ਸੂਬੇ ਵਿਚ ਜੋ ਸੈਂਟਰ ਦੀ ਹਕੂਮਤ ਅਤੇ ਉਸ ਦੁਆਰਾ ਸਥਾਪਿਤ ਕੀਤੀ ਗਈ ਭਾਖੜਾ-ਬਿਆਸ ਮੈਨਜਮੈਟ ਦੁਆਰਾ ਬਿਨ੍ਹਾਂ ਕਿਸੇ ਅਗਾਊ ਪ੍ਰਬੰਧ ਤੇ ਚੇਤਾਵਨੀ ਦੇ ਪੰਜਾਬੀਆਂ ਦੇ ਜੀਵਨ, ਮਾਲ, ਘਰਾਂ, ਫਸਲਾਂ ਦਾ ਵੱਡਾ ਨੁਕਸਾਨ ਕੀਤਾ ਗਿਆ ਹੈ, ਇਸ ਸੰਕਟ ਨੂੰ 10 ਦਿਨ ਤੋ ਵੱਧ ਸਮਾਂ ਹੋ ਗਿਆ ਹੈ, ਪਰ ਮੋਦੀ ਹਕੂਮਤ ਜਾਂ ਦੂਸਰੇ ਸੂਬੇ ਦੇ ਨਿਵਾਸੀਆ ਵੱਲੋ (ਹਰਿਆਣੇ ਨੂੰ ਛੱਡਕੇ) ਕਿਸੇ ਵੀ ਸੂਬੇ ਦੇ ਨਿਵਾਸੀਆ ਦੀ ਨਾ ਤਾਂ ਹਮਦਰਦੀ ਦੇ ਬੋਲ ਆਏ ਅਤੇ ਨਾ ਹੀ ਇਸ ਕਸਟ ਵਿਚ ਕੋਈ ਮਦਦ ਹੋਈ । ਹੁਣ ਜਦੋ ਸ੍ਰੀ ਮੋਦੀ ਬਾਹਰਲੇ ਮੁਲਕ ਦੇ ਦੌਰੇ ਤੋ ਵਾਪਸ ਆਏ ਹਨ ਤਾਂ ਉਨ੍ਹਾਂ ਨੇ ਅਫਗਾਨੀਸਤਾਨ ਦੇ ਪੀੜ੍ਹਤ ਲੋਕਾਂ ਲਈ ਤਾਂ ਹਮਦਰਦੀ ਦੇ ਬੋਲ ਵੀ ਕਹੇ ਹਨ ਅਤੇ ਵੱਡੀ ਸਹਾਇਤਾ ਵੀ ਭੇਜੀ ਹੈ, ਜਿਸਦਾ ਅਸੀ ਬਿਲਕੁਲ ਵਿਰੋਧ ਨਹੀ ਕਰਦੇ ਚੰਗੀ ਗੱਲ ਹੈ । ਪਰ ਪੰਜਾਬ ਲਈ ਕੋਈ ਹਮਦਰਦੀ ਦਾ ਸ਼ਬਦ ਨਾ ਨਿਕਲਣਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਰਾਹਤ ਫੰਡ, ਪੈਕੇਜ ਭੇਜਣ ਤੋ ਪ੍ਰਤੱਖ ਹੈ ਕਿ ਮੋਦੀ ਅਤੇ ਬੀ.ਬੀ.ਐਮ.ਬੀ ਦੀ ਮਿਲੀ ਭੁਗਤ ਦੀ ਮੰਦਭਾਵਨਾ ਦਾ ਇਹ ਹੜ੍ਹ ਨਤੀਜਾ ਹਨ, ਜਿਸਦੀ ਕੌਮਾਂਤਰੀ ਪੱਧਰ ਤੇ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੇ ਮੌਜੂਦਾ ਮੁਤੱਸਵੀ ਹੁਕਮਰਾਨਾਂ ਵੱਲੋ ਲੰਮੇ ਸਮੇ ਤੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਕੱਟੜਤਾ ਦੀ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਅਤੇ ਪੰਜਾਬ ਵਿਚ ਸਥਿਤ ਤਿੰਨੇ ਡੈਮਾਂ ਨੂੰ ਪੂਰਾ ਭਰਕੇ ਫਿਰ ਇਕਦਮ ਸਾਰੇ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਤੇ ਪਾਕਿਸਤਾਨ ਨਿਵਾਸੀਆ ਦਾ ਨੁਕਸਾਨ ਕਰਨ ਦੇ ਹੋਏ ਵਰਤਾਰੇ ਲਈ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਇਸਦੀ ਕੌਮਾਂਤਰੀ ਪੱਧਰ ਤੇ ਨਿਰਪੱਖਤਾ ਨਾਲ ਜਾਂਚ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹਾ ਨਾਲ 4 ਲੱਖ ਏਕੜ ਦੀ ਫਸਲ ਨੁਕਸਾਨੀ ਗਈ ਹੈ । 3 ਲੱਖ ਲੋਕ ਬੇਘਰ ਹੋਏ ਹਨ । 1400 ਪਿੰਡਾਂ ਨੂੰ ਇਸ ਦੁਖਾਂਤ ਦੀ ਮਾਰ ਪਈ ਹੈ । 50 ਦੇ ਕਰੀਬ ਮੌਤਾਂ ਹੋਈਆ ਹਨ । 1.3 ਕਰੋੜ ਲੋਕ ਇਸਦੇ ਨੁਕਸਾਨ ਤੋ ਪ੍ਰਭਾਵਿਤ ਹੋਏ ਹਨ । 1800 ਪਸੂ ਇਸਦੀ ਲਪੇਟ ਵਿਚ ਆਏ ਹਨ । ਪਰ ਦੁੱਖ ਤੇ ਅਫਸੋਸ ਹੈ ਕਿ ਐਨਾ ਸਮਾਂ ਬੀਤਣ ਉਪਰੰਤ ਵੀ ਸੈਟਰ ਪੂਲ ਵਿਚੋ ਅਜਿਹੇ ਸਮਿਆ ਤੇ ਸੂਬਿਆਂ ਨੂੰ ਭੇਜਣ ਵਾਲੇ ਪੈਕੇਜ, ਰਾਹਤ ਫੰਡ ਜਾਂ ਬਚਾਉ ਟੀਮਾਂ ਦਾ ਪ੍ਰਬੰਧ ਨਹੀ ਹੋਇਆ । ਉਨ੍ਹਾਂ ਪਾਕਿਸਤਾਨ ਦੇ ਪੰਜਾਬ ਦੀ ਮੈਡਮ ਮਰੀਅਮ ਹਕੂਮਤ ਨੇ ਆਪਣੇ ਡੈਮਾਂ ਦੇ ਗੇਟ ਖੋਲ੍ਹਕੇ ਚੜ੍ਹਦੇ ਪੰਜਾਬ ਵਿਚਲੇ ਪਾਣੀ ਨੂੰ ਘੱਟ ਕਰਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂਘਰ ਦੇ 8-8 ਫੁੱਟ ਪਾਣੀ ਨੂੰ 2 ਦਿਨਾਂ ਵਿਚ ਸਾਫ ਕਰਵਾਕੇ ਉਥੇ ਪ੍ਰਕਾਸ ਕਰਵਾਉਣ ਦਾ ਅਤੇ ਵੱਖ-ਵੱਖ ਕਲਾਕਾਰਾਂ, ਬਾਹਰਲੇ ਮੁਲਕਾਂ ਵਿਚ ਬੈਠੇ ਪੰਜਾਬੀਆਂ, ਫਿਲਮਾਂ ਵਿਚ ਕੰਮ ਕਰਨ ਵਾਲੀਆ ਪੰਜਾਬੀ ਹਸਤੀਆ, ਖਾਲਸਾ ਏਡ, ਸਰਬੱਤ ਦਾ ਭਲਾ ਟਰੱਸਟ ਤੇ ਹੋਰ ਸੰਸਥਾਵਾਂ ਵਿਸੇਸ ਤੌਰ ਤੇ ਸਿੱਖ ਨੌਜਵਾਨੀ ਦਾ ਤਹਿ ਦਿਲੋ ਇਸ ਸੰਕਟ ਦੀ ਘੜੀ ਵਿਚ ਮੋਹਰੀ ਹੋ ਕੇ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਕੀਤੀਆ ਜਾਣ ਵਾਲੀਆ ਸੇਵਾਵਾਂ ਲਈ ਧੰਨਵਾਦ ਕੀਤਾ ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਮੰਦਭਾਵਨਾ ਅਧੀਨ ਅੱਜ ਪੰਜਾਬ ਨੂੰ ਡੁੱਬਦੇ ਹੋਏ ਦਾ ਦੁੱਖਦਾਇਕ ਦ੍ਰਿਸ ਦੀ ਇਨ੍ਹਾਂ ਨੂੰ ਚਿੰਤਾ ਨਹੀ ਅਤੇ ਨਾ ਹੀ ਇਨਸਾਨੀਅਤ ਤੇ ਸਮਾਜਿਕ ਜਿੰਮੇਵਾਰੀਆ ਨੂੰ ਨਿਭਾਉਣ ਲਈ ਸੰਜੀਦਾ ਹਨ, ਫਿਰ ਉਹ ਪੰਜਾਬੀਆਂ ਦੇ ਹਿੱਸੇ ਦੀ ਸੈਟਰ ਪੂਲ ਵਿਚ ਪਈ 60 ਹਜਾਰ ਕਰੋੜ ਦੀ ਬਕਾਇਆ ਰਕਮ ਦਾ ਹੀ ਭੁਗਤਾਨ ਕਰ ਦੇਣ ਅਤੇ ਪਾਣੀਆ ਦੀ ਰਿਅਲਟੀ ਕੀਮਤ ਜੋ 16 ਹਜਾਰ ਕਰੋੜ ਰਕਮ ਬਣਦੀ ਹੈ, ਜੋ ਕਿ ਪੰਜਾਬ ਦੀ ਆਪਣੀ ਆਮਦਨ ਦਾ ਹਿੱਸਾ ਹੈ ਉਸ ਨੂੰ ਤੁਰੰਤ ਰੀਲੀਜ ਕਰਕੇ ਪੰਜਾਬੀਆਂ ਦੀ ਸੰਕਟ ਦੀ ਘੜੀ ਵਿਚ ਤਾਂ ਹੱਲ ਕਰ ਦੇਣ ਤਾਂ ਕਿ ਪੰਜਾਬ ਸਰਕਾਰ ਉਪਰੋਕਤ ਦੋਵੇ ਰਕਮਾਂ ਰਾਹੀ ਨੁਕਸਾਨੀਆ ਗਈਆ ਫਸਲਾਂ, ਘਰਾਂ ਅਤੇ ਹੋਰ ਮੁਆਵਜਾ ਦੇ ਕੇ ਆਪਣੇ ਪੰਜਾਬ ਸੂਬੇ ਪ੍ਰਤੀ ਫਰਜਾਂ ਦੀ ਪੂਰਤੀ ਕਰ ਸਕਣ ।