ਸ. ਹਰਮੀਤ ਸਿੰਘ ਪਠਾਣਮਾਜਰਾ ਉਤੇ ਲੱਗੇ ਦੋਸ਼ਾਂ ਦਾ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਮਲ ਹੋਵੇ ਨਾ ਕਿ ਸਰਕਾਰ ਉਸਦਾ ਝੂਠਾ ਮੁਕਾਬਲਾ ਬਣਾਉਣ ਦੀ ਕੋਸਿਸ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 04 ਸਤੰਬਰ ( ) “ਜੋ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਐਮ.ਐਲ.ਏ ਹਨ, ਉਨ੍ਹਾਂ ਵਿਰੁੱਧ ਸਰਕਾਰ ਅਤੇ ਪੁਲਿਸ ਜੋ ਜ਼ਬਰ ਕਰਦੀ ਹੋਈ ਕੁਝ ਵੀ ਕਰ ਸਕਦੀ ਹੈ, ਉਹ ਬਿਲਕੁਲ ਵਿਧਾਨਿਕ ਲੀਹਾਂ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੋਣਾ ਚਾਹੀਦਾ ਹੈ ਨਾ ਕਿ ਬੀਤੇ ਸਮੇ ਦੀ ਤਰ੍ਹਾਂ ਜਿਵੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਪੁਲਿਸ ਤੇ ਸਰਕਾਰ ਮਾਰਦੀ ਰਹੀ ਹੈ ਉਸ ਤਰ੍ਹਾਂ ਦਾ ਕੋਈ ਗੈਰ ਕਾਨੂੰਨੀ ਅਮਲ ਕਤਈ ਨਹੀ ਹੋਣਾ ਚਾਹੀਦਾ । ਕਿਉਂਕਿ ਇੰਡੀਆ ਦਾ ਵਿਧਾਨ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਦੇ ਹੋਏ ਹਰ ਅਮਲ ਕਾਨੂੰਨ ਅਨੁਸਾਰ ਕਰਨ ਦਾ ਆਦੇਸ ਕਰਦਾ ਹੈ । ਨਾ ਕਿ ਕਿਸੇ ਗੈਰ ਕਾਨੂੰਨੀ ਪ੍ਰਕਿਰਿਆ ਨੂੰ ਪ੍ਰਵਾਨਗੀ ਦਿੰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਪੁਲਿਸ ਅਤੇ ਸਰਕਾਰ ਵੱਲੋ ਕੀਤੇ ਜਾ ਰਹੇ ਅਮਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਉਨ੍ਹਾਂ ਦਾ ਕਿਸੇ ਤਰ੍ਹਾਂ ਵੀ ਝੂਠਾ ਪੁਲਿਸ ਮੁਕਾਬਲਾ ਬਣਾਉਣ ਦੀ ਸਖ਼ਤ ਸ਼ਬਦਾਂ ਵਿਚ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇੰਡੀਅਨ ਵਿਧਾਨ ਦੀ ਧਾਰਾ 14 ਇਥੋ ਦੇ ਸਭ ਨਾਗਰਿਕਾਂ ਨੂੰ ਜਿਥੇ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ, ਉਥੇ ਵਿਧਾਨ ਦੀ ਧਾਰਾ 21 ਬਿਨ੍ਹਾਂ ਕਿਸੇ ਡਰ-ਭੈ ਆਪਣੀ ਜਿੰਦਗੀ ਬਤੀਤ ਕਰਨ ਦੀ ਖੁੱਲ੍ਹ ਦਿੰਦੀ ਹੈ । ਜਦੋਕਿ ਬੀਤੇ ਸਮੇ ਵਿਚ ਇੰਡੀਆਂ ਤੇ ਪੰਜਾਬ ਦੇ ਹੁਕਮਰਾਨਾਂ ਨੇ ਇੰਡੀਅਨ ਵਿਧਾਨ ਵਿਚ ਇਥੋ ਦੇ ਨਾਗਰਿਕਾਂ ਨੂੰ ਮਿਲੇ ਉਪਰੋਕਤ ਅਧਿਕਾਰਾਂ ਦਾ ਘਾਣ ਕਰਦੇ ਹੋਏ ਵੱਡੀ ਗਿਣਤੀ ਵਿਚ ਸਿੱਖ ਨੌਜਵਾਨੀ ਦਾ ਕਤਲੇਆਮ ਕੀਤਾ, ਝੂਠੇ ਪੁਲਿਸ ਮੁਕਾਬਲੇ ਬਣਾਏ ਜਿਸਦਾ ਅੱਜ ਤੱਕ ਪੰਜਾਬੀਆਂ ਤੇ ਸਿੱਖ ਕੌਮ ਨੂੰ ਕੋਈ ਇਨਸਾਫ਼ ਨਹੀ ਮਿਲਿਆ । ਇਸ ਲਈ ਅਸੀ ਉਪਰੋਕਤ ਸ. ਹਰਮੀਤ ਸਿੰਘ ਪਠਾਣਮਾਜਰਾ ਦੇ ਝੂਠਾ ਮੁਕਾਬਲਾ ਬਣਾਉਣ ਸੰਬੰਧੀ ਤੌਖਲਾ ਜਾਹਰ ਕਰਦੇ ਹੋਏ ਪੰਜਾਬ ਸਰਕਾਰ, ਪੁਲਿਸ ਨੂੰ ਅਜਿਹਾ ਗੈਰ ਕਾਨੂੰਨੀ ਅਮਲ ਨਾ ਹੋਵੇ ਅਗਾਊ ਤੌਰ ਤੇ ਖਬਰਦਾਰ ਕਰਦੇ ਹੋਏ ਆਪਣੀ ਇਖਲਾਕੀ ਜਿੰਮੇਵਾਰੀ ਪੂਰੀ ਕਰ ਰਹੇ ਹਾਂ । ਜੇਕਰ ਅਜਿਹੀ ਕੋਈ ਅਣਹੋਣਾ ਦੁਖਾਂਤ ਵਾਪਰ ਗਿਆ ਤਾਂ ਉਸ ਲਈ ਸੰਬੰਧਤ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ । ਪੰਜਾਬੀਆਂ ਤੇ ਸਿੱਖ ਕੌਮ ਨੂੰ ਪੰਜਾਬ ਸਰਕਾਰ ਤੇ ਪੁਲਿਸ ਨੂੰ ਅਜਿਹੇ ਹੱਥਕੰਡਿਆ ਰਾਹੀ ਵਿਰੋਧੀਆ ਨੂੰ ਜਾਂ ਇਨਸਾਫ਼ ਪ੍ਰਾਪਤ ਕਰ ਰਹੀਆ ਜਥੇਬੰਦੀ ਦੇ ਆਗੂਆਂ ਨੂੰ ਅਜਿਹੇ ਗੈਰ ਕਾਨੂੰਨੀ ਅਮਲ ਕਰਨ ਦੀ ਇਜਾਜਤ ਕਤਈ ਨਹੀ ਦੇਣੀ ਚਾਹੀਦੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜੇਕਰ ਪਠਾਣਮਾਜਰਾ ਤੇ ਕੋਈ ਦੋਸ਼ ਹੈ ਤਾਂ ਉਸ ਨੂੰ ਕਾਨੂੰਨੀ ਪ੍ਰਕਿਰਿਆ ਰਾਹੀ ਸਿੱਝਿਆ ਜਾਵੇ ਨਾ ਕਿ ਬਦਲੇ ਦੀ ਭਾਵਨਾ ਅਧੀਨ ਉਨ੍ਹਾਂ ਦਾ ਝੂਠਾ ਮੁਕਾਬਲਾ ਬਣਾਉਣ ਦੇ ਗੈਰ ਕਾਨੂੰਨੀ ਅਮਲ ਕੀਤੇ ਜਾਣ ।