ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਰੱਖੜ ਪੁੰਨਿਆ ਦੇ ਇਤਿਹਾਸਿਕ ਦਿਹਾੜੇ ਉਤੇ ਕੀਤੀ ਜਾ ਰਹੀ ਕਾਨਫਰੰਸ ਵਿਚ ਹੁੰਮ-ਹੁੰਮਾਕੇ ਪਹੁੰਚੋ : ਮਾਨ
ਫ਼ਤਹਿਗੜ੍ਹ ਸਾਹਿਬ, 08 ਅਗਸਤ ( ) “ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਜਿਸਦਾ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂਘਰ ਦੇ ਅਨਿਨ ਭਗਤ ਮੱਖਣ ਸ਼ਾਹ ਲੁਬਾਣਾ ਨਾਲ ਸੰਬੰਧਤ ਹੈ, ਇਹ ਉਸ ਪੁਰਾਤਨ ਸਮੇ ਵਿਚ ਅਜੋਕੇ ਸਮੇ ਦੀ ਤਰ੍ਹਾਂ ਕੁਝ ਲੋਕ ਆਪਣੇ ਆਪ ਨੂੰ ਗੁਰੂ ਸਾਹਿਬਾਨ ਦੇ ਨਾਮ ਦੀ ਵਰਤੋ ਕਰਕੇ 22 ਮੰਜੀਆ ਡਾਹ ਕੇ ਬੈਠ ਗਏ ਸਨ ਤਾਂ ਕਿ ਉਨ੍ਹਾਂ ਨੂੰ ਲੋਕ ਨਮਸਕਾਰ ਕਰਨ ਅਤੇ ਭੇਟਾਂ ਚੜ੍ਹਾਉਣ । ਲੇਕਿਨ ਉਸ ਸਮੇ ਦੇ ਗੁਰੂਘਰ ਦੇ ਸਰਧਾਲੂ ਬਾਬਾ ਮੱਖਣ ਸ਼ਾਹ ਲੁਬਾਣਾ ਜੋ ਕਿ ਪਾਣੀ ਦੇ ਤੇਜ ਵੇਗ ਵਿਚ ਆਪਣੇ ਬੇੜੇ ਰਾਹੀ ਡਾਵਾਡੋਲ ਹੁੰਦੇ ਹੋਏ ਮਹਿਸੂਸ ਕਰ ਰਹੇ ਸਨ ਤਾਂ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਆਤਮਿਕ ਰੂਪ ਵਿਚ ਅਰਦਾਸ ਕੀਤੀ ਕਿ ਮੈਨੂੰ ਇਸ ਸੰਕਟ ਵਿਚੋ ਬਚਾਇਆ ਜਾਵੇ । ਤਾਂ ਗੁਰੂ ਸਾਹਿਬ ਨੇ ਉਸਦੇ ਬੇੜੇ ਨੂੰ ਸਹਾਰਾ ਦੇ ਕੇ ਕਿਨਾਰੇ ਤੇ ਲਗਾਇਆ ਅਤੇ ਇਸ ਸਥਾਂਨ ਤੇ ਜਦੋ ਉਹ ਗੁਰੂ ਦੀ ਭਾਲ ਵਿਚ ਪਹੁੰਚੇ ਤਾਂ 22 ਮੰਜੀਆਂ ਦੇਖ ਕੇ ਉਹ ਭੰਬਲਭੂਸੇ ਵਿਚ ਰਹੇ । ਉਹ ਹਰ ਇਕ ਮੰਜੀ ਅੱਗੇ ਨਤਮਸਤਕ ਹੁੰਦੇ ਹੋਏ ਮੋਹਰਾ ਚੜ੍ਹਾਉਦੇ ਰਹੇ । ਲੇਕਿਨ ਜਦੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਮਿੱਥੇ ਭਾਵ ਅਨੁਸਾਰ ਅਤੇ ਕੀਤੀ ਅਰਦਾਸ ਤੋ ਘੱਟ ਭੇਟਾ ਭੇਟ ਕੀਤੀ । ਤਾਂ ਗੁਰੂ ਸਾਹਿਬ ਨੇ ਉਸਦੀ ਬਾਂਹ ਫੜਕੇ ਕਿਹਾ ਕਿ ਜੋ ਮੇਰੇ ਨਾਲ ਬਚਨ ਕੀਤਾ ਸੀ, ਉਹ ਭੇਟਾ ਪੂਰੀ ਕੀਤੀ ਜਾਵੇ ਅਤੇ ਗੁਰੂ ਸਾਹਿਬ ਨੇ ਆਪਣਾ ਛਿੱਲਿਆ ਹੋਇਆ ਮੋਢਾ ਦਿਖਾਕੇ ਸੱਚ ਨੂੰ ਪ੍ਰਤੱਖ ਕੀਤਾ ਤਾਂ ਮੱਖਣ ਸ਼ਾਹ ਲੁਬਾਣਾ ਖੁਸ਼ੀ ਵਿਚ ਕੋਠੇ ਚੜ੍ਹਕੇ ‘ਗੁਰੂ ਲਾਧੋ ਰੇ’ ਦੀ ਆਵਾਜ ਦੇ ਕੇ ਉਸ ਅਕਾਲ ਪੁਰਖ ਦੇ ਮਿਲਣ ਦੀ ਖੁਸ਼ੀ ਵਿਚ ਪੁਕਾਰਦਾ ਰਿਹਾ ਤਾਂ ਇਸ ਦਿਨ ਨੂੰ ਹੀ ਖਾਲਸਾ ਪੰਥ ਰੱਖੜ ਪੁੰਨਿਆ ਦੇ ਦਿਹਾੜੇ ਤੇ ਆਪਣੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਅਤੇ ਲੋਕਾਈ ਲਈ ਕੀਤੇ ਗਏ ਉੱਦਮਾਂ ਨੂੰ ਯਾਦ ਕਰਦੇ ਹੋਏ ਨਤਮਸਤਕ ਵੀ ਹੁੰਦਾ ਹੈ ਅਤੇ ਆਪਣੇ ਇਤਿਹਾਸ ਤੋ ਅਗਵਾਈ ਲੈਕੇ ਅਤਿ ਭੰਬਲਭੂਸੇ ਵਾਲੀ ਸਥਿਤੀ ਵਿਚੋ ਨਿਕਲਣ ਲਈ ਗੁਰੂ ਸਾਹਿਬਾਨ ਦੇ ਆਦੇਸ਼ਾਂ ਅਤੇ ਪ੍ਰੇਰਣਾ ਨਾਲ ਜੁੜਕੇ ਆਪਣੇ ਮਨੁੱਖੀ ਜੀਵਨ ਨੂੰ ਅੱਗੇ ਵਧਾਉਦੇ ਹਨ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜੋ ਪੰਥਕ ਕਾਨਫਰੰਸ ਨੇੜੇ ਗੁਰਦੁਆਰਾ ਮਾਤਾ ਗੰਗਾ ਜੀ, ਸਾਹਮਣੇ ਪੈਟਰੋਲ ਪੰਪ, ਬਟਾਲਾ ਰੋਡ ਬਾਬਾ ਬਕਾਲਾ (ਅੰਮ੍ਰਿਤਸਰ) ਵਿਖੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਭ ਕੌਮਾਂ, ਵਰਗਾਂ, ਫਿਰਕਿਆ, ਕਬੀਲਿਆ ਤੇ ਸਮੁੱਚੀ ਮਨੁੱਖਤਾ ਨੂੰ ਉਸ ਅਕਾਲ ਪੁਰਖ ਅਤੇ ਅਟੱਲ ਸੱਚ ਨਾਲ ਜੁੜੇ ਰਹਿਣ ਦੇ ਹਵਾਲੇ ਨਾਲ ਇਸ ਕਾਨਫਰੰਸ ਵਿਚ ਭਰਵੀ ਹਾਜਰੀ ਲਗਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।