ਹੜ੍ਹਾਂ ਤੋਂ ਪ੍ਰਭਾਵਿਤ ਅਬੋਹਰ, ਫਾਜਿਲਕਾ, ਕਪੂਰਥਲਾ ਆਦਿ ਇਲਾਕਿਆ ਦੇ ਨਿਵਾਸੀਆਂ ਨੂੰ ਫੌਰੀ ਸਰਕਾਰੀ ਮਦਦ ਪ੍ਰਦਾਨ ਕੀਤੀ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 05 ਅਗਸਤ ( ) “ਮੌਜੂਦਾ ਸਮੇ ਵਿਚ ਜੋ ਕੁਦਰਤੀ ਆਫਤਾ ਬਾਰਿਸਾਂ ਦੇ ਕਾਰਨ ਪੰਜਾਬ ਦੇ ਕਈ ਇਲਾਕਿਆ ਵਿਚ ਹੜ੍ਹਾਂ ਤੋ ਪ੍ਰਭਾਵਿਤ ਵੱਡੀ ਮੁਸਕਿਲ ਵਾਲੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਕਈ ਇਲਾਕਿਆ ਵਿਚ ਫ਼ਸਲਾਂ, ਘਰਾਂ, ਡੰਗਰ, ਮਾਲ ਦਾ ਵੱਡਾ ਨੁਕਸਾਨ ਹੋਇਆ ਹੈ । ਇਸ ਔਖੀ ਘੜੀ ਵਿਚ ਪੰਜਾਬ ਸਰਕਾਰ ਦਾ ਇਹ ਪਹਿਲ ਦੇ ਆਧਾਰ ਤੇ ਫਰਜ ਬਣ ਜਾਂਦਾ ਹੈ ਕਿ ਹੜ੍ਹਾਂ ਤੋ ਨੁਕਸਾਨੇ ਪਰਿਵਾਰਾਂ ਦੀ ਮਾਲੀ ਅਤੇ ਸਮਾਜਿਕ ਮਦਦ ਤੁਰੰਤ ਪ੍ਰਦਾਨ ਕੀਤੀ ਜਾਵੇ ਤਾਂ ਕਿ ਜਿਨ੍ਹਾਂ ਜਿੰਮੀਦਾਰਾਂ ਦੀਆਂ ਫਸਲਾਂ ਖਰਾਬ ਹੋ ਗਈਆ ਹਨ, ਘਰਾਂ ਵਿਚ ਨੁਕਸਾਨ ਹੋ ਗਿਆ ਹੈ, ਡੰਗਰ-ਵੱਛੇ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਪਰਿਵਾਰਾਂ ਦੀ ਰੋਜਾਨਾ ਦੀ ਰੋਜੀ ਰੋਟੀ ਤੇ ਰਹਿਣ ਲਈ ਜੇਕਰ ਪ੍ਰਬੰਧ ਨਾ ਹੋਏ ਤਾਂ ਇਹ ਸਰਕਾਰ ਦੀ ਬਹੁਤ ਵੱਡੀ ਅਸਫਲਤਾ ਹੋਵੇਗੀ । ਕਿਉਂਕਿ ਅਜਿਹੇ ਸਮੇ ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਸਰਕਾਰਾਂ ਦੀ ਵੱਡੀ ਜਿੰਮੇਵਾਰੀ ਹੁੰਦੀ ਹੈ ਕਿ ਪੀੜ੍ਹਤ ਪਰਿਵਾਰਾਂ ਨੂੰ ਆਪਣੇ ਖਜਾਨੇ ਵਿਚੋ ਮਾਲੀ ਮਦਦ ਪ੍ਰਦਾਨ ਕਰਕੇ ਉਨ੍ਹਾਂ ਤੇ ਆਏ ਸੰਕਟ ਦਾ ਹੱਲ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਬੋਹਰ, ਫਾਜਿਲਕਾ, ਫਿਰੋਜਪੁਰ, ਕਪੂਰਥਲਾ ਆਦਿ ਜਿ਼ਲ੍ਹਿਆਂ ਵਿਚ ਆਏ ਹੜ੍ਹਾਂ ਦੇ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਦੀ ਸਰਕਾਰੀ ਤੌਰ ਤੇ ਤੁਰੰਤ ਮਦਦ ਕਰਨ ਦੀ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਅਤੇ ਇਨ੍ਹਾਂ ਪੀੜ੍ਹਤਾਂ ਦੀ ਸਾਰ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਹਿਮਾਚਲ ਦੇ ਕਾਂਗੜਾ, ਊਨਾ, ਮੰਡੀ, ਸਿਰਮੌਰ ਆਦਿ ਜਿ਼ਲ੍ਹਿਆਂ ਵਿਚ ਬੱਦਲ ਫੱਟਣ ਕਾਰਨ ਉਥੋ ਦੇ ਨਿਵਾਸੀਆ ਦੇ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਹੈ, ਉਸ ਲਈ ਹਿਮਾਚਲ ਸਰਕਾਰ ਨੂੰ ਅਤੇ ਸੈਟਰ ਸਰਕਾਰ ਨੂੰ ਆਪਣੇ ਰਾਹਤ ਖਜਾਨਿਆ ਵਿਚੋ ਮਦਦ ਭੇਜਕੇ ਪਹਾੜੀ ਇਲਾਕੇ ਵਿਚ ਜੋਖਮ ਦੀ ਜਿੰਦਗੀ ਜੀ ਰਹੇ ਪੀੜ੍ਹਤ ਨਿਵਾਸੀਆ ਦੀ ਸਾਰ ਲੈਣੀ ਬਣਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸਾਡੀ ਰਾਏ ਅਨੁਸਾਰ ਸਮੁੱਚੇ ਪੰਜਾਬ ਦੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰ ਅਤੇ ਸਬ-ਡਿਵੀਜਨਾਂ ਦੇ ਐਸ.ਡੀ.ਐਮ ਮਾਲ ਵਿਭਾਗ ਦੇ ਮੈਨੂਅਲ ਨੂੰ ਪੜ੍ਹ-ਸਮਝਕੇ ਸਹੀ ਸਮੇ ਤੇ ਦਰਿਆਵਾ, ਨਦੀਆਂ ਦੇ ਬੰਨ੍ਹਾ ਨੂੰ ਪੱਕਾ ਕਰਦੇ ਅਤੇ ਸਫਾਈ ਕਰਵਾਉਦੇ ਤਾਂ ਇਨ੍ਹਾਂ ਹੜ੍ਹਾਂ ਰਾਹੀ ਨੁਕਸਾਨ ਨਹੀ ਹੋਣਾ ਸੀ ਅਤੇ ਨਾ ਹੀ ਹੜ੍ਹ ਆਉਣੇ ਸਨ । ਸ. ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖੀ ਸੰਸਥਾਵਾਂ ਅਤੇ ਡੇਰੇ ਦੇ ਮੁੱਖੀਆਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਅਤੇ ਹਿਮਾਚਲ ਵਿਚ ਪੀੜ੍ਹਤ ਪਰਿਵਾਰਾਂ ਲਈ ਰਾਸਨ, ਕੱਪੜੇ, ਦਵਾਈਆ ਆਦਿ ਜੋ ਵੀ ਉਹ ਪ੍ਰਬੰਧ ਕਰ ਸਕਦੇ ਹਨ ਉਹ ਕਰਕੇ ਇਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਭੇਜਦੇ ਹੋਏ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਨੂੰ ਅਮਲੀ ਰੂਪ ਵਿਚ ਉਜਾਗਰ ਕਰਨ ਦੀਆਂ ਜਿੰਮੇਵਾਰੀਆ ਨਿਭਾਉਣ ।