ਕਿਉਂਕਿ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਵਾਲੇ ਹਮਾਮ ਵਿਚ ਕਾਂਗਰਸ, ਬੀਜੇਪੀ-ਬਾਦਲ ਦਲ, ਆਮ ਆਦਮੀ ਪਾਰਟੀ ਸਭ ਨੰਗੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 16 ਜੁਲਾਈ ( ) “ਕਿਉਂਕਿ ਮੌਜੂਦਾ ਸਿਆਸਤਦਾਨਾਂ ਦੇ ਇਖਲਾਕ ਵਿਚ ਕੁਝ ਸਮੇ ਤੋਂ ਵੱਡੀਆਂ ਗਿਰਾਵਟਾਂ ਆ ਚੁੱਕੀਆਂ ਹਨ । ਇਹੀ ਵਜਹ ਹੈ ਕਿ ਜੋ ਪੰਜਾਬ ਤੇ ਹੋਰ ਸੂਬਿਆਂ ਵਿਚ ਨਸ਼ੀਲੀਆਂ ਵਸਤਾਂ ਦੀ ਖਰੀਦੋ ਫਰੋਖਤ, ਸਮਗਲਿੰਗ ਹੋ ਰਹੀ ਹੈ, ਇਨ੍ਹਾਂ ਕਾਰੋਬਾਰੀਆਂ ਦੀ ਸਰਪ੍ਰਸਤੀ ਅਕਸਰ ਹੀ ਉਹ ਸਿਆਸਤਦਾਨ ਨਿਰੰਤਰ ਕਰਦੇ ਆ ਰਹੇ ਹਨ, ਜੋ ਗੈਰ ਸਮਾਜਿਕ ਤੇ ਗੈਰ ਕਾਨੂੰਨੀ ਢੰਗਾਂ ਰਾਹੀ ਆਪਣੀਆਂ ਜਾਇਦਾਦਾਂ, ਖਜਾਨੇ ਭਰਨ ਵਿਚ ਮਸਰੂਫ ਹਨ । ਇਸ ਸੰਬੰਧੀ ਅਸੀਂ ਬੀਤੇ ਸਮੇਂ ਵਿਚ ਪੰਜਾਬ ਦੇ ਰਹਿ ਚੁੱਕੇ ਮੁੱਖ ਮੰਤਰੀਆਂ, ਡੀਜੀਪੀ, ਮੁੱਖ ਸਕੱਤਰ, ਗ੍ਰਹਿ ਸਕੱਤਰ ਆਦਿ ਉੱਚ ਅਧਿਕਾਰੀਆਂ ਨੂੰ ਇਸ ਕਾਰੋਬਾਰ ਨੂੰ ਬੰਦ ਕਰਨ ਅਤੇ ਇਸ ਵਿਚ ਸਾਮਿਲ ਸਭਨਾਂ ਨੂੰ ਕਾਨੂੰਨ ਅਨੁਸਾਰ ਸਿੰਝਣ ਲਈ ਲਿਖਦੇ ਰਹੇ ਹਾਂ । ਪਰ ਸਾਡੇ ਇਨ੍ਹਾਂ ਪੱਤਰਾਂ ਉਤੇ ਨਾ ਕਿਸੇ ਮੁੱਖ ਮੰਤਰੀ, ਨਾ ਰਹਿ ਚੁੱਕੇ ਤੇ ਮੌਜੂਦਾ ਡੀਜੀਪੀ, ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰਾਂ ਨੇ ਕੋਈ ਅਮਲ ਨਹੀ ਕੀਤਾ । ਇਥੋ ਤੱਕ ਸਾਡੇ ਇਨ੍ਹਾਂ ਗੰਭੀਰ ਪੱਤਰਾਂ ਦੀ ਪਹੁੰਚਣ ਸੰਬੰਧੀ ਸਾਨੂੰ ਜਾਣਕਾਰੀ ਦੇਣ ਹਿੱਤ ਸਾਨੂੰ ਜੁਆਬ ਵੀ ਨਹੀ ਭੇਜੇ ਗਏ । ਜਿਸ ਤੋ ਪ੍ਰਤੱਖ ਹੈ ਕਿ ਇਹ ਅਫਸਰਾਨ ਅਤੇ ਉਪਰੋਕਤ ਪਾਰਟੀਆਂ ਨਾਲ ਸੰਬੰਧਤ ਬਹੁਤੇ ਸਿਆਸਤਦਾਨ ਇਸ ਵਿਚ ਮਸਰੂਫ ਹਨ । ਇਹੀ ਵਜਹ ਹੈ ਕਿ ਅੱਜ ਵੀ ਨਾ ਕਾਂਗਰਸ, ਨਾ ਬੀਜੇਪੀ, ਨਾ ਬਾਦਲ ਦਲੀਏ ਆਦਿ ਸਿਆਸੀ ਜਮਾਤਾਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਵਿਸੇਸ ਸੈਸਨ ਵਿਚ ਜਨਤਕ ਤੌਰ ਤੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਦਾ ਵਿਰੋਧ ਕਰਦੇ ਤਾਂ ਨਜਰ ਆ ਰਹੇ ਹਨ, ਪਰ ਇਨ੍ਹਾਂ ਨੇ ਬੀਤੇ ਸਮੇ ਵਿਚ ਆਪਣੀਆ ਸਰਕਾਰਾਂ ਸਮੇ ਕੁਝ ਵੀ ਗੰਭੀਰਤਾ ਨਾਲ ਇਸ ਲਈ ਕਦਮ ਨਹੀ ਉਠਾਇਆ ਕਿਉਂਕਿ ਆਪ ਵੀ ਇਸ ਵਿਚ ਸਾਮਿਲ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਸੀਲੀਆਂ ਵਸਤਾਂ ਦੇ ਪੰਜਾਬ ਵਿਚ ਸਰਕਾਰ ਵੱਲੋ ਰੌਲਾ ਪਾਉਣ ਦੇ ਬਾਵਜੂਦ ਵੀ ਇਸ ਵਿਸੇ ਉਤੇ ਕੋਈ ਕੰਟਰੋਲ ਨਾ ਹੋਣ ਦੀ ਗੱਲ ਨੂੰ ਦੁੱਖਦਾਇਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਰਿਸਵਤਖੋਰੀ, ਕਤਲੋਗਾਰਤ, ਧੋਖਾਧੜੀ, ਲੁੱਟਖੋਹ ਆਦਿ ਦੀਆਂ ਵੱਧਦੀਆ ਜਾ ਰਹੀਆ ਵਾਰਦਾਤਾਂ ਨੂੰ ਰੋਕਣ ਹਿੱਤ ਵੀ ਹਕੂਮਤੀ ਤੇ ਨਿਜਾਮੀ ਪੱਧਰ ਉਤੇ ਅਸਰਦਾਇਕ ਅਮਲ ਨਹੀ ਹੋ ਰਿਹਾ । ਕਿਉਂਕਿ ਕਾਂਗਰਸ, ਬੀਜੇਪੀ, ਬਾਦਲ ਦਲ ਵਰਗੀਆਂ ਜਮਾਤਾਂ ਪੰਜਾਬ ਵਿਚ ਰਿਸਵਤਖੋਰੀ, ਬੇਰੁਜਗਾਰੀ, ਨਸੀਲੀਆਂ ਵਸਤਾਂ ਦੇ ਕਾਰੋਬਾਰ ਹੋਰ ਗੈਰ ਸਮਾਜਿਕ ਕਾਰਵਾਈਆਂ ਵਿਚ ਸਿੱਧੇ ਤੌਰ ਤੇ ਜਿੰਮੇਵਾਰ ਹਨ । 1984 ਵਿਚ ਸਿੱਖ ਕੌਮ ਦੇ ਕਤਲੇਆਮ, ਨਸ਼ਲਕੁਸੀ ਅਤੇ ਗੁਰੂਘਰਾਂ ਨੂੰ ਢਹਿ-ਢੇਰੀ ਕਰਨ ਵਿਚ ਮੋਹਰੀ ਰਹੀਆ ਹਨ । ਅੱਜ ਇਨ੍ਹਾਂ ਦੀ ਆਤਮਾ ਜੋ ਬੀਤੇ ਸਮੇ ਦੇ ਗੈਰ ਸਮਾਜਿਕ ਕਾਰਵਾਈਆ ਦੀ ਬਦੌਲਤ ਦਾਗੋ ਦਾਗ ਹੋਈਆਂ ਪਈਆ ਹਨ । ਇਹ ਲੋਕ ਕਿਸੇ ਤਰ੍ਹਾਂ ਦੀ ਬੇਇਨਸਾਫ਼ੀ, ਜ਼ਬਰ ਜੁਲਮ ਜਾਂ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਬੰਦ ਕਰਨ ਵਿਰੁੱਧ ਬੋਲਣ ਦੀ ਹਿੰਮਤ ਨਹੀ ਰੱਖ ਸਕਦੇ । ਬਲਕਿ ਅਜਿਹੇ ਵਿਸਿਆ ਤੇ ਪੰਜਾਬੀਆਂ ਤੇ ਮੁਲਕ ਨਿਵਾਸੀਆ ਨੂੰ ਗੁੰਮਰਾਹ ਹੀ ਕਰ ਰਹੇ ਹਨ ।