ਯਮਨ ਵਿਚ ਫਾਹੇ ਲਗਾਏ ਜਾਣ ਵਾਲੀ ਬੀਬੀ ਦੇ ਬਚਾਅ ਲਈ ਬੋਲਣਾ ਚੰਗਾ, ਪਰ ਸ. ਰਾਜੋਆਣਾ ਅਤੇ 30-30 ਸਾਲਾਂ ਤੋ ਬੰਦੀ ਬਣਾਏ ਸਿੱਖਾਂ ਦੀ ਗੱਲ ਨਾ ਕਰਨਾ ਅਫਸੋਸਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 14 ਜੁਲਾਈ ( ) “ਇਨਸਾਨੀ ਕਦਰਾਂ ਕੀਮਤਾਂ ਜਾਂ ਮਨੁੱਖੀ ਅਧਿਕਾਰਾਂ ਦਾ ਘਾਣ ਕਿਸੇ ਵੀ ਮੁਲਕ ਜਾਂ ਕਿਸੇ ਵੀ ਵਰਗ ਨਾਲ ਕਿਉਂ ਨਾ ਹੋਵੇ, ਉਸ ਲਈ ਆਵਾਜ ਬੁਲੰਦ ਕਰਨਾ ਇਨਸਾਨੀਅਤ ਪੱਖੀ ਉਦਮ ਹੈ । ਇੰਡੀਅਨ ਹੁਕਮਰਾਨ ਯਮਨ ਵਿਖੇ ਕੇਰਲਾ ਦੀ ਫਾਹੇ ਲਗਾਈ ਜਾ ਰਹੀ ਬੀਬੀ ਦੀ ਸਜ਼ਾ ਨੂੰ ਮੁਆਫ਼ ਕਰਵਾਉਣ ਲਈ ਸੁਪਰੀਮ ਕੋਰਟ ਵੱਲੋ ਪਟੀਸਨ ਤੇ ਸੁਣਵਾਈ ਕਰਨਾ ਅੱਛਾ ਉਦਮ ਹੈ । ਅਸੀ ਵੀ ਚਾਹੁੰਦੇ ਹਾਂ ਕਿ ਔਰਤ ਵਰਗ ਤੇ ਅਜਿਹਾ ਜੁਲਮ ਕਦੀ ਨਹੀ ਹੋਣਾ ਚਾਹੀਦਾ। ਪਰ ਇਹ ਇੰਡੀਅਨ ਹੁਕਮਰਾਨ ਜਿਨ੍ਹਾਂ ਨੇ ਉਸ ਬੀਬੀ ਨੂੰ ਫਾਹੇ ਲਗਾਉਣ ਤੋ ਰੋਕਣ ਲਈ ਯਮਨ ਤੱਕ ਪਹੁੰਚ ਕੀਤੀ ਹੈ, ਉਹ ਖੁਦ ਆਪਣੇ ਮੁਲਕ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਸ. ਬਲਵੰਤ ਸਿੰਘ ਰਾਜੋਆਣਾ ਸੰਬੰਧੀ ਅਤੇ 30-30 ਸਾਲਾਂ ਤੋ ਜਬਰੀ ਬੰਦੀ ਬਣਾਏ ਗਏ ਨਿਰਦੋਸ਼ ਸਿੱਖਾਂ ਦੀ ਰਿਹਾਈ ਲਈ ਕਾਨੂੰਨੀ ਅਮਲ ਕਿਉਂ ਨਹੀ ਕਰ ਰਹੇ ? ਇਸ ਵਿਸੇ ਤੇ ਇਨ੍ਹਾਂ ਹੁਕਮਰਾਨਾਂ ਤੇ ‘ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ’ ਵਾਲੀ ਕਹਾਵਤ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ । ਜਦੋਕਿ ਵਿਧਾਨ ਦੀ ਧਾਰਾ 14 ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਦੀ ਹੈ । ਸੁਪਰੀਮ ਕੋਰਟ ਵੱਲੋ ਇਸ ਵਿਸੇ ਉਤੇ ਕੋਈ ਦਿਸ਼ਾ ਨਿਰਦੇਸ਼ ਨਾ ਹੋਣਾ ਵੀ ਚਿੰਤਾ ਦਾ ਵਿਸ਼ਾ ਹੈ । ਜਿਸ ਉਤੇ ਫੌਰੀ ਨਿਰਦੇਸ਼ ਹੋਣਾ ਬਣਦਾ ਹੈ । ਤਾਂ ਕਿ ਲੰਮੇ ਸਮੇ ਤੋ ਸਜ਼ਾਵਾਂ ਪੂਰੀਆ ਕਰ ਚੁੱਕੇ ਨਿਰਦੋਸ਼ ਸਿੱਖਾਂ ਨੂੰ ਰਿਹਾਅ ਕਰਕੇ ਉਨ੍ਹਾਂ ਦੇ ਪਰਿਵਾਰਾਂ ਵਿਚ ਭੇਜਿਆ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯਮਨ ਵਿਖੇ ਇਕ ਬੀਬਾ ਨੂੰ ਫਾਹੇ ਲਗਾਉਣ ਦੇ ਹੋ ਰਹੇ ਅਮਲਾਂ ਉਤੇ ਇੰਡੀਅਨ ਹੁਕਮਰਾਨਾਂ ਤੇ ਸੁਪਰੀਮ ਕੋਰਟ ਵੱਲੋ ਅਪਣਾਈ ਜਾ ਰਹੀ ਪਹੁੰਚ ਦਾ ਸਵਾਗਤ ਕਰਦੇ ਹੋਏ, ਪਰ ਆਪਣੇ ਹੀ ਮੁਲਕ ਵਿਚ 30-30 ਸਾਲਾਂ ਤੋ ਬੰਦੀ ਬਣਾਏ ਗਏ ਪੰਜਾਬੀ ਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੋਈ ਸੰਜੀਦਗੀ ਅਮਲ ਨਾ ਹੋਣ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦੀਆਂ ਜਾਬਰ ਨੀਤੀਆ ਦੀ ਬਦੌਲਤ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਬਾਹਰਲੇ ਮੁਲਕਾਂ ਵਿਚ ਅਤੇ ਇਥੇ ਮਾਰਨ ਵਾਲਿਆ ਵਿਚ ਇਹ ਆਗੂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਹਿੰਦੂਤਵ ਹੁਕਮਰਾਨਾਂ ਵੱਲੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ । ਇਥੇ ਹੀ ਬਸ ਨਹੀ ਅਜਿਹਾ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਵੱਲੋ ਕੈਨੇਡਾ, ਬਰਤਾਨੀਆ,ਅਮਰੀਕਾ ਅਤੇ ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜ ਦਿੱਤਾ ਗਿਆ । ਜੋ ਕਿ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ । ਇਹ ਹੋਰ ਵੀ ਨਮੋਸੀ ਵਾਲੀ ਕਾਰਵਾਈ ਹੈ ਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ (ਬਾਦਸਾਹੀ) ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਨੂੰ ਇੰਡੀਆ ਨੇ ਤੋੜਿਆ ਹੈ, ਉਨ੍ਹਾਂ ਵੱਲੋ ਇੰਡੀਆਂ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਅਮਲ ਨਹੀ ਕੀਤਾ ਜਾ ਰਿਹਾ ।
ਉਨ੍ਹਾਂ ਕਿਹਾ ਕਿ ਇਹ ਕਿਥੋ ਦਾ ਨਿਆ ਹੈ ਕਿ ਬਿਨ੍ਹਾਂ ਕਿਸੇ ਵਜਹ ਦੇ ਗੈਰ ਕਾਨੂੰਨੀ ਢੰਗ ਤੇ ਸਾਜਸੀ ਢੰਗ ਨਾਲ ਸਿੱਖਾਂ ਤੇ ਪੰਜਾਬੀਆਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਜਾਵੇ ਅਤੇ ਬਿਨ੍ਹਾਂ ਕਿਸੇ ਵਜਹ ਦੇ ਕਾਲਕੋਠੜੀਆਂ ਵਿਚ ਬੰਦੀ ਬਣਾਕੇ ਰੱਖਿਆ ਜਾਵੇ । ਜਦੋ ਅੰਗਰੇਜ ਹਕੂਮਤ ਇਨ੍ਹਾਂ ਉਤੇ ਜ਼ਬਰ ਕਰਦੀ ਸੀ, ਤਾਂ ਇਹ ਬਹੁਤ ਔਖੇ ਹੁੰਦੇ ਸੀ । ਪਰ ਜਦੋ ਇਹ ਅੱਜ ਖੁਦ ਹੀ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਕੇ ਸਿੱਖਾਂ, ਮੁਸਲਿਮ, ਦਲਿਤਾਂ, ਇਸਾਈਆ ਅਤੇ ਆਦਿਵਾਸੀਆ ਤੇ ਜ਼ਬਰ ਕਰ ਰਹੇ ਹਨ, ਤਾਂ ਫਿਰ ਇਨ੍ਹਾਂ ਦੀ ਇਨਸਾਨੀਅਤ ਵਾਲੀਆ ਕਦਰਾਂ ਕੀਮਤਾਂ ਅਤੇ ਇਨਸਾਫ ਵਾਲੇ ਕਾਨੂੰਨ ਇਥੇ ਲਾਗੂ ਕਿਉਂ ਨਹੀ ਕੀਤੇ ਜਾਂਦੇ ? ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਜਦੋ ਪੀ.ਚਿੰਦਬਰਮ ਸੁਰੱਖਿਆ ਸਲਾਹਕਾਰ ਸਨ, ਤਾਂ ਉਨ੍ਹਾਂ ਨੇ ਆਪਣੇ ਦੋਸਤ ਰੂਸ ਮੁਲਕ ਤੋ ਬਹੁਤ ਹੀ ਅਹਿਮ ਹਥਿਆਰਾਂ ਦੀਆਂ ਖੇਪਾਂ ਪੰਜਾਬ ਵਿਚ ਸਿੱਖਾਂ ਨੂੰ ਮਾਰਨ ਲਈ ਮੰਗਵਾਈਆ ਸਨ । ਜਿਸ ਧਰੇਨ ਭਗਤ ਨਾਮ ਦੇ ਪੱਤਰਕਾਰ ਨੇ ਇਸ ਸੱਚ ਦਾ ਖੁਲਾਸਾ ਕੀਤਾ ਸੀ ਉਸ ਨੂੰ ਸਾਜਸੀ ਢੰਗ ਨਾਲ ਮਰਵਾ ਦਿੱਤਾ ਗਿਆ ਸੀ ਜਿਸਦੀ ਅੱਜ ਤੱਕ ਕੋਈ ਜਾਂਚ ਨਹੀ ਹੋਈ ।