ਯਮਨ ਮੁਲਕ ਵਿਚ 16 ਜੁਲਾਈ ਨੂੰ ਮਨੀਸਾ ਪ੍ਰਿਆ ਨਾਮ ਦੀ ਨਰਸ ਨੂੰ ਮੌਤ ਦੀ ਸਜ਼ਾ ਦੇਣ ਨੂੰ ਖਤਮ ਕਰਨ ਦੀ ਸ. ਮਾਨ ਵੱਲੋ ਗੁਹਾਰ
ਫ਼ਤਹਿਗੜ੍ਹ ਸਾਹਿਬ, 09 ਜੁਲਾਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜੋ ਗੁਰੂ ਸਾਹਿਬਾਨ ਨੇ ਔਰਤ ਵਰਗ ਨੂੰ ਮਰਦ ਦੇ ਬਰਾਬਰ ਦਾ ਮਾਣ-ਸਨਮਾਨ ਦੇ ਕੇ ਅਤੇ ਆਪਣੇ ਮੁਖਾਰਬਿੰਦ ਤੋ ‘ਸੋ ਕਿਉ ਮੰਦਾ ਆਖਿਐ, ਜਿਤੁ ਜੰਮੈ ਰਾਜ਼ਾਨ’ ਦੇ ਰਾਹੀ ਸਮੁੱਚੇ ਸੰਸਾਰ ਨੂੰ ਔਰਤ ਵਰਗ ਦੇ ਹੱਕ ਤੇ ਸਨਮਾਨ ਪ੍ਰਤੀ ਜੋ ਅਰਥ ਭਰਪੂਰ ਸੰਦੇਸ ਦਿੱਤਾ ਹੈ, ਉਸ ਨੂੰ ਮੁੱਖ ਰੱਖਦੇ ਹੋਏ ਅਤੇ ਸਮੁੱਚੇ ਸੰਸਾਰ ਵਿਚ ਔਰਤ ਵਰਗ ਉਤੇ ਹੋਣ ਵਾਲੇ ਜ਼ਬਰ ਜੁਲਮਾਂ ਦਾ ਖਾਤਮਾ ਕਰਨ ਦੀ ਸੋਚ ਨੂੰ ਲੈਕੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯਮਨ ਦੇ ਪ੍ਰੈਜੀਡੈਟ ਨੂੰ ਪੱਤਰ ਲਿਖਦੇ ਹੋਏ ਕੇਰਲਾ ਦੀ ਇਕ ਨਰਸ ਬੀਬੀ ਮਨੀਸਾ ਪ੍ਰਿਆ ਜਿਸ ਨੂੰ ਯਮਨ ਮੁਲਕ ਵੱਲੋ ਇਕ ਕਤਲ ਕੇਸ ਵਿਚ 16 ਜੁਲਾਈ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਉਸਦੀ ਮੌਤ ਦੀ ਸਜਾ ਮੁਆਫ਼ੀ ਲਈ ਇਨਸਾਨੀਅਤ ਬਿਨ੍ਹਾਂ ਤੇ ਇਕ ਲਿਖਤੀ ਗੁਹਾਰ ਲਗਾਈ ਹੈ ਤਾਂ ਜੋ ਸੰਸਾਰ ਪੱਧਰ ਤੇ ਔਰਤ ਵਰਗ ਦੇ ਮਾਣ-ਸਨਮਾਨ ਅਤੇ ਔਰਤ ਵਰਗ ਦੇ ਹੱਕ ਹਕੂਕਾ ਦੀ ਸੁਰੱਖਿਆ ਹੋਣ ਵਿਚ ਵਾਧਾ ਹੋ ਸਕੇ ਅਤੇ ਸਭ ਮੁਲਕਾਂ ਤੇ ਵਰਗਾਂ ਦੇ ਨਿਵਾਸੀ ਔਰਤ ਵਰਗ ਨੂੰ ਬਣਦਾ ਮਾਣ ਸਨਮਾਨ ਦੇਣ ਵਿਚ ਪੂਰਨ ਯਕੀਨ ਰੱਖ ਸਕਣ ।”
ਉਨ੍ਹਾਂ ਆਪਣੇ ਇਸ ਪੱਤਰ ਵਿਚ ਇਸ ਗੱਲ ਦਾ ਵੀ ਜਿਕਰ ਕੀਤਾ ਹੈ ਕਿ ਸੰਸਾਰ ਦੇ 192 ਮੁਲਕਾਂ ਵਿਚੋ 160-65 ਮੁਲਕਾਂ ਨੇ ਜਦੋ ਮੌਤ ਦੀ ਸਜ਼ਾ ਵਿਰੁੱਧ ਆਪੋ ਆਪਣੇ ਮੁਲਕਾਂ ਦੀਆਂ ਪਾਰਲੀਮੈਟਾਂ ਵਿਚ ਕਾਨੂੰਨ ਪਾਸ ਕਰ ਦਿੱਤੇ ਹਨ ਅਤੇ ਮੌਤ ਦੀ ਸਜ਼ਾ ਨੂੰ ਖਤਮ ਕਰਨ ਦੀ ਸੋਚ ਨੂੰ ਮਜਬੂਤ ਕੀਤਾ ਹੈ ਤਾਂ ਯਮਨ ਦੇ ਪ੍ਰੈਜੀਡੈਟ ਜਨਾਬ ਰਸਦ-ਅਲ-ਅਲੀਮੀ ਨੂੰ ਵੀ ਸਾਡੀ ਸਮੁੱਚੀ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋ ਇਹ ਜੋਰਦਾਰ ਬੇਨਤੀ ਹੈ ਕਿ ਉਹ ਬੀਬੀ ਮਨੀਸਾ ਪ੍ਰਿਆ ਨੂੰ ਵੀ ਇਸ ਮੌਤ ਦੀ ਸਜ਼ਾ ਤੋ ਸਰੂਖਰ ਕਰਕੇ ਕੌਮਾਂਤਰੀ ਪੱਧਰ ਤੇ ਮੌਤ ਦੀ ਸਜ਼ਾ ਵਿਰੁੱਧ ਉੱਠੀ ਲਹਿਰ ਤੇ ਸੋਚ ਨੂੰ ਜਿਥੇ ਮਜਬੂਤ ਕਰਨ ਉਥੇ ਔਰਤ ਵਰਗ ਦੇ ਹੱਕ ਵਿਚ ਵੱਖ-ਵੱਖ ਮੁਲਕਾਂ ਅਤੇ ਵਰਗਾਂ ਵਿਚ ਉੱਠਣ ਵਾਲੀ ਆਵਾਜ ਨੂੰ ਹੋਰ ਬਲ ਦੇਣ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਰਸਦ-ਅਲ-ਅਲੀਮੀ ਸਾਡੇ ਵੱਲੋ ਲਿਖੇ ਇਸ ਪੱਤਰ ਦੀ ਇਨਸਾਨੀਅਤ ਦੇ ਬਿਨ੍ਹਾਂ ਤੇ ਕਦਰ ਕਰਦੇ ਹੋਏ ਬੀਬੀ ਮਨੀਸਾ ਪ੍ਰਿਆ ਨੂੰ ਮੌਤ ਦੀ ਸਜ਼ਾ ਤੋ ਸਰੂਖਰ ਕਰਕੇ ਇਹ ਇਨਸਾਨੀਅਤ ਪੱਖੀ ਉਦਮਾਂ ਨੂੰ ਹੋਰ ਬਲ ਦੇਣਗੇ ਅਤੇ ਅਜਿਹੇ ਮੌਤ ਦੀ ਸਜ਼ਾ ਦੇ ਬੀਤੇ ਸਮੇ ਦੇ ਬਣਾਏ ਕਾਨੂੰਨਾਂ ਤੇ ਨਿਯਮਾਂ ਦਾ ਸਦਾ ਲਈ ਅੰਤ ਕਰਨ ਲਈ ਆਪਣਾ ਯੋਗਦਾਨ ਪਾਉਣਗੇ।