ਖੂਫੀਆ ਵਿੰਗ ਦੀ ਸਲਾਹ ਅਤੇ ਤੱਥਾਂ ਤੋ ਬਿਨ੍ਹਾਂ ਕਿਸੇ ਮੁਲਕ ਤੇ ਹਮਲਾ ਕਰ ਦੇਣਾ ਤਾਂ ਆਪਣੀ ਫ਼ੌਜ ਅਤੇ ਨਿਵਾਸੀਆਂ ਨੂੰ ਕਰੜੇ ਇਮਤਿਹਾਨ ਵਿਚ ਸੁੱਟਣ ਦੇ ਤੁੱਲ : ਮਾਨ
ਫ਼ਤਹਿਗੜ੍ਹ ਸਾਹਿਬ, 09 ਜੁਲਾਈ ( ) “ਜਦੋਂ ਪਹਿਲਗਾਮ ਵਾਪਰੇ ਦੁਖਾਂਤ ਸੰਬੰਧੀ ਇੰਡੀਅਨ ਹੁਕਮਰਾਨਾਂ ਅਤੇ ਇਥੋ ਦੀਆਂ ਖੂਫੀਆ ਏਜੰਸੀਆ ਕੋਲ ਕੋਈ ਤੱਥ ਸਬੂਤ ਹੀ ਪ੍ਰਾਪਤ ਨਹੀ ਹੋਇਆ ਕਿ ਇਹ ਹਮਲਾ ਪਾਕਿਸਤਾਨ ਨੇ ਕੀਤਾ ਹੈ ਜਾਂ ਕਿਸੇ ਹੋਰ ਨੇ । ਫਿਰ ਸ਼ੱਕ ਦੇ ਬਿਨ੍ਹਾਂ ਤੇ ਇੰਡੀਅਨ ਹੁਕਮਰਾਨਾਂ ਵੱਲੋ ਇੰਡੀਅਨ ਫ਼ੌਜ ਦੀ ਸਲਾਹ ਤੋ ਬਿਨ੍ਹਾਂ ਹੀ ਆਪ੍ਰੇਸ਼ਨ ਸਿੰਧੂਰ ਨੂੰ ਅਮਲੀ ਰੂਪ ਦੇਣਾ ਤਾਂ ਫ਼ੌਜੀ ਨਿਯਮਾਂ, ਅਸੂਲਾਂ ਦਾ ਘਾਣ ਕਰਨ ਦੇ ਹੀ ਤੁੱਲ ਵੱਡੀ ਗੁਸਤਾਖੀ ਨਹੀ ਬਲਕਿ ਇਥੋ ਦੇ ਨਿਵਾਸੀਆਂ ਦੇ ਜਾਨ ਮਾਲ ਨੂੰ ਖਤਰੇ ਵਿਚ ਪਾ ਦੇਣ ਦੀ ਵੀ ਬਜਰ ਗੁਸਤਾਖੀ ਹੁਕਮਰਾਨਾਂ ਵੱਲੋ ਕੀਤੀ ਗਈ ਹੈ । ਕਿਉਂਕਿ ਜਦੋ ਕਿਤੇ ਕਿਸੇ ਮੁਲਕ ਨਾਲ ਜੰਗ ਲਗਾਉਣ ਦਾ ਫੈਸਲਾ ਹੋਵੇ ਤਾਂ ਉਸ ਪਿੱਛੇ ਕੋਈ ਵੱਡੀ ਵਜਹ ਹੁੰਦੀ ਹੈ । ਲੇਕਿਨ ਬਿਨ੍ਹਾਂ ਵਜਹ ਤੋ ਹੀ ਅਜਿਹਾ ਐਕਸਨ ਕਰ ਦੇਣਾ ਤਾਂ ਆਪਣੇ ਆਪ ਦੀ ਅਤੇ ਆਪਣੇ ਮੁਲਕ ਦੀ ਕੌਮਾਂਤਰੀ ਪੱਧਰ ਤੇ ਨਮੋਸੀ ਭਰੀ ਹੇਠੀ ਕਰਵਾਉਣ ਵਾਲੀ ਕਾਰਵਾਈ ਹੈ । ਇਹ ਵੀ ਬਹੁਤ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਫੌਜੀ ਅਫਸਰਾਂ ਨੇ ਕਿਸੇ ਨੇ ਵੀ ਜੁਰਅਤ ਨਹੀ ਕੀਤੀ ਕਿ ਮੋਦੀ ਹਕੂਮਤ ਨੂੰ ਇਹ ਵੱਡੀ ਗੁਸਤਾਖੀ ਕਰਨ ਤੋ ਰੋਕਿਆ ਜਾਵੇ ਅਤੇ ਬਿਨ੍ਹਾਂ ਵਜਹ ਫ਼ੌਜ ਅਤੇ ਇਥੋ ਦੇ ਨਿਵਾਸੀਆ ਨੂੰ ਵੱਡੇ ਇਮਤਿਹਾਨ ਵਿਚ ਪਾਉਣ ਦੀ ਗਲਤੀ ਨਾ ਹੋਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲਗਾਮ ਦੁਖਾਂਤ ਵਾਪਰਨ ਉਪਰੰਤ ਮੁਲਕ ਦੇ ਹੁਕਮਰਾਨਾਂ ਵੱਲੋ ਆਪਣੀ ਫ਼ੌਜ ਦੇ ਕਮਾਂਡਰਾਂ ਅਤੇ ਖੂਫੀਆ ਏਜੰਸੀਆ ਦੀ ਕਿਸੇ ਤਰ੍ਹਾਂ ਦੀ ਸਲਾਹ ਤੋ ਬਿਨ੍ਹਾਂ ਹੀ ਫ਼ੌਜ ਨੂੰ ਆਪ੍ਰੇਸਨ ਸਿੰਧੂਰ ਕਰਨ ਦੇ ਹੁਕਮ ਕਰਨ ਦੀ ਗੈਰ ਤੁਜਰਬੇਕਾਰ ਕਾਰਵਾਈ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿਟਲਰ ਵੱਲੋ ਵੀ ਕਦੇ ਅਫਰੀਕਾ ਵਿਚ ਕਦੇ ਯੂਰਪ ਵਿਚ ਹਮਲੇ ਕਰ ਦਿੱਤੇ ਜਾਂਦੇ ਸਨ । ਇਹੀ ਵਜਹ ਹੋਈ ਹੈ ਕਿ ਫ਼ੌਜੀ ਜਰਨੈਲਾਂ ਨੇ ਹਿਟਲਰ ਦੇ ਤਾਨਾਸਾਹੀ ਅਮਲਾਂ ਉਤੇ ਕੋਈ ਸੂਝਵਾਨ ਸਟੈਡ ਨਾ ਲਿਆ । ਉਸੇ ਤਰ੍ਹਾਂ ਆਪ੍ਰੇਸਨ ਸਿੰਧੂਰ ਵੇਲੇ ਫ਼ੌਜੀ ਜਰਨੈਲਾਂ ਅਤੇ ਖੂਫੀਆ ਏਜੰਸੀਆ ਦੀ ਇਤਲਾਹ ਮਿਲਣ ਤੋ ਬਿਨ੍ਹਾ ਹੀ ਅਜਿਹੇ ਅਮਲ ਕਰ ਦਿੱਤੇ ਗਏ ਜੋ ਹੁਕਮਰਾਨਾਂ ਦੇ ਗੈਰ ਤੁਜਰਬੇਕਾਰ ਹੋਣ ਨੂੰ ਵੀ ਪ੍ਰਤੱਖ ਕਰਦਾ ਹੈ । ਇਹ ਵੀ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਇੰਡੀਆ ਦੀ ਸੁਰੱਖਿਆ ਕਮੇਟੀ ਵਿਚ ਸਿੱਖਾਂ ਦੇ ਕਿਸੇ ਨੁਮਾਇੰਦੇ ਨੂੰ ਨਹੀ ਲਿਆ ਗਿਆ ਜਿਸਦਾ ਮਤਲਬ ਹੈ ਕਿ ਹਿੰਦੂ-ਮੁਸਲਮਾਨ ਜਦੋ ਮਰਜੀ ਲੜ ਪੈਣ, ਇਸਦੀ ਰੋਕਥਾਮ ਲਈ ਹੁਕਮਰਾਨਾਂ ਵੱਲੋ ਕੋਈ ਵੀ ਅਸਰਦਾਰ ਪਾਲਸੀ ਨਾ ਹੋਣਾ ਵੱਡੀ ਜਿੰਮੇਵਾਰੀ ਹੈ । ਜਦੋਕਿ ਹੋਣਾ ਤਾ ਇਹ ਚਾਹੀਦਾ ਹੈ ਕਿ ਫ਼ੌਜ ਦੇ ਜਰਨੈਲਾਂ ਦੀ ਸਲਾਹ ਤੋ ਬਿਨ੍ਹਾਂ ਸਿਆਸਤਦਾਨਾਂ ਵੱਲੋ ਕੋਈ ਅਮਲ ਨਾ ਹੋਵੇ । ਕਿਉਂਕਿ ਹੁਕਮਰਾਨਾਂ ਕੋਲ ਜੰਗ ਲੜਨ ਦਾ ਕੋਈ ਤੁਜਰਬਾ ਨਹੀ ਹੁੰਦਾ ਅਤੇ ਨਾ ਹੀ ਫ਼ੌਜੀ ਢੰਗਾਂ ਦੀ ਕੋਈ ਜਾਣਕਾਰੀ ਹੁੰਦੀ ਹੈ । ਫਿਰ ਜੰਗ ਜਾਂ ਕਿਸੇ ਐਕਸਨ ਦਾ ਐਲਾਨ ਕਿਵੇ ਕੀਤਾ ਜਾ ਸਕਦਾ ਹੈ ?
ਸ. ਮਾਨ ਨੇ ਕਿਸੇ ਗੈਰ ਤੁਜਰਬੇਕਾਰ ਹੋਣ ਉਤੇ ਗੱਲ ਕਰਦੇ ਹੋਏ ਕਿਹਾ ਕਿ ਹੁਕਮਰਾਨਾਂ ਅਤੇ ਉਸਦੀਆਂ ਖੂਫੀਆ ਏਜੰਸੀਆ ਦੇ ਮੁੱਖੀਆ ਅਤੇ ਕੁਝ ਵਜੀਰਾਂ ਦੀ ਸਾਜਿਸ ਦੀ ਬਦੌਲਤ ਹੀ ਬੀਤੇ ਸਮੇ ਵਿਚ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਸਿੱਖਾਂ ਦੇ ਕਤਲ ਕੀਤੇ ਗਏ । ਇਥੇ ਹੀ ਬਸ ਨਹੀ ਅਜਿਹਾ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਵੱਲੋ ਕੈਨੇਡਾ, ਬਰਤਾਨੀਆ,ਅਮਰੀਕਾ ਅਤੇ ਪਾਕਿਸਤਾਨ ਦੀ ਬਾਦਸਾਹੀ ਨੂੰ ਵੀ ਤੋੜ ਦਿੱਤਾ ਗਿਆ । ਜੋ ਕਿ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ । ਇਸ ਉਤੇ ਸੰਬੰਧਤ ਮੁਲਕਾਂ ਵੱਲੋ ਨੋਟਿਸ ਲੈਣਾ ਹੀ ਪੈਣਾ ਹੈ । ਇਸੇ ਤਰ੍ਹਾਂ 1984 ਵਿਚ ਜਦੋ ਰਾਜੀਵ ਗਾਂਧੀ ਇੰਡੀਆ ਦੇ ਵਜੀਰ ਏ ਆਜਮ ਸੀ ਤਾਂ ਉਸ ਸਮੇ ਸਿੱਖਾਂ ਦਾ ਸਾਜਸੀ ਢੰਗ ਨਾਲ ਕਤਲ ਹੋਏ ਲੇਕਿਨ ਕਿਸੇ ਵੀ ਫ਼ੌਜੀ ਜਰਨੈਲ ਨੇ ਇਨ੍ਹਾਂ ਕਤਲਾਂ ਨੂੰ ਰੋਕਣ ਲਈ ਬੈਰਿਕਾਂ ਵਿਚੋ ਫ਼ੌਜ ਨੂੰ ਬਾਹਰ ਕੱਢਣ ਦੀ ਜਿੰਮੇਵਾਰੀ ਨਾ ਨਿਭਾਈ । ਅਜਿਹੇ ਅਮਲ ਕਿਸੇ ਵੀ ਮੁਲਕ ਦੀ ਜਮਹੂਰੀਅਤ ਅਤੇ ਅਮਨ ਚੈਨ ਲਈ ਵੱਡਾ ਖਤਰਾ ਬਣ ਸਕਦੇ ਹਨ । ਇਸ ਲਈ ਫ਼ੌਜੀ ਜਰਨੈਲਾਂ ਨੂੰ ਵੀ ਅਜਿਹੇ ਸਮੇ, ਭਾਵੇਕਿ ਵਜੀਰ ਏ ਆਜਮ ਵੱਲੋ ਹੀ ਕੋਈ ਤਾਨਾਸਾਹੀ ਹੁਕਮ ਹੋਵੇ ਉਸ ਉਤੇ ਅਤੇ ਉਸਦੇ ਹੋਣ ਵਾਲੇ ਮਾਰੂ ਨਤੀਜਿਆ ਤੇ ਵਿਚਾਰ ਕਰਦੇ ਹੋਏ ਅਜਿਹੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਹੁਕਮਾਂ ਨੂੰ ਮੰਨਣ ਤੋ ਮਨਾਅ ਵੀ ਕਰਨਾ ਚਾਹੀਦਾ ਹੈ ਅਤੇ ਹੁਕਮਰਾਨਾਂ ਨੂੰ ਅਜਿਹੀ ਗੁਸਤਾਖੀ ਕਰਨ ਤੋ ਵਰਜਣ ਦੀ ਇਖਲਾਕੀ ਜਿੰਮੇਵਾਰੀ ਵੀ ਨਿਭਾਉਣੀ ਬਣਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਬਰਤਾਨੀਆ ਦੇ ਵਜੀਰ ਏ ਆਜਮ ਟੋਨੀ ਬਲੇਅਰ ਵੱਲੋ ਇਰਾਕ ਜੰਗ ਵਿਚ ਕਿਸੇ ਵੇਗ ਵਿਚ ਆ ਕੇ ਆਪਣੀਆ ਫ਼ੌਜਾਂ ਭੇਜ ਦਿੱਤੀਆ ਸਨ । ਜਦੋਕਿ ਅਜਿਹਾ ਅਮਲ ਬਰਤਾਨੀਆ ਅਤੇ ਬਰਤਾਨੀਆ ਦੇ ਨਿਵਾਸੀਆ ਲਈ ਵੱਡਾ ਖਤਰਾ ਬਣਨ ਦੀ ਬਦੌਲਤ ਉਸ ਸਮੇ ਦੇ ਫ਼ੌਜੀ ਕਮਾਂਡਰ ਲੈਫਟੀਨੈਟ ਕਰਨਲ ਟੌਮ ਬੇਕੇਟ ਨੇ ਇਸ ਹੋਏ ਸੰਸਦੀ ਫੈਸਲੇ ਨੂੰ ਪ੍ਰਵਾਨ ਨਾ ਕਰਦੇ ਹੋਏ ਫ਼ੌਜਾਂ ਨੂੰ ਵਾਪਸ ਬੁਲਾਕੇ ਆਪਣੇ ਨਿਵਾਸੀਆ ਦੀਆਂ ਇਛਾਵਾ ਦੀ ਪੂਰਤੀ ਕੀਤੀ ਸੀ।
ਉਨ੍ਹਾਂ ਇਸੇ ਦੁਖਾਂਤ ਨਾਲ ਸੰਬੰਧਤ ਗੱਲ ਕਰਦੇ ਹੋਏ ਕਿਹਾ ਕਿ ਚੀਨ ਦੇ ਲਹਿੰਦੇ ਵੱਲ ਪਾਕਿਸਤਾਨ ਦੀ ਫੌਜੀ ਸੋਚ ਪਹਿਲੇ ਨਾਲੋ ਮਜਬੂਤ ਹੋਈ ਹੈ ਅਤੇ ਇੰਡੀਆ ਦੀ ਫ਼ੌਜ ਉਤੇ ਇਕ ਦਬਾਅ ਬਣਿਆ ਹੈ । ਇੰਡੀਆ ਵਿਚ ਹੁਕਮਰਾਨਾਂ ਦੀ ਸੌੜੀ ਤੇ ਸਵਾਰਥੀ ਨੀਤੀਆ ਦੀ ਬਦੌਲਤ ਇਥੇ ਵੱਸਣ ਵਾਲੇ ਸਿੱਖਾਂ, ਆਦਿਵਾਸੀਆ, ਮੁਸਲਮਾਨ, ਇਸਾਈਆ ਨੂੰ ਅਲੱਗ ਕਰ ਦਿੱਤਾ ਗਿਆ ਹੈ । ਜੋ ਕਿ ਸੋਸਲਿਜਮ ਦੀ ਬਦੌਲਤ ਇਕ ਤਰ੍ਹਾਂ ਖਤਰੇ ਵਾਲਾ ਸਮਾਂ ਆ ਰਿਹਾ ਹੈ । ਹਿਟਲਰ ਦੇ ਨਾਜੀ ਸਟੇਟ ਦੀ ਤਰ੍ਹਾਂ ਹੁਕਮਰਾਨ ਵੀ ਇਥੇ ਤਾਨਾਸਾਹੀ ਸਟੇਟ ਕਾਇਮ ਕਰਨ ਦੀ ਸੋਚ ਉਤੇ ਅਮਲ ਕਰ ਰਹੇ ਹਨ । ਇਹੀ ਵਜਹ ਹੈ ਕਿ ਜਿਵੇ ਹਿਟਲਰ ਨੇ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਖਤਮ ਕਰ ਦਿੱਤਾ ਸੀ, ਇਹ ਧਰਮ ਨਿਰਪੱਖਤਾ ਦਾ ਵੀ ਨਾਸ਼ ਕਰਨ ਵਾਲੀ ਗੱਲ ਹੈ । ਮੌਜੂਦਾ ਬੀਜੇਪੀ-ਆਰ.ਐਸ.ਐਸ ਦੇ ਹੁਕਮਰਾਨ ਮਰਹੂਮ ਇੰਦਰਾ ਗਾਂਧੀ ਉਤੇ ਮੌਜੂਦਾ ਹਾਲਾਤਾਂ ਲਈ ਦੋਸ਼ ਲਗਾ ਰਹੇ ਹਨ । ਜਦੋਕਿ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇ ਇਨ੍ਹਾਂ ਦੇ ਆਗੂਆਂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਅਤੇ ਸ੍ਰੀ ਵਾਜਪਾਈ ਵੱਲੋ, ਬਲਿਊ ਸਟਾਰ ਦਾ ਹਮਲਾ ਹੋਣ ਉਪਰੰਤ ਇੰਦਰਾ ਗਾਂਧੀ ਨੂੰ ‘ਦੁਰਗਾਮਾਤਾ’ ਦਾ ਖਿਤਾਬ ਦੇ ਕੇ ਸਨਮਾਨਿਤ ਕਰਨ ਦੇ ਅਮਲ ਹੋਏ ਸਨ । ਫਿਰ ਉਸ ਸਮੇ ਇਨ੍ਹਾਂ ਦੀ ਧਰਮ ਨਿਰਪੱਖਤਾ ਅਤੇ ਬਰਾਬਰਤਾ ਦੀ ਸੋਚ ਕਿਥੇ ਅਲੋਪ ਹੋ ਗਈ ਸੀ । ਕਹਿਣ ਤੋ ਭਾਵੇ ਹੈ ਕਿ ਜੇਕਰ ਜ਼ਬਰ ਜੁਲਮ ਹਿੰਦੂਤਵ ਹੁਕਮਰਾਨਾਂ ਤੇ ਹਿੰਦੂਤਵ ਮੁਲਕ ਦੇ ਪੱਖ ਵਿਚ ਜਾਣ ਫਿਰ ਉਹ ਸਹੀ ਜੇਕਰ ਇਹੀ ਜਬਰ ਜੁਲਮ ਘੱਟ ਗਿਣਤੀ ਕੌਮਾਂ ਨਾਲ ਹੋਣ ਜਾਂ ਉਨ੍ਹਾਂ ਵੱਲੋ ਆਪਣੇ ਹੱਕਾਂ ਤੇ ਇਨਸਾਫ ਦੀ ਪ੍ਰਾਪਤੀ ਲਈ ਜੱਦੋ ਜਹਿਦ ਹੋਵੇ ਤਾਂ ਉਹ ਗੈਰ ਕਾਨੂੰਨੀ ਅਤੇ ਸਮਾਜ ਵਿਰੋਧੀ ਕਰਾਰ ਦੇ ਦਿੱਤੇ ਜਾਂਦੇ ਹਨ । ਹੁਕਮਰਾਨਾਂ ਵੱਲੋ ਇਹ ਦੋਮੂੰਹੀ ਸੱਪਾਂ ਵਾਲੀ ਖਤਰਨਾਕ ਖੇਡ ਆਪਣੇ ਹੀ ਨਿਵਾਸੀਆ ਨਾਲ ਨਿਰੰਤਰ ਕਿਉਂ ਖੇਡੀ ਜਾਂਦੀ ਆ ਰਹੀ ਹੈ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਦਾ ਘਾਣ ਕਰਨ ਤੋ ਤੋਬਾ ਕਿਉਂ ਨਹੀ ਕੀਤੀ ਜਾ ਰਹੀ ?