ਸਿੱਖ ਕੌਮ ਪ੍ਰਤੀ ਵੱਖ-ਵੱਖ ਤਖ਼ਤਾਂ ਤੋਂ ਹੁਕਮਨਾਮੇ ਜਾਰੀ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 07 ਜੁਲਾਈ ( ) “ਬੇਸੱਕ ਸਿੱਖ ਕੌਮ ਦੇ ਪੰਜੇ ਤਖਤ ਸਾਹਿਬਾਨ ਅਤਿ ਸਤਿਕਾਰਿਤ ਅਤੇ ਪ੍ਰਵਾਨਿਤ ਹਨ । ਇਸ ਵਿਚ ਵੀ ਕੋਈ ਸ਼ੱਕ ਨਹੀ ਕਿ ਪੰਜੇ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਦੀ ਸਮੁੱਚੀ ਸਹਿਮਤੀ ਨਾਲ ਹੀ ਖਾਲਸਾ ਪੰਥ ਲਈ ਹੁਕਮਨਾਮੇ ਅਤੇ ਕੌਮ ਪੱਖੀ ਫੈਸਲੇ ਹੁੰਦੇ ਹਨ । ਪਰ ਸਿੱਖ ਅਤੇ ਕੌਮੀ ਰਵਾਇਤਾ ਅਨੁਸਾਰ ਇਹ ਹੁਕਮਨਾਮੇ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋ ਹੀ ਕਾਇਮ ਮੁਕਾਮ ਜਥੇਦਾਰ ਸਾਹਿਬ ਵੱਲੋ ਹੀ ਸਮੁੱਚੀ ਸਿੱਖ ਕੌਮ ਲਈ ਸਦੀਆਂ ਤੋ ਜਾਰੀ ਹੁੰਦੇ ਆ ਰਹੇ ਹਨ । ਅਜਿਹੇ ਹੁਕਮਨਾਮਿਆ ਅੱਗੇ ਸਮੁੱਚੀ ਸਿੱਖ ਕੌਮ ਤੇ ਹਰ ਗੁਰੂ ਨਾਨਕ ਨਾਮ ਲੇਵਾ ਸੀਸ ਝੁਕਾਉਦਾ ਹੈ । ਲੇਕਿਨ ਕੁਝ ਸਮੇ ਤੋ ਬੀਜੇਪੀ-ਆਰ.ਐਸ.ਐਸ ਤੇ ਹੋਰ ਫਿਰਕੂ ਸੰਗਠਨਾਂ ਤੇ ਜਮਾਤਾਂ ਵੱਲੋ ਤਖਤ ਸ੍ਰੀ ਹਜੂਰ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ਉਤੇ ਹਕੂਮਤੀ ਅਜਾਰੇਦਾਰੀ ਕਾਇਮ ਕਰਨ ਹਿੱਤ ਅਤੇ ਖਾਲਸਾ ਪੰਥ ਦੇ ਕੌਮੀ ਫੈਸਲਿਆ ਵਿਚ ਦਖਲ ਦੇਣ ਦੇ ਹਕੂਮਤੀ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕ ਤੇ ਜਥੇਦਾਰ ਸਾਹਿਬਾਨ ਜੋ ਆਪਣੇ ਸਿੱਖੀ ਕੇਦਰ ਧੂਰੇ ਸ੍ਰੀ ਅਕਾਲ ਤਖਤ ਸਾਹਿਬ ਤੋ ਦੂਰ ਹੋ ਕੇ ਹੁਕਮਰਾਨਾਂ ਅਤੇ ਸਿਆਸੀ ਜਾਲ ਵਿਚ ਗ੍ਰਸਤ ਹੋ ਕੇ ਸਿੱਖ ਕੌਮ ਦੀ ਅਸੀਮਤ ਸ਼ਕਤੀ, ਮਹਾਨ ਸਿਧਾਂਤ ਤੇ ਮਰਿਯਾਦਾਵਾਂ ਦਾ ਘਾਣ ਕਰਕੇ ਸਿੱਖ ਕੌਮ ਨੂੰ ਭਰਾਮਾਰੂ ਜੰਗ ਵੱਲ ਧਕੇਲਣ ਦੀ ਬਜਰ ਗੁਸਤਾਖੀ ਕਰਦੇ ਨਜਰ ਆ ਰਹੇ ਹਨ । ਜੋ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ, ਸਿਧਾਤਾਂ ਅਤੇ ਸਿੱਖ ਕੌਮ ਦੇ ਵੱਡੇਰੇ ਹਿੱਤਾ ਨਾਲ ਬਿਲਕੁਲ ਵੀ ਮੇਲ ਨਹੀ ਖਾਂਦੀ । ਇਸ ਲਈ ਤਖਤ ਸ੍ਰੀ ਹਜੂਰ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਤੇ ਜਥੇਦਾਰ ਸਾਹਿਬਾਨ ਵੱਲੋ ਖਾਲਸਾ ਪੰਥ ਵਿਰੋਧੀ ਤਾਕਤਾਂ ਤੇ ਸਿਆਸੀ ਜਾਲ ਵਿਚ ਗ੍ਰਸਤ ਹੋ ਕੇ ਅਜਿਹਾ ਕੋਈ ਵੀ ਅਮਲ ਨਹੀ ਹੋਣਾ ਚਾਹੀਦਾ ਜਿਸ ਨਾਲ ਸਾਡੇ ਖਾਲਸਾ ਪੰਥ ਦੇ ਰੁਹਾਨੀਅਤ ਭਰੇ ਅਤੇ ਦੁਨਿਆਵੀ ਸਿਆਸਤ ਨੂੰ ਸੇਧ ਦੇਣ ਵਾਲੇ ਮੁੱਖ ਧੂਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੋ ਮੂੰਹ ਮੋੜੇ ਅਤੇ ਉਥੋ ਜਾਰੀ ਹੋਣ ਵਾਲੇ ਹੁਕਮਾਂ ਦੀ ਕੋਈ ਸਿੱਖ ਅਵੱਗਿਆ ਕਰਨ ਦੀ ਗੁਸਤਾਖੀ ਕਰੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤਖਤ ਪਟਨਾ ਸਾਹਿਬ ਤੋਂ ਗੈਰ ਸਿਧਾਤਿਕ ਢੰਗ ਨਾਲ ਸਿੱਖੀ ਮਰਿਯਾਦਾਵਾ ਦਾ ਘਾਣ ਕਰਦੇ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੋਤੀ ਦੇਣ ਦੇ ਹਕੂਮਤੀ ਸਰਪ੍ਰਸਤੀ ਹੇਠ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਉਤੇ ਉਥੋ ਦੇ ਪ੍ਰਬੰਧਕਾਂ ਅਤੇ ਜਥੇਦਾਰ ਸਾਹਿਬਾਨ ਵੱਲੋ ਕੀਤੇ ਜਾਣ ਵਾਲੇ ਕਿਸੇ ਵੀ ਫੈਸਲੇ ਨੂੰ ਸਿੱਖ ਕੌਮ ਵੱਲੋ ਪ੍ਰਵਾਨਗੀ ਨਾ ਮਿਲਣ ਦੀ ਇਤਿਹਾਸਿਕ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਜਾਹਰ ਕੀਤਾ ਕਿ ਬੀਜੇਪੀ-ਆਰ.ਐਸ.ਐਸ ਜਮਾਤਾਂ ਨਾਲ ਸੰਬੰਧਤ ਲੋਕਾਂ ਨੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਅਧੀਨ ਸਾਡੇ ਇਨ੍ਹਾਂ ਤਖਤ ਸਾਹਿਬਾਨਾਂ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਹਿੱਤ ਸਿੱਖਾਂ ਤੋ ਹੀ ਅਜਿਹੇ ਪੰਥ ਵਿਰੋਧੀ ਅਮਲ ਸੁਰੂ ਕਰਵਾਕੇ ਸਿੱਖ ਕੌਮ ਨੂੰ ਭਰਾਮਾਰੂ ਜੰਗ ਵੱਲ ਧਕੇਲਣ ਤੇ ਸਾਡੇ ਸਿਧਾਤਾਂ ਤੇ ਮਰਿਯਾਦਾਵਾ ਦਾ ਘਾਣ ਕਰਨ ਦਾ ਅਮਲ ਹੋ ਰਿਹਾ ਹੈ ਜਿਸ ਨੂੰ ਸਮਝਣ ਅਤੇ ਆਪਣੇ ਗੁਰੂ ਸਾਹਿਬਾਨ ਜੀ ਦੀ ਸੋਚ ਮਰਿਯਾਦਾਵਾਂ ਪ੍ਰੰਪਰਾਵਾ ਨੂੰ ਹਰ ਕੀਮਤ ਤੇ ਕਾਇਮ ਰੱਖਣ ਦੀ ਕੌਮੀ ਜਿੰਮੇਵਾਰੀ ਪੂਰਨ ਕਰਨੀ ਬਣਦੀ ਹੈ ਨਾ ਕਿ ‘ਪਾੜੋ ਅਤੇ ਰਾਜ ਕਰੋ’ ਦੀ ਸੋਚ ਉਤੇ ਚੱਲਣ ਵਾਲੀਆ ਮੁਤੱਸਵੀ ਜਮਾਤਾਂ ਵੱਲੋ ਸਿੱਖ ਕੌਮ ਰੂਪੀ ਵੱਡੇ ਦਰੱਖਤ ਨੂੰ ਕੱਟਣ ਵਾਲੀਆ ਟਾਹਣੀਆ ਦੇ ਕੁਹਾੜੇ ਦਾ ਦਸਤਾ ਬਣਨਾ ਚਾਹੀਦਾ ਹੈ । ਜਦੋਕਿ ਇਸ ਗੱਲ ਨੂੰ ਵੀ ਹਰ ਸਿੱਖ ਨੂੰ ਆਪਣੇ ਜਹਿਨ ਵਿਚ ਰੱਖਣਾ ਚਾਹੀਦਾ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਤੋ ਸਰਕਾਰੀ ਸਰਪ੍ਰਸਤੀ ਹੇਠ ਕਿਸੇ ਸਮੇ ਜਾਰੀ ਹੋਣ ਵਾਲੇ ਗੈਰ ਸਿਧਾਤਿਕ ਹੁਕਮਨਾਮਿਆ ਜਾਂ ਫੈਸਲਿਆ ਨੂੰ ਸਿੱਖ ਕੌਮ ਨੇ ਨਾ ਤਾਂ ਬੀਤੇ ਇਤਿਹਾਸ ਵਿਚ ਕਦੇ ਪ੍ਰਵਾਨਗੀ ਦਿੱਤੀ ਹੈ ਨਾ ਹੀ ਆਉਣ ਵਾਲੇ ਸਮੇ ਵਿਚ ਪ੍ਰਵਾਨਗੀ ਮਿਲੇਗੀ ।
ਸ. ਟਿਵਾਣਾ ਨੇ ਇਤਿਹਾਸਿਕ ਅਤੇ ਗੁਰੂ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਵੱਡਮੁਲੇ ਸਿਧਾਤ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਇਹ ਮੀਰੀ ਪੀਰੀ ਦਾ ਸਿਧਾਤ ਹੀ ਸਰਬਉੱਚ ਹੈ ਅਤੇ ਮੀਰੀ ਪੀਰੀ ਦਾ ਤਖਤ ਕਹਾਉਣ ਦਾ ਰੁਹਾਨੀਅਤ ਅਰਥ ਭਰਪੂਰ ਅਧਿਕਾਰ ਤੇ ਹੱਕ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦਾ ਹੀ ਹੈ । ਇਥੋ ਹੋਣ ਵਾਲੇ ਫੈਸਲਿਆ ਤੇ ਹੁਕਮਨਾਮਿਆ ਨੂੰ ਹੀ ਸਿੱਖ ਕੌਮ ਪ੍ਰਵਾਨਗੀ ਦਿੰਦੀ ਹੈ । ਇਥੋ ਹੀ ਭਵਿੱਖ ਵਿਚ ਵੀ ਖਾਲਸਾ ਪੰਥ ਲਈ ਸਰਬਸੰਮਤੀ ਨਾਲ ਫੈਸਲੇ ਆਉਣਗੇ । ਇਸ ਲਈ ਤਖਤ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ‘ਤੇ ਸੁਸੋਭਿਤ ਸਤਿਕਾਰਯੋਗ ਜਥੇਦਾਰ ਸਾਹਿਬਾਨ ਖਾਲਸਾ ਪੰਥ ਨਾਲ ਸੰਬੰਧਤ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਪਿੱਠ ਦੇ ਕੇ ਕੋਈ ਵੀ ਅਜਿਹਾ ਅਮਲ ਨਾ ਕਰਨ ਦੀ ਗੁਸਤਾਖੀ ਨਾ ਕਰਨ ਜਿਸ ਨਾਲ ਖਾਲਸਾ ਪੰਥ ਦੇ ਮਹਾਨ ਸਿਧਾਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਠੇਸ ਪਹੁੰਚਦੀ ਹੋਵੇ । ਦੂਸਰਾ ਅਜਿਹੀ ਕਾਰਵਾਈ ਕਰਨ ਵਾਲੇ ਜਾਂ ਕਰਵਾਉਣ ਵਾਲੀਆ ਤਾਕਤਾਂ ਦਾ ਨਾ ਬੀਤੇ ਸਮੇ ਵਿਚ ਕਿਤੇ ਇਤਿਹਾਸ ਵਿਚ ਨਾਮੋ ਨਿਸਾਨ ਰਿਹਾ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਰਹੇਗਾ । ਇਸ ਲਈ ਕੋਈ ਵੀ ਉੱਚੇ ਤੋ ਉੱਚੇ ਅਹੁਦੇ ਤੇ ਬੈਠਾ ਸਿੱਖ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ, ਸਰਬਉੱਚਤਾ ਅਤੇ ਸਿੱਖੀ ਦੇ ਧੂਰੇ ਨੂੰ ਚੁਣੋਤੀ ਦੇਣ ਦੇ ਨਾਲ-ਨਾਲ ਸਿੱਖ ਕੌਮ ਵਿਚ ਖਾਨਾਜੰਗੀ ਕਰਵਾਉਣ ਦੇ ਅਮਲ ਨਾ ਕਰੇ ਤਾਂ ਉਸਦੀ ਆਪਣੀ ਸਖਸੀਅਤ ਅਤੇ ਖਾਲਸਾ ਪੰਥ ਲਈ ਅਜਿਹਾ ਬਿਹਤਰ ਹੋਵੇਗਾ । ਵਰਨਾ ਅਜਿਹਾ ਦੋਖੀ ਇਨਸਾਨ ਨਾ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਪੇਸ ਹੋਣ ਦੇ ਕਾਬਲ ਰਹਿ ਸਕੇਗਾ ਅਤੇ ਨਾ ਹੀ ਇਸ ਦੁਨਿਆਵੀ ਖਾਲਸਾ ਪੰਥ ਦੀ ਕਚਹਿਰੀ ਵਿਚ ।