ਮੁਤੱਸਵੀ ਹੁਕਮਰਾਨ ਉਤੋ-ਉੱਤੋ ਦੇਸ਼ਭਗਤੀ ਦਿਖਾਉਦੇ ਹਨ, ਪਰ ਵਿਚੋ ਸਭ ਗੈਰ-ਕਾਨੂੰਨੀ ਕਾਰਵਾਈਆ ਦੀ ਸਰਪ੍ਰਸਤੀ ਕਰਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 27 ਜੂਨ ( ) “ਸੈਟਰ ਤੇ ਪੰਜਾਬ ਦੀਆਂ ਦੋਵੇ ਸਰਕਾਰਾਂ ਇਥੋ ਦੇ ਨਿਵਾਸੀਆਂ ਨੂੰ ਗੁੰਮਰਾਹ ਕਰਨ ਹਿੱਤ ਨਸਿਆਂ ਦੇ ਵਿਰੁੱਧ ਖੂਬ ਪ੍ਰਚਾਰ ਤਾਂ ਕਰਦੀਆਂ ਹਨ ਅਤੇ ਉਤੋ-ਉਤੋ ਆਪਣੇ ਆਪ ਨੂੰ ਦੇਸ ਭਗਤ ਹੋਣ ਅਤੇ ਸਭ ਬੁਰਾਈਆ ਨੂੰ ਖਤਮ ਕਰਨ ਦੇ ਦਗਮਜੇ ਮਾਰਦੀਆਂ ਹਨ । ਪਰ ਨਸ਼ੀਲੀਆਂ ਵਸਤਾਂ ਦਾ ਧੰਦਾ ਕਰਨ ਵਾਲੇ ਸਮਗਲੱਰਾਂ ਅਤੇ ਅਪਰਾਧੀਆਂ ਨੂੰ ਸਰਪ੍ਰਸਤੀ ਕਰਦੀਆ ਹੀ ਨਜਰ ਆ ਰਹੀਆ ਹਨ । ਜੋ ਕਿ ਬੀਤੇ ਸਮੇ ਵਿਚ ਫਿਰੋਜ਼ਪੁਰ ਵਿਖੇ ਬੀਜੇਪੀ ਦੇ ਪੰਜਾਬ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਉਸਦੇ ਪੀ.ਏ ਤੇ ਸਾਥੀਆਂ ਵੱਲੋ ਨਸਿਆਂ ਦੇ ਕਾਰੋਬਾਰ ਵਿਚ ਜਦੋ ਨਾਮ ਸਾਹਮਣੇ ਆਇਆ ਅਤੇ ਉਸ ਸਮੇ ਦੇ ਫਿਰੋਜ਼ਪੁਰ ਦੇ ਐਸ.ਐਸ.ਪੀ ਸ. ਹਰਦਿਆਲ ਸਿੰਘ ਮਾਨ ਨੇ ਅਜਿਹੇ ਕਾਰੋਬਾਰ ਕਰਨ ਵਾਲਿਆ ਵਿਰੁੱਧ ਅਮਲੀ ਰੂਪ ਵਿਚ ਕਾਨੂੰਨੀ ਅਮਲ ਕਰਨਾ ਸੁਰੂ ਕੀਤਾ ਤਾਂ ਉਸ ਸਮੇ ਦੀ ਸਰਕਾਰ ਨੇ ਸ. ਹਰਦਿਆਲ ਸਿੰਘ ਮਾਨ ਨੂੰ ਉਥੋ ਤਬਦੀਲ ਕਰਕੇ ਪ੍ਰਤੱਖ ਕਰ ਦਿੱਤਾ ਕਿ ਇਹ ਹੁਕਮਰਾਨ ਸਭ ਗੈਰ ਕਾਨੂੰਨੀ ਧੰਦਿਆ ਵਿਚ ਮਸਰੂਫ ਸਨ । ਅੱਜ ਵੀ ਬੀਜੇਪੀ ਦੇ ਵੱਡੀ ਗਿਣਤੀ ਵਿਚ ਆਗੂ ਇਸ ਮਾਮਲੇ ਵਿਚ ਫਸੇ ਪਏ ਹਨ । ਜਦੋ ਪੰਜਾਬ ਵਿਚ ਸ. ਬਾਦਲ ਦਾ ਰਾਜ ਸੀ ਤਾਂ ਉਸ ਸਮੇ ਅੰਮ੍ਰਿਤਸਰ, ਫਿਰੋਜ਼ਪੁਰ, ਫਾਜਿਲਕਾ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਪੱਟੀ, ਬਟਾਲਾ ਆਦਿ ਸਰਹੱਦੀ ਜਿ਼ਲ੍ਹਿਆਂ ਵਿਚ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਜੋਰਾ ਤੇ ਸੀ । ਇਸ ਸੰਬੰਧ ਵਿਚ ਅਸੀ ਉਸ ਸਮੇ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਨੂੰ ਕਾਰਵਾਈ ਕਰਨ ਹਿੱਤ ਪੱਤਰ ਲਿਖੇ । ਸ. ਸੁੱਚਾ ਸਿੰਘ ਲੰਗਾਹ ਦੇ ਪੁੱਤਰ ਕੋਲੋ ਹੈਰੋਇਨ ਦੀ ਵੱਡੀ ਖੇਪ ਫੜੀ ਗਈ ਸੀ । ਅਸੀ ਉਸ ਸਮੇ ਦੇ ਡੀਜੀਪੀ ਸ੍ਰੀ ਸੁਰੇਸ ਅਰੋੜਾ ਨੂੰ ਇਸ ਉਤੇ ਕਾਨੂੰਨੀ ਅਮਲ ਕਰਨ ਲਈ ਗੁਜਾਰਿਸ ਕੀਤੀ ਪਰ ਕੋਈ ਅਮਲ ਨਾ ਹੋਇਆ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਉਸ ਸਮੇ ਦੀ ਬਾਦਲ ਸਰਕਾਰ ਵੱਲੋ ਵੱਡੀਆ ਕਬੱਡੀ ਦੀਆਂ ਖੇਡਾਂ ਕਰਵਾਈਆ ਜਾਂਦੀਆ ਸਨ ਜਿਸ ਵਿਚ ਬਾਹਰਲੇ ਮੁਲਕਾਂ ਦੇ ਵੱਡੇ-ਵੱਡੇ ਸਮੱਗਲਰ ਇਸ ਖੇਡ ਸਮਾਗਮ ਉਤੇ ਆਉਦੇ ਸਨ, ਪਰ ਅਸਲੀਅਤ ਵਿਚ ਉਹ ਇਸ ਕਬੱਡੀ ਖੇਡ ਦੇ ਬਹਾਨੇ ਕੌਮਾਂਤਰੀ ਪੱਧਰ ਤੇ ਨਸੀਲੀਆਂ ਵਸਤਾਂ ਦੀ ਸਮਗਲਿੰਗ ਕਰਨ ਦੇ ਨਵੇ-ਨਵੇ ਢੰਗ ਖੋਜਾ ਉਤੇ ਕੰਮ ਕਰਦੇ ਸਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਵਿਚ ਪੰਜਾਬ ਦੀਆਂ ਸਰਕਾਰਾਂ ਵੱਲੋਂ ਨਸਿ਼ਆਂ ਨੂੰ ਜੜ ਤੋ ਖਤਮ ਕਰਨ ਦੀ ਬਜਾਇ ਕਾਰੋਬਾਰੀਆਂ ਦੀ ਨਿਰੰਤਰ ਸਰਪ੍ਰਸਤੀ ਕਰਦੇ ਰਹਿਣ ਅਤੇ ਇਸ ਰਾਹੀ ਵੱਡੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਪਠਾਨਕੋਟ ਦੇ ਏਅਰ ਬੇਸ ਉਤੇ ਹਮਲਾ ਹੋਇਆ ਸੀ ਅਤੇ ਸ. ਸਲਵਿੰਦਰ ਸਿੰਘ ਐਸ.ਪੀ. ਇਕ ਹੀਰਿਆ ਦੇ ਜੌਹਰੀ ਨਾਲ ਸਰਕਾਰੀ ਗੱਡੀ ਵਿਚ ਫੜ੍ਹੇ ਗਏ ਸਨ, ਉਸ ਐਸ.ਪੀ. ਨਾਲ ਇਸ ਜੌਹਰੀ ਦਾ ਕੀ ਰਿਸਤਾ ਸੀ ਅਤੇ ਕਿਉਂ ਸੀ ? ਹੁਣ ਜਦੋਂ ਪੁਲਿਸ ਅਫਸਰ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਨਸ਼ੀਲੀਆਂ ਵਸਤਾਂ ਦੇ ਧੰਦੇ ਦੇ ਦੋਸ਼ ਹੇਠ ਬਰਖਾਸਤ ਕੀਤਾ ਗਿਆ ਹੈ । ਤਾਂ ਇਸਦੀ ਜਾਂਚ ਜੇਕਰ ਆਪ ਜੀ ਨਿਰਪੱਖਤਾ ਨਾਲ ਸਹੀ ਢੰਗ ਨਾਲ ਕਰਦੇ ਹੋਏ, ਜਿਸ ਅਫਸਰਸਾਹੀ ਦੀ ਨਿਗਰਾਨੀ ਹੇਠ ਇਹ ਦੋਵੇ ਆਪਣਾ ਕਾਰੋਬਾਰ ਕਰਦੇ ਰਹੇ ਹਨ ਅਤੇ ਜਿਨ੍ਹਾਂ ਦੋਵਾਂ ਦੋਸ਼ੀਆਂ ਦੀ ਸਰਪ੍ਰਸਤੀ ਕੀਤੀ ਹੈ, ਉਸ ਅਫਸਰਸਾਹੀ ਨੂੰ ਇਨ੍ਹਾਂ ਨੇ ਕੀ ਵੱਡੀਆ ਦਿੱਤੀਆ ਹਨ, ਹੋਰ ਸਹੂਲਤਾਂ ਦਿੱਤੀਆ ਹਨ, ਜੇਕਰ ਉਸ ਅਫਸਰਸਾਹੀ ਨੂੰ ਵੀ ਸਾਹਮਣੇ ਲਿਆਕੇ ਜਾਂਚ ਨੂੰ ਮੁਕੰਮਲ ਕਰਦੇ ਹੋਏ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿੱਤੀਆ ਜਾ ਸਕਣ ਤਾਂ ਇਸ ਅਮਲ ਨਾਲ ਇਸ ਗੈਰ ਕਾਨੂੰਨੀ ਕਾਰੋਬਾਰ ਉਤੇ ਕਾਬੂ ਪਾਇਆ ਜਾ ਸਕਦਾ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿਸੇ ਵੀ ਸੰਬੰਧਤ ਜਿੰਮੇਵਾਰ ਅਫਸਰਾਨ ਸਿਆਸੀ ਅਹੁਦਿਆ ਉਤੇ ਬੈਠੇ ਨਾ ਤਾਂ ਸਾਡੇ ਪੱਤਰਾਂ ਉਤੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਸਾਨੂੰ ਸਿਸਟਾਚਾਰ ਦੇ ਤੌਰ ਤੇ ਇਨ੍ਹਾਂ ਪੱਤਰਾਂ ਦੇ ਜੁਆਬ ਦੇਣਾ ਮੁਨਾਸਿਬ ਸਮਝਿਆ । ਜੇਕਰ ਅਜਿਹੇ ਗੰਭੀਰ ਵਿਸੇ ਉਤੇ ਹਕੂਮਤੀ ਪੱਧਰ ਅਤੇ ਅਫਸਰਸਾਹੀ ਪੱਧਰ ਉਤੇ ਕੋਈ ਅਮਲ ਹੀ ਨਾ ਹੋਵੇ ਤਾਂ ਇਹ ਤਾਂ ਬਹੁਤ ਹੀ ਨਮੋਸ਼ੀ ਵਾਲਾ ਅਤੇ ਪੰਜਾਬ ਸੂਬੇ ਵਿਰੋਧੀ ਅਤਿ ਦੁੱਖਦਾਇਕ ਵਰਤਾਰਾ ਹੈ । ਇਸ ਤੋ ਸਪੱਸਟ ਹੋ ਜਾਂਦਾ ਹੈ ਕਿ ਹਕੂਮਤਾਂ ਤੇ ਬੈਠਣ ਵਾਲੇ ਲੋਕਾਂ ਦੇ ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹਨ ਅਤੇ ਖਾਂਣ ਵਾਲੇ ਹੋਰ ਹਨ । ਜਦੋ ਤੱਕ ਅਫਸਰਸਾਹੀ ਤੇ ਸਿਆਸਤਦਾਨ ਅਜਿਹੀਆ ਸਮਾਜਿਕ ਬੁਰਾਈਆ ਨੂੰ ਖਤਮ ਕਰਨ ਲਈ ਸੁਹਿਰਦ ਅਮਲ ਨਹੀ ਕਰਦੇ, ਉਸ ਸਮੇ ਤੱਕ ਉਤਪੰਨ ਹੋਣ ਵਾਲੀਆ ਸਮਾਜਿਕ ਬੁਰਾਈਆ ਦਾ ਅੰਤ ਨਹੀ ਹੋ ਸਕੇਗਾ । ਇਸ ਲਈ ਜਰੂਰੀ ਹੈ ਕਿ ਅਜਿਹੇ ਸਮਾਜ ਨੂੰ ਗੰਧਲਾ ਕਰਨ ਵਾਲੇ ਅਪਰਾਧੀਆਂ ਵਿਰੁੱਧ ਫੌਰੀ ਸਖਤ ਕਾਰਵਾਈ ਹੋਵੇ ਅਤੇ ਸਮਾਜ ਨੂੰ ਸਹੀ ਰੱਖਣ ਦੀ ਜਿੰਮੇਵਾਰੀ ਨਿਭਾਈ ਜਾਵੇ ।