ਕਿਸਾਨ ਵੀਰਾਂ ਨੂੰ ਕੌਮਾਂਤਰੀ ਵਿਗੜਦੇ ਹਾਲਾਤਾਂ ਨੂੰ ਦੇਖਦੇ ਹੋਏ ਆਪਣੀ ਝੋਨੇ ਦੀ ਫ਼ਸਲ ਲਈ ਲੋੜੀਦਾ ਡੀਜ਼ਲ ਰੱਖਣਾ ਪਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 24 ਜੂਨ ( ) “ਕਿਉਂਕਿ ਇਰਾਨ-ਇਜਰਾਈਲ ਦੀ ਕੌਮਾਂਤਰੀ ਲੜਾਈ ਹੁਣ ਤੀਸਰੀ ਸੰਸਾਰ ਜੰਗ ਵੱਲ ਵੱਧਦੀ ਨਜਰ ਆ ਰਹੀ ਹੈ । ਜਮਹੂਰੀਅਤ ਅਤੇ ਅਮਨ ਪਸੰਦ ਕਦਰਾਂ ਕੀਮਤਾਂ ਦੇ ਹਾਮੀ ਬੇਸੱਕ ਸੰਸਾਰ ਪੱਧਰ ਤੇ ਇਨ੍ਹਾਂ ਦੋਵਾਂ ਦੁਸਮਣ ਮੁਲਕਾਂ ਦੀ ਜੰਗ ਨੂੰ ਖਤਮ ਕਰਨ ਲਈ ਕੋਸਿਸ ਵੀ ਕਰ ਰਹੇ ਹਨ ਅਤੇ ਅਰਦਾਸਾਂ ਵੀ ਕਰ ਰਹੇ ਹਨ । ਪਰ ਜਾਪਦਾ ਹੈ ਹਾਲਾਤ ਕਾਬੂ ਤੋ ਬਾਹਰ ਹੁੰਦੇ ਨਜਰ ਆ ਰਹੇ ਹਨ । ਜਿਸ ਨਾਲ ਸਮੁੱਚੇ ਸੰਸਾਰ ਦੇ ਮੁਲਕ ਦੋ ਗਰੁੱਪਾਂ ਵਿਚ ਵੰਡੇ ਜਾਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਹ ਵੀ ਬਹੁਤ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਬੀਤੇ ਸਮੇ ਵਿਚ ਫਲਸਤੀਨੀ-ਗਾਜਾਂ ਵਿਚ ਮਾਸੂਮ ਬੱਚਿਆਂ, ਬੀਬੀਆਂ ਅਤੇ ਹਸਪਤਾਲਾਂ ਉਤੇ ਹੋਣ ਵਾਲੇ ਹਮਲਿਆ ਨੇ ਮਨੁੱਖਤਾ ਤੇ ਇਨਸਾਨੀਅਤ ਦਾ ਵੱਡਾ ਘਾਣ ਕੀਤਾ ਹੈ ਅਤੇ ਅੱਜ ਵੀ ਇਜਰਾਈਲ-ਇਰਾਨ ਅਤੇ ਜਿਥੇ ਵੀ ਅਮਰੀਕਨ ਫੌਜਾਂ ਦੇ ਬੇਸ ਹਨ, ਉਥੇ ਹੋਣ ਵਾਲੇ ਹਮਲਿਆ ਵਿਚ ਆਮ ਨਿਰਦੋਸ ਜਨਤਾ ਦਾ ਘਾਣ ਹੋ ਰਿਹਾ ਹੈ । ਪਰ ਇਸ ਕੌਮਾਂਤਰੀ ਜੰਗ ਦੇ ਵੱਧਦੇ ਮੰਦਭਾਗੇ ਰੁਝਾਨ ਨੂੰ ਦੇਖਦੇ ਹੋਏ ਇਕ ਗੱਲ ਪ੍ਰਤੱਖ ਹੋ ਗਈ ਹੈ ਕਿ ਆਉਣ ਵਾਲੇ ਸਮੇ ਵਿਚ ਡੀਜਲ ਦੀਆਂ ਕੌਮਾਂਤਰੀ ਕੀਮਤਾਂ ਤਾਂ ਵੱਧਣਗੀਆਂ ਹੀ ਲੇਕਿਨ ਇਸਦੀ ਵੱਡੀ ਘਾਟ ਵੀ ਉਤਪੰਨ ਹੋਵੇਗੀ । ਜਿਸ ਨਾਲ ਜਿੰਮੀਦਾਰਾਂ ਨੂੰ ਆਪਣੇ ਝੋਨੇ ਦੀ ਫਸਲ ਨੂੰ ਪਾਲਣ ਲਈ ਸਾਇਦ ਡੀਜ਼ਲ ਲੋੜੀਦਾ ਨਾ ਮਿਲੇ । ਇਸ ਲਈ ਸਾਡੇ ਸਮੁੱਚੇ ਜਿੰਮੀਦਾਰਾਂ ਨੂੰ ਇਹ ਸਮੇ ਦੀ ਨਜਾਕਤ ਨੂੰ ਦੇਖਦੇ ਹੋਏ ਅਪੀਲ ਹੈ ਕਿ ਉਹ ਆਪਣੇ ਝੋਨੇ ਦੀ ਫਸਲ ਦੀ ਪਾਲਣਾਂ ਲਈ ਜੋ ਲੋੜੀਦੇ ਡੀਜਲ ਦੀ ਲੌੜ ਹੈ ਉਹ ਆਪੋ ਆਪਣੇ ਘਰਾਂ ਵਿਚ ਜਮ੍ਹਾਂ ਕਰ ਲੈਣ ਤਾਂ ਕਿ ਫਸਲ ਦੀ ਰੱਖਿਆ ਤੇ ਹਿਫਾਜਤ ਲਈ ਕੋਈ ਮੁਸਕਿਲ ਪੇਸ ਨਾ ਆਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਵਿਚ ਵੱਸਣ ਵਾਲੇ ਸਮੁੱਚੇ ਜਿੰਮੀਦਾਰਾਂ ਨੂੰ ਆਪਣੀ ਫਸਲ ਦੀ ਹਿਫਾਜਤ ਤੇ ਰੱਖਿਆ ਲਈ ਲੋੜੀਦਾ ਡੀਜਲ ਜਮ੍ਹਾ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।