ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਸ਼ਹੀਦੀ ਘੱਲੂਘਾਰੇ ਦਿਹਾੜੇ ਪ੍ਰਤੀ ਕਿਸੇ ਵੀ ਸਿੱਖ ਜਾਂ ਪੰਥਕ ਸਖਸ਼ੀਅਤ ਨੂੰ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਹੀ ਕਰਨਾ ਚਾਹੀਦਾ : ਮਾਨ
ਫ਼ਤਹਿਗੜ੍ਹ ਸਾਹਿਬ, 04 ਜੂਨ ( ) “ਛੇਵੀਂ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਦੁਆਰਾ ਸਥਾਪਿਤ ਕੀਤੀ ਗਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਦੇ ਸਦੀਆਂ ਤੋ ਕਾਇਮ ਚੱਲਦੇ ਆ ਰਹੇ ਮਾਣ-ਸਤਿਕਾਰ, ਰੁਤਬੇ ਅਤੇ ਮਹਾਨਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਪ੍ਰਵਾਨ ਕਰਦੇ ਹੋਏ ਕਿਸੇ ਵੀ ਸਿੱਖ ਜਾਂ ਸਿੱਖ ਸਖਸੀਅਤ ਨੂੰ ਅਜਿਹਾ ਮਾਹੌਲ ਬਿਲਕੁਲ ਵੀ ਪੈਦਾ ਨਹੀ ਕਰਨਾ ਚਾਹੀਦਾ, ਜਿਸ ਨਾਲ ਸਾਡੀ ਇਸ ਮਹਾਨ ਸੰਸਥਾਂ ਅਤੇ ਸਿੱਖਾਂ ਦੇ ਉੱਚੇ-ਸੁੱਚੇ ਇਖਲਾਕ ਉਤੇ ਕਿਸੇ ਤਰ੍ਹਾਂ ਦਾ ਧੱਬਾ ਲੱਗਣ ਦੀ ਗੱਲ ਆਵੇ ਅਤੇ ਬਿਨ੍ਹਾਂ ਵਜਹ ਕੌਮ ਵਿਚ ਭਰਾਮਾਰੂ ਜੰਗ ਦੀ ਗੱਲ ਵੱਧੇ । ਬਲਕਿ ਜੋ ਸਾਡੇ ਕੌਮੀ ਮਹਾਨ ਦਿਹਾੜੇ ਹਨ, ਜਿਨ੍ਹਾਂ ਨੂੰ ਖਾਲਸਾ ਪੰਥ ਸਦੀਆਂ ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਉਤੇ ਹਾਜਰ ਹੋ ਕੇ ਮਨਾਉਦਾ ਆ ਰਿਹਾ ਹੈ, ਉਹ ਨਿਰੰਤਰ ਉਸੇ ਤਰ੍ਹਾਂ ਨਿਰਵਿਘਨ ਜਾਰੀ ਰਹਿਣੇ ਚਾਹੀਦੇ ਹਨ । ਕਿਉਂਕਿ 06 ਜੂਨ ਦਾ ਦਿਹਾੜਾ ਵੀ ਸਿੱਖ ਕੌਮ ਲਈ ਇਕ ਵੱਡੇ ਸੰਜ਼ੀਦਾ ਸੰਦੇਸ ਦੇਣ ਵਾਲਾ ਦਿਹਾੜਾ ਹੈ। ਇਸ ਦਿਨ ਜਾਬਰ ਹਿੰਦੂਤਵ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਬਰਤਾਨੀਆ, ਰੂਸ ਅਤੇ ਇੰਡੀਆ ਮੁਲਕਾਂ ਦੀਆਂ ਫ਼ੌਜਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਾਨ ਸਹੀਦੀ ਦਿਹਾੜੇ ਨੂੰ ਨਮਸਕਾਰ ਕਰਨ ਆਈਆ ਵੱਡੀ ਗਿਣਤੀ ਦੀਆਂ ਨਿਰਦੋਸ ਤੇ ਨਿਹੱਥੇ ਸਿੱਖਾਂ ਨੂੰ ਗੋਲੀਆਂ, ਬੰਦੂਕਾ ਤੇ ਬੰਬਾਰਮੈਟ ਕਰਕੇ ਸ਼ਹੀਦ ਕਰ ਦਿੱਤਾ ਸੀ ਜਿਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਸੀ ਹਰ ਸਾਲ ਅਰਦਾਸ ਕਰਦੇ ਹਾਂ । ਇਸ ਮੌਕੇ ਤੇ ਕਿਸੇ ਵੀ ਵੱਲੋ ਕਿਸੇ ਤਰ੍ਹਾਂ ਦਾ ਖੱਲਰ ਪਾਉਣ ਜਾਂ ਕੌਮੀ ਕਿਰਦਾਰ ਉਤੇ ਧੱਬਾ ਲਗਾਉਣ ਦੀ ਗੱਲ ਕਦਾਚਿਤ ਨਹੀ ਹੋਣੀ ਚਾਹੀਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਬਾਬਾ ਹਰਨਾਮ ਸਿੰਘ ਧੁੰਮਾ ਮੁੱਖੀ ਦਮਦਮੀ ਟਕਸਾਲ ਅਤੇ ਉਨ੍ਹਾਂ ਨਾਲ ਸਹਿਯੋਗ ਕਰਨ ਵਾਲੀਆ ਸਭ ਪੰਥਕ ਜਥੇਬੰਦੀਆਂ ਨੂੰ ਅਤਿ ਗੰਭੀਰਤਾ ਭਰੀ ਅਪੀਲ ਕਰਦੇ ਹੋਏ ਅਤੇ ਖਾਲਸਾ ਪੰਥ ਨੂੰ ਜਿੰਮੇਵਾਰੀ ਨਾਲ ਇਸ ਮਹਾਨ ਦਿਨ ਨੂੰ ਸਮੂਹਿਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਂਨ ਤੇ ਮਨਾਉਣ ਦੀ ਪੁਰਜੋਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਹਰਮਿੰਦਰ ਸਾਹਿਬ ਖਾਲਸਾ ਪੰਥ ਦਾ ਉਹ ਧੂਰਾ ਹਨ ਜਿਥੋ ਸਮੁੱਚੀ ਕੌਮ ਆਪਣੀ ਧਾਰਮਿਕ, ਇਖਲਾਕੀ, ਸਮਾਜਿਕ ਤੇ ਸਿਆਸੀ ਅਗਵਾਈ ਲੈਦੀ ਹੋਈ ਹਰ ਖੇਤਰ ਵਿਚ ਪੂਰੀ ਸਾਨੋ ਸੌਕਤ ਨਾਲ ਵੱਧਦੀ ਆ ਰਹੀ ਹੈ । ਇਸ ਸੰਸਥਾ ਦੀ ਮਹਾਨਤਾ ਅਤੇ ਵੱਡੇ ਰੁਤਬੇ ਨੂੰ ਸਮਰਪਿਤ ਹੁੰਦੇ ਹੋਏ ਇਸਦੇ ਸਤਿਕਾਰ ਵਿਚ ਹਰ ਸਿੱਖ ਵੱਲੋ ਵਾਧਾ ਕਰਨਾ ਬਣਦਾ ਹੈ ਨਾ ਕਿ ਉਸਦੇ ਸਤਿਕਾਰ ਮਾਣ ਨੂੰ ਕਿਸੇ ਤਰ੍ਹਾਂ ਦੇ ਠੇਸ ਪਹੁੰਚਾਉਣ ਦੇ ਅਮਲ ਹੋਣੇ ਚਾਹੀਦੇ ਹਨ । ਇਸ ਮੀਰੀ ਪੀਰੀ ਦੇ ਮਹਾਨ ਸਥਾਂਨ ਨੇ ਸਮੁੱਚੀ ਕੌਮ ਨੂੰ ਹਰ ਖੇਤਰ ਵਿਚ ਕੇਵਲ ਅਗਵਾਈ ਹੀ ਨਹੀ ਦਿੱਤੀ ਬਲਕਿ ਸਾਨੂੰ ਪੂਰੀ ਦ੍ਰਿੜਤਾਂ, ਸਾਨੋ ਸੋਕਤ ਨਾਲ ਆਪਣੀ ਅਣਖ ਗੈਰਤ ਨੂੰ ਕਾਇਮ ਰੱਖਦੇ ਹੋਏ ਜਿੰਦਗੀ ਵਿਚ ਅੱਗੇ ਵੱਧਣ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਕਰਨ ਦੇ ਸੰਦੇਸ ਦਿੱਤਾ ਹੈ ਜਿਸ ਉਤੇ ਪਹਿਰਾ ਦੇ ਕੇ ਸਮੂਹਿਕ ਤੌਰ ਤੇ ਸਮੁੱਚੀ ਕੌਮ ਆਪਣੀ ਆਨ ਸਾਨ ਨੂੰ ਕਾਇਮ ਰੱਖਦੀ ਆਈ ਹੈ ਅਤੇ ਆਉਣ ਵਾਲੇ ਸਮੇ ਵਿਚ ਵੀ ਇਸ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਰਹੇਗੀ । ਇਹ ਉਮੀਦ ਕਰਦੇ ਹੋਏ ਸ. ਮਾਨ ਨੇ ਇਕ ਵਾਰੀ ਫਿਰ ਖਾਲਸਾ ਪੰਥ ਵਿਚ ਵਿਚਰ ਰਹੇ ਵੱਖ-ਵੱਖ ਖਿਆਲਾਂ ਦੇ ਵਿਚਾਰਾਂ ਦੇ ਧਾਰਨੀ ਸੰਗਠਨਾਂ, ਜਥੇਬੰਦੀਆਂ, ਧੜਿਆ ਆਦਿ ਸਭਨਾਂ ਨੂੰ ਪੰਥ ਦੇ ਵਡੇਰੇ ਹਿੱਤਾ ਲਈ ਮੀਰੀ ਪੀਰੀ ਦੇ ਇਸ ਤਖਤ ਦੀ ਅਗਵਾਈ ਵਿਚ ਮਿਲ ਬੈਠਕੇ ਗੁਰਬਾਣੀ ਦੇ ਇਨ੍ਹਾਂ ਸ਼ਬਦਾਂ ‘ਹੋਇ ਇਕੱਤਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਇ’॥ ਦੇ ਹੁਕਮ ਅਨੁਸਾਰ ਕੇਵਲ ਇਕ ਤਾਕਤ ਵਿਚ ਇਕੱਠੇ ਹੋਣ ਦੀ ਅਪੀਲ ਹੀ ਨਹੀ ਕੀਤੀ ਬਲਕਿ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਵੱਲੋ ਦਰਸਾਏ ਰਾਹ ਅਤੇ ਮਿੱਥੇ ਕੌਮੀ ਮਿਸਨ ਵੱਲ ਵੱਧਣ ਦੀ ਅਪੀਲ ਵੀ ਕੀਤੀ ।