ਫਿਲੌਰ ਦੇ ਲਾਗੇ ਪਿੰਡ ਨੰਗਲ ਵਿਖੇ ਡਾ. ਅੰਬੇਦਕਰ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਅਸਹਿ ਅਤੇ ਨਿੰਦਣਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 03 ਜੂਨ ( ) “ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਨੁੱਖਤਾ ਪੱਖੀ ਸੰਦੇਸ਼ ਹੈ ਕਿ ‘ਮਾਨਸਿ ਕੀ ਜਾਤਿ ਸਭੈ ਏਕੋ ਪਹਿਚਾਨਬੋ’॥, ‘ਏਕ ਨੂਰ ਸੇ ਸਭ ਜਗੁ ਉਪਜਿਐ, ਕੌਣ ਭਲੇ ਕੋ ਮੰਦੈ’॥ ਫਿਰ ਜੋ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਪਰੋਕਤ ਹੁਕਮਾਂ ਦੀ ਅਵੱਗਿਆ ਕਰਕੇ ਡਾ. ਅੰਬੇਦਕਰ ਵਰਗੀ ਸਖਸ਼ੀਅਤ ਦੇ ਬੁੱਤਾਂ ਉਤੇ ਵਾਰ-ਵਾਰ ਹਮਲੇ ਤੇ ਬੇਅਦਬੀਆ ਕਰਕੇ ਆਪਣੀ ਅਕਲ ਦਾ ਹੀ ਕੇਵਲ ਜ਼ਨਾਜਾ ਨਹੀ ਕੱਢ ਰਹੇ ਬਲਕਿ ਇਨਸਾਨੀਅਤ ਅਤੇ ਮਨੁੱਖਤਾ ਪੱਖੀ ਸਮੇ ਦੇ ਹਾਣ ਤੇ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਯਮਾਂ ਤੇ ਅਸੂਲਾਂ ਦੀ ਵੀ ਘੋਰ ਉਲੰਘਣਾ ਕਰ ਰਹੇ ਹਨ । ਜੋ ਬੀਤੇ ਦਿਨੀਂ ਫਿਲੌਰ ਦੇ ਲਾਗੇ ਪਿੰਡ ਨੰਗਲ ਵਿਖੇ ਡਾ. ਅੰਬੇਦਕਰ ਦੇ ਬੁੱਤ ਨੂੰ ਦੂਸਰੀ ਵਾਰ ਅਪਮਾਨਿਤ ਕਰਨ ਦੀ ਕੋਸਿਸ ਕੀਤੀ ਗਈ ਹੈ, ਇਹ ਕੇਵਲ ਸਮਾਜ ਵਿਚ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ ਅਤੇ ਕਬੀਲਿਆ ਨੂੰ ਆਪਸ ਵਿਚ ਲੜਾਕੇ ਨਫਰਤ ਪੈਦਾ ਕਰਨ ਦੀ ਮੰਦਭਾਵਨਾ ਅਧੀਨ ਅਤਿ ਨਿੰਦਣਯੋਗ ਕਾਰਵਾਈ ਕੀਤੀ ਗਈ ਹੈ । ਜੋ ਬਿਲਕੁਲ ਵੀ ਸਹਿਣਯੋਗ ਨਹੀ ਅਤੇ ਨਾ ਹੀ ਸਿੱਖ ਧਰਮ ਕਿਸੇ ਨੂੰ ਅਜਿਹੀਆ ਸਮਾਜ ਵਿਰੋਧੀ ਕਾਰਵਾਈਆ ਕਰਨ ਦੀ ਇਜਾਜਤ ਦਿੰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਲੌਰ ਦੇ ਲਾਗੇ ਪਿੰਡ ਨੰਗਲ ਵਿਖੇ ਡਾ. ਅੰਬੇਦਕਰ ਦੇ ਬੁੱਤ ਦਾ ਅਪਮਾਨ ਕਰਨ ਦੀ ਹੋਈ ਦੁੱਖਦਾਇਕ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਅਜਿਹਾ ਅਮਲ ਕਰਨ ਵਾਲੇ ਅਨਸਰਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਧਰਮ ਕਦੀ ਵੀ ਕਿਸੇ ਧਰਮ, ਕੌਮ, ਫਿਰਕੇ, ਕਬੀਲੇ ਨੂੰ ਨੀਵਾ ਦਿਖਾਉਣ ਦੀ ਇਜਾਜਤ ਨਹੀ ਦਿੰਦਾ ਅਤੇ ਨਾ ਹੀ ਵੱਖ-ਵੱਖ ਵਰਗਾਂ ਵਿਚ ਕਿਸੇ ਤਰ੍ਹਾਂ ਦੀ ਨਫਰਤ ਪੈਦਾ ਕਰਕੇ ਸਮਾਜਿਕ ਮਾਹੌਲ ਨੂੰ ਗੰਧਲਾ ਕਰਨ ਦੀ ਇਜਾਜਤ ਦਿੰਦਾ ਹੈ । ਜੋ ਲੋਕ ਅਜੋਕੇ ਤਕਨੀਕ ਯੁੱਗ ਵਿਚ ਵੀ ਪੁਰਾਤਨ ਨਫਰਤ ਅਤੇ ਵਹਿਮਾ ਭਰਮਾ ਦਾ ਪ੍ਰਚਾਰ ਕਰਦੇ ਹਨ ਅਤੇ ਧਰਮਾਂ ਨਾਲ ਸੰਬੰਧਤ ਕਿਸੇ ਸਖਸ਼ੀਅਤ ਦੇ ਬੁੱਤ ਤੋੜਕੇ ਜਾਂ ਉਨ੍ਹਾਂ ਸੰਬੰਧੀ ਨਫਰਤ ਭਰਿਆ ਪ੍ਰਚਾਰ ਕਰਕੇ ਮਾਹੌਲ ਨੂੰ ਗੰਧਲਾ ਕਰਦੇ ਹਨ, ਉਹ ਅਸਲੀਅਤ ਵਿਚ ਕਿਸੇ ਵੀ ਧਰਮ ਦੇ ਪੈਰੋਕਾਰ ਨਹੀ ਕਹਿਲਾਏ ਜਾ ਸਕਦੇ । ਉਨ੍ਹਾਂ ਨੂੰ ਤਾਂ ਸਮਾਜ ਤੇ ਅਮਨ ਚੈਨ ਵਿਰੋਧੀ ਅਨਸਰਾਂ ਦਾ ਨਾਮ ਹੀ ਦਿੱਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਤਾਂ ਬਹਾਦਰੀਨੁਮਾ ਭਾਈ ਬਚਿੱਤਰ ਸਿੰਘ ਜੀ ਦੀ ਤਰ੍ਹਾਂ ਮਨੁੱਖਤਾ ਪੱਖੀ ਅਤੇ ਅਮਨ ਚੈਨ ਨੂੰ ਸਥਾਈ ਰੂਪ ਵਿਚ ਕਾਇਮ ਕਰਨ ਵਾਲੇ ਉੱਦਮਾਂ ਨੂੰ ਮਾਨਤਾ ਹੈ ਨਾ ਕਿ ਅਰਾਜਕਤਾ ਫੈਲਾਉਣ ਵਾਲਿਆ ਦੀ ।
ਉਨ੍ਹਾਂ ਕਿਹਾ ਸ. ਗੁਰਪਤਵੰਤ ਸਿੰਘ ਪੰਨੂ ਮੁੱਖੀ ਸਿੱਖ ਫਾਰ ਜਸਟਿਸ ਨੂੰ ਉਚੇਚੇ ਤੌਰ ਤੇ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਸ ਵਿਚ ਕੋਈ ਸ਼ੱਕ ਬਾਕੀ ਨਹੀ ਕਿ ਖਾਲਸਾ ਪੰਥ ਇਸ ਸਮੇ ਕੌਮਾਂਤਰੀ ਪੱਧਰ ਤੇ ਆਪਣਾ ਖਾਲਿਸਤਾਨ ਸਟੇਟ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਕਾਇਮ ਕਰਨ ਲਈ ਹਰ ਖੇਤਰ ਵਿਚ ਜੱਦੋ ਜਹਿਦ ਕਰ ਰਿਹਾ ਹੈ । ਪਰ ਅਜਿਹੀਆਂ ਸਮਾਜ ਵਿਰੋਧੀ ਤੇ ਨਫਰਤ ਭਰੇ ਅਮਲਾਂ ਦਾ ਪ੍ਰਚਾਰ ਕਰਕੇ ਜਾਂ ਅਜਿਹੀਆ ਕਾਰਵਾਈਆ ਉਤੇ ਅਮਲ ਕਰਨ ਵਾਲੇ ਆਪਣੇ ਕੌਮੀ ਮਿਸਨ ਦੀ ਮੰਜਿਲ ਵੱਲ ਵੱਧਣ ਵਿਚ ਸਹਿਯੋਗ ਨਹੀ ਕਰ ਰਹੇ ਬਲਕਿ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ । ਇਸ ਲਈ ਜੇਕਰ ਉਨ੍ਹਾਂ ਦੀ ਜੱਥੇਬੰਦੀ ਦਾ ਕੋਈ ਮੈਬਰ, ਵਰਕਰ ਇਸ ਸਮਾਜ ਵਿਰੋਧੀ ਦਿਸ਼ਾ ਵੱਲ ਅਮਲ ਕਰਦਾ ਹੈ, ਤਾਂ ਉਸ ਨੂੰ ਸਖਤੀ ਨਾਲ ਰੋਕਦੇ ਹੋਏ ਆਪਣੇ ਸਿੱਖੀ ਸਿਧਾਤਾਂ, ਸੋਚ ਅਤੇ ਮਰਿਯਾਦਾਵਾ ਉਤੇ ਪਹਿਰਾ ਦੇ ਕੇ ਹੀ ਮੰਜਿਲ ਵੱਲ ਵੱਧਿਆ ਜਾ ਸਕਦਾ ਹੈ । ਸਾਨੂੰ ਭਾਈ ਬਚਿੱਤਰ ਸਿੰਘ ਵੱਲੋ ਰਚੇ ਸਾਨਾਮੱਤੇ ਇਤਿਹਾਸ ਨੂੰ ਯਾਦ ਰੱਖਦੇ ਹੋਏ ਅਜਿਹੀਆ ਜਿੰਮੇਵਾਰੀਆ ਨਿਭਾਉਣੀਆ ਪੈਣਗੀਆਂ ਜਿਸ ਨਾਲ ਦੁਸਮਣ ਵੀ ਸਾਡੇ ਵੱਲੋ ਕੀਤੇ ਸਮਾਜ ਪੱਖੀ ਅਤੇ ਜ਼ਬਰ ਵਿਰੋਧੀ ਉਦਮਾਂ ਦੀ ਪ੍ਰਸੰਸਾਂ ਕਰੇ ਬਿਨ੍ਹਾਂ ਨਾ ਰਹਿ ਸਕੇ । ਫਿਰ ਜੋ ਅਸੀ ਖਾਲਿਸਤਾਨ ਸਟੇਟ ਨੂੰ ਦੁਨੀਆ ਦੇ ਨਕਸੇ ਤੇ ਲਿਆਉਣ ਲਈ ਲੰਮੇ ਸਮੇ ਤੋ ਸੰਘਰਸ ਕਰ ਰਹੇ ਹਾਂ, ਉਸ ਵਿਚ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋ ਉਪਰ ਉੱਠਕੇ ਸਭ ਕੌਮਾਂ, ਵਰਗਾਂ ਦੇ ਨਿਵਾਸੀ ਖਾਲਿਸਤਾਨ ਸਟੇਟ ਦੇ ਬਸਿੰਦੇ ਹੋਣਗੇ ਅਤੇ ਸਭਨਾਂ ਨਾਲ ਖਾਲਿਸਤਾਨ ਦਾ ਵਿਧਾਨ ਬਰਾਬਰਤਾ ਦੇ ਆਧਾਰ ਤੇ ਅਮਲ ਕਰੇਗਾ । ਕਿਸੇ ਇਕ ਵੀ ਖਾਲਿਸਤਾਨ ਨਿਵਾਸੀ ਨਾਲ ਕੋਈ ਰਤੀਭਰ ਵੀ ਕਾਨੂੰਨੀ ਜਾਂ ਪ੍ਰਬੰਧਕੀ ਬੇਇਨਸਾਫ਼ੀ, ਜ਼ਬਰ ਜੁਲਮ ਨਹੀ ਹੋ ਸਕੇਗਾ । ਕਹਿਣ ਤੋ ਭਾਵ ਹੈ ਕਿ ਸਾਡਾ ਇਹ ਸਟੇਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਤੇ ਅਧਾਰਿਤ, ਭਗਤ ਰਵੀਦਾਸ ਜੀ ਦੀ ਕਥਨੀ ਅਨੁਸਾਰ ‘ਬੇਗਮਪੁਰਾ ਸਹਿਰ ਕੋ ਨਾਓ’ ਦੀ ਸੋਚ ਤੇ ਅਧਾਰਿਤ ਹੋਵੇਗਾ । ਉਸ ਸਟੇਟ ਵਿਚ ਕਿਸੇ ਵੀ ਵਰਗ ਨਾਲ ਕੋਈ ਰਤੀਭਰ ਵੀ ਕਾਨੂੰਨੀ, ਸਮਾਜਿਕ, ਧਾਰਮਿਕ, ਇਖਲਾਕੀ ਤੌਰ ਤੇ ਕੋਈ ਵਿਤਕਰਾ ਨਹੀ ਕਰ ਸਕੇਗਾ । ਬਲਕਿ ਬਰਾਬਰਤਾ ਦੀ ਸੋਚ ਨੂੰ ਹੀ ਮੁੱਖ ਰੱਖਿਆ ਜਾਵੇਗਾ । ‘ਸਰਬੱਤ ਦਾ ਭਲਾ’ ਸਾਡਾ ਮੁੱਖ ਆਦੇਸ ਹੋਵੇਗਾ । ਇਨ੍ਹਾਂ ਮਹਾਨ ਬਚਨਾਂ ਉਤੇ ਪਹਿਰਾ ਦੇ ਕੇ ਹੀ ਅਸੀ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਕਰ ਸਕਾਂਗੇ, ਇਸ ਲਈ ਕਿਸੇ ਨੂੰ ਵੀ ਅਜਿਹਾ ਅਮਲ ਨਹੀ ਕਰਨਾ ਚਾਹੀਦਾ ਜਿਸ ਨਾਲ ਖਾਲਸਾ ਪੰਥ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਗੁਰੂ ਸਾਹਿਬਾਨ ਜੀ ਦੇ ਉੱਚੇ-ਸੁੱਚੇ ਇਖਲਾਕ ਅਤੇ ਸੋਚ ਪ੍ਰਤੀ ਕਿੰਤੂ ਪ੍ਰੰਤੂ ਕਰਨ ਦਾ ਮੌਕਾ ਮਿਲੇ ਅਤੇ ਸਾਡੇ ਉਤੇ ਹੁਕਮਰਾਨਾਂ ਨੂੰ ਆਨੇ ਬਹਾਨੇ ਜਬਰ ਢਾਹੁਣ ਦਾ ਮੌਕਾ ਮਿਲੇ । ਉਨ੍ਹਾਂ ਇਸ ਗੱਲ ਤੇ ਪੂਰਨ ਤਸੱਲੀ ਤੇ ਵਿਸਵਾਸ ਪ੍ਰਗਟ ਕੀਤਾ ਕਿ ਬਾਬੂ ਕਾਂਸੀ ਰਾਮ ਜੋ ਰੰਘਰੇਟੇ ਵਰਗ ਅਤੇ ਇਨਸਾਨੀਅਤ ਦੀ ਆਪਣੇ ਜੀਵਨ ਦੌਰਾਨ ਅਗਵਾਈ ਕਰਦੇ ਰਹੇ ਹਨ, ਉਨ੍ਹਾਂ ਨੂੰ ਜਦੋ ਪਾਰਲੀਮੈਟ ਵਿਚ ਪ੍ਰਸਨ ਕੀਤਾ ਗਿਆ ਕਿ ਜੇਕਰ ਉਨ੍ਹਾਂ ਨੂੰ ਇੰਡੀਆ ਦਾ ਵਜੀਰ ਏ ਆਜਮ ਬਣਨ ਦਾ ਮੌਕਾ ਮਿਲੇ ਤਾਂ ਉਨ੍ਹਾਂ ਦਾ ਵਿਧਾਨ ਕੀ ਹੋਵੇਗਾ ? ਤਾਂ ਉਨ੍ਹਾਂ ਦਾ ਸਪੱਸਟ ਅਤੇ ਦ੍ਰਿੜਤਾ ਪੂਰਨ ਉੱਤਰ ਸੀ ਕਿ ਅਜਿਹੇ ਸਮੇ ਸਾਡਾ ਵਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੋਣਗੇ । ਜਿਨ੍ਹਾਂ ਵਿਚ ਸਭ ਮਨੁੱਖਤਾ ਤੇ ਇਨਸਾਨੀਅਤ ਪੱਖੀ ਨਿਯਮ ਤੇ ਅਸੂਲ ਸੁਸੋਭਿਤ ਹਨ । ਫਿਰ ਇਸ ਜੁਆਬ ਉਪਰੰਤ ਕਿਸੇ ਨੂੰ ਵੀ ਕੋਈ ਹੱਕ ਬਾਕੀ ਨਹੀ ਰਹਿ ਜਾਂਦਾ ਕਿ ਉਹ ਡਾ. ਅੰਬੇਦਕਰ ਵਰਗੀ ਸਖਸ਼ੀਅਤ ਦਾ ਅਪਮਾਨ ਕਰਨ ਦੀ ਗੁਸਤਾਖੀ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕੋਈ ਵੀ ਸੱਚਾ ਸਿੱਖ ਭਾਵੇ ਉਹ ਇੰਡੀਆ ਵਿਚ ਵੱਸਦਾ ਹੋਵੇ, ਭਾਵੇ ਬਾਹਰਲੇ ਮੁਲਕਾਂ ਵਿਚ ਉਹ ਦੂਸਰੇ ਧਰਮ ਦੇ ਰਹਿਬਰਾਂ, ਸਖਸ਼ੀਅਤਾਂ ਦੇ ਅਪਮਾਨ ਕਰਨ ਦੀ ਕਦੀ ਗੁਸਤਾਖੀ ਨਹੀ ਕਰੇਗਾ । ਜੇਕਰ ਕੋਈ ਅਜਿਹਾ ਕਰਦਾ ਹੈ, ਉਹ ਸਿੱਖ ਧਰਮ ਤੇ ਖਾਲਸਾ ਪੰਥ ਦਾ ਹਿੱਸਾ ਨਹੀ ਕਹਿਲਾਅ ਸਕਦਾ ।