ਜੋ ਇੰਡੀਆਂ ਦਾ ਰਫੇਲ ਜਹਾਜ ਡਿੱਗਿਆ ਹੈ ਅਤੇ ਨੁਕਸਾਨ ਹੋਇਆ ਹੈ, ਉਸ ਬਾਰੇ ਜਾਣਕਾਰੀ ਤਾਂ ਦੇਣੀ ਹੀ ਪਵੇਗੀ : ਮਾਨ
ਫ਼ਤਹਿਗੜ੍ਹ ਸਾਹਿਬ, 15 ਮਈ ( ) “ਸ੍ਰੀ ਮੋਦੀ ਇਹ ਕਹਿੰਦੇ ਹਨ ਕਿ ਪਾਕਿਸਤਾਨ ਨੇ ਲਛਮਣ ਰੇਖਾ ਪਾਰ ਕੀਤੀ ਤਦ ਹੀ ਅਜਿਹਾ ਹੋਇਆ । ਪਰ ਸੋਚਣ ਤੇ ਵਿਚਾਰ ਵਾਲੀ ਗੱਲ ਇਹ ਹੈ ਕਿ ਜਿਸ ਨੂੰ ਮਾਤਾ ਸੀਤਾ ਦੇ ਤੌਰ ਤੇ ਹਿੰਦੂ ਲੋਕ ਸਤਿਕਾਰ ਕਰਦੇ ਹਨ ਅਤੇ ਲਛਮਣ ਰੇਖਾ ਤਾਂ ਲਛਮਣ ਨੇ ਮਾਤਾ ਸੀਤਾ ਦੀ ਰੱਖਿਆ ਲਈ ਖਿੱਚੀ ਸੀ । ਹੁਣ ਉਸ ਮਾਤਾ ਸੀਤਾ ਨੂੰ ਪਾਕਿਸਤਾਨ ਦੇ ਨਾਲ ਰੁਤਬਾ ਦੇ ਕੇ ਕੀ ਇਹ ਹੁਕਮਰਾਨ ਆਪਣੇ ਹੀ ਹਿੰਦੂ ਧਰਮ ਦੇ ਸਤਿਕਾਰ ਨੂੰ ਖੁਦ ਹੀ ਠੇਸ ਨਹੀ ਪਹੁੰਚਾ ਰਹੇ ? ਮਾਤਾ ਸੀਤਾ, ਪਾਕਿਸਤਾਨ ਅਤੇ ਜੰਗ ਨਾਲ ਕੀ ਮੁਕਾਬਲਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਆਪਣੇ ਇਤਿਹਾਸ ਨੂੰ ਪੁੱਠਾ ਗੇੜਾ ਦਿੰਦੇ ਹੋਏ ਹਿੰਦੂ ਧਰਮ ਦੀ ਮਾਤਾ ਸੀਤਾ ਦਾ ਮੁਕਾਬਲਾ ਪਾਕਿਸਤਾਨ ਤੇ ਹੋਣ ਵਾਲੀ ਜੰਗ ਨਾਲ ਕਰਨ ਉਤੇ ਹੈਰਾਨੀ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਜੰਗ ਵਿਚ ਸਾਡਾ ਮਾਲੀ, ਜਾਨੀ ਨੁਕਸਾਨ ਹੋਇਆ ਹੈ, ਰਫੇਲ ਜਹਾਜ ਡਿੱਗਿਆ ਹੈ ਉਸਦੀ ਜਾਣਕਾਰੀ ਤਾਂ ਜਨਤਾ ਨੂੰ ਅਵੱਸ ਦੇਣੀ ਪਵੇਗੀ । ਹੁਣ ਸਵਾਲ ਪੈਦਾ ਹੁੰਦਾ ਹੈ ਕਿ ਆਧੁਨਿਕ ਮੁਕਾਬਲੇ ਲਈ ਇਹ ਸਟੈਲਥ ਜੈਟ ਫਾਈਟਰ ਕਦੋ ਲੈਕੇ ਆਉਣਗੇ ? ਜੋ ਇਨ੍ਹਾਂ ਨੇ ਆਪਣੇ ਇਤਿਹਾਸ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਉਪਰੋਕਤ ਲਛਮਣ ਰੇਖਾ ਦੀ ਗੱਲ ਕਹੀ ਹੈ, ਸਿੱਖ ਕੌਮ ਤਾਂ ਕਦੀ ਵੀ ਆਪਣੇ ਸਿਧਾਤਾਂ, ਨਿਯਮਾਂ, ਇਤਿਹਾਸ ਦੇ ਉਲਟ ਨਹੀ ਜਾਵੇਗੀ । ਉਨ੍ਹਾਂ ਕਿਹਾ ਕਿ ਪਹਿਲਗਾਮ ਦੁਖਾਂਤ ਦੇ ਦੋਸ਼ੀ ਜਾਂ ਕੋਈ ਤਾਕਤ ਬਾਰੇ ਤਾਂ ਕੋਈ ਜਾਣਕਾਰੀ ਇਕੱਠੀ ਨਹੀ ਕਰ ਸਕੇ । ਲੇਕਿਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਤੇ ਅਗਲੀ ਕਾਰਵਾਈ ਕਰਨ ਦੀ ਬਜਾਇ ਪਾਕਿਸਤਾਨ ਨਾਲ ਜੰਗ ਲਗਾਉਣ ਦੀ ਕੀ ਤੁੱਕ ਤੇ ਦਲੀਲ ਬਣਦੀ ਹੈ । ਜਦੋਕਿ ਇਨ੍ਹਾਂ ਦੀ ਨੇਵੀ, ਆਰਮੀ, ਏਅਰਫੋਰਸ ਦੀਆਂ ਆਪਣੀਆ ਮਿਲਟਰੀ ਇੰਨਟੈਲੀਜੈਸਾਂ ਹਨ ਜੋ ਪਹਿਲਗਾਮ ਦੁਖਾਂਤ ਵਾਪਰਣ ਤੋ ਪਹਿਲਾ ਕੋਈ ਅਗਾਊ ਸੂਚਨਾ ਨਹੀ ਦੇ ਸਕੀਆ । ਜਿਸਦਾ ਮਤਲਬ ਹੈ ਕਿ ਇੰਡੀਆ ਹਕੂਮਤ ਦੀਆਂ ਖੂਫੀਆ ਏਜੰਸੀਆ ਕੈਬਨਿਟ ਸਕੱਤਰੇਤ, ਐਨ.ਆਈ.ਏ. ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਬੀ.ਐਸ.ਐਫ. ਸੀ.ਆਈ.ਐਸ.ਐਫ, ਆਈ.ਟੀ.ਬੀ.ਪੀ, ਸੀ.ਆਰ.ਪੀ.ਐਫ, ਸੀ.ਬੀ.ਆਈ ਪੰਜਾਬ ਅਤੇ ਜੰਮੂ ਕਸਮੀਰ ਦੀ ਸੀ.ਆਈ.ਡੀ ਅਸਫਲ ਹੀ ਸਾਬਤ ਹੋਈਆ ਹਨ । ਇਹ ਵੀ ਬਹੁਤ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਉਪਰੋਕਤ ਖੂਫੀਆ ਏਜੰਸੀਆ ਦੇ ਵੱਡੇ ਗੁਪਤ ਫੰਡ ਹਨ, ਜਿਨ੍ਹਾਂ ਦਾ ਕੋਈ ਆਡਿਟ ਨਹੀ ਹੁੰਦਾ ਅਤੇ ਨਾ ਹੀ ਇਨ੍ਹਾਂ ਗੁਪਤ ਖੂਫੀਆ ਏਜੰਸੀਆ ਨੂੰ ਇੰਡੀਅਨ ਪਾਰਲੀਮੈਟ ਦੇ ਸਾਹਮਣੇ ਜੁਆਬਦੇਹ ਬਣਾਇਆ ਗਿਆ ਹੈ ਜੋ ਹੋਰ ਵੀ ਮਾਮਲੇ ਨੂੰ ਪੇਚੀਦਾ ਕਰਦਾ ਹੈ । ਸ੍ਰੀ ਅਜੀਤ ਡੋਵਾਲ ਸੁਰੱਖਿਆ ਸਲਾਹਕਾਰ ਜੋ ਉਮਰ ਪੱਖੋ ਬਜੁਰਗ ਵੀ ਹੋ ਗਏ ਹਨ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਸੋਚ ਦੇ ਮਾਲਕ ਹਨ, ਉਨ੍ਹਾਂ ਨੂੰ ਹੁਣ ਰਿਟਾਈਰਮੈਟ ਤੇ ਭੇਜਕੇ ਕਿਸੇ ਅੱਛੇ ਮਨੁੱਖਤਾ ਪੱਖੀ ਕਾਬਲ ਨੌਜਵਾਨ ਅਫਸਰ ਨੂੰ ਇਹ ਜਿੰਮੇਵਾਰੀ ਸੌਪਣੀ ਬਣਦੀ ਹੈ ।
ਸਾਡੇ ਉਤੇ ਦੋ ਮੁੱਖ ਖਤਰੇ ਹਨ ਇਕ ਪ੍ਰਮਾਣੂ ਜੰਗ ਜਿਸ ਰਾਹੀ ਮਨੁੱਖਤਾ ਦਾ ਬਹੁਤ ਵੱਡਾ ਨਾਸ ਤੇ ਘਾਣ ਹੁੰਦਾ ਹੈ, ਦੂਸਰਾ ਪੰਜਾਬ ਦੇ ਦਰਿਆਵਾ ਉਤੇ ਡੈਮਾਂ ਦੇ ਪਾਣੀ ਨੂੰ ਮੰਦਭਾਵਨਾ ਅਧੀਨ ਰਾਤੋ ਰਾਤ ਛੱਡਕੇ ਸਮੁੱਚੇ ਪੰਜਾਬੀਆਂ ਨੂੰ ਡਬੋ ਦੇਣ ਦੀ ਦੁੱਖਦਾਇਕ ਸਾਜਿਸ ਇਸ ਨੂੰ ਹਾਈਡ੍ਰੋਲੋਜੀਕਲ ਵਾਰ ਕਿਹਾ ਜਾਂਦਾ ਹੈ । ਇਸ ਤੋ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਅਮਨ ਚੈਨ ਚਾਹੁੰਣ ਵਾਲੇ ਸਭ ਇੰਡੀਅਨ ਨਿਵਾਸੀਆ ਨੂੰ ਸੁਚੇਤ ਵੀ ਰਹਿਣਾ ਪਵੇਗਾ ਅਤੇ ਇੰਡੀਅਨ ਹੁਕਮਰਾਨਾਂ ਦੀ ਪੰਜਾਬ ਤੇ ਪੰਜਾਬੀਆਂ ਵਿਰੁੱਧ ਅਜਿਹੀਆ ਰਚੀਆ ਜਾਣ ਵਾਲੀਆ ਸਾਜਿਸਾਂ ਤੋ ਸਦਾ ਲਈ ਤੋਬਾ ਕਰਨ ਲਈ ਕੋਈ ਅਮਲ ਕਰਨਾ ਪਵੇਗਾ । ਤਾਂ ਕਿ ਮਨੁੱਖਤਾ ਦਾ ਅਜਾਈ ਘਾਣ ਨਾ ਹੋ ਸਕੇ । ਦੂਸਰਾ ਜਦੋ ਹੁਣ ਪਾਕਿ-ਇੰਡੀਆ ਜੰਗ ਬੰਦ ਹੋ ਗਈ ਹੈ ਤਾਂ ਹੁਣ ਇੰਡੀਆ ਵੱਲੋ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਕਿਉਂ ਨਹੀ ਛੱਡਿਆ ਜਾ ਰਿਹਾ ? ਇਹ ਵੀ ਬਹੁਤ ਦੁੱਖ ਤੇ ਅਫਸੋਸ ਵਾਲੀ ਹਕੂਮਤੀ ਕਾਰਵਾਈ ਹੈ ਕਿ ਜਦੋ ਵੀ ਅਜਿਹੀ ਕੋਈ ਜੰਗ ਬਾਰੇ ਅਮਲ ਕਰਨਾ ਹੁੰਦਾ ਹੈ ਤਾਂ ਸਰਹੱਦੀ ਸੂਬੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਨਾ ਤਾਂ ਰਾਏ ਲਈ ਜਾਂਦੀ ਹੈ ਅਤੇ ਨਾ ਹੀ ਜੰਗ ਲਈ ਉਨ੍ਹਾਂ ਨੂੰ ਸਹਿਮਤ ਕੀਤਾ ਜਾਂਦਾ ਹੈ । ਜਬਰੀ ਜੰਗ ਠੋਸਕੇ ਹਰ ਵਾਰੀ ਸਰਹੱਦਾਂ ਤੇ ਵੱਸਣ ਵਾਲੇ ਪੰਜਾਬੀਆਂ, ਸਿੱਖਾਂ ਤੇ ਹੋਰ ਸ਼ਹਿਰਾਂ ਵਿਚ ਨੁਕਸਾਨ ਕਰਨਾ ਕਿਥੋ ਤੱਕ ਵਾਜਿਬ ਹੈ ?