ਸ. ਸਿਮਰਨਜੀਤ ਸਿੰਘ ਮਾਨ ਦੇ ਸਤਿਕਾਰਯੋਗ ਭਾਈਆ ਜੀ ਸ. ਹਰਜਿੰਦਰ ਸਿੰਘ ਦੇ ਹੋਏ ਅਕਾਲ ਚਲਾਣੇ ‘ਤੇ ਪਾਰਟੀ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ
ਫ਼ਤਹਿਗੜ੍ਹ ਸਾਹਿਬ, 02 ਅਪ੍ਰੈਲ ( ) “ਸ. ਹਰਜਿੰਦਰ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਭਾਈਆ ਜੀ ਅਤੇ ਸਵਰਗਵਾਸੀ ਭੈਣਜੀ ਦਲਜੀਤ ਕੌਰ ਜੀ ਦੇ ਪਤੀ ਸਨ, ਉਹ ਬੀਤੇ 2 ਦਿਨ ਪਹਿਲੇ ਆਪਣੇ ਮਿਲੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਸ. ਸਿਮਰਨਜੀਤ ਸਿੰਘ ਮਾਨ ਜੀ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਨੂੰ ਹੀ ਅਸਹਿ ਤੇ ਅਕਹਿ ਘਾਟਾ ਨਹੀਂ ਪਿਆ, ਬਲਕਿ ਬੀਤੇ ਲੰਮੇ ਸਮੇ ਤੋ ਖ਼ਾਲਸਾ ਪੰਥ ਦੀ ਆਜਾਦੀ ਦੇ ਸੰਘਰਸ਼ ਕਰਦੇ ਆ ਰਹੇ ਪੰਥਦਰਦੀਆਂ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੀਨੀਅਰ ਲੀਡਰਸਿ਼ਪ, ਜਿ਼ਲ੍ਹਾ ਪ੍ਰਧਾਨਾਂ ਤੇ ਸਰਕਲ ਪ੍ਰਧਾਨਾਂ ਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਕਿਉਂਕਿ ਜਦੋ ਸ. ਸਿਮਰਨਜੀਤ ਸਿੰਘ ਮਾਨ 5 ਸਾਲ ਦੇ ਲੰਮੇ ਸਮੇ ਲਈ ਹੁਕਮਰਾਨਾਂ ਦੀਆਂ ਕਾਲਕੋਠੜੀਆ ਵਿਚ ਭਾਗਲਪੁਰ ਅਤੇ ਭਰਤਪੁਰ ਵਿਚ ਕੈਦ ਸਨ, ਤਾਂ ਉਨ੍ਹਾਂ ਦੇ ਕੇਸਾਂ ਦੀ ਕਾਨੂੰਨੀ ਪੈਰਵੀ ਕਰਨ ਅਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਉਚੇਚੇ ਤੌਰ ਤੇ ਮਿਲਦੇ ਹੋਏ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸਾਥ ਦੇਣ ਵਾਲਿਆ ਵਿਚ ਪਹਿਲੇ ਨੰਬਰ ਤੇ ਸ. ਹਰਜਿੰਦਰ ਸਿੰਘ ਅਤੇ ਭੈਣਜੀ ਦਲਜੀਤ ਕੌਰ ਸਨ । ਉਨ੍ਹਾਂ ਦੀ ਕਾਨੂੰਨੀ ਪੈਰਵੀ ਅਤੇ ਇਖਲਾਕੀ ਸਮਾਜਿਕ ਮਦਦ ਦੀ ਬਦੌਲਤ ਹੀ ਸ. ਸਿਮਰਨਜੀਤ ਸਿੰਘ ਮਾਨ ਲੰਮੇ ਸਮੇ ਦੀਆਂ ਦੁੱਖ-ਤਕਲੀਫਾ ਵਿਚੋ ਬਾਹਰ ਆਏ ਅਤੇ ਜਦੋ ਤਰਨਤਾਰਨ ਵਿਖੇ ਐਮ.ਪੀ. ਦੀ ਸ. ਮਾਨ ਨੇ ਚੋਣ ਲੜੀ, ਉਹ ਫੈਸਲਾ ਕਰਵਾਉਣ ਵਿਚ ਵੀ ਸ. ਹਰਜਿੰਦਰ ਸਿੰਘ ਅਤੇ ਭੈਣਜੀ ਦੀ ਵੱਡੀ ਭੂਮਿਕਾ ਰਹੀ ਹੈ । ਸ. ਮਾਨ ਨੇ ਅੱਜ ਤੱਕ ਜੋ ਵੀ ਕੌਮ ਪੱਖੀ ਵੱਡੇ ਫੈਸਲੇ ਲਏ ਹਨ, ਬੇਸ਼ੱਕ ਉਨ੍ਹਾਂ ਵਿਚ ਸ. ਮਾਨ ਦੀ ਸਤਿਕਾਰਯੋਗ ਮਾਤਾ ਬੀਬੀ ਗੁਰਬਚਨ ਕੌਰ ਜੀ ਦੀ ਬਹੁਤ ਵੱਡੀ ਅਗਵਾਈ ਤੇ ਦੇਣ ਸੀ । ਲੇਕਿਨ ਜੋ ਭੂਮਿਕਾ ਸ. ਹਰਜਿੰਦਰ ਸਿੰਘ ਅਤੇ ਭੈਣਜੀ ਦਲਜੀਤ ਕੌਰ ਨੇ ਨਿਭਾਈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਹਰਜਿੰਦਰ ਸਿੰਘ ਤੇ ਭੈਣਜੀ ਦਲਜੀਤ ਕੌਰ ਦੇ ਕੌਮ ਪੱਖੀ ਅਤੇ ਸ. ਸਿਮਰਨਜੀਤ ਸਿੰਘ ਮਾਨ ਜੀ ਦੀ ਸਖਸ਼ੀਅਤ ਨੂੰ ਹੋਰ ਦ੍ਰਿੜ ਕਰਨ ਸੰਬੰਧੀ ਜੋ ਜਿ਼ੰਮੇਵਾਰੀ ਨਿਭਾਈ ਉਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਸੀਨੀਅਰ ਲੀਡਰਸਿਪ ਜਿਥੇ ਸਤਿਕਾਰ ਸਹਿਤ ਸਲਾਮ ਕਰਦੀ ਹੈ, ਉਥੇ ਉਨ੍ਹਾਂ ਵੱਲੋ ਕੀਤੇ ਉਦਮਾਂ ਅਤੇ ਜਿ਼ੰਮੇਵਾਰੀਆ ਨੂੰ ਕਦੀ ਨਹੀਂ ਭੁਲਾ ਸਕੇਗੀ । ਅੱਜ ਉਹ ਬੇਸੱਕ ਸਰੀਰਕ ਤੌਰ ਤੇ ਸਾਡੇ ਵਿਚ ਨਹੀ ਹਨ, ਪਰ ਜਿੰਦਾ ਦਿਲੀ ਅਤੇ ਇਕ ਮਰਦ ਵਾਲੇ ਅੱਛੇ ਇਨਸਾਨੀ ਗੁਣਾਂ, ਸਮਾਜਿਕ ਮੁਹੱਬਤ ਹਰ ਲੋੜਵੰਦ ਦੇ ਕੰਮ ਆਉਣ ਅਤੇ ਅੱਛੀ ਰਾਏ ਦੇਣ ਦੇ ਗੁਣਾਂ ਦੀ ਛਾਪ ਉਨ੍ਹਾਂ ਨੂੰ ਮਿਲਣ ਵਾਲੇ ਜਾਂ ਸਾਂਝ ਰੱਖਣ ਵਾਲਿਆ ਤੇ ਕਦੀ ਨਹੀਂ ਜਾ ਸਕੇਗੀ ।”
ਉਪਰੋਕਤ ਸ਼ਬਦ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸਿਪ ਨੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਇਕ ਡੂੰਘੇ ਦੁੱਖ ਦਾ ਇਜਹਾਰ ਕਰਦੇ ਹੋਏ, ਵਿਛੜੀ ਪਵਿੱਤਰ ਨੇਕ ਆਤਮਾ ਦੀ ਸਾਂਤੀ ਲਈ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹੋਏ ਜਿਥੇ ਪ੍ਰਗਟ ਕੀਤੇ, ਉਥੇ ਸਭਨਾਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਲਈ ਅਰਜੋਈ ਵੀ ਕੀਤੀ ਕਿ ਸ. ਮਾਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਸਭਨਾਂ ਨੂੰ ਸ਼ਕਤੀ ਬਖਸਣ ਕਿ ਉਹ ਇਸ ਵੱਡੇ ਦੁੱਖ ਨੂੰ ਸਹਾਰਨ ਦੇ ਸਮਰੱਥ ਹੋਣ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਗੁਰਦੁਆਰਾ ਪਾਤਸਾਹੀ ਦਸਵੀ ਸੈਕਟਰ 8 ਚੰਡੀਗੜ੍ਹ ਵਿਖੇ ਮਿਤੀ 4 ਅਪ੍ਰੈਲ 2022 ਨੂੰ 12 ਤੋ 1 ਵਜੇ ਹੋਣਗੇ । ਇਸਦੇ ਨਾਲ ਹੀ ਪਾਰਟੀ ਦੇ ਮੁੱਖ ਦਫਤਰ ਵੱਲੋ ਸਮੁੱਚੇ ਪਾਰਟੀ ਦੇ ਅਹੁਦੇਦਾਰਾਂ, ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਨੂੰ ਇਹ ਬੇਨਤੀ ਹੈ ਕਿ ਇਨੀ ਦਿਨੀ ਕਣਕ ਦੀ ਵਾਢੀ, ਫ਼ਸਲਾਂ ਦੀ ਸਾਂਭ ਅਤੇ ਮੰਡੀ ਵਿਚ ਪਹੁੰਚਾਉਣ ਤੇ ਹੋਰ ਵੱਡੀਆ ਜਿ਼ੰਮੇਵਾਰੀਆ ਵਿਚ ਰੁੱਝੇ ਹੋਣ ਦੇ ਕਾਰਨ ਸਭ ਅਹੁਦੇਦਾਰ ਸਾਹਿਬਾਨ ਇਸ ਪਏ ਵੱਡੇ ਘਾਟੇ ਦੇ ਸੰਬੰਧ ਵਿਚ ਫੋਨ ਊਤੇ ਦੁੱਖ ਸਾਂਝਾ ਕਰ ਸਕਦੇ ਹਨ।