328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਇਨਸਾਫ਼ ਸਿੱਖ ਕੌਮ ਨੂੰ ਨਹੀਂ ਮਿਲਿਆ, 09 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋ ਰਹੇ ਸੈਮੀਨਰ ਵਿਚ ਇਸ ਵਿਸ਼ੇ ਤੇ ਵੀ ਵਿਚਾਰ ਕਰਾਂਗੇ : ਮਾਨ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੁਧਿਆਣਾ ਵਿਖੇ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਮੌਜੂਦਾ ਪੰਜਾਬ ਸਰਕਾਰ ਗ੍ਰਿਫ਼ਤਾਰ ਕਰਵਾਕੇ ਸਾਜਿਸ ਨੂੰ ਸਾਹਮਣੇ ਲਿਆਵੇ
ਫ਼ਤਹਿਗੜ੍ਹ ਸਾਹਿਬ, 04 ਅਪ੍ਰੈਲ ( ) “ਜੁਲਾਈ 2020 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਰੱਖਿਆ ਤੇ ਸਰਪ੍ਰਸਤੀ ਹੇਠ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਿਚੋਂ 328 ਪਾਵਨ ਸਰੂਪ ਸਾਜਿ਼ਸ ਤਹਿਤ ਲਾਪਤਾ ਕਰ ਦਿੱਤੇ ਗਏ ਸਨ । ਜਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋਂ ਫੌਰੀ ਜਿ਼ੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਅਤੇ ਪਾਵਨ ਸਰੂਪਾਂ ਦੀ ਭਾਲ ਕਰਨ ਲਈ ਜੋਰਦਾਰ ਆਵਾਜ ਉਠਾਈ ਗਈ ਸੀ । ਪਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਸ ਸਮੇ ਦੇ ਐਸ.ਜੀ.ਪੀ.ਸੀ ਦੇ ਪ੍ਰਧਾਨ ਨੇ ਆਪਣੇ ਤੌਰ ਤੇ ਕਾਰਵਾਈ ਕਰਦੇ ਹੋਏ ਕੁਝ ਮੁਲਾਜ਼ਮਾਂ ਵਿਰੁੱਧ ਅਮਲ ਕੀਤੇ ਸਨ ਤੇ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਕਮੇਟੀ ਤੇ ਉੱਚ ਅਹੁਦੇਦਾਰਾਂ ਨੂੰ ਦੋਸ਼ ਰਹਿਤ ਕਰਾਰ ਦਿੱਤਾ ਸੀ । ਇਸ ਸਿੱਖ ਕੌਮ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਹੋਈ ਕਾਰਵਾਈ ਉਪਰੰਤ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਾਵਨ ਸਰੂਪਾਂ ਦੀ ਅੱਜ ਤੱਕ ਭਾਲ ਹੋ ਸਕੀ ਹੈ । ਜਿਸ ਨਾਲ ਸਿੱਖ ਕੌਮ ਦੇ ਮਨ ਵਲੂੰਧਰੇ ਪਏ ਹਨ । ਹੁਣ ਪੰਜਾਬ-ਹਰਿਆਣਾ ਹਾਈਕੋਰਟ ਦੇ ਆਏ ਨਵੇ ਫੈਸਲੇ ਅਨੁਸਾਰ ਜਿਨ੍ਹਾਂ ਦੋਸ਼ੀਆਂ ਨੂੰ ਐਸ.ਜੀ.ਪੀ.ਸੀ. ਵੱਲ ਮੁਅੱਤਲ ਕੀਤਾ ਗਿਆ ਸੀ ਉਨ੍ਹਾਂ ਵਿਚੋ 3 ਮੀਤ ਸਕੱਤਰ ਗੁਰਬਚਨ ਸਿੰਘ, ਸ. ਬਾਜ ਸਿੰਘ ਕਲਰਕ ਅਤੇ ਦਲਬੀਰ ਸਿੰਘ ਹੈਲਪਰ ਨੂੰ ਬਹਾਲ ਕਰਨ ਦੇ ਹੁਕਮ ਕਰਕੇ ਸਿੱਖ ਮਨਾਂ ਨੂੰ ਫਿਰ ਠੇਸ ਪਹੁੰਚਾਈ ਗਈ ਹੈ । ਬੇਸ਼ੱਕ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਹਾਜਰ ਕਰਕੇ ਫਿਰ ਮੁਅੱਤਲ ਕਰ ਦਿੱਤਾ ਹੈ, ਪਰ ਜੇਕਰ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਅਤੇ ਜਥੇਦਾਰ ਸੰਜ਼ੀਦਗੀ ਨਾਲ ਉਸੇ ਸਮੇਂ ਸੀਮਤ ਸਮੇ ਵਿਚ ਸਹੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਦਿੰਦੇ ਅਤੇ ਇਸ ਗੁੰਮਸੁਦਗੀ ਦੀ ਸਾਜਿ਼ਸ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਜਿ਼ੰਮੇਵਾਰੀ ਨਿਭਾਅ ਦਿੰਦੇ, ਤਾਂ ਅਦਾਲਤਾਂ ਜਾਂ ਸਿੱਖ ਵਿਰੋਧੀ ਸਰਕਾਰਾਂ ਨੂੰ ਅਜਿਹੇ ਗੰਭੀਰ ਮਸਲਿਆ ਉਤੇ ਦੋਸ਼ੀਆਂ ਦੇ ਹੱਕ ਵਿਚ ਫੈਸਲੇ ਦੇਣ ਜਾਂ ਇਨਸਾਫ਼ ਦੇਣ ਵਿਚ ਦੇਰੀ ਕਰਨ ਦਾ ਕਦੀ ਵੀ ਮੌਕਾ ਨਾ ਮਿਲਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਪਤਾ ਕਰਨ ਵਾਲੀ ਸਾਜਿ਼ਸ ਵਿਚ ਸਾਮਿਲ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਨੂੰ ਨੌਕਰੀ ਉਤੇ ਬਹਾਲ ਕਰਨ ਅਤੇ ਐਸ.ਜੀ.ਪੀ.ਸੀ. ਦੀਆਂ ਅਜਿਹੇ ਮਾਮਲਿਆ ਵਿਚ ਅਪਣਾਈਆ ਜਾ ਰਹੀਆ ਕੰਮਜੋਰ ਨੀਤੀਆ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਗੰਭੀਰ ਮਾਮਲੇ ਵਿਚ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਅਤੇ ਬਾਦਲ ਦਲੀਆ ਨਾਲ ਮਿਲੇ ਹੁਕਮਰਾਨ ਜਾਂ ਉਨ੍ਹਾਂ ਦੀਆਂ ਅਦਾਲਤਾਂ ਸਿੱਖ ਕੌਮ ਨੂੰ ਲੰਮੇ ਸਮੇ ਤੋਂ ਇਨਸਾਫ਼ ਨਹੀਂ ਦੇ ਰਹੀਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋ 9 ਅਪ੍ਰੈਲ ਨੂੰ ਸ਼ਹੀਦ ਉਧਮ ਸਿੰਘ ਹਾਲ ਭਗਤਾਂ ਵਾਲਾ ਗੇਟ, ਅੰਮ੍ਰਿਤਸਰ ਵਿਖੇ ਪੰਥਕ ਸੋਚ ਨੂੰ ਲੈਕੇ ਦਰਪੇਸ਼ ਆ ਰਹੇ ਮਸਲਿਆ ਦੇ ਹੱਲ ਅਤੇ ਅਗਲੇ ਸੰਘਰਸ਼ ਲਈ ਰੱਖੇ ਗਏ ਸੈਮੀਨਰ ਵਿਚ 328 ਪਾਵਨ ਸਰੂਪਾਂ, ਬਹਿਬਲ ਕਲਾਂ ਕਤਲੇਆਮ, ਐਸ.ਜੀ.ਪੀ.ਸੀ. ਦੇ ਜਮਹੂਰੀਅਤ ਢਾਂਚੇ ਦੇ ਹੋ ਰਹੇ ਉਲੰਘਣ, ਗੁਰੂਘਰਾਂ ਦੇ ਪ੍ਰਬੰਧ ਲਈ ਚੁਣੇ ਜਾਣ ਵਾਲੇ ਮੈਬਰਾਂ ਦੀ ਆਜਾਦਆਨਾ ਢੰਗ ਨਾਲ ਚੋਣ ਕਰਨ ਅਤੇ ਐਸ.ਜੀ.ਪੀ.ਸੀ. ਸੰਸਥਾਂ ਵਿਚ ਪੈਦਾ ਹੋ ਚੁੱਕੀਆ ਖਾਮੀਆ ਸੰਬੰਧੀ ਨਿਰਨਾਇਕ ਵਿਚਾਰਾਂ ਹੋਣਗੀਆ ਅਤੇ ਸੰਗਤਾਂ ਦੇ ਵਿਚਾਰਾਂ ਨੂੰ ਮੁੱਖ ਰੱਖਕੇ ਅਗਲੇਰੇ ਕੌਮ ਪੱਖੀ ਫੈਸਲੇ ਲਏ ਜਾਣਗੇ ।
ਸ. ਮਾਨ ਨੇ ਲੁਧਿਆਣਾ ਵਿਖੇ ਬੀਤੇ ਦਿਨੀਂ ਬਰਗਾੜੀ ਦੀ ਤਰ੍ਹਾਂ ਫਿਰ ਸਾਜ਼ਸੀ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਟਕਿਆ ਦੀ ਹੋਈ ਬੇਅਦਬੀ ਉਤੇ ਡੂੰਘੀ ਪੀੜ੍ਹਾ ਜਾਹਰ ਕਰਦੇ ਹੋਏ ਕਿਹਾ ਕਿ ਜੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੇ ਅਮਲ ਨਹੀਂ ਰੁਕ ਰਹੇ, ਇਸ ਪਿੱਛੇ ਹਕੂਮਤੀ ਸਾਜਿਸ ਹੋਣ ਅਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਅਜਿਹੇ ਅਮਲ ਹਰ ਸਿੱਖ ਦੇ ਮਨ-ਆਤਮਾ ਨੂੰ ਡੂੰਘਾਂ ਦੁੱਖ ਪਹੁੰਚਾਉਣ ਵਾਲੇ ਹਨ । ਜੋ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਗੱਲ ਕਰਦੀ ਰਹੀ ਹੈ, ਹੁਣ ਉਨ੍ਹਾਂ ਦੀ ਹਕੂਮਤ ਥੱਲ੍ਹੇ ਹੋਏ ਇਸ ਅਸਹਿ ਤੇ ਅਕਹਿ ਅਮਲ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੇ ਅਤੇ ਦੋਸੀਆਂ ਨੂੰ ਸਾਹਮਣੇ ਲਿਆਕੇ ਇਸ ਚੱਲ ਰਹੇ ਸ਼ਰਮਨਾਕ ਖੇਡ ਦਾ ਅੰਤ ਕਰਨ ਦੀ ਜਿ਼ੰਮੇਵਾਰੀ ਪੂਰਨ ਕਿਉਂ ਨਹੀਂ ਕੀਤੀ ਜਾ ਰਹੀ ? ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਧਰਮੀ ਅਤੇ ਸਮਾਜਿਕ ਤੌਰ ਤੇ ਅਮਨ-ਚੈਨ ਰੱਖਣ ਵਾਲੀਆ ਸਭ ਸਖਸ਼ੀਅਤਾਂ ਨੂੰ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਜੋ ਵੀ ਤਾਕਤਾਂ ਅਜਿਹੇ ਘਿਣੋਨੇ ਅਮਲ ਕਰ ਰਹੀਆ ਹਨ, ਉਨ੍ਹਾਂ ਦੇ ਸਿਆਸੀ ਜਾਂ ਨਿੱਜੀ ਮੰਦਭਾਵਨਾ ਭਰੇ ਮਕਸਦ ਹੋ ਸਕਦੇ ਹਨ, ਪਰ ਸਾਨੂੰ ਸਾਰਿਆ ਨੂੰ ਅਜਿਹੇ ਦੋਸ਼ੀਆਂ ਦੀ ਭਾਲ ਕਰਨ ਅਤੇ ਕਾਨੂੰਨ ਅਨੁਸਾਰ ਫੌਰੀ ਸਜਾਵਾਂ ਦਿਵਾਉਣ ਲਈ ਆਪੋ-ਆਪਣੀ ਜਿ਼ੰਮੇਵਾਰੀ ਨੂੰ ਸਮਝਣਾ ਵੀ ਪਵੇਗਾ ਅਤੇ ਸਮੂਹਿਕ ਤੌਰ ਤੇ ਫੈਸਲਾਕੁੰਨ ਅਮਲ ਵੀ ਕਰਨਾ ਪਵੇਗਾ । ਤਦ ਹੀ ਪੰਜਾਬ ਵਿਚ ਅਜਿਹੀਆ ਸਾਜਿਸਾਂ ਦਾ ਅੰਤ ਕਰਕੇ ਇਥੋ ਦੇ ਨਿਵਾਸੀਆ ਨੂੰ ਅਮਨ-ਚੈਨ ਤੇ ਜਮਹੂਰੀਅਤ ਪਸੰਦ ਪ੍ਰਬੰਧ ਦਿੱਤਾ ਜਾ ਸਕਦਾ ਹੈ । ਇਹ ਜਿ਼ੰਮੇਵਾਰੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਨਾਲ ਹਮਖਿਆਲ ਸੰਗਠਨ ਅਤੇ ਪੰਥ ਅਤੇ ਪੰਜਾਬ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਹੀ ਪੂਰਨ ਕਰ ਸਕਦੀਆ ਹਨ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਡੀ ਪਾਰਟੀ ਦੇ ਲੁਧਿਆਣਾ ਦੇ ਪ੍ਰਧਾਨ ਸ. ਜਸਵੰਤ ਸਿੰਘ ਚੀਮਾਂ ਅਤੇ ਉਨ੍ਹਾਂ ਦੀ ਟੀਮ ਇਸ ਗੰਭੀਰ ਮਸਲੇ ਉਤੇ ਅਗਲੇਰੀ ਕਾਰਵਾਈ ਕਰ ਵੀ ਰਹੀ ਹੈ ਅਤੇ ਜਿਥੇ ਵੀ ਉਨ੍ਹਾਂ ਨੂੰ ਪਾਰਟੀ ਦੇ ਵੱਡੇ ਸਹਿਯੋਗ ਤੇ ਇਕੱਠ ਦੀ ਇਨਸਾਫ਼ ਪ੍ਰਾਪਤੀ ਲਈ ਲੋੜ ਹੋਵੇਗੀ, ਪਾਰਟੀ ਉਸ ਜਿ਼ੰਮੇਵਾਰੀ ਨੂੰ ਪੂਰਨ ਕਰਨ ਲਈ ਬਚਨਬੰਧ ਹੋਵੇਗੀ । ਸ. ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੰਭੀਰ ਵਿਸ਼ੇ ਉਤੇ ਸ. ਜਸਵੰਤ ਸਿੰਘ ਚੀਮਾਂ ਜਿ਼ਲ੍ਹਾ ਪ੍ਰਧਾਨ ਲੁਧਿਆਣਾ ਨੂੰ ਹਰ ਤਰ੍ਹਾਂ ਸਹਿਯੋਗ ਕਰਨ ਅਤੇ ਇਸ ਵਿੱਢੇ ਇਨਸਾਫ਼ ਦੇ ਸੰਘਰਸ਼ ਦੀ ਮੰਜਿਲ ਤੱਕ ਪਹੁੰਚਣ ਲਈ ਹਰ ਤਰ੍ਹਾਂ ਜਿ਼ੰਮੇਵਾਰੀ ਨਿਭਾਉਣ ਦੀ ਸਭ ਸਿੱਖਾਂ ਨੂੰ ਜਿਥੇ ਅਪੀਲ ਕੀਤੀ, ਉਥੇ ਸਮੁੱਚੇ ਡੇਰਿਆ, ਸੰਪ੍ਰਦਾਵਾਂ, ਸੰਗਠਨਾਂ, ਟਕਸਾਲਾ, ਸਿੱਖ ਸਟੂਡੈਟ ਫੈਡਰੇਸ਼ਨਾਂ, ਪੰਥਕ ਬੁੱਧੀਜੀਵੀਆਂ, ਡਾਕਟਰਾਂ, ਵਕੀਲਾਂ ਆਦਿ ਸਭਨਾਂ ਨੂੰ 9 ਅਪ੍ਰੈਲ ਨੂੰ ਸ਼ਹੀਦ ਉਧਮ ਸਿੰਘ ਹਾਲ ਭਗਤਾਂ ਵਾਲਾ ਗੇਟ, ਅੰਮ੍ਰਿਤਸਰ ਵਿਖੇ ਹੋ ਰਹੇ ਸੈਮੀਨਰ ਵਿਚ ਹੁੰਮ-ਹੁੰਮਾਕੇ ਪਹੁੰਚਣ ਅਤੇ ਹੋਣ ਵਾਲੇ ਕੌਮੀ ਫੈਸਲਿਆ ਵਿਚ ਯੋਗਦਾਨ ਪਾਉਣ ਦੀ ਜੋਰਦਾਰ ਅਪੀਲ ਕੀਤੀ ।