ਠੱਗੀ-ਠੋਰੀ ਮਾਰਨ ਵਾਲੇ ਰਿਸਵਤਖੋਰਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਤੇ ਸਿੱਖੀ ਦੀ ਸ਼ਰਨ ਵਿਚ ਆ ਕੇ ਆਪਣੇ ਜੀਵਨ ਦਾ ਸੁਧਾਰ ਕਰ ਲੈਣ : ਮਾਨ
ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਜੋ ਹਿੰਦੂਤਵ ਸੋਚ ਵਾਲੇ ਲੋਕ ਹਨ, ਉਨ੍ਹਾਂ ਦੀ ਆਤਮਾ ਤੇ ਮਨ ਵਿਚ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਦੀ ਵੱਡੀ ਇੱਛਾ ਹੁੰਦੀ ਹੈ । ਇਸੇ ਲਈ ਉਹ ਲਛਮੀ ਪੂਜਾ ਕਰਦੇ ਹਨ । ਜੇਕਰ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਪੱਖੀ ਤੇ ਇਨਸਾਨੀਅਤ ਪੱਖੀ ਸੋਚ ਤੇ ਚੱਲਦੇ ਹੋਏ ਸਿੱਖੀ ਦੀ ਸਰਨ ਵਿਚ ਆ ਜਾਣ ਤਾਂ ਇਨ੍ਹਾਂ ਦਾ ਰਹਿੰਦਾ ਜੀਵਨ ਅਤੇ ਸਵਾਸ ਅਰਥ ਲੱਗ ਸਕਣਗੇ । ਵਰਨਾ ਇਨ੍ਹਾਂ ਦੀਆਂ ਠੱਗੀਆ-ਠੋਰੀਆ, ਰਿਸਵਤਖੋਰੀਆ ਦੀ ਬਦੌਲਤ ਇਨ੍ਹਾਂ ਨੂੰ ਉਸ ਅਕਾਲ ਪੁਰਖ ਦੀ ਦਰਗਾਹ ਵਿਚ ਵੱਡੀਆ ਦੁਸਵਾਰੀਆ ਦਾ ਸਾਹਮਣਾ ਕਰਨਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਦਿੱਲੀ ਹਾਈਕੋਰਟ ਦੇ ਜੱਜ ਦੇ ਘਰੋ ਨੋਟਾਂ ਦੇ ਬੰਡਲਾਂ ਦੇ ਮਿਲੇ ਗੈਰ ਕਾਨੂੰਨੀ ਭੰਡਾਰ ਉਤੇ ਹਿੰਦੂਤਵ ਹੁਕਮਰਾਨਾਂ ਅਤੇ ਅਫਸਰਾਨ ਵੱਲੋ ਗਲਤ ਢੰਗਾਂ ਰਾਹੀ ਧਨ ਦੌਲਤਾਂ ਦੇ ਭੰਡਾਰ ਇਕੱਤਰ ਕਰਨ ਅਤੇ ਇਨ੍ਹਾਂ ਵੱਲੋ ਲਛਮੀ ਪੂਜਾ ਕਰਨ ਦੇ ਦੁਨਿਆਵੀ ਮਕਸਦਾਂ ਉਤੇ ਗੱਲ ਕਰਦੇ ਹੋਏ ਅਜਿਹੇ ਰਿਸਵਤਖੋਰਾਂ ਤੇ ਠੱਗੀ-ਠੋਰੀ ਕਰਨ ਵਾਲਿਆ ਨੂੰ ਸਿੱਖੀ ਦੀ ਸ਼ਰਨ ਵਿਚ ਆਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਦੇ ਅਤੇ ਇਨਸਾਨੀਅਤ ਦੇ ਨੇੜੇ ਹੁੰਦੇ ਹਨ, ਉਹ ਕਦੀ ਵੀ ਗਲਤ ਢੰਗਾਂ ਰਾਹੀ ਮਾਇਆ ਇਕੱਤਰ ਕਰਨ ਦੇ ਵਰਤਾਰੇ ਵਿਚ ਨਹੀ ਫਸਦੇ । ਬਲਕਿ ਮਨੁੱਖਤਾ ਤੇ ਇਨਸਾਨੀਅਤ ਪੱਖੀ ਉਦਮ ਕਰਕੇ ਆਪਣੀ ਆਤਮਾ ਨੂੰ ਸਾਫ ਸੁਥਰਾ ਤੇ ਸੰਤੁਸਟ ਰੱਖਦੇ ਹਨ । ਲੇਕਿਨ ਜੋ ਇਸ ਦੁਨਿਆਵੀ ਦੌੜ ਵਿਚ ਗ੍ਰਸਤ ਹੋ ਜਾਂਦੇ ਹਨ ਜਿਵੇ ਉਪਰੋਕਤ ਦਿੱਲੀ ਹਾਈਕੋਰਟ ਦੇ ਜੱਜ ਵੱਲੋ ਆਪਣੇ ਅਹਿਮ ਅਹੁਦੇ ਦੀ ਦੁਰਵਰਤੋ ਕਰਦੇ ਹੋਏ ਇਸ ਸਮਾਜ ਵਿਰੋਧੀ ਵਰਤਾਰੇ ਵਿਚ ਗ੍ਰਸਤ ਹੋਇਆ ਗਿਆ ਹੈ, ਉਨ੍ਹਾਂ ਦੀ ਆਤਮਾ ਤੇ ਮਨ ਕਦੇ ਸੰਤੁਸਟ ਨਹੀ ਹੋ ਸਕਦੇ ਅਤੇ ਨਾ ਹੀ ਅਜਿਹੇ ਲੋਕ ਆਪਣੀ ਜਿੰਦਗੀ ਦਾ ਸਕੂਨ ਪ੍ਰਾਪਤ ਕਰ ਸਕਦੇ ਹਨ । ਇਸ ਲਈ ਅਜਿਹੇ ਧਰਮ ਅਤੇ ਉਸ ਅਕਾਲ ਪੁਰਖ ਤੋ ਦੂਰ ਹੋਏ ਲੋਕਾਂ ਨੂੰ ਸਾਡੀ ਨੇਕ ਰਾਏ ਹੈ ਕਿ ਉਹ ਲਛਮੀ ਪੂਜਾ ਨੂੰ ਅਲਵਿਦਾ ਕਹਿਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦੀ ਸਰਨ ਵਿਚ ਆਉਣ ਉਨ੍ਹਾਂ ਦੇ ਜੀਵਨ ਦੀ ਕਾਇਆ ਕਲਪ ਹੋਣ ਵਿਚ ਦੇਰ ਨਹੀ ਲੱਗੇਗੀ ਅਤੇ ਉਹ ਅਸਲੀਅਤ ਵਿਚ ਅਜਿਹੇ ਪਰਿਵਾਰ ਆਪਣੀ ਆਤਮਾ ਦੇ ਸਕੂਨ ਨੂੰ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਣਗੇ ।