ਸ. ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਦਾ ਰੁਲਦਾ ਕਤਲ ਕੇਸ ਵਿਚੋ ਬਰੀ ਹੋਣਾ ਸਵਾਗਤਯੋਗ : ਮਾਨ
ਸ. ਬਲਜਿੰਦਰ ਸਿੰਘ ਸੋਢੀ ਐਡਵੋਕੇਟ ਦੀ ਮਿਹਨਤ ਰੰਗ ਲਿਆਈ
ਫ਼ਤਹਿਗੜ੍ਹ ਸਾਹਿਬ, 26 ਮਾਰਚ ( ) “ਸਿੱਖ ਨੌਜਵਾਨ ਚੜ੍ਹਦੀ ਕਲਾਂ ਦੀ ਸੋਚ ਵਾਲੇ ਸ. ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਜਿਨ੍ਹਾਂ ਨੂੰ ਹੁਕਮਰਾਨਾਂ ਨੇ ਰੁਲਦਾ ਕਤਲ ਕੇਸ ਵਿਚ ਨਾਮਜਦ ਕੀਤਾ ਹੋਇਆ ਸੀ, ਉਨ੍ਹਾਂ ਨੂੰ ਅੱਜ ਅਦਾਲਤ ਵੱਲੋ ਬਾਇੱਜਤ ਢੰਗ ਨਾਲ ਬਰੀ ਕਰ ਦਿੱਤਾ ਗਿਆ ਹੈ । ਜਿਸ ਨਾਲ ਸੱਚ ਦੀ ਵੱਡੀ ਜਿੱਤ ਹੋਈ ਹੈ । ਅਸੀ ਕੇਸ ਵਿਚੋ ਬਰੀ ਹੋਣ ਦੀ ਜਿਥੇ ਅਥਾਹ ਖੁਸੀ ਦਾ ਇਜਹਾਰ ਕਰਦੇ ਹਾਂ, ਉਥੇ ਇਸ ਹੋਏ ਕਾਨੂੰਨੀ ਅਮਲ ਦਾ ਸਵਾਗਤ ਵੀ ਕਰਦੇ ਹਾਂ । ਕਿਉਂਕਿ ਇੰਡੀਅਨ ਹੁਕਮਰਾਨ, ਅਦਾਲਤਾਂ ਅਤੇ ਇਥੋ ਦਾ ਕਾਨੂੰਨ ਜਿਆਦਾਤਰ ਨਿਰਦੋਸ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਫਸਾਕੇ ਨਿਸ਼ਾਨਾਂ ਬਣਾਉਣ ਦੇ ਅਮਲ ਕਰਦਾ ਆ ਰਿਹਾ ਹੈ ਅਤੇ ਲੰਮਾਂ ਸਮਾਂ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਦੀਆਂ ਬਿਨ੍ਹਾਂ ਟਰੈਲਾਂ ਤੋ ਜੇਲ੍ਹਾਂ ਵਿਚ ਬੰਦੀ ਬਣਾਕੇ ਰੱਖਣ ਦੇ ਇਨਸਾਨੀਅਤ ਵਿਰੋਧੀ ਅਮਲ ਸਿੱਖ ਮਨਾਂ ਨੂੰ ਜਿਥੇ ਠੇਸ ਪਹੁੰਚਾਉਦੇ ਹਨ ਉਥੇ ਇੰਡੀਅਨ ਦੋਸਪੂਰਨ ਸਿਸਟਮ ਵਿਰੁੱਧ ਰੋਹ ਵੀ ਉਤਪੰਨ ਕਰਦੇ ਹਨ । ਇਸ ਲਈ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਦਾ ਇਸ ਵੱਡੇ ਕੇਸ ਵਿਚੋ ਬਰੀ ਹੋਣਾ ਸਵਾਗਤਯੋਗ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਅਦਾਲਤ ਵੱਲੋ ਰੁਲਦਾ ਕਤਲ ਕੇਸ ਵਿਚੋ ਬਰੀ ਹੋਣ ਦੇ ਅਮਲਾਂ ਦਾ ਜੋਰਦਾਰ ਸਵਾਗਤ ਕਰਦੇ ਹੋਏ ਅਤੇ ਸ. ਬਲਜਿੰਦਰ ਸਿੰਘ ਸੋਢੀ ਐਡਵੋਕੇਟ ਵੱਲੋ ਇਨ੍ਹਾਂ ਕੇਸਾਂ ਵਿਚ ਕੀਤੀ ਗਈ ਸਖਤ ਮਿਹਨਤ ਦੀ ਬਦੌਲਤ ਅਦਾਲਤਾਂ ਤੇ ਜੱਜਾਂ ਨੂੰ ਬਾਦਲੀਲ ਢੰਗ ਨਾਲ ਕੈਦ ਕਰਨ ਦੀਆਂ ਕਾਰਵਾਈਆ ਦੀ ਖੂਬ ਪ੍ਰਸੰਸਾ ਕਰਦੇ ਹੋਏ ਜਾਹਰ ਕੀਤੇ । ਉਨ੍ਹਾਂ ਕਿਹਾ ਕਿਉਂਕਿ ਹੁਕਮਰਾਨਾਂ ਅਤੇ ਅਫਸਰਸਾਹੀ ਨੇ ਮੰਦਭਾਵਨਾ ਅਧੀਨ ਉਪਰੋਕਤ ਦੋਵੇ ਨੌਜਵਾਨਾਂ ਨੂੰ ਕੇਵਲ ਮਾਨਸਿਕ ਤੌਰ ਤੇ ਹੀ ਲੰਮੀ ਪੀੜ੍ਹਾ ਹੀ ਨਹੀ ਦਿੱਤੀ ਬਲਕਿ ਸਰੀਰਕ ਤੌਰ ਤੇ ਵੀ ਜੇਲ੍ਹਾਂ ਤੇ ਕਾਲਕੋਠੜੀਆ ਦੇ ਅਣ ਮਨੁੱਖੀ ਵਰਤਾਰੇ ਦਾ ਸਾਹਮਣਾ ਕਰਨਾ ਪਿਆ । ਇਸ ਹੋਏ ਵੱਡੇ ਨੁਕਸਾਨ ਦੇ ਮੁਆਵਜੇ ਵੱਜੋ ਉਪਰੋਕਤ ਦੋਵੇ ਨੌਜਵਾਨਾਂ ਨੂੰ ਇਕ-ਇਕ ਲੱਖ ਰੁਪਇਆ ਪ੍ਰਤੀ ਮਹੀਨਾ ਉਨ੍ਹਾਂ ਦੀ ਜਿੰਦਗੀ ਦੇ ਕੀਮਤੀ ਪਲਾਂ ਦੇ ਹੋਏ ਨੁਕਸਾਨ ਦਾ ਭੁਗਤਾਨ ਕਰਨ ਦਾ ਤੁਰੰਤ ਐਲਾਨ ਹੋਵੇ । ਜੇਕਰ ਹੁਕਮਰਾਨਾਂ ਨੇ ਉਨ੍ਹਾਂ ਦੀ ਜਿੰਦਗੀ ਦੇ ਹੋਏ ਨੁਕਸਾਨ ਦਾ ਉਪਰੋਕਤ ਮੁਆਵਜਾ ਦੇਣ ਤੇ ਅਮਲ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੰਭੀਰ ਵਿਸੇ ਉਤੇ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਤੋ ਗੁਰੇਜ ਨਹੀ ਕਰੇਗਾ ।