ਹਮਾਰੀਆ ਨਾਮ ਦੀ ਬਲੋਚ ਬੀਬੀ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਇੰਡੀਆ ਤੁਰੰਤ ਰਾਜਨੀਤਿਕ ਪਨਾਹ ਦੇਣ ਦਾ ਐਲਾਨ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 24 ਮਾਰਚ ( ) “ਬਲੋਚਿਸਤਾਨ ਦੀ ਹਮਾਰੀਆ ਨਾਮ ਦੀ ਬੀਬੀ ਜੋ ਆਪਣੇ ਉਤੇ ਹੋਣ ਵਾਲੇ ਜ਼ਬਰ ਜੁਲਮ ਅਤੇ ਮੌਤ ਦੇ ਡਰ ਤੋ ਆਪਣੀਆ 2 ਮਾਸੂਮ 3 ਅਤੇ 4 ਸਾਲ ਦੀਆਂ ਬੱਚੀਆ ਸਮੇਤ ਪਾਕਿਸਤਾਨ ਦਾਖਲ ਹੋ ਗਈ ਸੀ । ਜਿਸ ਨੂੰ ਉਥੇ ਵੀ ਮੌਤ ਦੇ ਡਰ ਨੇ ਰਹਿਣ ਨਹੀ ਦਿੱਤਾ ਅਤੇ ਉਹ ਆਪਣੀ ਅਤੇ ਆਪਣੀਆ ਬੱਚੀਆਂ ਦੀ ਜਿੰਦਗੀ ਦੀ ਸੁਰੱਖਿਆ ਲਈ ਜੋ ਇੰਡੀਆ ਵਿਚ ਦਾਖਲ ਹੋਈ ਹੈ, ਉਸ ਨੂੰ ਪਨਾਹ ਲੈਣ ਵਾਲੇ ਕੌਮਾਂਤਰੀ ਕਾਨੂੰਨ ਦੀ ਦੇਖਰੇਖ ਹੇਠ ਇੰਡੀਆ ਵਿਚ ਰਹਿਣ ਅਤੇ ਉਸ ਨੂੰ ਰਾਜਸੀ ਸਰਨ ਅਧੀਨ ਇਥੇ ਸਥਾਪਿਤ ਹੋਣ ਦਾ ਤੁਰੰਤ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਕਿ ਉਹ ਬਿਨ੍ਹਾਂ ਕਿਸੇ ਡਰ ਭੈ ਅਤੇ ਮਨੁੱਖੀ ਅਧਿਕਾਰਾਂ ਦੇ ਹੋਣ ਵਾਲੇ ਉਲੰਘਣ ਦੀ ਬਦੌਲਤ ਆਪਣੇ ਉਤੇ ਹੋ ਰਹੇ ਜ਼ਬਰ ਤੋ ਬਚਕੇ ਇਥੇ ਸਹੀ ਢੰਗ ਨਾਲ ਆਪਣੀ ਜਿੰਦਗੀ ਬਸਰ ਕਰ ਸਕੇ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਲੋਚ ਬੀਬੀ ਹਮਾਰੀਆ ਨੂੰ ਇੰਡੀਆ ਵਿਚ ਆਪਣੀਆ ਮਾਸੂਮ ਧੀਆ ਸਮੇਤ ਦਾਖਲ ਹੋਣ ਤੇ ਰਾਜਸੀ ਸ਼ਰਨ ਦੇ ਕੌਮਾਂਤਰੀ ਕਾਨੂੰਨ ਅਧੀਨ ਇਥੇ ਠਹਿਰਣ ਤੇ ਆਪਣੀ ਜਿੰਦਗੀ ਸਹੀ ਢੰਗ ਨਾਲ ਬਸਰ ਕਰਨ ਦੀ ਸਹੂਲਤ ਪ੍ਰਦਾਨ ਕਰਨ ਸੰਬੰਧੀ ਕਰਦੇ ਹੋਏ ਕੀਤੀ । ਉਨ੍ਹਾਂ ਕਿਹਾ ਕਿ ਜਦੋ ਸੰਸਾਰ ਪੱਧਰ ਦੇ ਮਨੁੱਖਤਾ ਪੱਖੀ ਐਲਾਨਨਾਮੇ ਦੀ ਧਾਰਾ 14.1 ਵਿਚ ਇਹ ਆਦੇਸ ਹੈ ਕਿ ਹਰ ਇਕ ਇਨਸਾਨ ਨੂੰ ਜੋ ਆਪਣੇ ਦੇਸ ਵਿਚ ਹਕੂਮਤੀ ਜ਼ਬਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਮੌਤ ਦਾ ਡਰ ਬਣਿਆ ਹੋਇਆ ਹੈ, ਉਹ ਕਿਸੇ ਦੂਜੇ ਮੁਲਕ ਵਿਚ ਜਾ ਕੇ ਰਾਜਸੀ ਸ਼ਰਨ ਅਧੀਨ ਠਹਿਰ ਸਕਦਾ ਹੈ ਅਤੇ ਆਪਣੀ ਜਿੰਦਗੀ ਜਿਊਣ ਦੇ ਅਧਿਕਾਰ ਦਾ ਆਨੰਦ ਮਾਣ ਸਕਦਾ ਹੈ । ਇਸ ਵਿਚ ਇਹ ਵੀ ਦਰਜ ਹੈ ਕਿ ਅਜਿਹੇ ਕਿਸੇ ਪੀੜ੍ਹਤ ਨਾਗਰਿਕ ਨੂੰ ਉਸਦੇ ਆਪਣੇ ਮੁਲਕ ਵਿਚ ਜਬਰੀ ਨਹੀ ਭੇਜਿਆ ਜਾ ਸਕਦਾ । ਫਿਰ ਇੰਡੀਅਨ ਹੁਕਮਰਾਨ ਉਸ ਉਪਰੋਕਤ ਕੌਮਾਂਤਰੀ ਕਾਨੂੰਨ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਉਪਰੋਕਤ ਬਲੋਚ ਬੀਬੀ ਤੇ ਉਸਦੀਆਂ ਬੱਚੀਆ ਨੂੰ ਤੁਰੰਤ ਰਾਜਸੀ ਸਰਨ ਪ੍ਰਾਪਤ ਕਰਕੇ ਆਪਣੇ ਫਰਜਾਂ ਦੀ ਪੂਰੀ ਕਰੇ ।