ਸੰਭੂ ਅਤੇ ਖਨੌਰੀ ਸਰਹੱਦ ਉਤੇ ਪੰਜਾਬ ਪੁਲਿਸ ਤੇ ਸਰਕਾਰ ਵੱਲੋ ਸੰਘਰਸ ਤੇ ਬੈਠੇ ਕਿਸਾਨਾਂ ਨਾਲ ਕੀਤਾ ਜ਼ਬਰ ਅਸਹਿ : ਮਾਨ
ਸਭ ਕੁਝ ਲੁਟਾਕੇ ਹੋਸ਼ ਮੇ ਆਏ ਤੋਂ ਕਿਆ ਆਏ
ਫ਼ਤਹਿਗੜ੍ਹ ਸਾਹਿਬ, 20 ਮਾਰਚ ( ) “ਜਦੋਂ ਫ਼ੌਜਾਂ ਦਾ ਜਰਨੈਲ ਕਿਸੇ ਫਰੰਟ ਤੇ ਹਮਲਾ ਕਰਦੇ ਹਨ ਤਾਂ ਜਰਨੈਲ ਨੂੰ ਕਿਸੇ ਦੂਜੇ ਫਰੰਟ ਤੇ ਵੀ ਯੋਜਨਾ ਬਣਾਕੇ ਰੱਖਣ ਦੀ ਸੂਝਵਾਨਤਾ ਹੋਣੀ ਚਾਹੀਦੀ ਹੈ ਤਾਂ ਕਿ ਇਕ ਪਾਸਿਓ ਅਸਫ਼ਲਤਾ ਮਿਲਣ ਤੇ ਦੂਜੇ ਫਰੰਟ ਤੇ ਫਤਹਿ ਪ੍ਰਾਪਤ ਕੀਤੀ ਜਾ ਸਕੇ ਅਤੇ ਉਸ ਮੁਸਕਿਲ ਵਿਚੋ ਬਚਕੇ ਵੀ ਨਿਕਲ ਸਕਣ । ਇਸ ਲਈ ਜਦੋ ਹੁਣ ਲੰਮਾਂ ਸਮਾਂ ਖਨੌਰੀ ਤੇ ਸੰਭੂ ਬਾਰਡਰ ਦੀਆਂ ਸਰਹੱਦਾਂ ਅਸੀ ਆਪਣਾ ਰਾਜ ਭਾਗ ਨਾ ਹੋਣ ਤੇ ਵੀ ਬੰਦ ਕਰ ਰੱਖੀਆ ਸਨ, ਤਾਂ ਹੁਕਮਰਾਨਾਂ ਅਤੇ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ਸੂਬੇ, ਪੰਜਾਬੀਆਂ, ਮਜਦੂਰਾਂ ਦੀ ਮਾਲੀ ਅਤੇ ਸਮਾਜਿਕ ਹਾਲਤ ਨੂੰ ਸਹੀ ਰੱਖਣ ਹਿੱਤ ਫੌਰੀ ਤੌਰ ਤੇ ਦੂਜੇ ਫਰੰਟ ਵਾਲੀ ਸੋਚ ਤੇ ਅਮਲ ਕਰਕੇ ਆਪਣੀਆ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁਲਵਾਉਣ ਲਈ ਜਿੰਮੇਵਾਰੀ ਪੂਰੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਜਿੰਮੀਦਾਰਾਂ ਦੇ ਉਤਪਾਦ ਤੇ ਛੋਟੇ ਵਪਾਰੀਆ ਦੀਆਂ ਤਿਆਰ ਵਸਤਾਂ ਅਸੀ ਅਰਬ ਮੁਲਕਾਂ, ਮੱਧ ਏਸੀਆ ਵਿਚ ਭੇਜਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕੀਏ । ਜਦੋ ਹੁਣ ਪਾਕਿਸਤਾਨ ਆਪਣੀ ਕਣਕ ਦੀ ਮੰਗ ਨੂੰ ਪੂਰਾ ਕਰਨ ਲਈ ਰੂਸ ਤੋ ਮਹਿੰਗੀ ਕਣਕ ਮੰਗਵਾ ਰਿਹਾ ਹੈ ਤਾਂ ਸਾਡੇ ਵੱਟ ਨਾਲ ਲੱਗਦੇ ਪਾਕਿਸਤਾਨ ਤੇ ਲਾਹੌਰ ਨੂੰ ਪੰਜਾਬ ਦੇ ਜਿੰਮੀਦਾਰਾਂ ਦੀ ਫਸਲ ਭੇਜਣ ਲਈ ਇਹ ਸਰਹੱਦਾਂ ਤੁਰੰਤ ਖੋਲੀਆ ਜਾਣ । ਤਾਂ ਕਿ ਵਪਾਰ ਦੇ ਨਾਲ-ਨਾਲ ਅਸੀ ਆਪਣੇ ਸੱਭਿਅਤਾ, ਵਿਰਸੇ-ਵਿਰਾਸਤ, ਬੋਲੀ, ਭਾਸ਼ਾ ਤੇ ਸਹਿਤ ਦਾ ਵੀ ਆਪਣੇ ਪੁਰਾਤਨ ਪੰਜਾਬ ਦੇ ਇਲਾਕਿਆ ਨਾਲ ਅਦਾਨ-ਪ੍ਰਦਾਨ ਕਰਕੇ ਇਸ ਮੁਹੱਬਤ ਨੂੰ ਪਹਿਲੇ ਦੀ ਤਰ੍ਹਾਂ ਪ੍ਰਫੁੱਲਿਤ ਕਰਕੇ ਦੋਵੇ ਮੁਲਕਾਂ ਦੇ ਨਿਵਾਸੀ ਅੱਗੇ ਵੱਧ ਸਕਣ ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਭੂ ਤੇ ਖਨੌਰੀ ਬਾਰਡਰ ਉਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋ ਕਿਸਾਨਾਂ ਉਤੇ ਕੀਤੇ ਗਏ ਜ਼ਬਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਕਿਸਾਨੀ ਆਗੂਆ ਨੂੰ ਅਜਿਹੇ ਸਮਿਆ ਤੇ 2-3 ਫਰੰਟਾਂ ਤੇ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਬੀਤੀਆ ਚੋਣਾਂ ਵਿਚ ਇਨ੍ਹਾਂ ਨੇ ਭਗਵੰਤ ਸਿੰਘ ਮਾਨ ਅਤੇ ਝਾੜੂ ਪਾਰਟੀ ਨੂੰ ਹੀ ਵੋਟਾਂ ਪਾਈਆ । ਹੁਣ ਜਦੋ ਕਿਸਾਨਾਂ ਉਤੇ ਭੀੜ ਤੇ ਮੁਸਕਿਲ ਬਣੀ ਹੋਈ ਹੈ ਅਤੇ ਇਨ੍ਹਾਂ ਨੇ ਇਹ ਉਮੀਦ ਰੱਖਕੇ ਹੀ ਵੋਟਾਂ ਪਾਈਆ ਸਨ ਕਿ ਕਿਸਾਨਾਂ ਦੇ ਮਸਲੇ ਇਹ ਸਰਕਾਰ ਹੱਲ ਕਰੇਗੀ ਹੁਣ ਸ. ਭਗਵੰਤ ਮਾਨ ਨੂੰ ਇਨ੍ਹਾਂ ਦੇ ਮਸਲੇ ਹੱਲ ਕਰਨੇ ਬਣਦੇ ਹਨ ਅਤੇ ਕਿਸਾਨਾਂ ਨੂੰ ਵੀ ਉਸ ਤੋ ਕੰਮ ਲੈਣ ਦੀ ਜਿੰਮੇਵਾਰੀ ਬਣਦੀ ਹੈ । ਇਥੇ ਇਹ ਕਹਾਵਤ ਕਿਸਾਨ ਆਗੂਆ ਉਤੇ ਪੂਰੀ ਢੁੱਕਦੀ ਹੈ ਕਿ ‘ਸਭ ਕੁਝ ਲੁਟਾਕੇ ਹੋਸ਼ ਮੇ ਆਏ ਤੋ ਕਿਆ ਆਏ’ ? ਕਿਉਂਕਿ ਐਨਾ ਲੰਮਾਂ ਸੰਘਰਸ ਕਰਨ ਅਤੇ ਸਰਹੱਦਾਂ ਬੰਦ ਕਰਕੇ ਆਮ ਜਨਤਾ ਦੀ ਨਿਰਾਸਾ ਪ੍ਰਾਪਤ ਕਰਨ ਉਪਰੰਤ ਵੀ ਕਿਸਾਨੀ ਮਸਲੇ ਹੱਲ ਨਹੀ ਹੋ ਸਕੇ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਹਿਲੇ ਵੀ ਕਿਸਾਨਾਂ ਤੇ ਮਜਦੂਰਾਂ ਦੇ ਸੰਘਰਸ ਵਿਚ ਨਿਰੰਤਰ ਨਾਲ ਰਿਹਾ ਹੈ ਤੇ ਆਉਣ ਵਾਲੇ ਸਮੇ ਵਿਚ ਵੀ ਉਨ੍ਹਾਂ ਦੀ ਲੜਾਈ ਦਾ ਹਿੱਸੇਦਾਰ ਰਹੇਗਾ । ਪਰ ਇਨ੍ਹਾਂ ਕਿਸਾਨਾਂ ਦੀ ਆਤਮਾ ਨੂੰ ਵੀ ਜਾਗਣਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਵੋਟਾਂ ਦੀ ਹੱਕਦਾਰ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲੀਏ ਹਨ ਜਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਹਮੇਸ਼ਾਂ ਉਨ੍ਹਾਂ ਦੇ ਹਰ ਮੋਰਚੇ ਤੇ ਮੁਸਕਿਲ ਵਿਚ ਨਾਲ ਖੜ੍ਹਾ ਹੈ । ਸ. ਮਾਨ ਨੇ ਅਖੀਰ ਵਿਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਗੈਰ ਕਾਨੂੰਨੀ ਅਮਲਾਂ ਦੀ ਜਿਥੇ ਨਿਖੇਧੀ ਕੀਤੀ ਉਥੇ ਕਿਸਾਨ ਆਗੂਆ ਨੂੰ ਵੀ ਸੁਬੋਧਿਤ ਹੁੰਦੇ ਹੋਏ ਸਮੇ ਦੀ ਨਜਾਕਤ ਨੂੰ ਪਹਿਚਾਣਕੇ ਇਥੇ ਪੰਜਾਬ ਵਿਚੋ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਵਰਗੀਆ ਪੰਜਾਬ, ਕਿਸਾਨ, ਮਜਦੂਰ, ਵਿਦਿਆਰਥੀ ਵਿਰੋਧੀ ਜਮਾਤਾਂ ਨੂੰ ਖਦੇੜਨ ਦੀ ਜਿੰਮੇਵਾਰੀ ਬਣਦੀ ਹੈ ਅਤੇ ਆਪਣੇ ਵੋਟ ਹੱਕ ਦੀ ਸਹੀ ਵਰਤੋ ਕਰਕੇ ਇਥੇ ਪੰਜਾਬੀਆ ਦੀ ਆਪਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਬਣਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਅਸੀ ਪੰਜਾਬ ਸੂਬੇ ਤੇ ਪੰਜਾਬੀਆ ਨਾਲ ਸੰਬੰਧਤ ਸਭ ਮਸਲਿਆ ਨਾਲ ਸਹੀ ਪਹੁੰਚ ਅਪਣਾਕੇ ਹੱਲ ਕਰ ਸਕੀਏ ਅਤੇ ਆਪਣੇ ਸੂਬੇ ਵਿਚ ਜੋ ਕਾਨੂੰਨੀ ਰੋਕਾਂ ਲਗਾਉਣੀਆ ਬਣਦੀਆ ਹਨ ਉਨ੍ਹਾਂ ਨੂੰ ਕਾਨੂੰਨੀ ਰੂਪ ਦੇ ਕੇ ਰੋਕਿਆ ਜਾਵੇ ।