ਅਮਨ ਪਸੰਦ ਢੰਗ ਰਾਹੀ ਮੁਜਾਹਰੇ ਅਤੇ ਰੋਸ ਕਰਨਾ ਸਿੱਖਾਂ ਦਾ ਵਿਧਾਨਿਕ ਤੇ ਕੌਮਾਂਤਰੀ ਹੱਕ : ਮਾਨ
ਫ਼ਤਹਿਗੜ੍ਹ ਸਾਹਿਬ, 07 ਮਾਰਚ ( ) “ਸੈਟਰ ਵਿਚ ਕਾਬਜ ਬੀਜੇਪੀ-ਆਰ.ਐਸ.ਐਸ ਦੀ ਹਕੂਮਤ ਵੱਲੋ ਗੈਰ ਇਨਸਾਨੀਅਤ, ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗਾਂ ਰਾਹੀ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ ਤੇ ਪੰਜਾਬ ਵਿਚ ਸਿਰਕੱਢ ਸਿੱਖਾਂ ਦੇ ਕਤਲੇਆਮ ਕਰਨ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਹੁਕਮਰਾਨਾਂ ਵੱਲੋਂ ਜੰਗਲ ਦੇ ਰਾਜ ਵਾਲੇ ਅਮਲ ਕੀਤੇ ਜਾ ਰਹੇ ਹਨ । ਨਾ ਕਿ ਜਮਹੂਰੀਅਤ ਅਤੇ ਵਿਧਾਨਿਕ ਪੱਖੀ । ਜੋ ਬਰਤਾਨੀਆ ਵਿਚ ਸਿੱਖਾਂ ਨੇ ਉਥੇ ਇੰਡੀਆ ਦੇ ਵਿਦੇਸ ਵਜੀਰ ਜੈਸੰਕਰ ਦੇ ਪਹੁੰਚਣ ਤੇ ਅਮਲ ਕੀਤਾ ਹੈ, ਉਹ ਉਪਰੋਕਤ ਅਤੇ ਬੀਤੇ ਸਮੇ ਦੇ ਸੈਕੜਿਆ, ਹਜਾਰਾਂ ਦੀ ਗਿਣਤੀ ਵਿਚ ਨਿਰਦੋਸ਼ ਸਿੱਖਾਂ ਦੇ ਕੀਤੇ ਗਏ ਕਤਲਾਂ ਦਾ ਜਮਹੂਰੀਅਤ ਢੰਗ ਨਾਲ ਵਿਰੋਧ ਹੀ ਹੈ । ਅਜਿਹੀਆ ਇਨਸਾਨੀਅਤ ਤੇ ਵਿਧਾਨ ਵਿਰੋਧੀ ਹਕੂਮਤੀ ਅਮਲਾਂ ਦੀ ਬਦੌਲਤ ਇੰਡੀਆਂ ਵਿਚ ਨਿਜਾਮੀ ਪੱਧਰ ਤੇ ਵੱਡੀਆ ਖਾਮੀਆ ਪੈਦਾ ਹੋ ਚੁੱਕੀਆ ਹਨ । ਅਮਨ ਚੈਨ ਨੂੰ ਖਤਰਾ ਪੈਦਾ ਹੋ ਚੁੱਕਾ ਹੈ । ਜਦੋ ਬਰਤਾਨੀਆ ਵਿਚ ਪੋਲੋਨੀਅਮ ਜਹਿਰ ਦੀ ਦੁਰਵਰਤੋ ਕਰਕੇ ਸ. ਅਵਤਾਰ ਸਿੰਘ ਖੰਡਾ ਨੂੰ ਮਾਰਿਆ ਗਿਆ ਤਾਂ ਉਸ ਸਮੇ ਦੇ ਬਰਤਾਨੀਆ ਦੇ ਵਜੀਰ ਏ ਆਜਮ ਮਿਸਟਰ ਰਿਸੀ ਸੁਨਾਕ ਵੱਲੋ ਇਸ ਗੰਭੀਰ ਵਿਸੇ ਤੇ ਕੋਈ ਕਾਨੂੰਨੀ ਅਮਲ ਇਸ ਕਰਕੇ ਨਹੀ ਕੀਤਾ ਗਿਆ ਕਿਉਂਕਿ ਉਹ ਬੀਜੇਪੀ-ਆਰ.ਐਸ.ਐਸ. ਸੋਚ ਪੱਖੀ ਮਾਲਕ ਸਨ । ਜੇਕਰ ਸਿੱਖ ਆਪਣੇ ਉਤੇ ਹੋ ਰਹੇ ਜ਼ਬਰ-ਜੁਲਮ ਅਤੇ ਕਤਲੇਆਮ ਵਿਰੁੱਧ ਜਮਹੂਰੀਅਤ ਢੰਗ ਨਾਲ ਰੋਸ ਜਾਹਰ ਕਰਦੇ ਹਨ ਤਾਂ ਇਹ ਹੁਕਮਰਾਨ ਅਜਿਹੀਆ ਵਿਧਾਨਿਕ ਕਾਰਵਾਈਆ ਨੂੰ ਵੀ ਸਿੱਖਾਂ ਨੂੰ ਬਦਨਾਮ ਕਰਨ ਲਈ ਆਪਣੇ ਮੀਡੀਏ ਦੀ ਦੁਰਵਰਤੋ ਕਰਦੇ ਹਨ । ਜਦੋ ਬਲਿਊ ਸਟਾਰ ਦਾ ਫ਼ੌਜੀ ਹਮਲਾ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤਾ ਗਿਆ ਉਸ ਸਮੇ ਇੰਡੀਆ ਦੀਆਂ ਏਜੰਸੀਆ ਰਾਅ, ਆਈ.ਬੀ ਅਤੇ ਰੂਸ ਦੀ ਕੇ.ਜੀ.ਬੀ ਦੀ ਡੂੰਘੀ ਸਾਂਝ ਸੀ । ਇਹ ਸਭ ਇਕ ਦੂਸਰੇ ਲਈ ਪ੍ਰਚਾਰ ਵੀ ਕਰਦੇ ਹਨ ਅਤੇ ਕੰਮ ਵੀ ਆਉਦੇ ਹਨ । ਬੀਜੇਪੀ ਦੇ ਫਿਰਕੂ ਆਗੂ ਸ੍ਰੀ ਅਡਵਾਨੀ ਨੇ ਕਿਹਾ ਸੀ ਕਿ ਇਹ ਹਮਲਾ 6 ਮਹੀਨੇ ਪਹਿਲਾ ਹੋਣਾ ਚਾਹੀਦਾ ਸੀ ਜਦੋਕਿ ਸ੍ਰੀ ਵਾਜਪਾਈ ਨੇ ਇਹ ਹਮਲਾ ਹੋਣ ਉਪਰੰਤ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਸਨਮਾਨਿਆ ਸੀ । ਜਦੋਕਿ ਇੰਡੀਆ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕਾਨੂੰਨਾਂ ਤੇ ਨਿਯਮਾਂ ਦੀ ਦੇਖਰੇਖ ਹੇਠ ਸਹੀ ਅਮਲ ਕਰਨੇ ਚਾਹੀਦੇ ਹਨ ਤਾਂ ਕਿ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਵਿਖੇ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਦੇ ਪਹੁੰਚਣ ਉਤੇ ਸਿੱਖਾਂ ਵੱਲੋ ਜਮਹੂਰੀਅਤ ਢੰਗ ਨਾਲ ਰੋਸ ਜਾਹਰ ਕਰਨ ਅਤੇ ਇੰਡੀਆ ਦੇ ਅਣਮਨੁੱਖੀ ਅਮਲਾਂ ਤੇ ਕਾਰਵਾਈਆ ਦਾ ਵਿਰੋਧ ਕਰਨ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਸਹੀ ਕਰਾਰ ਦਿੰਦੇ ਹੋਏ ਅਤੇ ਵਿਧਾਨਿਕ ਹੱਕ ਗਰਦਾਨਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਸਿੱਖਾਂ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕੀਤਾ ਗਿਆ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ । ਇਨ੍ਹਾਂ ਕਤਲਾਂ ਵਿਚ ਸਾਮਿਲ ਵਜੀਰ ਏ ਆਜਮ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰੱਖਿਆ ਵਜੀਰ ਰਾਜਨਾਥ ਸਿੰਘ, ਰਾਅ ਮੁੱਖੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ, ਨਿਖਿਲ ਗੁਪਤਾ, ਮਿਸਟਰ ਯਾਦਵ ਜਿਨ੍ਹਾਂ ਨੂੰ ਕੈਨੇਡਾ ਤੇ ਅਮਰੀਕਾ ਦੀਆਂ ਸਰਕਾਰਾਂ ਨੇ ਵੀ ਦੋਸ਼ੀ ਠਹਿਰਾਇਆ ਹੈ, ਉਨ੍ਹਾਂ ਵਿਰੁੱਧ ਕੌਮਾਂਤਰੀ ਕਾਨੂੰਨਾਂ ਅਧੀਨ ਕਤਲ ਦੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਅਵੱਸ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਇਕ ਪਾਸੇ ਹਿੰਦੂਤਵ ਹੁਕਮਰਾਨ ਸਾਡੇ ਉਤੇ ਗੈਰ ਕਾਨੂੰਨੀ ਢੰਗ ਨਾਲ ਜ਼ਬਰ ਜੁਲਮ ਤੇ ਕਤਲੇਆਮ ਕਰਦੇ ਹਨ । ਦੂਸਰੇ ਪਾਸੇ ਸਿੱਖਾਂ ਨੂੰ ਆਪਣੀ ਹਿਫਾਜਤ ਲਈ ਲਾਈਸੈਸੀ ਹਥਿਆਰ ਦੇਣ ਤੋ ਵੱਡੀਆ ਰੁਕਾਵਟਾ ਖੜ੍ਹੀਆ ਕਰਦੇ ਹਨ । ਜਿਵੇਕਿ ਮੈਂ ਵੀ ਆਪਣੀ ਹਿਫਾਜਤ ਨੂੰ ਸਹੀ ਰੱਖਣ ਲਈ ਮੰਗ ਕੀਤੀ ਸੀ, ਜਿਸ ਪ੍ਰੋਹੀਬੇਟਡ ਲਾਈਸੈਸ ਦੇਣ ਤੋ ਸ੍ਰੀ ਅਮਿਤ ਸ਼ਾਹ ਵੱਲੋ ਨਿਰੰਤਰ ਇਨਕਾਰ ਕੀਤਾ ਜਾ ਰਿਹਾ ਹੈ । ਇਹ ਸਿੱਖਾਂ ਉਤੇ ਦੋਹਰੇ ਜ਼ਬਰ ਦੀ ਗੱਲ ਨੂੰ ਪ੍ਰਤੱਖ ਕਰਦੀ ਹੈ ।
ਉਨ੍ਹਾਂ ਕਿਹਾ ਕਿ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ 1925 ਦੇ ਕਾਨੂੰਨ ਰਾਹੀ ਹੋਦ ਵਿਚ ਆਈ ਸੀ । ਜਿਸ ਦੀਆਂ ਜਰਨਲ ਚੋਣਾਂ ਹਰ 5 ਸਾਲ ਬਾਅਦ ਕਰਵਾਉਣੀਆ ਹੁੰਦੀਆ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ 2011 ਤੋਂ ਅੱਜ ਤੱਕ 14 ਸਾਲ ਹੋ ਗਏ ਹਨ ਸਾਡੇ ਇਸ ਜਮਹੂਰੀਅਤ ਹੱਕ ਨੂੰ ਹਿੰਦੂਤਵ ਹੁਕਮਰਾਨਾਂ ਵੱਲੋ ਨਿਰੰਤਰ ਕੁੱਚਲਿਆ ਜਾਂਦਾ ਰਿਹਾ ਹੈ । ਇਸ ਜਮਹੂਰੀਅਤ ਰਾਹੀ ਅਸੀ ਔਰਤ ਵਰਗ ਨੂੰ ਆਪਣੇ ਵੋਟ ਹੱਕ ਦੀ ਵਰਤੋ ਕਰਨ ਦੀ ਆਜਾਦੀ ਦਿੱਤੀ ਸੀ । ਇਸ ਉਪਰੰਤ ਬਾਹਰਲੇ ਮੁਲਕਾਂ ਵਿਚ ਵੀ ਬੀਬੀਆ ਵੱਲੋ ਉਨ੍ਹਾਂ ਦੇ ਹੱਕ ਵਿਚ ਵੱਡੇ ਪੱਧਰ ਤੇ ਰੋਸ ਮੁਜਾਹਰੇ ਇਸ ਵੋਟ ਹੱਕ ਨੂੰ ਪ੍ਰਾਪਤ ਕਰਨ ਲਈ ਸੁਰੂ ਹੋ ਗਏ ਸਨ । ਆਉਣ ਵਾਲੇ ਕੱਲ੍ਹ ਬੀਬੀਆ ਦਾ ਕੌਮਾਂਤਰੀ ਦਿਹਾੜਾ ਆ ਰਿਹਾ ਹੈ ਪਰ ਹਿੰਦੂਤਵ ਹੁਕਮਰਾਨ ਸਾਡੇ ਇਨ੍ਹਾਂ ਹੱਕਾਂ ਨੂੰ ਸੁਰੱਖਿਅਤ ਕਰਨ ਵਿਚ ਕੋਈ ਜਿੰਮੇਵਾਰੀ ਨਹੀ ਨਿਭਾਅ ਰਹੇ ਅਤੇ ਨਾ ਹੀ ਸਾਡੀਆ ਐਸ.ਜੀ.ਪੀ.ਸੀ ਚੋਣਾਂ ਨੂੰ ਕਰਵਾਉਣ ਦੇ ਅਮਲ ਨੂੰ ਪੂਰਨ ਕਰ ਰਹੇ ਹਨ । ਇਸ ਤੋ ਅੱਗੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਸਾਡੇ ਦਰਬਾਰ ਸਾਹਿਬ ਦੇ ਤੋਸਾਖਾਨਾ ਵਿਚੋ ਬੇਸਕੀਮਤੀ ਦੁਰਲੱਭ ਵਸਤਾਂ, ਸਿੱਖ ਰੈਫਰੈਸ ਲਾਈਬ੍ਰੇਰੀ ਦੇ ਅਮੁੱਲ ਦਸਤਾਵੇਜ ਅਤੇ ਹੋਰ ਕੀਮਤੀ ਵਸਤਾਂ ਅਜੇ ਤੱਕ ਸਾਨੂੰ ਵਾਪਸ ਨਹੀ ਕੀਤੀਆ ਗਈਆ । ਜਦੋਕਿ ਸਾਡੀ ਐਸ.ਜੀ.ਪੀ.ਸੀ ਦੇ ਬੀਤੇ ਸਮੇ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੋਹੜਾ ਨੇ ਇਹ ਕੌਮੀ ਵਸਤਾਂ ਤੇ ਖਜਾਨੇ ਨੂੰ ਵਾਪਸ ਲੈਣ ਲਈ ਕੇਸ ਪਾਇਆ ਸੀ । ਇਥੋ ਤੱਕ ਕਿ ਜਦੋ ਤੋ ਇੰਡੀਆ ਆਜਾਦ ਹੋਇਆ ਹੈ ਉਸ ਸਮੇ ਤੋ ਇਹ ਰਵਾਇਤ ਚੱਲਦੀ ਆ ਰਹੀ ਹੈ ਕਿ ਇੰਡੀਆ ਦੇ ਪ੍ਰਮੁੱਖ 4 ਵਿਭਾਗ ਰੱਖਿਆ, ਵਿਤ, ਵਿਦੇਸ, ਗ੍ਰਹਿ ਵਿਭਾਗ ਵਿਚੋ ਇਕ ਵਿਭਾਗ ਸਿੱਖਾਂ ਨੂੰ ਦਿੱਤਾ ਜਾਂਦਾ ਸੀ । ਜੋ ਕਿ ਬੀਜੇਪੀ-ਆਰ.ਐਸ.ਐਸ ਦੇ ਫਿਰਕੂ ਹੁਕਮਰਾਨਾਂ ਨੇ ਇਸ ਸਾਂਝੀ ਰਵਾਇਤ ਨੂੰ ਖਤਮ ਕਰਕੇ ਖੁਦ ਹੀ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਨਫਰਤੀ ਦੂਰੀ ਪੈਦਾ ਕਰ ਦਿੱਤੀ ਹੈ । ਹੁਣੇ ਹੀ ਰਿਸੀਕੇਸ ਉਤਰਾਖੰਡ ਵਿਖੇ ਜਿਸ ਬੇਰਹਿੰਮੀ ਅਤੇ ਗੈਰ ਸਮਾਜਿਕ ਢੰਗ ਨਾਲ ਫਿਰਕੂਆ ਨੇ ਦੋ ਸਿੱਖ ਭਰਾਵਾਂ ਉਤੇ ਮੰਦਭਾਵਨਾ ਅਧੀਨ ਹਮਲਾ ਕਰਕੇ ਕੁੱਟਮਾਰ ਕੀਤੀ, ਉਨ੍ਹਾਂ ਦੇ ਕੇਸ ਅਤੇ ਦਸਤਾਰ ਦਾ ਅਪਮਾਨ ਕੀਤਾ, ਇਸ ਤੋ ਇਲਾਵਾ ਉਨ੍ਹਾਂ ਦੇ ਸੋਰੂਮ ਦੀ ਤੋੜਭੰਨ ਕੀਤੀ ਉਸ ਤੋ ਹੁਕਮਰਾਨਾਂ ਵੱਲੋ ਕੋਈ ਵੀ ਅਮਲ ਨਾ ਹੋਣ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਹੁਕਮਰਾਨ ਘੱਟ ਗਿਣਤੀ ਸਿੱਖ ਕੌਮ ਪ੍ਰਤੀ ਕਿੰਨੀ ਵੱਡੀ ਨਫਰਤ ਤੇ ਵਿਰੋਧ ਰੱਖਦੇ ਹਨ । ਫਿਰ ਸ੍ਰੀ ਮੋਦੀ ਵੱਲੋ ਉਤਰਾਖੰਡ ਪਹੁੰਚਣ ਤੇ ਵੀ ਉਨ੍ਹਾਂ ਦੋਸ਼ੀਆਂ ਵਿਰੁੱਧ ਕੋਈ ਅਮਲ ਨਾ ਕਰਨ ਦੇ ਹੁਕਮ ਨਾ ਕਰਕੇ ਖੁਦ ਹੀ ਪੱਖਪਾਤੀ ਸੋਚ ਨੂੰ ਉਭਾਰਿਆ ਹੈ । ਜਿਸ ਨੂੰ ਕਦਾਚਿਤ ਪ੍ਰਵਾਨ ਨਹੀ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਸਿੱਖ ਆਪਣੀਆ ਫਸਲਾਂ ਨੂੰ ਵੀ ਸਹੀ ਕੀਮਤ ਪ੍ਰਾਪਤ ਕਰਨ ਲਈ ਜਦੋ ਸਰਹੱਦਾਂ ਖੋਲਕੇ ਵਪਾਰ ਕਰਨਾ ਚਾਹੁੰਦੇ ਹਨ, ਉਸ ਦੀ ਵੀ ਹੁਕਮਰਾਨਾਂ ਵੱਲੋ ਇਜਾਜਤ ਨਹੀ ਦਿੱਤੀ ਜਾ ਰਹੀ । ਜੋ ਕਿ ਸਿੱਖਾਂ ਦੀ ਆਰਥਿਕਤਾ ਨੂੰ ਡੂੰਘੀ ਸੱਟ ਮਾਰਨ ਵਾਲੀ ਨਿੰਦਣਯੋਗ ਕਾਰਵਾਈ ਹੈ । ਸਿੱਖਾਂ ਨੂੰ ਛੋਟੇ-ਛੋਟੇ ਮਸਲਿਆ ਨੂੰ ਹੱਲ ਕਰਵਾਉਣ ਲਈ ਧਰਨੇ, ਰੋਸ ਰੈਲੀਆ ਕਰਨੇ ਪੈ ਰਹੇ ਹਨ । ਅਜਿਹੇ ਹਾਲਾਤਾਂ ਵਿਚ ਸਿੱਖ ਜਾਣ ਤਾਂ ਕਿੱਧਰ ਜਾਣ ? ਜੇਕਰ ਉਹ ਅੱਜ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਸੰਪੂਰਨ ਪ੍ਰਭੂਸਤਾ ਵਾਲੀ ਆਜਾਦੀ ਨੂੰ ਜਮਹੂਰੀਅਤ ਢੰਗ ਨਾਲ ਪੂਰਨ ਕਰਨ ਲਈ ਸੰਘਰਸ ਕਰ ਰਹੇ ਹਨ ਤਾਂ ਉਸ ਵਿਚ ਕੀ ਗਲਤ ਹੈ, ਉਨ੍ਹਾਂ ਨੂੰ ਇਕ ਨਾ ਇਕ ਦਿਨ ਇਹ ਇਨਸਾਫ ਤਾਂ ਦੇਣਾ ਹੀ ਪਵੇਗਾ ।