ਪੰਥਕ, ਸਿਧਾਂਤਿਕ, ਇਖਲਾਕੀ ਅਤੇ ਕੌਮੀ ਤੌਰ ਤੇ ਹੋਈਆ ਬਜਰ ਗੁਸਤਾਖੀਆਂ ਦੀ ਬਦੌਲਤ ਸੁਖਬੀਰ ਬਾਦਲ ਦੇ ਨਾਲ-ਨਾਲ ਬਾਗੀ-ਦਾਗੀ ਆਗੂਆਂ ਨੂੰ ਬਿਲਕੁਲ ਨਾ ਬਖਸਿਆ ਜਾਵੇ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 28 ਨਵੰਬਰ ( ) “ਕਿਉਂਕਿ ਬੀਤੇ ਸਮੇ ਵਿਚ ਪੰਜਾਬ ਵਿਚ ਬਾਦਲ ਸਰਕਾਰਾਂ ਸਮੇਂ ਜਾਂ ਹਕੂਮਤ ਤੋ ਬਾਹਰ ਰਹਿੰਦੇ ਹੋਏ ਜੋ ਬਾਦਲ ਦਲੀਆ ਨੇ ਆਪਣੇ ਸਿਆਸੀ, ਪਰਿਵਾਰਿਕ ਅਤੇ ਮਾਲੀ ਫਾਇਦਿਆ ਨੂੰ ਮੁੱਖ ਰੱਖਕੇ ਪੰਜਾਬੀਆਂ, ਪੰਜਾਬ ਅਤੇ ਸਿੱਖ ਕੌਮ ਨਾਲ ਜੋ ਧੋਖੇ-ਫਰੇਬ ਕੀਤੇ ਹਨ । ਬਲਿਊ ਸਟਾਰ ਵਰਗੇ ਫ਼ੌਜੀ ਹਮਲੇ ਨੂੰ ਪ੍ਰਵਾਨਗੀ ਦੇ ਕੇ ਗੁਰਧਾਮਾਂ ਦੀਆਂ ਬੇਅਦਬੀਆਂ ਤੇ ਸਿੱਖ ਕਤਲੇਆਮ ਕਰਵਾਇਆ । ਜਾਬਰ ਪੁਲਿਸ ਅਫਸਰਾਂ ਨੂੰ ਅਹਿਮ ਅਹੁਦੇ ਦੇ ਕੇ ਤਰੱਕੀਆ ਦਿੱਤੀਆ । ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆ, ਚੰਡੀਗੜ੍ਹ, ਪੰਜਾਬ ਦੇ ਹੈੱਡਵਰਕਸਾਂ ਤੋ ਪੈਦਾ ਹੋਣ ਵਾਲੀ ਬਿਜਲੀ, ਪੰਜਾਬੀ ਬੋਲੀ, ਸੱਭਿਆਚਾਰ, ਵਿਰਸੇ-ਵਿਰਾਸਤ ਨੂੰ ਨੁਕਸਾਨ ਕਰਨ ਦੇ ਨਾਲ-ਨਾਲ ਬਾਹਰਲੇ ਸੂਬਿਆਂ ਦੇ ਪ੍ਰਵਾਸੀਆਂ ਨੂੰ ਪੰਜਾਬ ਦੀਆਂ ਨੌਕਰੀਆਂ ਵਿਚ ਸਥਾਨ ਦੇ ਕੇ ਪੰਜਾਬੀਆਂ ਦੇ ਹੱਕ ਕੁੱਚਲਣ ਵਰਗੇ ਗੈਰ ਜਿੰਮੇਵਰਾਨਾ ਅਮਲ ਕੀਤੇ । ਸਿੱਖ ਕੌਮ ਦੇ ਸਿਧਾਤਾਂ, ਨਿਯਮਾਂ ਦਾ ਘਾਣ ਕਰਕੇ ਸਿੱਖ ਵਿਰੋਧੀ ਤਾਕਤਾਂ ਨੂੰ ਸਹਿਯੋਗ ਤੇ ਸਹਿ ਦਿੰਦੇ ਰਹੇ ਹਨ । ਹੁਕਮਰਾਨਾਂ ਦੇ ਚੁੰਗਲ ਵਿਚ ਫਸਕੇ ਭਰਾਮਾਰੂ ਜੰਗ ਕਰਵਾਉਣ ਅਤੇ ਸਿੱਖ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡਣ । ਐਸ.ਜੀ.ਪੀ.ਸੀ ਵਰਗੀ ਕੌਮੀ ਸੰਸਥਾਂ ਦੇ ਪ੍ਰਬੰਧ ਨੂੰ ਦੋਸ਼ਪੂਰਨ ਤੇ ਬਾਗੀ ਬਣਾਉਣ ਵਿਚ ਮੂਹਰੇ ਰਹੇ ਹਨ । ਉਸ ਵਿਚ ਕੇਵਲ ਬਾਦਲ ਪਰਿਵਾਰ, ਸੁਖਬੀਰ ਸਿੰਘ ਬਾਦਲ ਹੀ ਜਿੰਮੇਵਾਰ ਨਹੀ ਬਲਕਿ ਅੱਜ ਜੋ ਬਾਦਲਾਂ ਤੋ ਬਾਗੀ ਹੋ ਕੇ ਅਤੇ ਦਾਗੋ ਦਾਗ ਹੋਏ ਸਿਆਸਤਦਾਨ ‘ਸੁਧਾਰ ਲਹਿਰ’ ਦੇ ਨਾਮ ਹੇਠ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰਨ ਦੀਆਂ ਅਸਫਲ ਕੋਸਿਸਾਂ ਵਿਚ ਲੱਗੇ ਹੋਏ ਹਨ । ਇਹ ਦੋਵੇ ਬਾਦਲ ਪਰਿਵਾਰ ਅਤੇ ਬਾਗੀ-ਦਾਗੀ ਹੋਏ ਆਗੂ ਸਿੱਖ ਕੌਮ ਤੇ ਪੰਜਾਬੀਆਂ ਦੇ ਅੱਜ ਸਭ ਤੋ ਵੱਡੇ ਦੋਸ਼ੀ ਹਨ । ਜਿਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ, ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਵੱਲੋ ਕੀਤੇ ਜਾਣ ਵਾਲੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਅਮਲਾਂ ਵਿਚ ਅੱਗੇ ਹੋ ਕੇ ਸਹਿਯੋਗ ਕਰਦੇ ਰਹੇ ਹਨ ਅਤੇ ਸਾਡੀ ਐਸ.ਜੀ.ਪੀ.ਸੀ ਦੀ ਸਿੱਖ ਪਾਰਲੀਮੈਟ ਦੇ ਪ੍ਰਬੰਧ ਨੂੰ ਹਰ ਖੇਤਰ ਵਿਚ ਦੋਸ਼ਪੂਰਨ ਬਣਾਇਆ ਹੈ ਅਤੇ ਕੌਮ ਨਾਲ ਧੋਖੇ-ਫਰੇਬ ਕਰਦੇ ਰਹੇ ਹਨ । ਇਸ ਲਈ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨ ਵੱਲੋ ਜੋ 2 ਦਸੰਬਰ ਨੂੰ ਸ. ਸੁਖਬੀਰ ਸਿੰਘ ਬਾਦਲ ਸੰਬੰਧੀ ਫੈਸਲੇ ਹੋਣ ਜਾ ਰਹੇ ਹਨ, ਉਨ੍ਹਾਂ ਦੇ ਨਾਲ-ਨਾਲ ਸੁਧਾਰ ਲਹਿਰ ਨਾਲ ਸੰਬੰਧਤ ਦਾਗੋ ਦਾਗ ਹੋਏ ਉਹ ਸਿਆਸਤਦਾਨਾਂ ਜਿਨ੍ਹਾਂ ਨੇ ਮੁਖੋਟੇ ਪਹਿਨ ਰੱਖੇ ਹਨ ਅਤੇ ਕੌਮ ਦੀਆਂ ਕਾਲੀਆ ਭੇਡਾਂ ਹਨ, ਉਨ੍ਹਾਂ ਨੂੰ ਵੀ ਬਿਲਕੁਲ ਵੀ ਬਖਸਿਆ ਨਾ ਜਾਵੇ । ਕੌਮ ਦੀਆਂ ਮਰਿਯਾਦਾਵਾਂ ਤੇ ਸਿਧਾਤਾਂ ਅਨੁਸਾਰ ਸਭਨਾਂ ਨੂੰ ਸਜਾਵਾਂ ਦੇ ਕੇ ਸਿੱਖ ਕੌਮ ਦੀ ਅਗਲੀ ਲੀਹ ਅਤੇ ਕੌਮੀ ਸੰਘਰਸ ਨੂੰ ਮੀਰੀ ਪੀਰੀ ਦੇ ਸਿਧਾਤ ਹੇਠ ਸੇਧਤ ਕੀਤਾ ਜਾਵੇ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਵਿਚ ਜਿਨ੍ਹਾਂ ਵੀ ਸਿੱਖ ਸਿਆਸਤਦਾਨਾਂ ਵੱਲੋ ਖਾਲਸਾ ਪੰਥ, ਪੰਜਾਬ ਸੂਬੇ ਅਤੇ ਐਸ.ਜੀ.ਪੀ.ਸੀ ਸੰਸਥਾਂ ਦੇ ਵੱਡੇ ਸਤਿਕਾਰ ਮਾਣ ਨੂੰ ਠੇਸ ਪਹੁੰਚਾਉਦੇ ਹੋਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਚੇ ਰੁਤਬੇ ਦਾ ਘਾਣ ਕਰਦੇ ਹੋਏ ਅਮਲ ਕੀਤੇ ਹਨ, ਉਨ੍ਹਾਂ ਸਭਨਾਂ ਦਾਗੋ ਦਾਗ ਹੋਏ ਸਿਆਸਤਦਾਨਾਂ ਨੂੰ ਸਿੱਖੀ ਮਰਿਯਾਦਾਵਾ ਤੇ ਪ੍ਰੰਪਰਾਵਾਂ ਅਨੁਸਾਰ ਸਜਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਕੌਮ ਨਾਲ ਧੋਖੇ ਫਰੇਬ ਕਰਨ ਵਾਲਿਆ ਦਾਗੀ ਸਿਆਸਤਦਾਨਾਂ ਨੂੰ ਸਿੱਖੀ ਮਰਿਯਾਦਾਵਾਂ ਤੇ ਕੌਮ ਦੀਆਂ ਭਾਵਨਾਵਾ ਅਨੁਸਾਰ ਸਜ਼ਾ ਦੇਣ ਵਿਚ ਢਿੱਲ ਕਰ ਦਿੱਤੀ ਗਈ, ਤਾਂ ਆਉਣ ਵਾਲੇ ਸਮੇ ਵਿਚ ਪੰਜਾਬ ਸੂਬੇ, ਪੰਜਾਬੀਆਂ ਅਤੇ ਖਾਲਸਾ ਪੰਥ ਦਾ ਹੋਰ ਵੱਡਾ ਭਾਰੀ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਕਿਉਂਕਿ ਇਹ ਸਭ ਆਗੂ ਸਿਧਾਤਾਂ, ਸਿੱਖੀ ਸੋਚ, ਮਰਿਯਾਦਾਵਾ, ਪੰਜਾਬੀਅਤ ਅਤੇ ਪੰਜਾਬ ਦੇ ਹਿੱਤਾ ਤੋ ਮੂੰਹ ਮੋੜਕੇ ਹੁਕਮਰਾਨਾਂ ਦੀਆਂ ਇਛਾਵਾ ਦੀ ਪੂਰਤੀ ਲਈ ਕੰਮ ਕਰਦੇ ਆ ਰਹੇ ਹਨ । ਇਸ ਲਈ ਖਾਲਸਾ ਪੰਥ ਆਪਣੇ ਸਤਿਕਾਰਯੋਗ ਤਖਤ ਸਾਹਿਬਾਨ ਦੇ ਸਮੁੱਚੇ ਸਿੰਘ ਸਾਹਿਬਾਨ ਤੋ ਇਹ ਉਮੀਦ ਕਰਦਾ ਹੈ ਕਿ ਉਹ ਇਨ੍ਹਾਂ ਸਿਆਸਤਦਾਨਾਂ ਦੇ ਮੁੱਦੇ ਉਤੇ ਫੈਸਲਾ ਕਰਦੇ ਹੋਏ ਕਿਸੇ ਤਰ੍ਹਾਂ ਦੇ ਵੀ ਹਕੂਮਤੀ ਪ੍ਰਭਾਵ ਨੂੰ ਕਤਈ ਪ੍ਰਵਾਨ ਨਹੀ ਕਰਨਗੇ । ਕੌਮੀ ਭਾਵਨਾਵਾ ਅਨੁਸਾਰ ਕੌਮ ਪੱਖੀ ਫੈਸਲਾ ਕਰਨਗੇ । ਜਿਸ ਨਾਲ ਇਨ੍ਹਾਂ ਪੰਥ ਦਾ ਖੂਨ ਪੀਣ ਵਾਲੀਆ ਜੋਕਾ ਤੋ ਛੁਟਕਾਰਾ ਵੀ ਮਿਲ ਸਕੇ ਅਤੇ ਆਪਣੇ ਸਿੱਖੀ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਮੀਰੀ-ਪੀਰੀ ਦੇ ਤਖਤ ਹੇਠ ਇਕੱਤਰ ਹੋ ਕੇ ਕਾਂਗਰਸ, ਬੀਜੇਪੀ-ਆਰ.ਐਸ.ਐਸ ਅਤੇ ਉਨ੍ਹਾਂ ਦੀ ਸਹਿਯੋਗੀ ਆਮ ਆਦਮੀ ਪਾਰਟੀ ਤੋ ਨਿਰਪੱਖ ਰਹਿਕੇ ਪੰਜਾਬ ਵਿਚ ਸਥਾਈ ਤੌਰ ਤੇ ਜਮਹੂਰੀਅਤ ਅਮਨ ਚੈਨ ਕਾਇਮ ਕਰਦੇ ਹੋਏ ਅਸੀ ਆਪਣੇ ਵੱਡੇ ਕੌਮੀ ਮਿਸਨ ਆਜਾਦ ਬਾਦਸਾਹੀ ਸਿੱਖ ਰਾਜ ਦੇ ਨਿਸਾਨੇ ਦੀ ਪ੍ਰਾਪਤੀ ਕਰ ਸਕੀਏ ।