ਸ੍ਰੀ ਜੈਸੰਕਰ ਵੱਲੋਂ ਇਹ ਕਹਿਣਾ ਕਿ ਰਾਜਸੀ ਸਰਨ ਲੈਣ ਵਾਲੇ ਇੰਡੀਆਂ ਦੇ ਅਕਸ ਨੂੰ ਖਰਾਬ ਕਰ ਰਹੇ ਹਨ, ਬਿਲਕੁਲ ਨਿਰਆਧਾਰ ਅਤੇ ਤਰਕ ਤੋ ਰਹਿਤ : ਮਾਨ
ਫ਼ਤਹਿਗੜ੍ਹ ਸਾਹਿਬ, 29 ਨਵੰਬਰ ( ) “ਇਕ ਪਾਸੇ ਤਾਂ ਇੰਡੀਆਂ ਦੀ ਮੋਦੀ ਹਕੂਮਤ ਅਤੇ ਉਸ ਵਿਚ ਸਾਮਿਲ ਗ੍ਰਹਿ, ਵਿਦੇਸ, ਰੱਖਿਆ ਵਜੀਰ, ਸੁਰੱਖਿਆ ਸਲਾਹਕਾਰ ਅਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆ ਦੇ ਮੁੱਖੀ ਸਾਜਸੀ ਢੰਗਾਂ ਰਾਹੀ ਅਮਨ ਚੈਨ ਤੇ ਜਮਹੂਰੀਅਤ ਰਾਹੀ ਆਪਣੀ ਹਰ ਗੱਲ ਕਰਨ ਵਾਲੀ ਸਿੱਖ ਕੌਮ ਨਾਲ 1947 ਤੋ ਹੀ ਗੈਰ ਵਿਧਾਨਿਕ, ਗੈਰ ਇਨਸਾਨੀਅਤ, ਗੈਰ ਸਮਾਜਿਕ ਢੰਗਾਂ ਰਾਹੀ ਜ਼ਬਰ-ਜੁਲਮ, ਬੇਇਨਸਾਫ਼ੀਆਂ ਹੀ ਨਹੀ ਕਰ ਰਹੇ ਬਲਕਿ ਪੰਜਾਬੀਆਂ ਅਤੇ ਸਿੱਖਾਂ ਨੂੰ ਘੜੇ-ਘੜਾਏ ਬਦਨਾਮਨੁਮਾ ਨਾਮ ਦੇ ਕੇ ਉਨ੍ਹਾਂ ਨੂੰ ਸਰਕਾਰੀ ਅਤੇ ਪੁਲਿਸ ਦਹਿਸਤ ਦਾ ਬਿਨ੍ਹਾਂ ਵਜਹ ਸਿਕਾਰ ਬਣਾਉਦੇ ਆ ਰਹੇ ਹਨ । ਦੂਸਰੇ ਪਾਸੇ ਪੰਜਾਬ ਦੇ ਪੜ੍ਹੇ-ਲਿਖੇ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਬੱਚੇ-ਬੱਚੀਆਂ ਲਈ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਲੋੜੀਦੇ ਰੁਜਗਾਰ ਦੇ ਮੌਕੇ ਪੈਦਾ ਕਰਕੇ ਉਨ੍ਹਾਂ ਨੂੰ ਰੁਜਗਾਰ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਚੁੱਕੀਆ ਹਨ । ਇਥੋ ਤੱਕ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵਿਊਤਬੰਦ ਢੰਗ ਰਾਹੀ ਹਰ ਖੇਤਰ ਵਿਚ ਮਾਲੀ ਤੌਰ ਤੇ ਕੰਮਜੋਰ ਕਰਕੇ ਇਥੋ ਦੇ ਬਸਿੰਦਿਆ ਵਿਸੇਸ ਤੌਰ ਤੇ ਸਿੱਖ ਕੌਮ ਨੂੰ ਆਪਣਾ ਗੁਲਾਮ ਬਣਾਉਣ ਦੀਆਂ ਸਾਜਿਸਾਂ ਰਚ ਰਹੇ ਹਨ । ਜਦੋਕਿ ਇਨ੍ਹਾਂ ਹੁਕਮਰਾਨਾਂ ਨੂੰ ਸਿੱਖ ਕੌਮ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੈ ਕਿ ਸਿੱਖ ਕੌਮ ਨਾ ਤਾਂ ਕਦੇ ਕਿਸੇ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਦੀ ਹੈ, ਨਾ ਹਾਰ ਮੰਨਦੀ ਹੈ ਅਤੇ ਨਾ ਹੀ ਆਪਣੇ ਉਤੇ ਹੋਏ ਜ਼ਬਰ-ਜੁਲਮ ਅਤੇ ਕਾਤਲਾਂ ਨੂੰ ਕਦੀ ਭੁੱਲਦੀ ਤੇ ਮੁਆਫ਼ ਕਰਦੀ ਹੈ । ਫਿਰ ਵੀ ਹੁਕਮਰਾਨਾਂ ਵੱਲੋ ਫਿਰਕੂ ਸੋਚ ਅਧੀਨ ਅੱਜ ਤੱਕ ਇਹ ਜ਼ਬਰ ਤੇ ਬੇਇਨਸਾਫੀਆਂ ਨਿਰੰਤਰ ਜਾਰੀ ਹਨ। ਜੇਕਰ ਰੁਜਗਾਰ ਲਈ ਅਤੇ ਆਪਣੇ ਉਤੇ ਹੋ ਰਹੇ ਜ਼ਬਰ ਜੁਲਮ ਤੋ ਬਚਾਅ ਲਈ ਪੰਜਾਬੀ ਅਤੇ ਸਿੱਖ ਬਾਹਰਲੇ ਮੁਲਕਾਂ ਵਿਚ ਮਜਬੂਰੀ ਵੱਸ ਰਾਜਸੀ ਸਰਨ ਪ੍ਰਾਪਤ ਕਰ ਰਹੇ ਹਨ, ਤਾਂ ਇਹ ਹੁਕਮਰਾਨ ਪੰਜਾਬੀਆਂ ਤੇ ਸਿੱਖ ਕੌਮ ਉਤੇ ਨਿਰਆਧਾਰ ਦੋਸ ਲਗਾਕੇ ਕਿ ਰਾਜਸੀ ਸਰਨ ਵਾਲੇ ਇੰਡੀਆਂ ਦੇ ਕੌਮਾਂਤਰੀ ਅਕਸ ਨੂੰ ਖਰਾਬ ਕਰ ਰਹੇ ਹਨ, ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ । ਇਥੇ ਵੀ ਜ਼ਬਰ ਜੁਲਮ ਅਤੇ ਬਾਹਰਲੇ ਮੁਲਕਾਂ ਵਿਚ ਵੀ ਸਿੱਖਾਂ ਤੇ ਪੰਜਾਬੀਆਂ ਨੂੰ ਹੁਕਮਰਾਨ ਨਿਸ਼ਾਨਾਂ ਬਣਾਕੇ ਮਾਰ ਰਹੇ ਹਨ ਤਾਂ ਅਸੀ ਜਾਈਏ ਤਾਂ ਕਿਥੇ ਜਾਈਏ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਿਦੇਸ ਵਜੀਰ ਸ੍ਰੀ ਜੈਸੰਕਰ ਵੱਲੋ ਰਾਜਸੀ ਸਰਨ ਲੈਣ ਵਾਲਿਆ ਉਤੇ ਨਿਰਆਧਾਰ ਦੋਸ ਲਗਾਉਣ ਦੇ ਸੰਬੰਧ ਵਿਚ ਬਾਦਲੀਲ ਢੰਗ ਨਾਲ ਜੁਆਬ ਦਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌੰਮ ਨਾਲ ਹੁਕਮਰਾਨਾਂ ਵੱਲੋ ਹਰ ਖੇਤਰ ਵਿਚ ਜ਼ਬਰ ਜੁਲਮ ਅਤੇ ਬੇਇਨਸਾਫ਼ੀਆਂ ਦੀ ਬਦੌਲਤ ਰਾਜਸੀ ਸਰਨ ਲੈਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੋ ਮਨੁੱਖਤਾ ਇਨਸਾਨੀਅਤ ਸਰਬੱਤ ਦੇ ਭਲੇ ਦੇ ਸਾਡੇ ਧਾਰਮਿਕ ਕੇਦਰ ਹਨ ਉਨ੍ਹਾਂ ਨੂੰ ਇਨ੍ਹਾਂ ਹੁਕਮਰਾਨਾਂ ਨੇ ਦੂਸਰੇ ਮੁਲਕਾਂ ਦੀਆਂ ਫ਼ੌਜਾਂ ਨਾਲ ਮਿਲਕੇ ਢਹਿ ਢੇਰੀ ਹੀ ਨਹੀ ਕੀਤਾ ਬਲਕਿ ਨਿਰਦੋਸ ਸਿੱਖਾਂ ਦਾ ਕਤਲੇਆਮ ਵੀ ਕੀਤਾ । ਇਸੇ ਤਰ੍ਹਾਂ 1984 ਵਿਚ ਸਮੁੱਚੇ ਮੁਲਕ ਵਿਚ ਸਿੱਖ ਬੀਬੀਆਂ, ਬੱਚੇ, ਬਜੁਰਗ, ਨੌਜਵਾਨਾਂ ਦੇ ਗਲਾਂ ਵਿਚ ਟਾਈਰ ਪਾ ਕੇ ਬੇਰਹਿੰਮੀ ਨਾਲ ਮੌਤ ਦੀ ਘਾਟ ਵੱਡੀ ਗਿਣਤੀ ਵਿਚ ਉਤਾਰਿਆ, ਉਨ੍ਹਾਂ ਦੇ ਘਰਾਂ ਤੇ ਕਾਰੋਬਾਰਾਂ ਨੂੰ ਲੁੱਟਦੇ ਹੋਏ ਬੀਬੀਆ ਨਾਲ ਬਲਾਤਕਾਰ ਕਰਦੇ ਹੋਏ ਗੈਰ ਵਿਧਾਨਿਕ ਢੰਗ ਰਾਹੀ ਜ਼ਬਰ ਜੁਲਮ ਕੀਤੇ ਗਏ । ਫਿਰ ਜਾਲਮ ਪੁਲਿਸ ਅਫਸਰਸਾਹੀ ਰਾਹੀ ਅੰਮ੍ਰਿਤਧਾਰੀ ਸਿੱਖ ਨੋਜਵਾਨ ਜੋ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਆਪਣੀ ਆਜਾਦ ਬਾਦਸਾਹੀ ਸਿੱਖ ਰਾਜ ਦੀ ਮੰਗ ਕਰਦੇ ਸਨ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਿਆ ਗਿਆ । ਉਨ੍ਹਾਂ ਦੀਆਂ ਲਾਸਾਂ ਨਹਿਰਾਂ, ਦਰਿਆਵਾ ਵਿਚ ਰੋੜੀਆ ਗਈਆ । ਇਸ ਤੋ ਇਲਾਵਾ 2000 ਵਿਚ ਜੰਮੂ ਕਸਮੀਰ ਦੇ ਚਿੱਠੀਸਿੰਘਪੁਰਾ ਵਿਚ 43 ਨਿਰਦੋਸ਼ ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਈਨ ਵਿਚ ਖੜ੍ਹੇ ਕਰਕੇ ਇੰਡੀਅਨ ਫੌਜ ਵੱਲੋ ਬੇਰਹਿੰਮੀ ਨਾਲ ਕਤਲ ਕਰ ਦਿੱਤੇ ਗਏ । ਇਹ ਹੋਰ ਵੀ ਵੱਡੀ ਬੇਇਨਸਾਫੀ ਹੈ ਕਿ ਅਜਿਹੇ ਕਤਲੇਆਮ ਦੇ ਕਿਸੇ ਇਕ ਵੀ ਦੋਸੀ ਨੂੰ ਇਥੋ ਦੀਆਂ ਅਦਾਲਤਾਂ, ਕਾਨੂੰਨ, ਜੱਜਾਂ ਨੇ ਕੋਈ ਬਣਦੀਆ ਸਜਾਵਾਂ ਨਾ ਦੇ ਕੇ ਸਿੱਖ ਕੌਮ ਨੂੰ ਇਨਸਾਫ਼ ਹੀ ਨਹੀ ਦਿੱਤਾ ਗਿਆ । ਫਿਰ ਜੋ ਰਾਜਸੀ ਕੈਦੀ ਜੋ ਆਪਣੀਆ ਸਜਾਵਾਂ ਪੂਰੀਆ ਕਰ ਚੁੱਕੇ ਹਨ ਉਨ੍ਹਾਂ ਨੂੰ ਵੀ ਅਜੇ ਤੱਕ ਜੇਲ੍ਹਾਂ ਵਿਚੋ ਰਿਹਾਅ ਨਹੀ ਕੀਤਾ ਗਿਆ ਅਤੇ ਉਨ੍ਹਾਂ ਤੇ ਅੱਜ ਵੀ ਜ਼ਬਰ ਤਸੱਦਦ ਢਾਹਿਆ ਜਾ ਰਿਹਾ ਹੈ ।
ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕਰਵਾਏ ਗਏ ਹਨ, ਇਥੋ ਤੱਕ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉਤੇ ਨਿਊਯਾਰਕ ਵਿਚ ਹਮਲਾ ਕਰਨ ਦੀ ਸਾਜਿਸ ਰਚੀ ਗਈ । ਫਿਰ ਇਹ ਕਿਸ ਦਲੀਲ ਅਧੀਨ ਕੌਮਾਂਤਰੀ ਪੱਧਰ ਤੇ ਪ੍ਰਚਾਰ ਕਰ ਰਹੇ ਹਨ ਕਿ ਇੰਡੀਆ ਵਿਚ ਕਾਨੂੰਨ ਦਾ ਰਾਜ ਹੈ ? ਉਪਰੋਕਤ ਸਭ ਜ਼ਬਰ ਜੁਲਮ ਤੇ ਬੇਇਨਸਾਫ਼ੀਆਂ ਇਹ ਪ੍ਰਤੱਖ ਕਰਦੀਆਂ ਹਨ ਕਿ ਇੰਡੀਅਨ ਕਾਨੂੰਨ ਅਤੇ ਵਿਧਾਨ ਅਨੁਸਾਰ ਪੰਜਾਬੀਆਂ ਤੇ ਸਿੱਖ ਕੌਮ ਨੂੰ ਬੀਤੇ 77 ਸਾਲਾਂ ਤੋ ਕੋਈ ਇਨਸਾਫ ਨਹੀ ਦਿੱਤਾ ਗਿਆ । ਬਲਕਿ ਗੈਰ ਵਿਧਾਨਿਕ ਢੰਗਾਂ ਰਾਹੀ ਨਿਰੰਤਰ ਜਬਰ ਜੁਲਮ ਕਰਨ ਦੇ ਨਾਲ-ਨਾਲ ਸਾਡੇ ਸਟੇਟ ਸਬਜੈਕਟ ਦੇ ਅਧੀਨ ਆਉਦੇ ਨਹਿਰਾਂ, ਦਰਿਆਵਾ ਦੇ ਪਾਣੀਆ ਨੂੰ ਜ਼ਬਰੀ ਲੁੱਟਿਆ ਗਿਆ । ਸਾਡੇ ਹੈੱਡਵਰਕਸਾ ਤੋ ਪੈਦਾ ਹੋਣ ਵਾਲੀ ਬਿਜਲੀ, ਹਰਿਆਣਾ, ਦਿੱਲੀ, ਚੰਡੀਗੜ੍ਹ, ਰਾਜਸਥਾਂਨ ਨੂੰ ਜਬਰੀ ਦਿੱਤੀ ਗਈ । ਜਿਸ ਚੰਡੀਗੜ੍ਹ ਦੀ ਪੰਜਾਬੀ ਸਿੱਖਾਂ ਦੀ ਆਬਾਦੀ ਨੂੰ ਤੇ ਮਲਕੀਅਤ ਜਮੀਨ ਨੂੰ ਉਜਾੜਕੇ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਉਹ ਵੀ ਸਾਨੂੰ ਕਾਨੂੰਨੀ ਰੂਪ ਵਿਚ ਦੇਣ ਤੋ ਇਨਕਾਰੀ ਹੋਏ ਬੈਠੇ ਹਨ । ਫਿਰ ਹਰਿਆਣਾ ਜੋ 1966 ਦੀ ਵੰਡ ਅਨੁਸਾਰ ਵੱਖਰਾਂ ਸੂਬਾ ਬਣ ਗਿਆ ਹੈ, ਉਸਦਾ ਪੱਖ ਪੂਰਦੇ ਹੋਏ ਸੈਟਰ ਦੇ ਹੁਕਮਰਾਨ ਹਰਿਆਣੇ ਨੂੰ ਰਾਜਧਾਨੀ ਵੱਖਰੇ ਤੌਰ ਤੇ ਹਰਿਆਣੇ ਵਿਚ ਬਣਾਉਣ ਲਈ ਉਦਮ ਕਰਨ ਦੀ ਬਜਾਇ ਚੰਡੀਗੜ੍ਹ ਪੰਜਾਬ ਦੀ ਜਮੀਨ ਵਿਚ ਜਬਰੀ 10 ਏਕੜ ਜਮੀਨ ਦੇਣ ਦੇ ਪੰਜਾਬ ਵਿਰੋਧੀ ਮਨਸੂਬੇ ਬਣਾਏ ਜਾ ਰਹੇ ਹਨ । ਫਿਰ ਕਿਸਾਨਾਂ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆ ਆਦਿ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਕੋਈ ਅਮਲ ਨਹੀ ਕੀਤਾ ਜਾ ਰਿਹਾ । ਬਲਕਿ ਉਨ੍ਹਾਂ ਦੀਆਂ ਫਸਲਾਂ ਦੀ ਐਮ.ਐਸ.ਪੀ ਨਾ ਦੇ ਕੇ, ਸੁਆਮੀਨਾਥਨ ਰਿਪੋਰਟ ਲਾਗੂ ਨਾ ਕਰਕੇ, ਕਿਸਾਨਾਂ ਦੀਆਂ ਫਸਲਾਂ ਅਤੇ ਵਪਾਰਕ ਉਤਪਾਦਾਂ ਨੂੰ ਸਹੀ ਕੀਮਤਾਂ ਤੇ ਪਾਕਿਸਤਾਨ, ਅਫਗਾਨੀਸਤਾਨ, ਅਰਬ ਮੁਲਕਾਂ, ਰੂਸ, ਮੱਧ ਏਸੀਆ ਦੇ ਮੁਲਕਾਂ ਵਿਚ ਖੁੱਲੀ ਮੰਡੀ ਵਿਚ ਵੇਚਣ ਦਾ ਪ੍ਰਬੰਧ ਕਰਨ ਹਿੱਤ ਜਾਣਬੁੱਝ ਕੇ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰਕ ਕਰਨ ਲਈ ਨਹੀ ਖੋਲਿਆ ਜਾ ਰਿਹਾ । ਇਹ ਸਭ ਬੇਇਨਸਾਫੀਆਂ ਨਿਰੰਤਰ ਜਾਰੀ ਹਨ, ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇੰਡੀਆ ਤੇ ਪੰਜਾਬ ਵਿਚ ਕਾਨੂੰਨ ਦਾ ਰਾਜ ਹੈ ਅਤੇ ਪੰਜਾਬੀ ਤੇ ਸਿੱਖ ਰਾਜਸੀ ਸਰਨ ਪ੍ਰਾਪਤ ਕਰਕੇ ਇੰਡੀਆ ਦੇ ਅਕਸ ਨੂੰ ਖਰਾਬ ਕਰ ਰਹੇ ਹਨ ਜੋ ਕਿ ਝੂਠ ਤੇ ਅਧਾਰਿਤ ਹੁਕਮਰਾਨਾਂ ਦਾ ਪ੍ਰਚਾਰ ਹੈ ।