ਹਰਿਆਣਾ ਵੱਲੋਂ ਵਿਧਾਨ ਸਭਾ ਲਈ ਪੰਜਾਬ ਨਾਲ ਜਮੀਨੀ ਤਬਾਦਲਾ ਕਰਨ ਪਿੱਛੇ ਚੰਡੀਗੜ੍ਹ ਉਤੇ ਹੱਕ ਜਤਾਉਣ ਦੀ ਸਾਜਿਸ ਤੇ ਮੰਦਭਾਵਨਾ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 16 ਨਵੰਬਰ ( ) “ਜਦੋਂ ਚੰਡੀਗੜ੍ਹ ਦੀ ਜਮੀਨ ਉਤੇ ਹਰਿਆਣਾ ਸੂਬੇ ਦਾ ਕੋਈ ਕਾਨੂੰਨੀ, ਇਖਲਾਕੀ ਹੱਕ ਹੀ ਨਹੀ ਹੈ, ਫਿਰ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਮੋਦੀ ਹਕੂਮਤ ਵੱਲੋ ਤਾਨਾਸਾਹੀ ਗੈਰ ਕਾਨੂੰਨੀ ਆਦੇਸ਼ਾਂ ਰਾਹੀ ਚੰਡੀਗੜ੍ਹ ਖੇਤਰਫਲ ਵਿਚੋ ਹਰਿਆਣਾ ਨੂੰ 10 ਏਕੜ ਜਮੀਨ ਵਿਧਾਨ ਸਭਾ ਬਣਾਉਣ ਲਈ ਦੇਣ ਦੇ ਅਮਲ ਉਤੇ ਬਿਨ੍ਹਾਂ ਵਜਹ ਹੱਕ ਜਤਾਉਣ ਦੀ ਮੰਦਭਾਵਨਾ ਦੇ ਨਾਲ-ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉਤੇ ਜਾਣਬੁੱਝ ਕੇ ਵਿਵਾਦ ਖੜ੍ਹਾ ਕਰਕੇ, ਦੋਵੇ ਸੂਬਿਆਂ ਦੇ ਨਿਵਾਸੀਆਂ ਵਿਚ ਨਫਰਤ ਪੈਦਾ ਕਰਕੇ ਆਪਣੇ ਸਿਆਸੀ ਮਨੋਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹੈ । ਜਦੋਕਿ ਹਰਿਆਣਾ 1966 ਦੇ ਪੂਨਰਗਠਨ ਵੰਡ ਤੇ ਕਾਨੂੰਨ ਅਨੁਸਾਰ ਵੱਖਰਾ ਸੂਬਾ ਹੈ । ਤਾਂ ਉਹ ਆਪਣੀ ਪੰਚਕੂਲਾ (ਹਰਿਆਣਾ) ਵਿਖੇ ਪਈ 12 ਏਕੜ ਜਮੀਨ ਵਿਚ ਵਿਧਾਨ ਸਭਾ ਦੀ ਇਮਾਰਤ ਬਣਾਉਣ ਦੀ ਬਜਾਇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਜਮੀਨ ਤਬਾਦਲਾ ਕਿਉਂ ਕਰਨਾ ਚਾਹੁੰਦਾ ਹੈ ? ਸੈਟਰ ਇਸ ਗੰਦੀ ਸਿਆਸੀ ਖੇਡ ਵਿਚ ਤਾਨਾਸਾਹੀ ਅਮਲ ਕਰਕੇ ਕਿਸ ਕਾਨੂੰਨ ਅਤੇ ਕਿਸ ਦਲੀਲ ਨਾਲ ਹਰਿਆਣੇ ਨੂੰ ਚੰਡੀਗੜ੍ਹ ਦੀ ਜਮੀਨ ਦੇਣ ਦੇ ਗੈਰ ਕਾਨੂੰਨੀ ਅਮਲ ਕਰਨ ਦੀ ਤਾਕ ਵਿਚ ਹੈ । ਇਹ ਕਾਰਵਾਈ ਤਾਂ ਉਸੇ ਤਰ੍ਹਾਂ ਦੀ ਹੈ ਜਿਵੇ ਕਿਸੇ ਦੀ ਕਾਨੂੰਨੀ ਮਲਕੀਅਤ ਜਮੀਨ ਉਤੇ ਕੋਈ ਦੂਸਰਾ ਗੋਲੀਆ, ਬੰਦੂਕਾ ਦੇ ਸਮੂਹ ਨਾਲ ਲੈਸ ਹੋ ਕੇ ਕਤਲੇਆਮ ਕਰਦੇ ਹੋਏ ਕਬਜਾ ਕਰਨ ਦੀ ਕੋਸਿਸ ਕਰੇ । ਸੈਟਰ ਦੀ ਅਜਿਹੀ ਕਿਸੇ ਵੀ ਕਾਰਵਾਈ ਨੂੰ ਪੰਜਾਬੀ ਤੇ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰ ਸਕਦੇ । ਕਿਉਂਕਿ ਚੰਡੀਗੜ੍ਹ ਪੰਜਾਬੀਆਂ ਦੀਆਂ ਮਲਕੀਅਤ ਜਮੀਨਾਂ ਤੋ ਉਨ੍ਹਾਂ ਨੂੰ ਜਬਰੀ ਉਜਾੜਕੇ ਬਣਾਇਆ ਗਿਆ ਸੀ । ਜਿਸ ਉਤੇ ਕਾਨੂੰਨੀ ਤੌਰ ਤੇ ਪੰਜਾਬੀਆ ਦਾ ਹੱਕ ਹੈ ਅਤੇ ਇਹ ਹੱਕ ਹਰ ਕੀਮਤ ਤੇ ਕਾਇਮ ਰਹਿਣਾ ਚਾਹੀਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਬੀਜੇਪੀ-ਆਰ.ਐਸ.ਐਸ ਦੀ ਫਿਰਕੂ ਹਕੂਮਤ ਵੱਲੋ ਆਪਣੇ ਸਿਆਸੀ ਮਨੋਰਥਾਂ ਦੀ ਪ੍ਰਾਪਤੀ ਲਈ ਹਰਿਆਣਵੀਆ ਤੇ ਪੰਜਾਬੀਆ ਨੂੰ ਇਕ ਦੂਸਰੇ ਵਿਰੁੱਧ ਲਾਇਨ ਵਾਹ ਕੇ ਖੜ੍ਹੇ ਕਰਨ ਦੀ ਕੀਤੀ ਜਾ ਰਹੀ ਅਣਮਨੁੱਖੀ ਅਤੇ ਗੈਰ ਇਖਲਾਕੀ ਸਿਆਸਤ ਦੀਆਂ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਚੰਡੀਗੜ੍ਹ ਉਤੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਕਾਨੂੰਨੀ ਅਤੇ ਇਖਲਾਕੀ ਹੱਕ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ 12 ਸਿੱਖ ਮਿਸਲਾਂ ਆਪੋ ਆਪਣੇ ਰਾਜ ਭਾਗ ਦੀਆਂ ਹੱਦਾਂ ਨੂੰ ਵਧਾਉਣ ਲਈ ਆਪਸ ਵਿਚ ਵੀ ਲੜਦੀਆ ਰਹਿੰਦੀਆ ਸਨ । ਪਰ ਜਦੋ ਵੀ ਜਾਬਰ ਮੁਗਲ ਜਾਂ ਬਾਹਰੀ ਹਮਲਾਵਰ ਪੰਜਾਬ ਉਤੇ ਹਮਲਾ ਕਰਦੇ ਸਨ, ਤਾਂ ਇਹ 12 ਮਿਸਲਾਂ ਆਪਣੇ ਹਰ ਤਰ੍ਹਾਂ ਦੇ ਸਿਆਸੀ ਰਾਜ ਭਾਗ ਸੰਬੰਧੀ ਮਨੋਰਥਾਂ ਤੋ ਉਪਰ ਉੱਠਕੇ ਬਾਹਰੋ ਆਏ ਦੁਸਮਣ ਲਈ ਇਕੱਠੇ ਹੋ ਕੇ ਇਕ ਤਾਕਤ ਹੋ ਕੇ ਕੇਵਲ ਲੜਦੇ ਹੀ ਨਹੀ ਸਨ ਬਲਕਿ ਹਮੇਸ਼ਾਂ ਇਸ ਏਕਤਾ ਰਾਹੀ ਫਤਹਿ ਵੀ ਪ੍ਰਾਪਤ ਕਰਦੇ ਰਹੇ ਹਨ । ਹੁਣ ਜਦੋ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ‘ਪਾੜੋ ਅਤੇ ਰਾਜ ਕਰੋ’ ਦੀ ਅੰਗਰੇਜ਼ਾਂ ਵਾਲੀ ਸਮਾਜ ਵਿਰੋਧੀ ਸੋਚ ਉਤੇ ਅਮਲ ਕਰਦੀ ਹੋਈ ਹਰਿਆਣਵੀਆ ਤੇ ਪੰਜਾਬੀਆ ਜੋ 1966 ਦੀ ਵੰਡ ਤੋ ਪਹਿਲਾ ਵੀ ਅਤੇ ਅੱਜ ਵੀ ਇਕ ਪਰਿਵਾਰ ਦੀ ਤਰ੍ਹਾਂ ਹੀ ਵਿਚਰਦੇ ਰਹੇ ਹਨ ਅਤੇ ਵਿਚਰਦੇ ਆ ਰਹੇ ਹਨ । ਜਿਸਦੀ ਪ੍ਰਤੱਖ ਮਿਸਾਲ ਕਿਸਾਨ ਅੰਦੋਲਨ ਵੇਲੇ ਅਮਲੀ ਰੂਪ ਵਿਚ ਸਾਹਮਣੇ ਆਈ ਹੈ । ਉਨ੍ਹਾਂ ਦੋਵਾਂ ਸੂਬਿਆਂ ਦੇ ਨਿਵਾਸੀਆ ਵਿਚ ਇਕ ਸਾਜਿਸ ਤਹਿਤ ਨਫਰਤ ਦਾ ਪਾੜਾ ਖੜ੍ਹਾ ਕਰਕੇ ਆਪਣੇ ਮਕਸਦਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹੈ ਜਿਸ ਨੂੰ ਕੋਈ ਵੀ ਪੰਜਾਬੀ ਤੇ ਸਿੱਖ ਕਤਈ ਕਾਮਯਾਬ ਨਹੀ ਹੋਣ ਦੇਵੇਗਾ । ਜੇਕਰ ਇਸ ਵੱਡਮੁੱਲੀ ਸੋਚ ਨੂੰ ਪ੍ਰਵਾਨ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸਹੀ ਸਮੇ ਤੇ ਸਹੀ ਐਕਸਨ ਕਰਦੇ ਹੋਏ ਆਪਣੀ ਹੀ ਪਾਰਟੀ ਵੱਲੋ ਕੀਤੇ ਜਾਣ ਵਾਲੇ ਇਸ ਪੰਜਾਬ ਵਿਰੋਧੀ ਫੈਸਲੇ ਦਾ ਵਿਰੋਧ ਕਰਦੇ ਹੋਏ ਆਪਣੀ ਪ੍ਰਧਾਨਗੀ ਤੋ ਅਸਤੀਫਾ ਵੀ ਦੇ ਦਿੱਤਾ ਹੈ ਅਤੇ ਸ੍ਰੀ ਮੋਦੀ ਨੂੰ ਉਪਰੋਕਤ ਕੀਤੀ ਜਾ ਰਹੀ ਗੁਸਤਾਖੀ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ਲਈ ਬਾਦਲੀਲ ਢੰਗ ਨਾਲ ਗੱਲ ਕੀਤੀ ਹੈ, ਤਾਂ ਇਹ 12 ਮਿਸਲਾਂ ਦੀ ਤਰ੍ਹਾਂ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਭਾਵੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਤ ਕਿਉ ਨਾ ਹੋਣ ਉਨ੍ਹਾਂ ਨੂੰ 12 ਮਿਸਲਾਂ ਦੀ ਤਰ੍ਹਾਂ ਇਕੱਤਰ ਹੋ ਕੇ ਆਪਣੇ ਸੂਬੇ ਦੇ ਇਸ ਗੈਰ ਕਾਨੂੰਨੀ ਢੰਗ ਨਾਲ ਖੋਹੇ ਜਾ ਰਹੇ ਹੱਕ ਲਈ ਇਕ ਤਾਕਤ ਤੇ ਇਕ ਕੰਧ ਬਣਕੇ ਖਲੋ ਜਾਣਾ ਚਾਹੀਦਾ ਹੈ, ਉਥੇ ਹਰਿਆਣੇ ਨੂੰ ਵੀ ਚਾਹੀਦਾ ਹੈ ਕਿ ਉਹ ਸੈਟਰ ਦੀ ਦਿਸ਼ਾਹੀਣ ਨੀਤੀ ਤੇ ਅਮਲ ਉਤੇ ਪਹਿਰਾ ਦੇਣ ਦੀ ਬਜਾਇ ਆਪਣੀ ਵਿਧਾਨ ਸਭਾ ਨੂੰ ਚੰਡੀਗੜ੍ਹ ਵਿਚ ਬਣਾਉਣ ਦੀ ਜਿੱਦ ਦਾ ਤਿਆਗ ਕਰਕੇ ਆਪਣੀ ਪੰਚਕੂਲਾ ਵਿਖੇ ਪਈ 12 ਏਕੜ ਜਮੀਨ ਵਿਚ ਆਪਣੀ ਵਿਧਾਨ ਸਭਾ ਦਾ ਨਿਰਮਾਣ ਕਰਕੇ ਪੰਜਾਬੀਆ ਤੇ ਹਰਿਆਣਵੀਆ ਵਿਚ ਵੱਡੀ ਨਫਰਤ ਪੈਦਾ ਕਰਨ ਦੀ ਹਕੂਮਤੀ ਸਾਜਿਸ ਨੂੰ ਅਸਫਲ ਬਣਾਉਣ । ਫਿਰ ਮੋਦੀ ਵਰਗੇ ਫਿਰਕੂ ਹੁਕਮਰਾਨ ਕਦੀ ਵੀ ਆਪਣੀ ਇਸ ਸਾਜਿਸ ਵਿਚ ਕਾਮਯਾਬ ਨਹੀ ਹੋ ਸਕਣਗੇ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀਆਂ ਸਮੁੱਚੀਆ ਪਾਰਟੀਆ ਦੇ ਆਗੂ ਆਪਣੇ ਸਿਆਸੀ ਸਵਾਰਥਾਂ ਤੋ ਉਪਰ ਉੱਠਕੇ ਇਸ ਗੰਭੀਰ ਮੁੱਦੇ ਉਤੇ ਇਕੱਤਰ ਹੋ ਕੇ ਸ੍ਰੀ ਸੁਨੀਲ ਜਾਖੜ ਵੱਲੋ ਉਠਾਈ ਪੰਜਾਬ ਪੱਖੀ ਮੰਗ ਨੂੰ ਪੂਰਨ ਕਰਵਾਉਣ ਵਿਚ ਜਰੂਰ ਕਾਮਯਾਬ ਹੋਣਗੇ ।