ਸ. ਭਗਵੰਤ ਸਿੰਘ ਮਾਨ ਇਹ ਜਾਣਕਾਰੀ ਦੇਣ ਕਿ ਭਗਤ ਸਿੰਘ ਆਰੀਆ ਸਮਾਜੀ ਸੀ ਜਾਂ ਕੁਝ ਹੋਰ ? : ਮਾਨ

ਫ਼ਤਹਿਗੜ੍ਹ ਸਾਹਿਬ, 23 ਮਾਰਚ ( ) “ਅੱਜ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਏ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਹਿਮਾਚਲ ਸਰਕਾਰ, ਸੈਂਟਰ ਸਰਕਾਰ ਵੱਲੋਂ ਅਖਬਾਰਾਂ ਵਿਚ ਇਸਤਿਹਾਰਬਾਜੀ ਕੀਤੀ ਗਈ ਹੈ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਹਰਿਆਣਾ, ਹਿਮਾਚਲ ਅਤੇ ਸੈਟਰ ਦੀਆਂ ਸਰਕਾਰਾਂ ਵੱਲੋ ਕੀਤੀ ਗਈ ਇਸਤਿਹਾਰਬਾਜੀ ਵਿਚ ਭਗਤ ਸਿੰਘ ਨੂੰ ਟੋਪੀ ਪਹਿਨਾਕੇ ਪੇਸ਼ ਕੀਤਾ ਗਿਆ ਹੈ ਲੇਕਿਨ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੱਗ ਵਾਲਾ ਦਿਖਾਇਆ ਗਿਆ ਹੈ । ਹੁਣ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੰਜਾਬੀਆਂ ਨੂੰ ਇਹ ਜਾਣਕਾਰੀ ਦੇਣ ਕਿ ਉਹ ਆਰੀਆ ਸਮਾਜੀ ਸਨ ਜਾਂ ਕੁਝ ਹੋਰ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਚਾਰੇ ਸਰਕਾਰਾਂ ਵੱਲੋਂ ਅਖਬਾਰਾਂ ਵਿਚ ਭਗਤ ਸਿੰਘ ਬਾਰੇ ਵੱਖ-ਵੱਖ ਰੂਪਾਂ ਵਿਚ ਕੀਤੀ ਗਈ ਇਸਤਿਹਾਰਬਾਜੀ ਉਤੇ ਹੈਰਾਨੀ ਜਾਹਰ ਕਰਦੇ ਹੋਏ ਸ. ਭਗਵੰਤ ਸਿੰਘ ਮਾਨ ਨੂੰ ਭਗਤ ਸਿੰਘ ਦੀ ਸਹੀ ਪਹਿਚਾਣ ਬਾਰੇ ਜਾਣਕਾਰੀ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਾਇਦ ਇਹ ਸਰਕਾਰਾਂ ਅਤੇ ਹੁਕਮਰਾਨ ਇਸ ਗੱਲ ਤੋਂ ਅਣਭਿੱਜ ਹਨ ਜਾਂ ਜਾਣਬੁੱਝ ਕੇ ਨਜ਼ਰ ਅੰਦਾਜ ਕਰ ਰਹੇ ਹਨ ਕਿ ਭਗਤ ਸਿੰਘ ਨੇ ਹੌਲਦਾਰ ਚੰਨਣ ਸਿੰਘ ਜੋ ਕਿ ਅੰਮ੍ਰਿਤਧਾਰੀ ਸਨ ਅਤੇ ਇਕ ਅੰਗਰੇਜ਼ ਪੁਲਿਸ ਅਫਸਰ ਜੌਹਨ ਸਾਡਰਸ ਜੋ ਕਿ ਨਿਰਦੋਸ਼ ਸਨ, ਉਨ੍ਹਾਂ ਉਤੇ ਗੋਲੀ ਚਲਾਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਸੀ। ਫਿਰ ਇਸ ਭਗਤ ਸਿੰਘ ਵੱਲੋਂ ਦਿੱਲੀ ਅਸੈਬਲੀ ਵਿਚ ਚੱਲ ਰਹੇ ਸੈਸਨ ਦੌਰਾਨ ਬੰਬ ਸੁੱਟਕੇ ਸਮੁੱਚੇ ਬੇਕਸੂਰ ਹਾਜਰੀਨ ਲੋਕਾਂ ਦੇ ਨੁਮਾਇੰਦਿਆ ਨੂੰ ਮਾਰ ਦੇਣ ਦੀ ਸਾਜਿ਼ਸ ਰਚੀ ਸੀ । ਜੇਕਰ ਉਹ ਬੰਬ ਚੱਲ ਪੈਦਾ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋਣਾ ਸੀ । ਫਿਰ ਇਸ ਭਗਤ ਸਿੰਘ ਵੱਲੋਂ ਆਰੀਆ ਸਮਾਜੀ ਧਰਮ ਗ੍ਰਹਿਣ ਕਰਨ ਉਪਰੰਤ ਇਹ ਐਲਾਨ ਕੀਤਾ ਗਿਆ ਸੀ ਕਿ ਆਜਾਦੀ ਤੋ ਬਾਅਦ ਇਥੇ ਇੰਡੀਆ ਵਿਚ ਦੇਵਨਗਰੀ, ਹਿੰਦੀ ਭਾਸ਼ਾ ਲਾਗੂ ਕੀਤੀ ਜਾਵੇਗੀ । ਜਿਥੇ ਵੱਡੀ ਗਿਣਤੀ ਵਿਚ ਵੱਖ-ਵੱਖ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ, ਵੱਖ-ਵੱਖ ਭਾਸ਼ਾਵਾਂ, ਬੋਲੀਆ ਨੂੰ ਮੰਨਣ ਵਾਲੇ ਲੋਕ ਵੱਸਦੇ ਹੋਣ, ਕੀ ਉਥੇ ਕਿਸੇ ਇਕ ਭਾਸ਼ਾ ਜਾਂ ਬੋਲੀ ਨੂੰ ਜ਼ਬਰੀ ਲਾਗੂ ਕਰਨਾ ਜਾਇਜ ਹੈ ? ਫਿਰ ਅਸੀਂ ਇਹ ਵੀ ਪੁੱਛਣਾ ਚਾਹਵਾਂਗੇ ਕਿ ਭਗਤ ਸਿੰਘ ਨੇ ਉਪਰੋਕਤ ਦੋਵੇ ਹੌਲਦਾਰ ਚੰਨਣ ਸਿੰਘ ਅਤੇ ਜੌਹਨ ਸਾਡਰਸ ਜੋ ਬਿਲਕੁਲ ਬੇਗੁਨਾਹ ਸਨ, ਉਨ੍ਹਾਂ ਨੂੰ ਕਿਉਂ ਮਾਰਿਆ ਗਿਆ ? 

ਸ. ਮਾਨ ਨੇ ਸ. ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਉਤੇ ਖਟਾਸ ਕਰਦੇ ਹੋਏ ਕਿਹਾ ਕਿ ਜਿਸ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਭਾਗ ਦੌਰਾਨ ਬਹੁਤ ਵਿਸ਼ਾਲ ਲਾਹੌਰ ਖ਼ਾਲਸਾ ਰਾਜ ਦਰਬਾਰ ਦਾ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਨੂੰ ਬਰਾਬਰਤਾ ਦਾ ਸਤਿਕਾਰ ਕਰਦੇ ਹੋਏ ਆਪਣੀ ਫ਼ੌਜ ਅਤੇ ਹੋਰ ਸਰਕਾਰੀ ਦਫਤਰਾਂ ਵਿਚ ਸਭਨਾਂ ਨੂੰ ਨੌਕਰੀਆਂ ਦੇਕੇ ਨਿਵਾਜਿਆ ਹੋਇਆ ਸੀ ਅਤੇ ਇਕ ਸਾਂਝੇ ਗੁਲਦਸਤੇ ਦੇ ਰੂਪ ਵਿਚ ਸਭਨਾਂ ਨੂੰ ਪ੍ਰੋਇਆ ਹੋਇਆ ਸੀ ਅਤੇ ਜਿਨ੍ਹਾਂ ਦੇ ਰਾਜ ਭਾਗ ਵਿਚ ਕਿਸੇ ਇਕ ਵਿਅਕਤੀ ਨੂੰ ਵੀ ਮੌਤ ਦੀ ਸਜ਼ਾ ਫ਼ਾਂਸੀ ਨਹੀਂ ਹੋਈ, ਉਸ ਸਮੇਂ ਕਿਸੇ ਤਰ੍ਹਾਂ ਦੀ ਰਿਸਵਤਖੋਰੀ, ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਅਮਲ ਕਰਨ ਦੀ ਕਿਸੇ ਦੀ ਜੁਰਅਤ ਨਹੀਂ ਸੀ, ਇਨਸਾਫ਼ ਦਾ ਰਾਜ ਕਾਇਮ ਕੀਤਾ ਹੋਇਆ ਸੀ, ਉਸ ਮਹਾਨ ਸਖਸ਼ੀਅਤ ਨੂੰ ਭਗਤ ਸਿੰਘ ਵਰਗਿਆ ਦੇ ਬਰਾਬਰ ਲਿਆਉਣ ਦੀਆਂ ਕਾਰਵਾਈਆ ਤਾਂ ਉਸ ਮਹਾਨ ਸਖਸ਼ੀਅਤ ਨਾਲ ਵੱਡੀ ਬੇਇਨਸਾਫ਼ੀ ਦੇ ਨਾਲ-ਨਾਲ ਸਿੱਖ ਮਨਾਂ ਨੂੰ ਵੀ ਡੂੰਘੀ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ। ਉਨ੍ਹਾਂ ਦੀ ਸਖਸ਼ੀਅਤ ਦੀ ਕਿਸੇ ਨਾਲ ਕਤਈ ਤੁਲਨਾ ਨਹੀਂ ਕੀਤੀ ਜਾ ਸਕਦੀ ।

Leave a Reply

Your email address will not be published. Required fields are marked *