ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਵੱਲੋਂ ਇੰਡੀਆ ਦੀ ਵਿਦੇਸ਼ ਨੀਤੀ ਦੀ ਪ੍ਰਸ਼ੰਸ਼ਾਂ ਕਰਨਾ ਅਤਿ ਹੈਰਾਨੀਜਨਕ ਅਤੇ ਅਫ਼ਸੋਸਨਾਕ : ਮਾਨ

ਚੰਡੀਗੜ੍ਹ, 23 ਮਾਰਚ ( ) “ਜਿਸ ਇੰਡੀਆ ਦੇ ਹੁਕਮਰਾਨ ਵੱਲੋਂ ਯੂ.ਐਨ. ਦੀ ਸਕਿਊਰਟੀ ਕੌਂਸਲ ਵੱਲੋਂ 1948 ਵਿਚ ਰਾਏਸੁਮਾਰੀ ਕਰਵਾਉਣ ਦੇ ਪਾਸ ਕੀਤੇ ਗਏ ਮਤੇ ਦੀ ਤੋਹੀਨ ਕੀਤੀ ਗਈ ਹੈ, ਇਸ ਉਤੇ ਇੰਡੀਆ ਦੇ ਹੁਕਮਰਾਨਾਂ ਨੇ ਕੋਈ ਅਮਲ ਨਹੀਂ ਕੀਤਾ, ਬਲਕਿ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਜ਼ਬਰੀ ਗੁਲਾਮ ਬਣਾਉਣ ਦੀਆਂ ਨੀਤੀਆ ਉਤੇ ਅਮਲ ਕਰਦੇ ਆ ਰਹੇ ਹਨ, ਜਿਸ ਮੋਦੀ ਹਕੂਮਤ ਨੇ 5 ਅਗਸਤ 2019 ਨੂੰ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਜੰਮੂ-ਕਸ਼ਮੀਰ ਦੀ ਵਿਧਾਨਿਕ ਖੁਦਮੁਖਤਿਆਰੀ ਜੋ ਧਾਰਾ 370 ਤੇ ਆਰਟੀਕਲ 35ਏ ਰਾਹੀ ਮਿਲੀ ਹੋਈ ਸੀ, ਨੂੰ ਜ਼ਬਰੀ ਖਤਮ ਕਰਕੇ ਉਥੇ ਅਰਧ ਸੈਨਿਕ ਬਲ ਅਤੇ ਫੋਰਸਾਂ ਲਗਾਕੇ ਨਿਰੰਤਰ ਕਤਲੇਆਮ ਸੁਰੂ ਕੀਤਾ ਹੋਇਆ ਹੈ ਅਤੇ ਜਿਸਨੇ ਕਸ਼ਮੀਰ ਵਿਚ ਅਫਸਪਾ ਵਰਗਾਂ ਉਹ ਕਾਲਾ ਕਾਨੂੰਨ ਲਾਗੂ ਕੀਤਾ ਹੋਇਆ ਹੈ, ਜਿਸ ਅਧੀਨ ਫ਼ੌਜ, ਅਰਧ ਸੈਨਿਕ ਬਲ, ਪੁਲਿਸ ਕਿਸੇ ਵੀ ਕਸ਼ਮੀਰੀ ਨੂੰ ਜਦੋ ਚਾਹੁੰਣ ਚੁੱਕ ਕੇ ਲਿਜਾ ਸਕਦੀ ਹੈ, ਅਗਵਾਹ ਕਰ ਸਕਦੀ ਹੈ, ਜ਼ਬਰ-ਜ਼ਨਾਹ ਕਰ ਸਕਦੀ ਹੈ, ਕਿਸੇ ਦੀ ਲੱਤ-ਬਾਂਹ ਤੋੜ ਸਕਦੀ ਹੈ, ਤਸੱਦਦ ਕਰ ਸਕਦੀ ਹੈ ਅਤੇ ਜਾਨੋ ਮਾਰ ਵੀ ਸਕਦੀ ਹੈ, ਨੂੰ ਲਾਗੂ ਕੀਤਾ ਹੋਇਆ ਹੈ ਅਤੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਉਤੇ ਨਿਰੰਤਰ ਜੁਲਮ ਦਾ ਦੌਰ ਸੁਰੂ ਕੀਤਾ ਹੋਇਆ ਹੈ, ਤਾਂ ਕਿ ਸਮੁੱਚੇ ਨਿਵਾਸੀਆ ਨੂੰ ਹਿੰਦੂਤਵ ਦੇ ਅਧੀਨ ਲਿਆਂਦਾ ਜਾ ਸਕੇ । ਉਸ ਮੋਦੀ ਹਕੂਮਤ ਦੀ ਵਿਦੇਸ਼ ਨੀਤੀ ਦਾ ਜਨਾਬ ਇਮਰਾਨ ਖਾਨ ਵੱਲੋ ਪ੍ਰਸ਼ੰਸ਼ਾਂ ਕਰਨ ਦੀ ਗੱਲ ਸਾਡੀ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਨੇ ਅਜਿਹੀ ਗੱਲ ਕਿਸ ਮਕਸਦ ਦੀ ਪ੍ਰਾਪਤੀ ਲਈ ਕੀਤੀ ਹੈ ਅਤੇ ਕੌਮਾਂਤਰੀ ਪੱਧਰ ਦੀਆਂ ਘੱਟ ਗਿਣਤੀ ਕੌਮਾਂ ਦੇ ਮਨ ਵਿਚ ਆਪਣੀ ਛਬੀ ਨੂੰ ਦਾਗੀ ਕਰਨ ਦੀ ਗੁਸਤਾਖੀ ਕਿਉਂ ਕੀਤੀ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਜਨਾਬ ਇਮਰਾਨ ਖਾਨ ਵੱਲੋ ਇੰਡੀਆ ਦੀ ਮੋਦੀ ਹਕੂਮਤ ਦੀ ਵਿਦੇਸ਼ ਨੀਤੀ ਦੀ ਕੀਤੀ ਗਈ ਪ੍ਰਸ਼ੰਸ਼ਾਂ ਉਤੇ ਵੱਡੀ ਹੈਰਾਨੀ ਅਤੇ ਦੁੱਖ ਜਾਹਰ ਕਰਦੇ ਹੋਏ ਅਤੇ ਜਨਾਬ ਇਮਰਾਨ ਖਾਨ ਨੂੰ ਇੰਡੀਆ ਵਿਚ ਵੱਸਣ ਵਾਲੀਆ ਮੁਸਲਿਮ, ਇਸਾਈ, ਸਿੱਖ, ਦਲਿਤ, ਕਬੀਲਿਆ ਆਦਿ ਉਤੇ ਹੁਕਮਰਾਨਾਂ ਵੱਲੋ ਨਿਰੰਤਰ ਕੀਤੇ ਜਾਂਦੇ ਆ ਰਹੇ ਜ਼ਬਰ ਜੁਲਮ ਨੂੰ ਯਾਦ ਕਰਵਾਉਦੇ ਹੋਏ, ਪ੍ਰਸ਼ਨ ਕਰਦੇ ਹੋਏ ਜ਼ਾਹਰ ਕੀਤੇ । ਉਨ੍ਹਾਂ ਇਹ ਵੀ ਯਾਦ ਦਿਵਾਇਆ ਕਿ ਇੰਡੀਆ ਦੇ ਹੁਕਮਰਾਨਾਂ ਨੇ ਘੱਟ ਗਿਣਤੀ ਕੌਮਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਉਣ ਲਈ ਪਹਿਲੇ ਹੀ ਸੀ.ਏ.ਏ, ਐਨ.ਆਰ.ਸੀ, ਐਨ.ਪੀ.ਆਰ. ਅਫਸਪਾ, ਯੂ.ਏ.ਪੀ.ਏ. ਆਦਿ ਵਰਗੇ ਕਾਲੇ ਕਾਨੂੰਨ ਦੀ ਵੱਡੇ ਪੱਧਰ ਤੇ ਦੁਰਵਰਤੋ ਕੀਤੀ ਜਾਂਦੀ ਆ ਰਹੀ ਹੈ । ਚਾਹੀਦਾ ਤਾਂ ਇਹ ਸੀ ਕਿ ਜਨਾਬ ਇਮਰਾਨ ਖਾਨ ਮਨੁੱਖੀ ਅਧਿਕਾਰਾਂ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੇ ਬਿਨ੍ਹਾਂ ਤੇ ਇੰਡੀਆ ਦੇ ਹੁਕਮਰਾਨਾਂ ਵੱਲੋ ਕਾਲੇ ਕਾਨੂੰਨਾਂ ਰਾਹੀ ਘੱਟ ਗਿਣਤੀ ਕੌਮਾਂ ਉਤੇ ਨਿਰੰਤਰ ਕੀਤੇ ਜਾਂਦੇ ਆ ਰਹੇ ਜ਼ਬਰ ਜੁਲਮਾਂ ਦੀ ਕੌਮਾਂਤਰੀ ਪੱਧਰ ਤੇ ਆਵਾਜ ਉਠਾਕੇ ਇੰਡੀਆ ਵਿਚ ਹੋ ਰਹੇ ਹਕੂਮਤੀ ਜ਼ਬਰ ਵਿਰੁੱਧ ਰਾਏ ਲਾਮਬੰਦ ਕਰਦੇ ਅਤੇ ਘੱਟ ਗਿਣਤੀ ਕੌਮਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਗੱਲ ਕਰਦੇ । ਲੇਕਿਨ ਘੱਟ ਗਿਣਤੀ ਕੌਮਾਂ ਮਾਰੂ ਹੁਕਮਰਾਨਾਂ ਦੀਆਂ ਨੀਤੀਆ ਦੀ ਪ੍ਰਸ਼ੰਸ਼ਾਂ ਕਰਨਾ ਤਾਂ ਸਭ ਲਈ ਜਿਥੇ ਦੁੱਖਦਾਇਕ ਹੈ, ਉਥੇ ਜਨਾਬ ਇਮਰਾਨ ਖਾਨ ਦੀ ਸਖਸ਼ੀਅਤ ਨੂੰ ਸੱਕੀ ਵੀ ਕਰਦਾ ਹੈ ਜੋ ਨਹੀਂ ਸੀ ਹੋਣੀ ਚਾਹੀਦੀ ।

Leave a Reply

Your email address will not be published. Required fields are marked *