ਹਵਾਈ ਅੱਡਿਆ ਤੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਤੇ ਲਗਾਈ ਪਾਬੰਦੀ ਸਿੱਖ ਵਿਰੋਧੀ ਮੰਦਭਾਵਨਾ ਅਤੇ ਈਰਖਾਵਾਦੀ : ਮਾਨ
ਫ਼ਤਹਿਗੜ੍ਹ ਸਾਹਿਬ, 09 ਨਵੰਬਰ ( ) “ਮੋਦੀ ਹਕੂਮਤ ਵਿਚ ਕੰਮ ਕਰ ਰਹੇ ਮੁਤੱਸਵੀ ਸੋਚ ਵਾਲੇ ਇੰਡੀਅਨ ਕੈਬਨਿਟ ਅਤੇ ਉੱਚ ਅਫਸਰਸਾਹੀ ਵਿਚ ‘ਸਰਬੱਤ ਦਾ ਭਲਾ’ ਲੋੜਨ ਵਾਲੀ ਤੇ ਇਸ ਮੁਲਕ ਦੀ ਆਜਾਦੀ ਵਿਚ 80% ਯੋਗਦਾਨ ਪਾ ਕੇ ਸ਼ਹਾਦਤਾਂ, ਕੁਰਬਾਨੀਆਂ ਦੇਣ ਵਾਲੀ ਕੌਮ ਪ੍ਰਤੀ ਕਿੰਨੀ ਵੱਡੀ ਮੰਦਭਾਵਨਾ ਤੇ ਈਰਖਾ ਹੈ ਉਹ ਇਸ ਗੱਲ ਤੋ ਪ੍ਰਤੱਖ ਹੋ ਜਾਂਦੀ ਹੈ ਕਿ ਹਵਾਈ ਅੱਡਿਆ ਉਤੇ ਜੋ ਅੰਮ੍ਰਿਤਧਾਰੀ ਸਿੱਖ ਮੁਲਾਜਮ ਨਿਰੰਤਰ ਲੰਮੇ ਸਮੇ ਤੋ ਆਪਣੀਆ ਧਾਰਮਿਕ ਰਹੁ-ਰੀਤੀਆਂ ਦਾ ਪਾਲਣ ਕਰਦੇ ਹੋਏ ਸੇਵਾਵਾਂ ਨਿਭਾਉਦੇ ਆ ਰਹੇ ਹਨ ਅਤੇ ਇਨ੍ਹਾਂ ਵੱਲੋ ਸੇਵਾਵਾਂ ਨਿਭਾਉਦੇ ਹੋਏ ਅੱਜ ਤੱਕ ਕਦੀ ਵੀ ਆਪਣੇ ਸਿੱਖੀ ਕਕਾਰ, ਕਿਰਪਾਨ ਦੀ ਦੁਰਵਰਤੋ ਨਹੀ ਕੀਤੀ ਗਈ । ਉਸ ਉਤੇ ਜੋ ਮੋਦੀ ਹਕੂਮਤ ਨੇ ਮੰਦਭਾਵਨਾ ਅਧੀਨ ਪਾਬੰਦੀ ਲਗਾਉਣ ਦੇ ਹੁਕਮ ਕੀਤੇ ਹਨ, ਇਹ ਕੇਵਲ ਵਿਧਾਨ ਰਾਹੀ ਸਿੱਖ ਕੌਮ ਨੂੰ ਮਿਲੀ ਧਾਰਮਿਕ ਆਜਾਦੀ ਦੇ ਹੱਕਾਂ ਨੂੰ ਕੁੱਚਲਣ ਵਾਲੀ ਨਿੰਦਣਯੋਗ ਕਾਰਵਾਈ ਹੀ ਨਹੀ ਬਲਕਿ ਇਸ ਤੋ ਹਿੰਦੂਤਵ ਹੁਕਮਰਾਨ ਸਿੱਖ ਕੌਮ ਵਿਰੋਧੀ ਰੱਖੀ ਗਈ ਈਰਖਾ ਵਾਲੀ ਸੋਚ ਪ੍ਰਤੱਖ ਨਜਰ ਆ ਰਹੀ ਹੈ । ਜਿਸ ਨਾਲ ਕਰੋੜਾਂ ਸਿੱਖਾਂ ਦੇ ਮਨ-ਆਤਮਾ ਨੂੰ ਠੇਸ ਪਹੁੰਚਾਈ ਗਈ ਹੈ । ਇਹੀ ਵਜਹ ਹੈ ਕਿ ਮੁਤੱਸਵੀ ਹੁਕਮਰਾਨਾਂ ਵੱਲੋ ਸਾਡੇ ਵਿਧਾਨਿਕ, ਸਮਾਜਿਕ, ਧਾਰਮਿਕ ਹੱਕਾਂ ਨੂੰ ਜੋ ਜ਼ਬਰੀ ਕੁੱਚਲਿਆ ਜਾ ਰਿਹਾ ਹੈ, ਇਸਦੀ ਬਦੌਲਤ ਹੀ ਖ਼ਾਲਸਾ ਪੰਥ ਵਿਚ ਆਪਣਾ ਵੱਖਰਾ ਮੁਲਕ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਦੀ ਗੱਲ ਪ੍ਰਬਲ ਹੋ ਕੇ ਟੀਸੀ ਤੇ ਪਹੁੰਚ ਚੁੱਕੀ ਹੈ । ਜੋ ਕਿ ਹੁਕਮਰਾਨਾਂ ਨੇ ਵਿਤਕਰੇ, ਬੇਇਨਸਾਫ਼ੀਆਂ ਕਰਕੇ ਸਿੱਖ ਕੌਮ ਨੂੰ ਹਰ ਕੀਮਤ ਤੇ ਆਜਾਦੀ ਪ੍ਰਾਪਤ ਕਰਨ ਵੱਲ ਧਕੇਲ ਦਿੱਤਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਵਾਈ ਅੱਡਿਆ ਉਤੇ ਹਿੰਦੂਤਵ ਹੁਕਮਰਾਨਾਂ ਵੱਲੋ ਕੰਮ ਕਰਦੇ ਸਿੱਖ ਅੰਮ੍ਰਿਤਧਾਰੀ ਮੁਲਾਜਮਾਂ ਦੇ ਕਕਾਰ ਵਿਚ ਆਉਦੇ ਚਿੰਨ੍ਹ ਸ੍ਰੀ ਸਾਹਿਬ ਉਤੇ ਮੰਦਭਾਵਨਾ ਅਧੀਨ ਲਗਾਈ ਜਾ ਰਹੀ ਪਾਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਿੱਖ ਕੌਮ ਦੇ ਵਿਧਾਨਿਕ, ਸਮਾਜਿਕ ਹੱਕ ਕੁਚਲਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੇਵਲ ਵਿਤਕਰੇ ਤੇ ਬੇਇਨਸਾਫ਼ੀਆਂ ਹੀ ਨਹੀ ਕੀਤੀਆ ਜਾ ਰਹੀਆ । ਬਲਕਿ ਟਾਰਗੇਟ ਕੀਲਿੰਗ ਵੀ ਵੱਡੇ ਪੱਧਰ ਤੇ ਕੀਤੀਆ ਜਾ ਰਹੀਆ ਹਨ । ਇਸੇ ਤਰ੍ਹਾਂ ਜੰਮੂ ਕਸਮੀਰ ਵਿਚ ਜੋ ਕਿ ਉਥੋ ਦੀ ਬਹੁਗਿਣਤੀ ਵਸੋ ਨੇ ਨੈਸ਼ਨਲ ਕਾਨਫਰੰਸ ਦੀ ਅਬਦੁੱਲ ਸਰਕਾਰ ਵੱਲੋ, ਦੇਸ ਦੇ ਹੁਕਮਰਾਨਾਂ ਵੱਲੋ 2019 ਵਿਚ ਉਨ੍ਹਾਂ ਦੀ ਰੱਦ ਕੀਤੀ ਗਈ ਖੁਦਮੁਖਤਿਆਰੀ ਦੀ ਧਾਰਾ 370 ਅਤੇ 35ਏ ਨੂੰ ਜੰਮੂ ਕਸਮੀਰ ਦੀ ਵਿਧਾਨ ਸਭਾ ਵਿਚ ਬਹਾਲ ਕਰਨ ਲਈ ਜਦੋ ਮਤਾ ਪਾਸ ਕਰ ਦਿੱਤਾ ਹੈ, ਤਾਂ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਵੱਲੋ ਭੜਕਾਹਟ ਵਿਚ ਆ ਕੇ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਕੀਮਤ ਤੇ 370 ਧਾਰਾ ਬਹਾਲ ਨਹੀ ਕੀਤੀ ਜਾਵੇਗੀ । ਜੋ ਕਿ ਸਟੇਟ ਦੇ ਨਿਵਾਸੀਆ ਦੀਆਂ ਭਾਵਨਾਵਾ ਨੂੰ ਕੁੱਚਲਣ ਅਤੇ ਜੰਮੂ ਕਸਮੀਰ ਵਰਗੇ ਸਰਹੱਦੀ ਸੂਬੇ ਵਿਚ ਅਰਾਜਕਤਾ ਫੈਲਾਉਣ ਦੀਆਂ ਹਕੂਮਤੀ ਕਾਰਵਾਈਆ ਹੋ ਰਹੀਆ ਹਨ । ਸੈਟਰ ਸਰਕਾਰ ਕੋਲ ਇਹ ਕਿਹੜੇ ਹੱਕ ਤੇ ਅਧਿਕਾਰ ਹਨ ਜਦੋ ਇਕ ਸੂਬੇ ਦੇ ਨਿਵਾਸੀ ਅਤੇ ਉਥੋ ਦੀ ਸਰਕਾਰ ਆਪਣੇ ਲੋਕਾਂ ਦੀ ਬਿਹਤਰੀ ਅਤੇ ਅਮਨ ਚੈਨ ਨੂੰ ਕਾਇਮ ਰੱਖਣ ਲਈ ਬਹੁਸੰਮਤੀ ਨਾਲ ਵਿਧਾਨ ਸਭਾ ਦੇ ਪਲੇਟਫਾਰਮ ਤੇ ਮਤਾ ਪਾਸ ਕਰ ਦਿੰਦੀ ਹੈ ਤਾਂ ਇਹ ਮੁਤੱਸਵੀ ਲੋਕ ਫਿਰਕੂ ਸੋਚ ਅਧੀਨ ਨਫਰਤ ਭਰੀਆ ਬਿਆਨਬਾਜੀਆ ਕਰਕੇ ਜੰਮੂ ਕਸਮੀਰ, ਪੰਜਾਬ ਅਤੇ ਮੁਲਕ ਦੇ ਅਮਨ ਚੈਨ ਨੂੰ ਸੱਟ ਮਾਰਨ ਅਤੇ ਕਿਸੇ ਸੂਬੇ ਵਿਚ ਉਥੋ ਦੇ ਨਿਵਾਸੀਆ ਦੀਆਂ ਭਾਵਨਾਵਾ ਤੇ ਸਰਕਾਰ ਦੇ ਫੈਸਲਿਆ ਵਿਰੁੱਧ ਤਾਨਾਸਾਹੀ ਜਾਲਮ ਨੀਤੀਆ ਲਾਗੂ ਕਰਨ । ਉਨ੍ਹਾਂ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਇਸੇ ਤਰ੍ਹਾਂ ਸੈਟਰ ਦੇ ਹੁਕਮਰਾਨਾਂ ਨੇ ਸਿੱਖ ਕੌਮ ਦੇ ਕਕਾਰਾਂ ਦਾ ਅਪਮਾਨ ਕਰਨ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਹੱਕ ਪ੍ਰਦਾਨ ਕਰਨ ਤੇ ਕਸਮੀਰੀਆਂ, ਹੋਰ ਫਿਰਕਿਆ ਦੀਆਂ ਭਾਵਨਾਵਾ ਨੂੰ ਕੁੱਚਲਣ ਵਾਲੀਆ ਤਾਨਾਸਾਹੀ ਨੀਤੀਆ ਤੇ ਅਮਲ ਨਾ ਤਿਆਗੇ ਤਾਂ ਇਥੋ ਦੀ ਵਿਸਫੋਟਕ ਸਥਿਤੀ ਬਣਨ ਵਿਚ ਮੋਦੀ ਦੀ ਬੀਜੇਪੀ-ਆਰ.ਐਸ.ਐਸ ਫਿਰਕੂ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ਅਤੇ ਇਸ ਮੁਲਕ ਦੇ ਹੋਣ ਜਾ ਰਹੇ ਕਈ ਟੋਟਿਆ ਦੇ ਅਮਲ ਤੋ ਕਤਈ ਨਹੀ ਬਚਾਅ ਸਕੇਗੀ ।